03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਖਾੜੀ ਯੁੱਧ ਵਿਚ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਅਮਰੀਕਾ

Ad Position 21
No active advertisement
ਅਜੀਤ ਡੈਸਕ 10-03-2026

ਜੇਕਰ ਈਰਾਨ-ਇਜ਼ਰਾਈਲ-ਅਮਰੀਕਾ ਯੁੱਧ ਦੇ ਸੰਦਰਭ ਵਿਚ ਟੀਵੀ ਸਕਰੀਨ 'ਤੇ ਦੇਖੀਏ ਤਾਂ ਵੱਡੀਆਂ ਸੁਰਖੀਆਂ ਹੁੰਦੀਆਂ ਹਨ ਕਿ ਅਮਰੀਕਾ ਜਾਂ ਇਜ਼ਰਾਈਲ ਨੇ ਇਹ ਕਰ ਦਿੱਤਾ ਹੈ ਉਹ ਕਰ ਦਿੱਤਾ ਹੈ। ਇਹ ਈਰਾਨੀ ਨੇਤਾ ਮਾਰੇ ਗਏ ਹਨ, ਟਰੰਪ ਤੇ ਨੇਤਨਯਾਹੂ ਇਹ ਕਹਿ ਰਹੇ ਹਨ। ਕਦੇ-ਕਦਾਈਂ ਇੰਨਾ ਕੁ ਹੀ ਸੁਣਿਆ ਜਾਂਦਾ ਹੈ ਕਿ ਈਰਾਨ ਵੀ ਜਵਾਬੀ ਹਮਲਾ ਕਰ ਰਿਹਾ ਹੈ। ਸਿਰਫ਼ ਭਾਰਤੀ ਮੀਡੀਆ ਹੀ ਨਹੀਂ ਸਗੋਂ ਵਿਸ਼ਵ ਪੱਧਰ 'ਤੇ ਸਾਰਾ ਮੀਡੀਆ ਪੂਰੀ ਤਰ੍ਹਾਂ ਨਾਲ ਅਮਰੀਕਾ ਪੱਖੀ ਹੋਇਆ ਪਿਆ ਹੈ। ਭਾਰਤ ਦੀ ਮੋਦੀ ਸਰਕਾਰ ਵੀ ਅਮਰੀਕਾ ਦੀ ਕਠਪੁਤਲੀ ਬਣ ਗਈ ਹੈ ਤੇ ਮੀਡੀਆ ਵੀ ਉਨ੍ਹਾਂ ਦੀ ਗੋਦ ਵਿਚ ਜਾ ਬੈਠਾ ਹੈ। ਜ਼ਿਆਦਾਤਰ ਟੀਵੀ 'ਤੇ ਰੱਖਿਆ ਮਾਹਿਰਾਂ ਵਜੋਂ ਬੋਲਣ ਵਾਲੇ ਸੇਵਾਮੁਕਤ ਫ਼ੌਜੀ ਅਧਿਕਾਰੀ ਮੁਸਲਿਮ ਤੇ ਇਸਲਾਮ ਵਿਰੋਧੀ ਬਿਮਾਰੀ ਤੋਂ ਪੀੜਤ ਹਨ। ਇਕ ਵਿਦੇਸ਼ ਸੇਵਾ ਦਾ ਅਧਿਕਾਰੀ ਲਗਾਤਾਰ ਨਾਟਕੀ ਢੰਗ ਨਾਲ ਈਰਾਨ ਵਿਰੁੱਧ ਬੋਲਦਾ ਹੈ, ਜੋ ਕਿਸੇ ਦੇਸ਼ ਵਿਚ ਰਾਜਦੂਤ ਵੀ ਰਹਿ ਚੁੱਕਾ ਹੈ। ਉਸ ਨੇ ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਸਮੇਂ ਟੀਵੀ ਸਟੂਡੀਓ ਵਿਚ ਭਵਿੱਖਬਾਣੀ ਕੀਤੀ ਸੀ ਕਿ ਜ਼ੈਲੇਂਸਕੀ ਯੂਕਰੇਨ ਤੋਂ ਭੱਜ ਜਾਏਗਾ ਤੇ ਪੁਤਿਨ 24 ਤੋਂ 36 ਘੰਟਿਆਂ ਵਿਚ ਜਿੱਤ ਜਾਵੇਗਾ। ਉਹ ਚਰਚਾ 'ਚ ਅਕਸਰ ਆਪਣਾ ਕੱਟੜ ਫਿਰਕੂ ਰਾਸ਼ਟਰਵਾਦ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ। ਟੀਵੀ 'ਤੇ ਵਿਵੇਕ ਕਾਟਜੂ ਤੇ ਪਵਨ ਵਰਮਾ ਵਰਗੀਆਂ ਵਿਦੇਸ਼ ਸੇਵਾ ਦੀਆਂ ਸੀਨੀਅਰ ਤੇ ਨਾਮਵਰ ਹਸਤੀਆਂ ਨੂੰ ਵਿਦੇਸ਼ ਨੀਤੀ 'ਤੇ ਬੋਲਣ ਲਈ ਬੁਲਾਉਣ ਦੀ ਬਜਾਏ ਮੋਦੀ ਤੇ ਅਮਰੀਕਾ-ਪ੍ਰੇਮੀ ਡਰਾਮੇਬਾਜ਼ਾਂ ਨੂੰ ਬੁਲਾਇਆ ਜਾਂਦਾ ਹੈ, ਮੀਡੀਆ ਤੋਂ ਸਿਰਫ਼ ਇਹੀ ਆਵਾਜ਼ ਸੁਣਾਈ ਦਿੰਦੀ ਹੈ ਕਿ ਅਮਰੀਕਾ ਜਿੱਤ ਰਿਹਾ ਹੈ।
ਬਿਨਾਂ ਸ਼ੱਕ ਅਮਰੀਕਾ ਬਹੁਤ ਸ਼ਕਤੀਸ਼ਾਲੀ ਦੇਸ਼ ਹੈ। ਪਰ ਇਹ ਵੀ ਸੱਚ ਹੈ ਕਿ ਇਸੇ ਅਮਰੀਕਾ ਨੂੰ ਵੀਅਤਨਾਮ ਵਿਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੂੰ ਅਫਗਾਨਿਸਤਾਨ ਤੋਂ ਆਪਣਾ ਮੂੰਹ ਲੁਕਾਉਂਦਿਆ ਭੱਜਣਾ ਪਿਆ ਸੀ ਤੇ ਉਹ ਇਰਾਕ ਵਿਚ ਵੀ ਸਾਲਾਂ ਤੱਕ ਫਸਿਆ ਰਿਹਾ ਸੀ। ਲੱਗਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਮੁੜ ਦੁਹਰਾਉਣ ਵਾਲਾ ਹੈ ਤੇ ਅਮਰੀਕਾ ਹੁਣ ਈਰਾਨ ਯੁੱਧ ਵਿਚ ਡੂੰਘਾ ਫਸਣ ਵਾਲਾ ਹੈ। ਅਮਰੀਕਾ ਨੂੰ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਸ ਯੁੱਧ 'ਚ ਫਸਾਇਆ ਹੈ ਅਤੇ ਟਰੰਪ ਆਪਣੀਆਂ ਸਮੱਸਿਆਵਾਂ ਦੇ ਚੱਲਦਿਆਂ ਯੁੱਧ ਤੋਂ ਬਚਣ ਦੀ ਬਜਾਏ ਜਾਣਬੁੱਝ ਕੇ ਨੇਤਨਯਾਹੂ ਦੇ ਜਾਲ ਵਿਚ ਫਸਣ ਤੋਂ ਨਹੀਂ ਝਿਜਕਿਆ। ਮੈਨੂੰ ਲੱਗਦਾ ਹੈ ਕਿ ਕੁਝ ਅਜਿਹੀਆਂ ਆਵਾਜ਼ਾਂ ਵੀ ਹਨ ਜੋ ਮੀਡੀਆ ਦੁਆਰਾ ਪ੍ਰਚਾਰੇ ਜਾ ਰਹੇ ਯੁੱਧ ਦੇ ਇਕਪਾਸੜ ਪੱਖ ਦੇ ਬਾਵਜੂਦ ਤੱਥਾਂ ਦੇ ਆਧਾਰ 'ਤੇ ਇਸ ਯੁੱਧ ਦੇ ਦੂਸਰੇ ਪੱਖ ਨੂੰ ਵੀ ਪੇਸ਼ ਕਰ ਰਹੀਆਂ ਹਨ। ਉਨ੍ਹਾਂ 'ਚੋਂ ਇਕ ਕਰਨਲ ਡੱਗ ਮੈਕਗ੍ਰੇਗਰ ਹਨ ਜੋ ਅਮਰੀਕੀ ਰੱਖਿਆ ਸਕੱਤਰ ਦੇ ਸਾਬਕਾ ਸਲਾਹਕਾਰ ਹਨ। ਉਸ ਨੇ ਕਈ ਇੰਟਰਵਿਊ 'ਚ ਦੱਸਿਆ ਹੈ ਕਿ ਈਰਾਨ ਨੇ ਰਣਨੀਤਕ ਰਣਨੀਤੀ ਨੂੰ ਯੋਜਨਾਬੱਧ ਢੰਗ ਨਾਲ ਸਮਝਿਆ ਹੈ, ਇਸੇ ਕਰਕੇ ਅਮਰੀਕਾ ਅਥਾਹ ਤਾਕਤ ਹੋਣ ਦੇ ਬਾਵਜੂਦ ਇਸ ਯੁੱਧ ਵਿਚ ਈਰਾਨ 'ਤੇ ਭਾਰੀ ਨਹੀਂ ਪੈ ਸਕਿਆ। ਆਪਣੀ ਗੱਲ ਬੇਬਾਕੀ ਨਾਲ ਕਹਿਣ ਵਾਲੇ ਭਾਰਤ ਦੇ ਮਸ਼ਹੂਰ ਰੱਖਿਆ ਮਾਹਿਰ ਮੇਜਰ ਜਨਰਲ ਜੀ.ਡੀ. ਬਖਸ਼ੀ ਇਸ ਜੰਗ ਬਾਰੇ ਯੋਜਨਾਬੱਧ ਢੰਗ ਨਾਲ ਈਰਾਨ ਦੀ ਰਣਨੀਤੀ ਬਾਰੇ ਦੱਸਦੇ ਹਨ ਕਿ ਜੇਕਰ ਇਸ ਜੰਗ ਦੇ ਅੰਤ ਵਿਚ ਕਿਸੇ ਨੂੰ ਪਛਤਾਉਣਾ ਪਵੇਗਾ, ਤਾਂ ਉਹ ਟਰੰਪ ਹੋਵੇਗਾ। ਤੀਜੇ ਸਾਡੇ ਜਾਣੇ-ਪਛਾਣੇ ਰੱਖਿਆ ਮਾਹਿਰ ਮੇਜਰ ਜਨਰਲ ਵਿਸ਼ੰਵਬਰ ਦਿਆਲ ਦਾ ਦ੍ਰਿਸ਼ਟੀਕੋਣ ਹਮੇਸ਼ਾ ਆਲੋਚਨਾਤਮਿਕ ਤੇ ਹਕੀਕਤ 'ਤੇ ਅਧਾਰਿਤ ਹੁੰਦਾ ਹੈ। ਈਰਾਨ ਯੁੱਧ ਦੇ ਬਾਰੇ ਇਨ੍ਹਾਂ ਤਿੰਨ ਆਵਾਜ਼ਾਂ ਦੁਆਰਾ ਪ੍ਰਗਟਾਈ ਰਾਇ 'ਚ -ਸਭ ਤੋਂ ਪਹਿਲਾਂ ਕਰਨਲ ਡਗਲਸ ਮੈਕਗ੍ਰੇਗਰ ਬਾਰੇ ਗੱਲ ਕਰਦੇ ਹਾਂ, ਉਨ੍ਹਾਂ ਆਪਣੀਆਂ ਹਾਲੀਆ ਇੰਟਰਵਿਊਆਂ ਵਿਚ ਅਮਰੀਕਾ-ਇਜ਼ਰਾਈਲ ਬਨਾਮ ਈਰਾਨ ਯੁੱਧ 'ਤੇ ਕੁਝ ਸਖ਼ਤ ਅਤੇ ਆਲੋਚਨਾਤਮਿਕ ਟਿੱਪਣੀਆਂ ਕੀਤੀਆਂ ਹਨ:
1. ਕਰਨਲ ਮੈਕਗ੍ਰੇਗਰ ਅਨੁਸਾਰ ਇਸ ਯੁੱਧ ਵਿਚ ਅਮਰੀਕਾ ਦੀ ਸਥਿਤੀ ਬਹੁਤ ਮਾੜੀ ਹੈ ਕਿਉਂਕਿ ਈਰਾਨ ਨੇ ਆਪਣੇ ਮਿਜ਼ਾਈਲ ਹਮਲਿਆਂ ਦੌਰਾਨ ਖਾੜੀ ਖੇਤਰ 'ਚ 27 ਅਮਰੀਕੀ ਫ਼ੌਜੀ ਠਿਕਾਣਿਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਈਰਾਨ ਨੇ ਅਮਰੀਕੀ ਡੌਕ ਤੇ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਜਾਂ ਤਾਂ ਤਬਾਹ ਕਰ ਦਿੱਤੇ ਹਨ ਜਾਂ ਵਰਤੋਂਯੋਗ ਨਹੀਂ ਰਹਿਣ ਦਿੱਤੇ। ਅਮਰੀਕੀ ਜਲ ਸੈਨਾ ਹੁਣ ਭਾਰਤੀ ਬੰਦਰਗਾਹਾਂ (ਜਿਵੇਂ ਕਿ ਚਾਬਹਾਰ ਤੇ ਹੋਰ) 'ਤੇ ਨਿਰਭਰ ਹੈ, ਜਿਸ ਨੂੰ ਅਮਰੀਕਾ ਲਈ ਇਕ ਆਦਰਸ਼ ਜਾਂ ਸੁਵਿਧਾਜਨਕ ਸਥਿਤੀ ਨਹੀਂ ਮੰਨਿਆ ਜਾ ਸਕਦਾ।
2. ਉਨ੍ਹਾਂ ਅਨੁਸਾਰ ਈਰਾਨ ਦੀਆਂ ਜਵਾਬੀ ਕਾਰਵਾਈਆਂ ਪ੍ਰਭਾਵਸ਼ਾਲੀ ਸਾਬਤ ਹੋਈਆਂ ਹਨ, ਕਿਉਂਕਿ ਚੀਨ ਤੇ ਰੂਸ ਦੋਵੇਂ ਈਰਾਨ ਨੂੰ ਸੈਟੇਲਾਈਟ ਖੁਫੀਆ ਜਾਣਕਾਰੀ ਪ੍ਰਦਾਨ ਕਰ ਰਹੇ ਹਨ। ਜਿਸ ਕਰਕੇ ਈਰਾਨ ਦੇ ਮਿਜ਼ਾਈਲ ਤੇ ਡਰੋਨ ਹਮਲੇ ਵਧੇਰੇ ਪ੍ਰਭਾਵੀ ਹੋ ਰਹੇ ਹਨ ਈਰਾਨ ਨੇ ਇਜ਼ਰਾਈਲੀ ਤੇ ਅਮਰੀਕੀ ਠਿਕਾਣਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਹੈ। ਉਸ ਨੇ ਟਰੰਪ ਤੇ ਇਜ਼ਰਾਈਲ ਦੀਆਂ ਗਲਤੀਆਂ ਵੱਲ ਧਿਆਨ ਦਿਵਾਉਂਦਿਆ ਦੱਸਿਆ ਕਿ ਨੇਤਨਯਾਹੂ ਤੇ ਇਜ਼ਰਾਈਲੀ ਲਾਬੀ ਨੇ ਟਰੰਪ ਨੂੰ ਯੁੱਧ ਵਿਚ ਧੱਕਿਆ ਹੈ, ਕਿਉਂਕਿ ਨੇਤਨਯਾਹੂ ਨੂੰ ਅਮਰੀਕਾ ਦੀ ਯਹੂਦੀ ਲਾਬੀ ਦਾ ਸਮਰਥਨ ਪ੍ਰਾਪਤ ਹੈ। ਇਸ ਲਾਬੀ ਨੇ ਅਮਰੀਕੀ ਕਾਂਗਰਸ ਤੇ ਵ੍ਹਾਈਟ ਹਾਊਸ ਨੂੰ ਆਪਣੇ ਪੈਸੇ ਨਾਲ ਖਰੀਦ ਲਿਆ ਹੈ। ਇਹ ਉਹੀ ਲਾਬੀ ਹੈ ਜਿਸ ਨੇ ਟਰੰਪ ਨੂੰ ਰਾਸ਼ਟਰਪਤੀ ਬਣਾਉਣ ਲਈ ਬਹੁਤ ਜ਼ਿਆਦਾ ਖਰਚ ਕੀਤਾ ਸੀ।
3. ਟਰੰਪ ਨੇ ਗਲਤ ਹਿਸਾਬ ਲਗਾਉਂਦਿਆਂ ਇਹ ਜੰਗ ਬਿਨਾਂ ਕਿਸੇ ਭੜਕਾਹਟ ਦੇ ਸ਼ੁਰੂ ਕਰ ਕੇ ਅੰਤਰਰਾਸ਼ਟਰੀ ਕਾਨੂੰਨ ਨੂੰ ਤੋੜਿਆ ਹੈ। ਖਾਮੇਨੇਈ ਦੀ ਮੌਤ ਈਰਾਨ ਨੂੰ ਆਤਮ-ਸਮਰਪਣ ਕਰਨ ਵੱਲ ਲਿਜਾਣ ਦੀ ਬਜਾਏ ਅਮਰੀਕਾ ਨੂੰ ਇਕ ਲੰਬੀ ਜੰਗ 'ਚ ਫਸਾਏਗੀ। ਅਮਰੀਕਾ ਦੇ ਮਿਜ਼ਾਈਲ ਸਟਾਕ ਤੇ ਲੌਜਿਸਟਿਕਸ ਸੀਮਤ ਹੋਣ ਕਰਕੇ ਲੰਬੀ ਜੰਗ ਲਈ ਤਿਆਰ ਨਹੀਂ ਹਨ। ਇਹ ਜੰਗ ਅਮਰੀਕਾ ਤੇ ਇਜ਼ਰਾਈਲ ਲਈ ਬੁਰੀ ਸਾਬਤ ਹੋਵੇਗੀ ਤੇ ਇਕ ਨਵਾਂ ਮੱਧ ਪੂਰਬ ਉੱਭਰੇਗਾ, ਈਰਾਨ ਦੀ ਜਿੱਤ ਨਾਲ ਇਜ਼ਰਾਈਲ ਬਹੁਤ ਕਮਜ਼ੋਰ ਹੋ ਜਾਵੇਗਾ। ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਨਾਲ ਤੇਲ ਸੰਕਟ ਪੈਦਾ ਹੋ ਗਿਆ ਹੈ। ਵਿਸ਼ਵ ਅਰਥਵਿਵਸਥਾ ਡਾਵਾਂਡੋਲ ਹੋ ਰਹੀ ਹੈ। ਦੁਨੀਆ ਵਿਚ ਅਮਰੀਕਾ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ; ਇਹ ਯੁੱਧ ਅਮਰੀਕਾ ਦੀ ਸਥਿਤੀ ਨੂੰ ਹੋਰ ਖ਼ਤਰੇ ਵਿਚ ਪਾ ਸਕਦਾ ਹੈ। ਮੈਕਗ੍ਰੇਗਰ ਇਸ ਯੁੱਧ ਨੂੰ ਇਜ਼ਰਾਈਲ ਦੇ ਏਜੰਡੇ ਤੋਂ ਪ੍ਰਭਾਵਿਤ ਹੋ ਕੇ ਟਰੰਪ ਦੁਆਰਾ ਕੀਤੀ ਇਕ ਵੱਡੀ ਗਲਤੀ ਮੰਨਦਾ ਹੈ ਅਤੇ ਈਰਾਨ ਦੇ ਦ੍ਰਿੜ ਇਰਾਦੇ ਤੇ ਜਵਾਬੀ ਕਾਰਵਾਈ ਦੀ ਪ੍ਰਸੰਸਾ ਕਰਦਾ ਹੈ।
ਦੂਜੀ ਆਵਾਜ਼ ਮੇਜਰ ਜਨਰਲ ਜੀ.ਡੀ. ਬਖਸ਼ੀ ਦੀ ਹੈ, ਉਨ੍ਹਾਂ ਈਰਾਨ ਦੀ ਜਵਾਬੀ ਕਾਰਵਾਈ ਨੂੰ ਬਹੁਤ ਸ਼ਕਤੀਸ਼ਾਲੀ, ਵਿਆਪਕ ਤੇ ਪ੍ਰਭਾਵਸ਼ਾਲੀ ਦੱਸਿਆ ਹੈ। ਉਹ ਈਰਾਨ ਦੇ ਜਵਾਬੀ ਹਮਲੇ ਨੂੰ ਸ਼ੁਰੂਆਤੀ ਅਮਰੀਕਾ-ਇਜ਼ਰਾਈਲੀ ਹਮਲਿਆਂ ਦੀਆਂ ਗਲਤੀਆਂ ਦੀ ਸਜ਼ਾ ਦੱਸਦੇ ਹਨ। ਅਮਰੀਕਾ-ਇਜ਼ਰਾਈਲੀ ਹਮਲਿਆਂ ਦੌਰਾਨ ਅਯਾਤੁੱਲਾ ਖਾਮੇਨੇਈ ਤੇ ਈਰਾਨ ਦੀ ਸਿਖ਼ਰਲੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਬਾਰੇ ਮੇਜਰ ਜਨਰਲ ਬਖਸ਼ੀ ਦਾ ਕਹਿਣਾ ਹੈ ਕਿ ਈਰਾਨੀ ਸ਼ਾਸਨ ਕੇਂਦਰੀਕ੍ਰਿਤ ਨਹੀਂ ਹੈ ਸਗੋਂ ਵਿਕੇਂਦਰੀਕ੍ਰਿਤ ਹੈ। ਇਸ ਲਈ ਲੀਡਰਸ਼ਿਪ ਦੀ ਮੌਤ ਹੋਣ ਨਾਲ ਇਸ ਦਾ ਖਾਤਮਾ ਨਹੀਂ ਹੁੰਦਾ। ਹੁਣ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਸੁਤੰਤਰ ਤੌਰ 'ਤੇ ਕੰਮ ਕਰ ਰਿਹਾ ਹੈ, ਜੋ ਹੋਰ ਵੀ ਖ਼ਤਰਨਾਕ ਹੈ। ਜਨਰਲ ਬਖਸ਼ੀ ਅਨੁਸਾਰ ਆਈ.ਆਰ.ਜੀ.ਸੀ. ਕੋਲ ਇਜ਼ਰਾਈਲ ਨੂੰ ਤਬਾਹ ਕਰਨ ਦੀ ਸਮਰੱਥਾ ਹੈ, ਜੋ ਪੂਰੀ ਤਾਕਤ ਨਾਲ ਵਰਤੀ ਜਾ ਰਹੀ ਹੈ।
ਤੀਜੀ ਆਵਾਜ਼ ਮੇਜਰ ਜਨਰਲ ਵਿਸ਼ਵੰਬਰ ਦਿਆਲ ਦੀ ਹੈ, ਜੋ ਭਾਰਤੀ ਫ਼ੌਜ ਦੀ ਆਰਮਡ ਕੋਰ ਵਿਚ ਸੇਵਾਮੁਕਤੀ ਤੋਂ ਬਾਅਦ ਹੁਣ ਨਿਯਮਿਤ ਤੌਰ 'ਤੇ ਰੱਖਿਆ ਮਾਹਿਰ ਵਜੋਂ ਵੱਖ-ਵੱਖ ਟੀਵੀ ਚੈਨਲਾਂ 'ਤੇ ਆਪਣੇ ਵਿਚਾਰ ਕਰਦਿਆਂ ਭਾਰਤ ਦੀ ਵਿਦੇਸ਼ ਨੀਤੀ, ਅੰਤਰਰਾਸ਼ਟਰੀ ਕਾਨੂੰਨ ਤੇ ਖੇਤਰੀ ਪ੍ਰਭਾਵ ਬਾਰੇ ਜਾਣਕਾਰੀ ਦਿੰਦੇ ਹਨ। ਉਨ੍ਹਾਂ ਅਨੁਸਾਰ ਇਜ਼ਰਾਈਲ ਨੇ ਈਰਾਨ ਨਾਲ ਯੁੱਧ ਸ਼ੁਰੂ ਕੀਤਾ ਹੈ ਅਤੇ ਈਰਾਨ 'ਚ ਅਮਰੀਕਾ ਤੇ ਇਜ਼ਰਾਈਲ ਦੀਆਂ ਕਾਰਵਾਈਆਂ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹਨ। ਭਾਰਤ ਵੀ ਇਸ ਯੁੱਧ ਵਿਚ 'ਫਸ ਗਿਆ' ਹੈ ਅਤੇ ਸਭ ਤੋਂ ਵੱਧ ਨੁਕਸਾਨ ਝੱਲਣ ਵਾਲਾ ਹੈ। ਖਾਸ ਕਰਕੇ ਚਾਬਹਾਰ ਬੰਦਰਗਾਹ ਭਾਰਤ ਲਈ ਮਹੱਤਵਪੂਰਨ ਹੈ। ਇਸ ਖੇਤਰ ਵਿਚ ਜੰਗ ਸ਼ੁਰੂ ਹੋਣ ਕਰਕੇ ਭਾਰਤ ਦੀਆਂ ਰਣਨੀਤਕ ਤਰਜੀਹਾਂ ਪ੍ਰਭਾਵਿਤ ਹੋਣਗੀਆਂ। ਜਨਰਲ ਦਿਆਲ ਨੇ ਭਾਰਤ ਨੂੰ ਨਿਰਪੱਖ ਤੇ ਸੰਤੁਲਿਤ ਰੁਖ਼ ਅਪਣਾਉਣ ਦੀ ਸਲਾਹ ਦਿੰਦਿਆਂ ਯਾਦ ਦਿਵਾਇਆ ਹੈ ਕਿ ਇਜ਼ਰਾਈਲ ਤੇ ਅਮਰੀਕਾ ਨੇ ਗਲਵਾਨ ਘਾਟੀ ਵਿਚ ਚੀਨ ਨਾਲ ਖੂਨੀ ਝੜਪ ਦੌਰਾਨ ਭਾਰਤ ਦੇ ਸਮਰਥਨ ਵਿਚ ਇਕ ਵੀ ਬਿਆਨ ਜਾਰੀ ਨਹੀਂ ਕੀਤਾ ਸੀ। ਇਨ੍ਹਾਂ ਦੇਸ਼ਾਂ ਨੂੰ ਕਦੇ ਵੀ ਕਿਸੇ ਵੀ ਸੰਕਟ ਵਿਚ ਭਾਰਤ ਦੇ ਨਾਲ ਖੜ੍ਹੇ ਨਹੀਂ ਦੇਖਿਆ ਗਿਆ ਹੈ। ਹਾਲਾਂਕਿ ਰੂਸ ਲਗਾਤਾਰ ਭਾਰਤ ਦਾ ਦੋਸਤ ਰਿਹਾ ਹੈ।

-ਲੇਖਕ ਅੰਬੇਡਕਰ ਯੂਨੀਵਰਸਿਟੀ, ਦਿੱਲੀ ਵਿਖੇ ਭਾਰਤੀ ਭਾਸ਼ਾਵਾਂ ਵਿਚ ਪੁਰਾਲੇਖ ਖੋਜ ਪ੍ਰੋਗਰਾਮ ਦੇ ਸਾਬਕਾ ਪ੍ਰੋਫੈਸਰ ਅਤੇ ਨਿਰਦੇਸ਼ਕ ਰਹਿ ਚੁੱਕੇ ਹਨ।
ਸੰਪਰਕ : abhaydubey@csds.in

Ad Position 22
No active advertisement
ਪਿਛਲੀ ਖ਼ਬਰ ਗ਼ਦਰੀ ਬਾਬਾ ਸ਼ੇਰ ਸਿੰਘ ਵੇਂਈਂ ਪੁੰਈਂ ਅਗਲੀ ਖ਼ਬਰ ਭਾਰਤੀ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ
Ad Position 24