03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਗ਼ਦਰੀ ਬਾਬਾ ਸ਼ੇਰ ਸਿੰਘ ਵੇਂਈਂ ਪੁੰਈਂ

Ad Position 21
No active advertisement
ਅਜੀਤ ਡੈਸਕ 10-03-2026

ਅੱਜ ਲਈ ਵਿਸ਼ੇਸ਼
ਗ਼ਦਰੀ ਬਾਬਾ ਸ਼ੇਰ ਸਿੰਘ ਵੇਂਈਂ ਪੁੰਈਂ ਨੂੰ ਵਿਛੜਿਆਂ 60 ਸਾਲ ਹੋ ਗਏ ਹਨ, ਭਾਵੇਂ ਬਾਬਾ ਜੀ ਦੀ ਮੌਤ 28 ਮਾਰਚ 1966 ਨੂੰ ਹੋਈ ਸੀ ਪਰ ਪਰਿਵਾਰ, ਪਿੰਡ ਵਾਲੇ ਤੇ ਇਲਾਕੇ ਦੇ ਕਮਿਊਨਿਸਟ ਉਨ੍ਹਾਂ ਦੀ ਬਰਸੀ ਹਰ ਸਾਲ 10 ਮਾਰਚ ਨੂੰ ਹੀ ਮਨਾਉਂਦੇ ਹਨ। ਬਾਬਾ ਸ਼ੇਰ ਸਿੰਘ ਦਾ ਜਨਮ ਫਰਵਰੀ 1880 'ਚ ਖਡੂਰ ਸਾਹਿਬ ਦੇ ਨੇੜਲੇ ਪਿੰਡ ਵੇਂਈਂ ਪੁੰਈਂ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਕੇਸਰ ਸਿੰਘ ਤੇ ਮਾਤਾ ਕਿੱਸੋ ਸਨ, ਉਹ ਤਿੰਨ ਭੈਣ ਭਰਾ ਸਨ।
ਬਾਬਾ ਸ਼ੇਰ ਸਿੰਘ ਜਵਾਨ ਹੋਣ 'ਤੇ ਫ਼ੌਜ 'ਚ ਭਰਤੀ ਹੋ ਗਏ ਪਰ ਫ਼ੌਜ ਵਿਚ ਹਿੰਦੋਸਤਾਨੀ ਸਿਪਾਹੀਆਂ ਨੂੰ ਗੁਲਾਮ ਦੇਸ਼ ਦੇ ਹੋਣ ਕਰਕੇ ਅੰਗਰੇਜ਼ ਸਿਪਾਹੀਆਂ ਨਾਲੋਂ ਬਹੁਤ ਘੱਟ ਤਨਖਾਹ ਮਿਲਦੀ ਸੀ। ਅੰਗਰੇਜ਼ ਅਫ਼ਸਰਾਂ ਵਲੋਂ ਹਿੰਦੋਸਤਾਨੀ ਸਿਪਾਹੀਆਂ 'ਤੇ ਬੇਵਜ੍ਹਾ ਰੋਹਬ ਝਾੜਦੇ ਰਹਿਣ ਤੋਂ ਨਿਰਾਸ਼ ਹੋ ਕੇ ਉਨ੍ਹਾਂ ਫ਼ੌਜ ਦੀ ਨੌਕਰੀ ਛੱਡ ਦਿੱਤੀ। ਇਸ ਤੋਂ ਬਾਅਦ ਉਹ ਆਪਣੇ ਭਣਵਈਏ ਕੋਲ ਹਾਂਗਕਾਂਗ ਜਾ ਕੇ ਪੁਲਿਸ ਵਿਚ ਭਰਤੀ ਹੋ ਗਏ ਅਤੇ ਹਾਂਗਕਾਂਗ ਤੋਂ ਅੱਗੇ ਜਾ ਕੇ ਉਨ੍ਹਾਂ ਹੰਕਾਊ ਟਾਪੂ ਵਿਖੇ ਵਾਚਮੈਨ ਦੀ ਨੌਕਰੀ ਵੀ ਕੀਤੀ।
ਬਾਬਾ ਸ਼ੇਰ ਸਿੰਘ 1906 'ਚ ਅਮਰੀਕਾ ਦੀ ਬੰਦਰਗਾਹ ਸਾਨਫਰਾਂਸਿਸਕੋ ਪਹੁੰਚ ਗਏ ਤਾਂ ਸੈਕਰਾਮੈਂਟੋ ਵਿਖੇ ਉਨ੍ਹਾਂ ਦਾ ਮਿਲਾਪ ਬਾਬਾ ਜਵਾਲਾ ਸਿੰਘ, ਸੰਤ ਵਿਸਾਖਾ ਸਿੰਘ ਦਦੇਹਰ ਸਾਹਿਬ ਤੇ ਬਾਬਾ ਕੇਸਰ ਸਿੰਘ ਠੱਠਗੜ੍ਹ ਨਾਲ ਹੋਇਆ। ਇੱਥੇ ਉਨ੍ਹਾਂ ਨੂੰ ਖੇਤਾਂ ਵਿਚ ਆਲੂ-ਗੰਢੇ ਪੁੱਟਣ ਦਾ ਕੰਮ ਮਿਲ ਗਿਆ। ਜਦੋਂ ਅਮਰੀਕਾ ਵਿਚ 1907 'ਚ ਆਰਥਿਕ ਮੰਦੀ ਆਉਣ ਨਾਲ ਬੇਰੁਜ਼ਗਾਰੀ ਵਧ ਗਈ ਤਾਂ ਅਮਰੀਕਾ ਦੇ ਮੂਲ ਨਿਵਾਸੀ ਸਮਝਣ ਲੱਗੇ ਕਿ ਸਾਡਾ ਰੁਜ਼ਗਾਰ ਹਿੰਦੁਸਤਾਨੀ ਮਜ਼ਦੂਰਾਂ ਦੇ ਆਉਣ ਕਰਕੇ ਖੁਸਿਆ ਹੈ। ਬਾਬਾ ਸ਼ੇਰ ਸਿੰਘ ਅਮਰੀਕਾ ਦੇ ਇਸ ਘ੍ਰਿਣਾ ਵਾਲੇ ਮਾਹੌਲ ਤੋਂ ਨਿਕਲ ਕੇ ਕੈਨੇਡਾ ਜਾ ਕੇ ਇਕ ਆਰਾ ਮਿੱਲ ਵਿਚ ਕੰਮ ਕਰਨ ਲੱਗ ਪਏ। ਪਰ ਕੈਨੇਡਾ ਵੀ ਅੰਗਰੇਜ਼ਾਂ ਦੀ ਕਠਪੁਤਲੀ ਹੋਣ ਕਰਕੇ ਉਨ੍ਹਾਂ ਹਿੰਦੋਸਤਾਨੀ ਕਿਰਤੀਆਂ ਦੇ ਕੈਨੇਡਾ ਆਉਣ ਲਈ ਸ਼ਰਤਾਂ ਬਹੁਤ ਸਖ਼ਤ ਕਰ ਦਿੱਤੀਆਂ। ਅਜਿਹੇ ਹਾਲਾਤ 'ਚ ਹਿੰਦੋਸਤਾਨੀ ਕਾਮਿਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਵਿਚਾਰਾਂ ਕਰਦਿਆਂ ਗ਼ਦਰ ਪਾਰਟੀ ਬਣਾਈ ਤਾਂ ਬੜੀ ਤੇਜ਼ੀ ਨਾਲ ਹਜ਼ਾਰਾਂ ਭਾਰਤੀ ਕਿਰਤੀ ਇਸ ਨਾਲ ਜੁੜ ਗਏ, ਜਿਨ੍ਹਾਂ 'ਚੋਂ ਬਹੁਤੇ ਪੰਜਾਬੀ ਸਨ।
ਗ਼ਦਰ ਪਾਰਟੀ ਨੇ ਫ਼ੈਸਲਾ ਕੀਤਾ ਕਿ ਹਿੰਦੁਸਤਾਨ ਜਾ ਕੇ ਹਥਿਆਰਬੰਦ ਹੋ ਕੇ ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਇਆ ਜਾਵੇ, ਇਸ ਐਲਾਨ 'ਤੇ 10 ਹਜ਼ਾਰ ਦੇ ਕਰੀਬ ਗਦਰੀ ਹਿੰਦੁਸਤਾਨ ਪਹੁੰਚ ਗਏ। ਪਰ ਬਾਬਾ ਸ਼ੇਰ ਸਿੰਘ ਪਾਰਟੀ ਦੇ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਸਨ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਜਾਗਰੂਕ ਨਾ ਹੋਣ ਕਰਕੇ ਆਮ ਲੋਕ ਗ਼ਦਰ ਪਾਰਟੀ ਦਾ ਸਾਥ ਨਹੀਂ ਦੇਣਗੇ। ਫਿਰ ਵੀ ਪਾਰਟੀ ਦੇ ਬਹੁਮੱਤ ਦੇ ਫ਼ੈਸਲੇ ਦਾ ਸਤਿਕਾਰ ਕਰਦਿਆਂ 60 ਗ਼ਦਰੀਆਂ ਦੇ ਜਥੇਦਾਰ ਬਣ ਕੇ ਦੇਸ਼ ਪਹੁੰਚੇ ਤਾਂ ਕਲਕੱਤਾ ਬੰਦਰਗਾਹ ਤੋਂ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਮੁਲਤਾਨ ਜੇਲ੍ਹ ਵਿਚ ਭੇਜ ਦਿੱਤਾ ਗਿਆ। ਗ਼ਦਰ ਅਸਫਲ ਹੋਣ ਬਾਅਦ ਉਨ੍ਹਾਂ ਨੂੰ ਲਾਹੌਰ ਸਾਜਿਸ਼ ਕੇਸ ਵਿਚ ਉਮਰ ਕੈਦ, ਕਾਲੇ ਪਾਣੀ ਤੇ ਜਾਇਦਾਦ ਜ਼ਬਤੀ ਦੀ ਸਖਤ ਸਜ਼ਾ ਹੋਈ। ਜਦੋਂ ਉਹ ਉਮਰ ਕੈਦ ਕੱਟ ਕੇ 1933 ਵਿਚ ਪਿੰਡ ਆਏ ਤਾਂ ਉਨ੍ਹਾਂ ਨੇ ਕਿਰਤੀ ਪਾਰਟੀ, ਕਿਸਾਨ ਸਭਾ, ਖੇਤ ਮਜ਼ਦੂਰ ਸਭਾ ਤੇ ਕਮਿਊਨਿਸਟ ਪਾਰਟੀ ਉਸਾਰਨ ਵਿਚ ਵੱਡਾ ਯੋਗਦਾਨ ਪਾਇਆ।
ਬਾਬਾ ਸ਼ੇਰ ਸਿੰਘ ਕਿਰਤੀ ਅਖ਼ਬਾਰ ਦੇ ਮੈਨੇਜਰ ਵੀ ਰਹੇ। ਉਹ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦੇ ਮੁੱਖ ਕਰਤੇ ਧਰਤਿਆਂ 'ਚੋਂ ਇਕ ਤੇ ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ ਦੇ ਬਾਨੀ ਮੈਂਬਰ ਸਨ। ਜਦੋਂ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਨੇ ਗ਼ਦਰੀ ਪਰਿਵਾਰਾਂ ਦੀ ਮਦਦ ਕਰਨ, ਮਾਰਸ਼ਲ ਲਾਅ ਤੇ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਦੇ ਕੈਦੀਆਂ ਦੀ ਰਿਹਾਈ ਲਈ ਮੁਹਿੰਮ ਚਲਾਈ ਤਾਂ ਅੰਗਰੇਜ਼ਾਂ ਨੇ ਅੰਮ੍ਰਿਤਸਰ ਸ਼ਹਿਰ ਵਿਚ ਦਫਾ 144 ਲਾ ਦਿੱਤੀ। ਗ਼ਦਰੀ ਬਾਬਿਆਂ ਵਲੋਂ 144 ਤੋੜਨ ਲਈ ਭੇਜੇ 5 ਦੇਸ਼ਭਗਤਾਂ ਦੇ ਪਹਿਲੇ ਜਥੇ 'ਚ ਬਾਬਾ ਜੀ ਵੀ ਸ਼ਾਮਿਲ ਸਨ। ਬਾਬਾ ਜੀ ਜਾਣਦੇ ਸਨ ਕਿ ਦੇਸ਼ ਜਾਤ-ਪਾਤ ਤੋਂ ਉੱਪਰ ਉੱਠ ਕੇ ਹੀ ਅੰਗਰੇਜ਼ਾਂ ਤੋਂ ਮੁਕਤ ਹੋ ਸਕਦਾ ਹੈ। ਜਦੋਂ ਉਹ ਉਮਰ ਕੈਦ ਕੱਟ ਕੇ ਆਪਣੇ ਪਿੰਡ ਆਏ ਤਾਂ ਖੇਤੀ ਕਰਦਿਆਂ ਵੇਖਿਆ ਪਿੰਡ ਦੇ ਮਜ਼ਦੂਰਾਂ ਨੂੰ ਖੂਹ ਦੇ ਪਾੜਛੇ 'ਚੋਂ ਪਾਣੀ ਪੀਣ ਦੀ ਖੁੱਲ੍ਹ ਨਾ ਹੋਣ ਕਰਕੇ ਉਹ ਡੰਗਰਾਂ ਦੇ ਨਾਲ ਕੱਚੇ ਖਾਲੇ ਚੋਂ ਪਾਣੀ ਪੀਂਦੇ ਸਨ, ਬਾਬਾ ਜੀ ਨੇ ਮਜ਼ਦੂਰਾਂ ਨੂੰ ਪਾੜਛੇ ਚੋਂ ਪਾਣੀ ਪੀਣ ਦੀ ਇਜਾਜ਼ਤ ਦਿੱਤੀ।
ਅੰਗਰੇਜ਼ ਹਾਕਮਾਂ ਨੇ ਦੇਸ਼ ਦੀ ਆਜ਼ਾਦੀ ਮੌਕੇ ਹਿੰਦੁਸਤਾਨ ਦੇ ਦੋ ਹਿੱਸੇ ਕਰਕੇ ਪਾਕਿਸਤਾਨ ਨੂੰ ਵੱਖਰਾ ਦੇਸ਼ ਬਣਾਉਣ ਦਾ ਐਲਾਨ ਕਰ ਦਿੱਤਾ ਸੀ। ਅਜਿਹੇ ਹਾਲਤ ਵਿਚ ਮੁਸਲਮਾਨਾਂ ਨੇ ਪਾਕਿਸਤਾਨ ਵਿਚ ਹਿੰਦੂਆਂ ਤੇ ਸਿੱਖਾਂ ਦਾ ਕਤਲੇਆਮ ਕੀਤਾ ਤਾਂ ਤੇ ਹਿੰਦੁਸਤਾਨ ਵਿਚ ਸਿੱਖਾਂ ਤੇ ਹਿੰਦੂਆਂ ਨੇ ਮੁਸਲਮਾਨਾਂ ਦਾ ਖੂਨ ਵਹਾਉਣ ਦੀ ਕੋਈ ਕਸਰ ਨਾ ਛੱਡੀ। ਬਾਬਾ ਸ਼ੇਰ ਸਿੰਘ ਨੇ ਫਤਿਆਬਾਦ ਦੇ ਮੁਸਲਮਾਨਾਂ ਨੂੰ ਪਿੰਡ ਭਰੋਵਾਲ ਦੇ ਸੁਰੱਖਿਅਤ ਕੈਂਪ ਵਿਚ ਪਹੁੰਚਾਇਆ। ਬਾਬਾ ਜੀ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੀ ਤਰੱਕੀ ਤੇ ਲੋੜਵੰਦਾਂ ਦੀ ਮਦਦ ਕਰਨ 'ਚ ਨਿਰੰਤਰ ਆਪਣਾ ਯੋਗਦਾਨ ਪਾਉਂਦੇ ਰਹੇ।

-ਪਲਾਟ ਨੰ-126-127, ਗਲੀ ਨੰ-11,
ਨਿਊ ਗੁਰਨਾਮ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋਬਾਈਲ : 98760-78731

Ad Position 22
No active advertisement
ਪਿਛਲੀ ਖ਼ਬਰ ਛੋਟੇ ਤੇ ਦਰਮਿਆਨੇ ਕਿਸਾਨਾਂ ਤੱਕ ਨਵਾਂ ਖੇਤੀ ਗਿਆਨ ਪਹੁੰਚਾਉਣ ਦੀ ਲੋੜ ਅਗਲੀ ਖ਼ਬਰ ਖਾੜੀ ਯੁੱਧ ਵਿਚ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਅਮਰੀਕਾ
Ad Position 24