ਪਿੰਡਾਂ 'ਚ ਛੋਟੇ ਤੇ ਸੀਮਾਂਤ ਕਿਸਾਨ ਗ਼ਰੀਬੀ ਦੀ ਹਾਲਤ ਵਿਚ ਰਹਿ ਰਹੇ ਹਨ, ਜੋ ਦਿਨੋ ਦਿਨ ਹੋਰ ਗ਼ਰੀਬ ਤੇ ਕਰਜ਼ਾਈ ਹੁੰਦੇ ਜਾ ਰਹੇ ਹਨ, ਜਦਕਿ ਵੱਡੇ ਕਿਸਾਨ ਹੋਰ ਖੁਸ਼ਹਾਲ ਹੋ ਰਹੇ ਹਨ। ਛੋਟੇ ਤੇ ਸੀਮਾਂਤ ਕਿਸਾਨ ਅਜੇ ਨਵੀਂ ਖੇਤੀ ਤਕਨਾਲੋਜੀ ਨੂੰ ਪੂਰੀ ਤਰ੍ਹਾਂ ਨਹੀਂ ਅਪਣਾ ਰਹੇ। ਉਨ੍ਹਾਂ ਦੀ ਉਤਪਾਦਕਤਾ ਦੂਜੇ ਕਿਸਾਨਾਂ ਤੋਂ ਬਹੁਤ ਘੱਟ ਰਹਿੰਦੀ ਹੈ, ਕਿਉਂਕਿ ਉਹ ਨਵੀਆਂ ਕਿਸਮਾਂ ਦੇ ਬੀਜ ਤੇ ਨਵੀਂ ਖੇਤੀ ਖੋਜ ਵਲੋਂ ਵਿਕਸਿਤ ਤਕਨੀਕਾਂ ਦੀ ਵਰਤੋਂ ਨਹੀਂ ਕਰਦੇ। ਇਸ ਸਾਲ ਹੁਣ ਤੱਕ ਭਾਵੇਂ ਮੌਸਮ ਕੁਝ ਗਰਮ ਹੋ ਗਿਆ ਹੈ, ਫਿਰ ਵੀ ਕਣਕ ਦੀ ਚੰਗੀ ਫ਼ਸਲ ਹੋਣ ਦੀ ਆਸ ਹੈ। ਮਾਹਿਰਾਂ ਅਨੁਸਾਰ ਛੋਟੇ ਕਿਸਾਨਾਂ ਦੀ ਉਤਪਾਦਕਤਾ ਵੱਡੇ ਕਿਸਾਨਾਂ ਨਾਲੋਂ ਬੜੀ ਘੱਟ ਹੋਣ ਦੀ ਸੰਭਵਾਨਾ ਹੈ। ਪਿੰਡਾਂ 'ਚ ਵੀ ਕਿਸਾਨਾਂ ਦੀ ਉਤਪਾਦਕਤਾ 'ਚ ਬੜੇ ਅੰਤਰ ਹਨ। ਵੱਖੋ ਵੱਖ ਬਲਾਕਾਂ ਤੇ ਤਹਿਸੀਲਾਂ ਦੇ ਕਿਸਾਨਾਂ ਦੀ ਹੀ ਉਤਪਾਦਕਤਾ ਵੱਖਰੀ ਵੱਖਰੀ ਨਹੀਂ, ਇਕੋ ਪਿੰਡ ਦੇ ਕਿਸਾਨਾਂ ਦੀ ਫ਼ਸਲ ਦਾ ਝਾੜ ਵੀ ਵੱਖਰਾ ਵੱਖਰਾ ਹੁੰਦਾ ਹੈ। ਵੱਡੇ ਤੇ ਅਗਾਂਹਵਧੂ ਕਿਸਾਨ 25 26 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਲੈ ਰਹੇ ਹਨ, ਜਦਕਿ ਛੋਟੇ ਤੇ ਸੀਮਾਂਤ ਕਿਸਾਨ 16 18 ਕੁਇੰਟਲ ਪ੍ਰਤੀ ਏਕੜ 'ਤੇ ਹੀ ਬੈਠੇ ਹਨ।
ਛੋਟੇ ਤੇ ਸੀਮਾਂਤ ਕਿਸਾਨਾਂ ਤੱਕ ਪੀ.ਏ.ਯੂ. ਦੇ ਮਾਹਿਰਾਂ ਦੀ ਪਹੁੰਚ ਨਹੀਂ। ਨਵਾਂ ਖੇਤੀ ਵਿਗਿਆਨ ਕਿਸਾਨਾਂ ਨੂੰ ਖੇਤੀ ਪ੍ਰਸਾਰ ਸੇਵਾ ਰਾਹੀਂ ਉਪਲਬਧ ਹੁੰਦਾ ਹੈ। ਪਰ ਖੇਤੀ ਪ੍ਰਸਾਰ ਸੇਵਾ 'ਚ ਇੰਨੇ ਮਾਹਿਰ ਹੀ ਨਹੀਂ, ਕਿ ਉਹ ਦੂਰ ਦੁਰਾਡੇ ਦੇ ਪਿੰਡਾਂ 'ਚ ਜਾ ਕੇ ਛੋਟੇ ਕਿਸਾਨਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਨਵਾਂ ਖੇਤੀ ਵਿਗਿਆਨ ਮੁਹੱਈਆ ਕਰ ਸਕਣ ਅਤੇ ਉਨ੍ਹਾਂ ਦੀ ਉਤਪਾਦਕਤਾ ਉੱਪਰ ਚੁੱਕ ਸਕਣ। ਮੀਡੀਆ, ਟੈਲੀਫੋਨ ਤੇ ਟੈਲੀਵਿਜ਼ਨ ਰਾਹੀਂ ਵੀ ਕਿਸਾਨਾਂ ਤੱਕ ਖੇਤੀ ਦਾ ਗਿਆਨ ਪਹੁੰਚਦਾ ਹੈ, ਪਰ ਛੋਟੇ ਕਿਸਾਨ ਨਵੀਂ ਤਕਨਾਲੋਜੀ ਨੂੰ ਤਾਂ ਹੀ ਅਪਣਾਉਂਦੇ ਹਨ, ਜੇ ਉਨ੍ਹਾਂ ਦਾ ਮਾਹਿਰਾਂ ਨਾਲ ਨਿੱਜੀ ਸੰਪਰਕ ਹੋਵੇ। ਸਬਜ਼ ਇਨਕਲਾਬ ਵੇਲੇ ਕਮਿਊਨਿਟੀ ਡਿਵੈੱਲਪਮੈਂਟ ਬਲਾਕਾਂ 'ਚ ਤਾਇਨਾਤ ਤਕਰੀਬਨ ਸਾਰਾ ਸਟਾਫ਼ ਖੇਤੀ ਪ੍ਰਸਾਰ ਸੇਵਾ ਲਈ ਜ਼ਿੰਮੇਵਾਰ ਹੁੰਦਾ ਸੀ।
ਉਸ ਵੇਲੇ ਦੇ ਮੁੱਖ ਮੰਤਰੀ ਸਵ. ਪ੍ਰਤਾਪ ਸਿੰਘ ਕੈਰੋਂ ਨੇ ਕਮਿਊਨਟੀ ਡਿਵੈਲਪਮੈਂਟ ਬਲਾਕਾਂ ਨੂੰ ਖੇਤੀ ਵਿਕਾਸ ਦੇ ਯੂਨਿਟ ਬਣਾ ਦਿੱਤਾ ਸੀ ਤੇ ਇਸ ਦਾ ਇੰਚਾਰਜ ਬੀ.ਡੀ.ਓ. ਹੁੰਦਾ ਸੀ। ਗ੍ਰਾਮ ਸੇਵਕ ਤੇ ਬਲਾਕਾਂ 'ਚ ਤਾਇਨਾਤ ਪ੍ਰਸਾਰ ਅਫ਼ਸਰ ਪਿੰਡਾਂ 'ਚ ਜਾ ਕੇ ਕਿਸਾਨਾਂ ਨਾਲ ਮੀਟਿੰਗਾਂ ਕਰਦੇ ਸਨ ਤੇ ਉਨ੍ਹਾਂ ਨੂੰ ਖੇਤੀ ਵਿਗਿਆਨ ਮੁਹੱਈਆ ਕਰਦੇ ਸਨ। ਕਿਸਾਨਾਂ ਲਈ ਲੋੜੀਂਦੀ ਸਮੱਗਰੀ ਦਾ ਪ੍ਰਬੰਧ ਵੀ ਕਰਦੇ ਸਨ। ਅਜਿਹਾ ਢਾਂਚਾ ਸਿਰਜਣ ਕਾਰਨ ਸਬਜ਼ ਇਨਕਲਾਬ ਦੇ ਦੌਰਾਨ ਰਸਾਇਣਕ ਖਾਦਾਂ, ਜ਼ਰੂਰੀ ਕੀਟਨਾਸ਼ਕਾਂ ਤੇ ਵਧੇਰੇ ਝਾੜ ਦੇਣ ਵਾਲੀਆਂ ਨਵੀਆਂ ਕਿਸਮਾਂ ਦੇ ਬੀਜਾਂ ਦਾ ਪ੍ਰਯੋਗ ਵਧਿਆ, ਜਿਸ ਕਾਰਨ ਉਤਪਾਦਕਤਾ ਤੇ ਉਤਪਾਦਨ 'ਚ ਵਾਧਾ ਹੋਇਆ। ਇੱਥੋਂ ਤੱਕ ਕਿ ਭਾਰਤ, ਜੋ ਆਪਣੇ ਖਾਣ ਲਈ ਵੀਪੀਐੱਲ-480 ਹੇਠ ਅਮਰੀਕਾ ਤੋਂ ਅਨਾਜ ਮੰਗਾਉਂਦਾ ਸੀ, ਉਹ ਆਤਮਨਿਰਭਰ ਹੋ ਗਿਆ। ਹੁਣ ਦੂਜੇ ਦੇਸ਼ਾਂ ਨੂੰ ਅਨਾਜ ਭੇਜ ਰਿਹਾ ਹੈ ਤੇ ਮੁਲਕ 'ਚ ਅਨਾਜ ਦੇ ਭੰਡਾਰ ਭਰੇ ਪਏ ਹਨ।
ਫਿਰ ਹੌਲੀ ਹੌਲੀ ਇਹ ਢਾਂਚਾ ਖਿੰਡ ਪੁੰਡ ਗਿਆ। ਕਮਿਊਨਿਟੀ ਡਿਵੈਲਪਮੈਂਟ ਬਲਾਕਾਂ 'ਚ ਜ਼ਿਆਦਾ ਕੰਮ ਪੰਚਾਇਤਾਂ ਨਾਲ ਸੰਬੰਧਿਤ ਹੋਣ ਲੱਗੇ ਤੇ ਖੇਤੀ ਦੇ ਸਾਰੇ ਕੰਮ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਸੰਭਾਲ ਲਏ। ਕਮਿਊਨਿਟੀ ਡਿਵੈਲਪਮੈਂਟ ਬਲਾਕਾਂ ਤੇ ਪੰਚਾਇਤਾਂ ਦੇ ਕੰਮਕਾਜ 'ਚ ਸਿਆਸੀ ਰੰਗ ਚੜ੍ਹ ਗਿਆ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਾ ਜੋ ਅਮਲਾ ਬਲਾਕਾਂ/ਪਿੰਡਾਂ 'ਚ ਤਾਇਨਾਤ ਹੈ, ਉਹ ਬੜਾ ਘੱਟ ਹੈ। ਇਨ੍ਹਾਂ ਦਾ ਦੂਰ ਦੁਰਾਡੇ ਪਿੰਡਾਂ 'ਚ ਵਿਸ਼ੇਸ਼ ਕਰਕੇ ਛੋਟੇ ਤੇ ਸੀਮਾਂਤ ਕਿਸਾਨਾਂ ਨਾਲ ਕੋਈ ਖ਼ਾਸ ਰਾਬਤਾ ਨਹੀਂ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕੋਲ ਪਿੰਡ ਪੱਧਰ 'ਤੇ ਕੰਮ ਕਰਨ ਵਾਲੇ ਥੋੜ੍ਹੇ ਜਿਹੇ ਕਾਮੇ ਹਨ, ਜੋ ਤਕਨੀਕੀ ਮਾਹਿਰ ਨਹੀਂ ਹਨ। ਜੋ ਬਲਾਕ ਪੱਧਰ 'ਤੇ ਮਾਹਿਰ ਤਾਇਨਾਤ ਹਨ, ਉਹ ਕਾਗ਼ਜ਼ੀ ਕਾਰਵਾਈ, ਸਮੱਗਰੀ ਸੰਬੰਧੀ ਕਾਨੂੰਨ ਤੇ ਨਿਯਮਾਂ ਦੀ ਪਾਲਣਾ ਕਰਵਾਉਣ, ਡੀਲਰਾਂ ਆਦਿ ਦੀ ਨਿਗਰਾਨੀ ਕਰਨ ਅਤੇ ਮੀਟਿੰਗਾਂ 'ਚ ਹਾਜ਼ਰੀ ਭਰਨ ਲਈ ਆਪਣਾ ਸਮਾਂ ਵਧੇਰੇ ਲਗਾਉਂਦੇ ਹਨ। ਜ਼ਿਲ੍ਹੇ 'ਚ ਪੀ.ਏ.ਯੂ. ਵਲੋਂ ਸਥਾਪਤ ਕੇਵਲ ਇਕ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਹੈ, ਜੋ ਕਿਸਾਨਾਂ ਨੂੰ ਅਗਵਾਈ ਦੇਣ ਲਈ ਹੈ। ਕਈ ਜ਼ਿਲ੍ਹਿਆਂ 'ਚ ਇਹ ਇਕੋ ਪਾਸੇ ਕੰਮ ਕਰ ਰਿਹਾ ਹੈ, ਜਿੱਥੋਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੂੰ ਅਗਵਾਈ ਤੇ ਜਾਣਕਾਰੀ ਨਹੀਂ ਮਿਲ ਸਕਦੀ। ਪੀ.ਏ.ਯੂ. ਪੰਜਾਬ ਭਰ 'ਚ ਹਾੜ੍ਹੀ ਸਾਉਣੀ ਵਿਚ 7 ਕਿਸਾਨ ਮੇਲੇ ਲਾਉਂਦੀ ਹੈ। ਸੁਧਰੇ ਬੀਜ ਤੇ ਤਕਨਾਲੋਜੀ ਕਿਸਾਨਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰਦੀ ਹੈ। ਪਰ ਇਨ੍ਹਾਂ ਕਿਸਾਨ ਮੇਲਿਆਂ 'ਚ ਬਹੁਤੇ ਛੋਟੇ ਤੇ ਸੀਮਾਂਤ ਕਿਸਾਨ ਪਹੁੰਚ ਨਹੀਂ ਪਾਉਂਦੇ। ਕਿਸਾਨ ਮੇਲਿਆਂ 'ਚ ਗ਼ੈਰ ਕਿਸਾਨ ਵੀ ਬਹੁਤ ਹੁੰਦੇ ਹਨ।
ਸਰਕਾਰ ਵਲੋਂ ਜੋ ਕਿਸਾਨਾਂ ਨੂੰ ਸਬਸਿਡੀ ਆਦਿ ਦੇਣ ਲਈ ਯੋਜਨਾਵਾਂ ਚਲਾਈਆਂ ਗਈਆਂ ਹਨ, ਉਨ੍ਹਾਂ ਦਾ ਲਾਭ ਬਹੁਤਾ ਵੱਡੇ ਤੇ ਦਰਮਿਆਨੇ ਕਿਸਾਨਾਂ ਨੂੰ ਪਹੁੰਚ ਰਿਹਾ ਹੈ। ਪਿੱਛੇ ਜਿਹੇ 'ਭੂਮੀ ਸਿਹਤ ਕਾਰਡ' ਰਾਹੀਂ ਹਰ ਕਿਸਾਨ ਦੀ ਜ਼ਮੀਨ ਦੀ ਮਿੱਟੀ ਪਰਖ ਕੀਤੀ ਗਈ ਅਤੇ ਨਤੀਜੇ ਦੇ ਆਧਾਰ 'ਤੇ ਜ਼ਮੀਨ 'ਚ ਖੇਤੀ ਸਮੱਗਰੀ ਦੀ ਖ਼ੁਰਾਕ ਪਾਉਣ ਲਈ ਸਿਫ਼ਾਰਸ਼ਾਂ ਕੀਤੀਆਂ ਗਈਆਂ। ਬਹੁਤ ਸਾਰੇ ਕਿਸਾਨਾਂ ਨੂੰ ਛੋਟੇ ਤੇ ਸੀਮਾਂਤ ਸ਼੍ਰੇਣੀ ਵਾਲਿਆਂ ਨੂੰ 'ਭੂਮੀ ਸਿਹਤ ਕਾਰਡ' ਹੀ ਨਹੀਂ ਮਿਲੇ। ਜਿਨ੍ਹਾਂ ਨੂੰ ਮਿਲੇ, ਉਨ੍ਹਾਂ ਦੀ ਬਹੁਮਤ ਵਲੋਂ ਵਰਤੋਂ ਹੀ ਨਹੀਂ ਕੀਤੀ ਗਈ। ਛੋਟੇ ਤੇ ਸੀਮਾਂਤ ਕਿਸਾਨਾਂ ਦੀ ਜਾਂ ਤਾਂ ਜ਼ਮੀਨ ਦੀ ਮਿੱਟੀ ਹੀ ਨਹੀਂ ਪਰਖੀ ਗਈ ਜਾਂ ਜਿੱਥੇ ਪਰਖੀ ਗਈ, ਉੱਥੇ ਉਨ੍ਹਾਂ ਨੂੰ ਮਾਹਿਰਾਂ ਦੀ ਸਿਫ਼ਾਰਸ਼ਾਂ ਬਾਰੇ ਕੁਝ ਦੱਸਿਆ ਹੀ ਨਹੀਂ ਗਿਆ। ਇਨ੍ਹਾਂ ਕਾਰਡਾਂ ਦੀ ਕਿਸਾਨਾਂ ਵਲੋਂ ਵਰਤੋਂ ਬੜੀ ਥੋੜ੍ਹੀ ਕੀਤੀ ਜਾ ਰਹੀ ਹੈ। ਭੂਮੀ ਸਿਹਤ ਕਾਰਡਾਂ ਦਾ ਫਾਇਦਾ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਤਾਂ ਉੱਕਾ ਹੀ ਨਹੀਂ ਪਹੁੰਚਿਆ। ਸਰਕਾਰ ਵਲੋਂ ਵੱਡੀਆ ਵੱਡੀਆਂ ਮਸ਼ੀਨਾਂ ਸਬਸਿਡੀ 'ਤੇ ਦਿੱਤੀਆਂ ਗਈਆਂ, ਪਰ ਇਹ ਮਸ਼ੀਨਾਂ ਛੋਟੇ ਤੇ ਸੀਮਾਂਤ ਕਿਸਾਨ ਨਹੀਂ ਲੈ ਸਕੇ। ਛੋਟੇ ਤੇ ਸੀਮਾਂਤ ਕਿਸਾਨਾਂ ਕੋਲ ਕੰਮ ਨਾ ਹੋਣ ਕਾਰਨ ਉਹ ਖੇਤੀ 'ਤੇ ਹੀ ਆਪਣਾ ਗੁਜ਼ਾਰਾ ਕਰਦੇ ਹਨ। ਬੇਜ਼ਮੀਨੇ ਅਤੇ ਇਕ ਦੋ ਏਕੜ ਵਾਲੇ ਕਿਸਾਨ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰ ਰਹੇ ਹਨ। ਜ਼ਮੀਨਾਂ ਦੇ ਠੇਕੇ ਵੀ ਬਹੁਤ ਵਧ ਗਏ ਹਨ। ਉਨ੍ਹਾਂ ਸਿਰ ਕਰਜ਼ਾ ਵਧਦਾ ਜਾ ਰਿਹਾ ਹੈ।
ਲੋੜ ਹੈ ਪਿੰਡਾਂ 'ਚ ਉਦਯੋਗਿਕ ਐਗਰੋ ਇਕਾਈਆਂ ਅਤੇ ਖੇਤੀ ਨਾਲ ਸੰਬੰਧਿਤ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨ ਦੀ। ਇਨ੍ਹਾਂ ਇਕਾਈਆਂ 'ਚ ਪੜ੍ਹੇ ਲਿਖੇ ਨੌਜਵਾਨ, ਛੋਟੇ ਤੇ ਸੀਮਾਂਤ ਕਿਸਾਨ ਘਰਾਣਿਆਂ ਦੇ ਵਹਿਲੇ ਮੈਂਬਰ ਰੁਜ਼ਗ਼ਾਰ ਪ੍ਰਾਪਤ ਕਰ ਸਕਣਗੇ ਅਤੇ ਕਰਜ਼ੇ ਚੁੱਕ ਕੇ ਜੋ ਵਿਦੇਸ਼ ਜਾ ਰਹੇ ਹਨ, ਉਹ ਇੱਥੇ ਹੀ ਕੰਮ ਕਰਕੇ ਪ੍ਰਸੰਨਤਾ ਮਹਿਸੂਸ ਕਰਨਗੇ। ਜੋ ਵਿਅਕਤੀ ਵਿਦੇਸ਼ਾਂ 'ਚ ਗਏ ਹਨ, ਹੁਣ ਬਦਲਵੇਂ ਹਾਲਾਤ 'ਚ ਉਹ ਵੀ ਬਹੁਤੇ ਖੁਸ਼ ਨਹੀਂ ਜਾਪਦੇ।
ਸਰਕਾਰ ਨੂੰ ਛੋਟੇ ਤੇ ਸੀਮਾਂਤ ਕਿਸਾਨਾਂ ਲਈ ਵਿਸ਼ੇਸ਼ ਸਕੀਮਾਂ ਚਲਾਉਣੀਆਂ ਚਾਹੀਦੀਆਂ ਹਨ, ਤਾਂ ਜੋ ਉਨ੍ਹਾਂ ਦੀ ਆਮਦਨੀ ਵਧ ਸਕੇ। ਕਰਜ਼ਾਈ ਵੀ ਬਹੁਤੇ ਛੋਟੇ ਤੇ ਸੀਮਾਂਤ ਕਿਸਾਨ ਹੀ ਜਾਪਦੇ ਹਨ, ਕਿਉਂਕਿ ਵੱਡੇ ਕਿਸਾਨਾਂ ਨੂੰ ਤਾਂ ਕਰਜ਼ੇ ਦੀ ਲੋੜ ਨਹੀਂ ਪੈਂਦੀ। ਸਰਕਾਰ ਨੂੰ ਚਾਹੀਦਾ ਹੈ ਕਿ ਛੋਟੇ ਤੇ ਸੀਮਾਂਤ ਕਿਸਾਨਾਂ ਦੀ ਮਾਲੀ ਹਾਲਤ ਸੁਧਾਰਨ ਤੇ ਖੇਤੀ ਆਮਦਨ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕੇ।
ਈ-ਮੇਲ : bhagwandass226@gmail.com