10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸਮਝੌਤੇ ਤੋਂ ਰਾਹਤ

Ad Position 21
No active advertisement
ਅਜੀਤ ਡੈਸਕ 09-04-2026

ਪਿਛਲੇ 40 ਦਿਨ ਤੋਂ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲੀ ਆ ਰਹੀ ਜੰਗ ਨੇ ਦੁਨੀਆ ਭਰ ਦੇ ਮੁਲਕਾਂ ਨੂੰ ਵੱਡੀ ਪ੍ਰੇਸ਼ਾਨੀ 'ਚ ਪਾ ਦਿੱਤਾ ਸੀ। ਲਗਾਤਾਰ ਬੰਬਾਰੀ ਕਾਰਨ ਈਰਾਨ ਦੇ ਮੁਢਲੇ ਢਾਂਚੇ ਦਾ ਵੱਡਾ ਨੁਕਸਾਨ ਹੋਇਆ ਸੀ। ਇਸ ਨਾਲ ਹਜ਼ਾਰਾਂ ਜਾਨਾਂ ਵੀ ਚਲੀਆਂ ਗਈਆਂ, ਇਸ ਦੇ ਪ੍ਰਤੀਕਰਮ ਵਜੋਂ ਈਰਾਨ ਨੇ ਇਜ਼ਰਾਈਲ ਉਤੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਲਗਾਤਾਰ ਹਮਲੇ ਕਰਨ ਤੋਂ ਇਲਾਵਾ ਖਾੜੀ ਦੇ ਦੇਸ਼ਾਂ ਨੂੰ ਵੀ ਇਸ ਲਈ ਨਿਸ਼ਾਨਾ ਬਣਾਈ ਰੱਖਿਆ ਸੀ, ਕਿਉਂਕਿ ਉਥੇ ਦੇ ਕਈ ਦੇਸ਼ਾਂ 'ਚ ਅਮਰੀਕੀ ਫ਼ੌਜੀ ਅੱਡੇ ਕਾਇਮ ਸਨ। ਇਜ਼ਰਾਈਲ ਨੇ ਲਿਬਨਾਨ 'ਚ ਹਿਜ਼ਬੁੱਲਾ ਗੁਰੀਲਿਆਂ 'ਤੇ ਵੀ ਲਗਾਤਾਰ ਹਮਲੇ ਕੀਤੇ ਅਤੇ ਇਕ ਤਰ੍ਹਾਂ ਨਾਲ ਲਿਬਨਾਨ ਦੇ ਇਕ ਹਿੱਸੇ ਨੂੰ ਤਬਾਹ ਕਰ ਦਿੱਤਾ। ਈਰਾਨ ਵਿਚ ਲਗਭਗ 47 ਸਾਲ ਪਹਿਲਾਂ ਇਸਲਾਮਿਕ ਇਨਕਲਾਬ ਆਉਣ ਤੋਂ ਬਾਅਦ ਉਥੇ ਸ਼ਰੀਅਤ ਆਧਾਰਿਤ ਸਖ਼ਤ ਕਾਨੂੰਨਾਂ ਨੂੰ ਲਾਗੂ ਕਰਨ ਦਾ ਯਤਨ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਇਸ ਇਸਲਾਮਿਕ ਪ੍ਰਸ਼ਾਸਨ ਨੇ ਇਜ਼ਰਾਈਲ ਦਾ ਖੁਰਾ-ਖੋਜ ਮਿਟਾਉਣ ਦੀ ਵੀ ਧਮਕੀ ਦਿੱਤੀ ਸੀ, ਜਿਸ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਲਿਬਨਾਨ 'ਚ ਸਰਗਰਮ ਕੱਟੜਪੰਥੀ ਜਥੇਬੰਦੀ ਹਿਜ਼ਬੁੱਲਾ, ਗਾਜ਼ਾ ਪੱਟੀ 'ਚ ਇਜ਼ਰਾਈਲ ਵਿਰੁੱਧ ਸੰਘਰਸ਼ਸ਼ੀਲ ਕਰਨ ਵਾਲੇ ਸੰਗਠਨ ਹਮਾਸ ਨੂੰ ਲਗਾਤਾਰ ਮਦਦ ਵੀ ਦਿੰਦਾ ਰਿਹਾ ਹੈ, ਜਿਸ ਕਰਕੇ ਕਿਸੇ ਨਾ ਕਿਸੇ ਰੂਪ ਵਿਚ ਇਜ਼ਰਾਈਲ ਦੀ ਕਈ ਅਰਬ ਮੁਲਕਾਂ ਈਰਾਨ, ਲਿਬਨਾਨ, ਹਿਜ਼ਬੁੱਲਾ ਤੇ ਯਮਨ ਦੇ ਹੂਤੀਆਂ ਨਾਲ ਸਖ਼ਤ ਲੜਾਈ ਵੀ ਚਲਦੀ ਰਹੀ ਹੈ, ਜਿਸ ਨੇ ਪਿਛਲੇ ਦਹਾਕਿਆਂ 'ਚ ਅਨੇਕਾਂ ਪੜਾਅ ਪਾਰ ਕੀਤੇ ਸਨ। ਪਰ ਇਸ ਤਾਜ਼ਾ ਲੜਾਈ ਦੀ ਸ਼ੁਰੂਆਤ ਗਾਜ਼ਾ ਪੱਟੀ ਵਿਚ ਹਕੂਮਤ 'ਤੇ ਕਾਬਜ਼ ਜਥੇਬੰਦੀ ਹਮਾਸ ਵਲੋਂ 7 ਅਕਤੂਬਰ, 2023 ਨੂੰ ਇਜ਼ਰਾਈਲ 'ਤੇ ਹਮਲਾ ਕਰਨ ਨਾਲ ਹੋਈ ਸੀ, ਜਿਸ ਨਾਲ ਦੋਹਾਂ ਪਾਸਿਆਂ ਤੋਂ ਕੀਤੇ ਹਮਲਿਆਂ 'ਚ ਲੱਖਾਂ ਹੀ ਫਿਲਸਤੀਨੀ ਜੋ ਪਹਿਲਾਂ ਹੀ ਦਹਾਕਿਆਂ ਤੋਂ ਸ਼ਰਨਾਰਥੀਆਂ ਦੇ ਰੂਪ 'ਚ ਗੁਜ਼ਾਰਾ ਕਰ ਰਹੇ ਸਨ, ਨੂੰ ਗਾਜ਼ਾ ਪੱਟੀ 'ਚ ਅਨੇਕਾਂ-ਅਨੇਕ ਦੁਸ਼ਵਾਰੀਆਂ ਵਿਚੋਂ ਦੀ ਗੁਜ਼ਰਨਾ ਪਿਆ ਤੇ ਹੁਣ ਤੱਕ ਇਥੇ 60000 ਤੋਂ ਵਧੇਰੇ ਫਿਲਸਤੀਨੀ ਮਾਰੇ ਵੀ ਜਾ ਚੁੱਕੇ ਹਨ। ਈਰਾਨ ਨਾਲ ਇਜ਼ਰਾਈਲ-ਅਮਰੀਕਾ ਦਾ ਲਗਾਤਾਰ ਤਣਾਅ ਚਲਦਾ ਰਿਹਾ ਹੈ। ਅਮਰੀਕਾ ਕਿਸੇ ਵੀ ਸੂਰਤ 'ਚ ਈਰਾਨ ਨੂੰ ਪ੍ਰਮਾਣੂ ਸ਼ਕਤੀ ਨਹੀਂ ਬਣਨ ਦੇਣਾ ਚਾਹੁੰਦਾ ਸੀ, ਤਾਂ ਕਿ ਪੱਛਮੀ ਏਸ਼ੀਆ 'ਚ ਅਰਬ ਮੁਲਕਾਂ ਲਈ ਉਹ ਲਗਾਤਾਰ ਖ਼ਤਰਾ ਨਾ ਬਣਿਆ ਰਹੇ।
ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੇ ਇਜ਼ਰਾਈਲ ਨੇ 28 ਫਰਵਰੀ ਨੂੰ ਈਰਾਨ ਉੱਤੇ ਬੰਬਾਰੀ ਸ਼ੁਰੂ ਕਰ ਦਿੱਤੀ। ਜਿੱਥੋਂ ਤੱਕ ਡੋਨਾਲਡ ਟਰੰਪ ਦਾ ਸੰਬੰਧ ਹੈ, ਲਗਭਗ ਸਵਾ ਸਾਲ ਪਹਿਲਾਂ ਉਸ ਨੇ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਿਆਂ ਹੀ ਅਨੇਕਾਂ ਮੁਹਾਜ਼ਾਂ 'ਤੇ ਅਜਿਹੇ ਵੱਡੇ ਵਿਵਾਦਿਤ ਫ਼ੈਸਲੇ ਲਏ, ਜਿਨ੍ਹਾਂ ਨਾਲ ਦੁਨੀਆ ਭਰ ਦੇ ਦੇਸ਼ ਬੇਹੱਦ ਪ੍ਰੇਸ਼ਾਨ ਹੋ ਗਏ। ਇਕ ਤਰ੍ਹਾਂ ਨਾਲ ਉਸ ਤੋਂ ਨਾਰਾਜ਼ ਤੇ ਨਿਰਾਸ਼ ਹੀ ਹੋ ਗਏ। ਅਮਰੀਕਾ ਵਿਚ ਵੀ ਡੋਨਾਲਡ ਟਰੰਪ ਵਲੋਂ ਲਾਗੂ ਕੀਤੀਆਂ ਨੀਤੀਆਂ ਕਾਰਨ ਉਸ ਦੀ ਵੱਡੀ ਪੱਧਰ 'ਤੇ ਆਲੋਚਨਾ ਹੋਣੀ ਸ਼ੁਰੂ ਹੋ ਗਈ ਸੀ। ਪੱਛਮੀ ਏਸ਼ੀਆ 'ਚ ਉਸ ਵਲੋਂ ਛੇੜੀ ਗਈ ਇਸ ਲੜਾਈ ਨਾਲ ਵੀ ਉਸ ਸੰਬੰਧੀ ਅੱਜ ਅਮਰੀਕਾ ਸਮੇਤ ਦੁਨੀਆ ਭਰ 'ਚ ਗੁੱਸਾ ਫੁੱਟਿਆ ਨਜ਼ਰ ਆਉਂਦਾ ਹੈ। ਲੜਾਈ 'ਚ ਜਿੱਥੇ ਈਰਾਨ ਦੇ ਵੱਡੇ ਆਗੂ ਆਇਤੁੱਲਾ ਅਲੀ ਖਾਮੇਨੇਈ ਦੇ ਨਾਲ ਹੋਰ ਵੱਡੇ ਆਗੂ ਤੇ ਜਰਨੈਲ ਮਾਰੇ ਜਾ ਚੁੱਕੇ ਹਨ, ਉਥੇ ਈਰਾਨ ਦੇ ਨਾਲ-ਨਾਲ ਖਾੜੀ ਮੁਲਕਾਂ ਦਾ ਵੀ ਵੱਡਾ ਨੁਕਸਾਨ ਹੋ ਚੁੱਕਾ ਹੈ। ਈਰਾਨ ਵਲੋਂ ਪ੍ਰਤੀਕਰਮ ਵਜੋਂ ਹੋਰਮੁਜ਼ ਸਮੁੰਦਰੀ ਰਸਤੇ 'ਤੇ ਕਬਜ਼ਾ ਕਰਨ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਸਾਹਮਣੇ ਤੇਲ ਤੇ ਗੈਸ ਦੀ ਸਪਲਾਈ ਨੂੰ ਲੈ ਕੇ ਇਕ ਵੱਡੀ ਚੁਣੌਤੀ ਵੀ ਆ ਖੜ੍ਹੀ ਹੋਈ ਸੀ। ਡੋਨਾਲਡ ਟਰੰਪ ਵਲੋਂ ਈਰਾਨ ਉੱਪਰ ਵੱਡੇ ਹਮਲੇ ਦੀ ਧਮਕੀ ਤੋਂ ਬਾਅਦ ਅਤੇ ਦੋਹਾਂ ਦੇਸ਼ਾਂ 'ਚ ਗੱਲਬਾਤ ਕਰਾਉਣ ਲਈ ਕੁਝ ਦੇਸ਼ਾਂ ਵਲੋਂ ਸ਼ੁਰੂ ਕੀਤੀ ਸਰਗਰਮੀ ਕਾਰਨ, ਜਿਥੇ ਈਰਾਨ ਵਲੋਂ ਹੋਰਮੁਜ਼ ਸਮੁੰਦਰੀ ਜਲ ਮਾਰਗ ਮੁੜ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ, ਉਥੇ ਦੋ ਹਫ਼ਤੇ ਲਈ ਲੜਾਈਬੰਦੀ ਦਾ ਐਲਾਨ ਕਰਕੇ ਮੁੜ ਵਾਰਤਾ ਸ਼ੁਰੂ ਕਰਨ 'ਤੇ ਵੀ ਸਹਿਮਤੀ ਬਣੀ ਹੈ। ਇਸ ਨਾਲ ਦੁਨੀਆ ਭਰ 'ਚ ਇਕ ਵੱਡੀ ਰਾਹਤ ਮਹਿਸੂਸ ਕੀਤੀ ਗਈ ਹੈ। ਜਿਸ ਤਰ੍ਹਾਂ ਦਾ ਹੁਣ ਮਾਹੌਲ ਬਣਿਆ ਨਜ਼ਰ ਆਉਂਦਾ ਹੈ, ਉਸ ਤੋਂ ਆਉਂਦੇ ਸਮੇਂ ਲਈ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿਥੇ ਇਸ ਲੜਾਈ ਦੇ ਖ਼ਤਮ ਹੋਣ ਦੀ ਸੰਭਾਵਨਾ ਬਣ ਗਈ ਹੈ, ਉਥੇ ਚਿਰਾਂ ਤੋਂ ਈਰਾਨ ਅਤੇ ਇਜ਼ਰਾਈਲ ਸਮੇਤ ਖਾੜੀ ਦੇ ਹੋਰ ਦੇਸ਼ਾਂ ਵਿਚਕਾਰ ਚਲਦੇ ਆ ਰਹੇ ਟਕਰਾਅ ਦਾ ਵੀ ਕੋਈ ਚੰਗਾ ਤੇ ਸਥਾਈ ਹੱਲ ਨਿਕਲ ਸਕੇਗਾ ਤੇ ਇਹ ਵੀ ਕਿ ਵੱਡੇ ਕੌਮਾਂਤਰੀ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਯਤਨਾਂ ਨਾਲ ਫਿਲਸਤੀਨੀਆਂ ਨੂੰ ਇਕ ਵੱਖਰਾ ਦੇਸ਼ ਮਿਲਣ ਦੀ ਸੰਭਾਵਨਾ ਵੀ ਬਣ ਸਕੇਗੀ। ਸਥਾਈ ਤੌਰ 'ਤੇ ਦਹਾਕਿਆਂ ਤੋਂ ਛਿੜੇ ਇਸ ਦੁਖਦਾਈ ਸੰਘਰਸ਼ ਦਾ ਹੱਲ ਨਿਕਲੇਗਾ ਤਾਂ ਇਹ ਦੁਨੀਆ ਲਈ ਬਹੁਤ ਚੰਗੀ ਘਟਨਾ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਆਓ, ਮਿਲ ਕੇ ਆਪਣੀ ਨਾਰੀ ਸ਼ਕਤੀ ਨੂੰ ਸਮਰੱਥ ਬਣਾਈਏ! ਅਗਲੀ ਖ਼ਬਰ ਸ਼ਾਂਤੀ ਤਾਕਤ ਨਾਲ ਕਾਇਮ ਨਹੀਂ ਕੀਤੀ ਜਾ ਸਕਦੀ, ਇਹ ਸਮਝਦਾਰੀ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। -ਅਗਿਆਤ
Ad Position 24