ਅੱਜ ਕਾਨਵੋਕੇਸ਼ਨ 'ਤੇ ਵਿਸ਼ੇਸ਼
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 41ਵੀਂ ਕਾਨਵੋਕੇਸ਼ਨ 9 ਅਪ੍ਰੈਲ 2026 ਨੂੰ ਹੋ ਰਹੀ ਹੈ, ਜਿਸ ਵਿਚ ਪੰਜਾਬ ਦੇ ਰਾਜਪਾਲ ਤੇ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਹੋਣਗੇ। ਕਾਨਵੋਕੇਸ਼ਨ ਦਾ ਇਹ ਦਿਨ ਸਿਰਫ਼ ਇਕ ਸਮਾਗਮ ਨਹੀਂ ਹੁੰਦਾ, ਸਗੋਂ ਸੈਂਕੜੇ ਸੁਪਨਿਆਂ ਦੇ ਹਕੀਕਤ ਬਣ ਕੇ ਉਡਾਣ ਭਰਨ ਦਾ ਜਸ਼ਨ ਹੁੰਦਾ ਹੈ। ਕਾਨਵੋਕੇਸ਼ਨ ਦਾ ਇਹ ਦਿਨ ਉਨ੍ਹਾਂ ਮਾਪਿਆਂ ਲਈ ਵੀ ਮਾਣ ਦਾ ਦਿਨ ਹੁੰਦਾ ਹੈ, ਜਿਨ੍ਹਾਂ ਨੇ ਪਿੰਡਾਂ ਜਾਂ ਛੋਟੇ ਸ਼ਹਿਰਾਂ ਦੇ ਅਣਜਾਣ ਮੁਹੱਲਿਆਂ 'ਚ ਰਹਿ ਕੇ ਆਪਣੇ ਧੀਆਂ-ਪੁੱਤਾਂ ਨੂੰ ਉੱਚ-ਸਿੱਖਿਆ ਦੇ ਇਸ ਮੰਦਰ ਤੱਕ ਭੇਜਿਆ ਹੁੰਦਾ ਹੈ। ਕਾਨਵੋਕੇਸ਼ਨ ਦਾ ਇਹ ਮੌਕਾ ਇਸ ਮਾਣਮੱਤੀ ਯੂਨੀਵਰਸਿਟੀ ਦੀ ਮਾਣਮੱਤੀ ਯਾਤਰਾ ਨੂੰ ਵੀ ਯਾਦ ਕਰਨ ਦਾ ਸਬੱਬ ਹੁੰਦਾ ਹੈ। ਪੰਜਾਬੀ ਯੂਨੀਵਰਸਿਟੀ ਪੰਜਾਬੀਅਤ ਦੀ ਰੂਹ ਅਤੇ ਗਿਆਨ ਦਾ ਅਮਰ ਸੋਮਾ ਹੈ, ਜੋ ਸਿਰਫ਼ ਡਿਗਰੀ ਨਹੀਂ ਦਿੰਦੀ, ਸਗੋਂ ਵਿਦਿਆਰਥੀ ਜੀਵਨ ਨੂੰ ਰੌਸ਼ਨੀ ਦਿੰਦੀ ਹੈ, ਜੋ ਉਨ੍ਹਾਂ ਨੂੰ ਅੱਗੇ ਵਧਾਉਂਦੀ ਹੈ।
ਇਸ ਯੂਨੀਵਰਸਿਟੀ ਦੀ ਸਥਾਪਨਾ 1962 'ਚ ਹੋਈ। ਇਹ ਉਹ ਸਮਾਂ ਸੀ ਜਦੋਂ ਪੰਜਾਬ ਨੂੰ ਭਾਸ਼ਾਈ ਆਧਾਰ 'ਤੇ ਵੰਡਿਆ ਗਿਆ। ਅਜਿਹੇ ਸਮੇਂ 'ਚ ਪੰਜਾਬੀ ਯੂਨੀਵਰਸਿਟੀ ਜਿਹੇ ਸਮਰੱਥ ਤੇ ਸੁਹਿਰਦ ਵਿੱਦਿਅਕ ਅਦਾਰਿਆਂ ਦੀ ਲੋੜ ਵੀ ਸੀ। ਉਸ ਸਮੇਂ ਦੇ ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਣਨ ਵਰਗੀਆਂ ਮਹਾਨ ਸ਼ਖ਼ਸੀਅਤਾਂ ਸਦਕਾ ਇਹ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸਾਹਿਤ ਤੇ ਸੰਸਕ੍ਰਿਤੀ ਨੂੰ ਪ੍ਰਮੁੱਖਤਾ ਦੇਣ ਵਾਲੀ ਪਹਿਲੀ ਪੰਜਾਬੀ ਭਾਸ਼ਾ ਆਧਾਰਿਤ ਯੂਨੀਵਰਸਿਟੀ ਬਣੀ ਸੀ। ਅੱਜ ਇਸ ਕੋਲ ਆਰਟਸ, ਸਾਇੰਸ, ਇੰਜੀਨੀਅਰਿੰਗ, ਮੈਡੀਸਨ, ਲਾਅ ਤੇ ਮੈਨੇਜਮੈਂਟ ਵਰਗੇ ਵਿਭਾਗ ਹਨ। ਪੰਜਾਬੀ ਯੂਨੀਵਰਸਿਟੀ ਨੇ ਵਿੱਤੀ ਤੰਗੀਆਂ ਦੇ ਬਾਵਜੂਦ ਆਪਣੀ ਮਿਆਰੀ ਸਿੱਖਿਆ ਤੇ ਖੋਜ ਦੇ ਪੱਧਰ ਨੂੰ ਡਿਗਣ ਨਹੀਂ ਦਿੱਤਾ। ਯੂਨੀਵਰਸਿਟੀ ਨੇ ਵੱਡੀ ਗਿਣਤੀ ਵਿਚ ਵਿਦਵਾਨ ਪੈਦਾ ਕੀਤੇ ਹਨ, ਜੋ ਅੱਜ ਵਿਸ਼ਵ ਪੱਧਰੀ ਖੋਜਕਾਰ, ਲੇਖਕ, ਕਲਾਕਾਰ, ਕਾਰੋਬਾਰੀ ਆਦਿ ਦੇ ਰੂਪ 'ਚ ਦੁਨੀਆ ਦੀਆਂ ਵੱਖ-ਵੱਖ ਥਾਵਾਂ 'ਤੇ ਆਪਣੀ ਚਮਕ ਬਿਖੇਰ ਰਹੇ ਹਨ। ਯੂਨੀਵਰਸਿਟੀ ਦੀ ਇਸ 41ਵੀਂ ਕਾਨਵੋਕੇਸ਼ਨ 'ਚ ਡਿਗਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨ ਵੀ ਆਉਣ ਵਾਲੇ ਸਮੇਂ 'ਚ ਪੰਜਾਬ ਤੇ ਦੇਸ਼ ਦੇ ਸੁਨਹਿਰੀ ਭਵਿੱਖ ਦੀ ਨੀਂਹ ਰੱਖਣਗੇ। ਇਸ ਮੌਕੇ 725 ਵਿਦਿਆਰਥੀਆਂ ਨੂੰ ਡਿਗਰੀਆਂ ਤੇ ਤਗਮੇ ਪ੍ਰਦਾਨ ਕੀਤੇ ਜਾਣਗੇ, ਜਿਸ 'ਚ 457 ਡਾਕਟਰੇਟ ਡਿਗਰੀਆਂ, 179 ਪੋਸਟ ਗ੍ਰੈਜੂਏਟ ਤੇ ਪੇਸ਼ੇਵਰ ਕੋਰਸਾਂ ਦੀਆਂ ਡਿਗਰੀਆਂ ਅਤੇ 86 ਅੰਡਰ ਗ੍ਰੈਜੂਏਟ ਕੋਰਸਾਂ ਦੇ ਟਾਪਰ ਵਿਦਿਆਰਥੀ ਸ਼ਾਮਿਲ ਹੋਣਗੇ। ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕਰਨ ਵਾਲੇ ਕੁੱਲ 457 ਵਿਦਿਆਰਥੀ ਸ਼ਾਮਿਲ ਹਨ। ਤਗਮਿਆਂ ਦੀ ਗਿਣਤੀ 'ਚ ਤਿੰਨ ਚਾਂਸਲਰ ਤਗਮੇ ਤੇ ਨੌਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਤਗਮੇ (ਦੋ ਸਾਲਾਂ ਦੇ 18 ਤਗਮੇ) ਸ਼ਾਮਿਲ ਹਨ। ਇਹ ਤਗਮੇ ਪਿਛਲੇ ਸਮੇਂ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ/ਪਰਿਵਾਰਾਂ ਵਲੋਂ ਦਿੱਤੀ ਗਈ ਦਾਨ ਰਾਸ਼ੀ ਦੇ ਵਿਆਜ ਨਾਲ ਦਿੱਤੇ ਜਾਂਦੇ ਹਨ।
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਤਰੱਕੀ ਦੇ ਨਵੇਂ ਪੰਧ ਸਿਰਜਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੀ ਯੋਗ ਅਗਵਾਈ ਹੇਠ ਖੋਜ, ਢਾਂਚਾਗਤ ਵਿਕਾਸ, ਵਿਦਿਆਰਥੀ ਭਲਾਈ ਅਤੇ ਅੰਤਰਰਾਸ਼ਟਰੀ ਸਹਿਯੋਗ 'ਚ ਹੋ ਰਹੀ ਪ੍ਰਗਤੀ ਵਿਖਾਈ ਦੇਣੀ ਸ਼ੁਰੂ ਹੋ ਗਈ ਹੈ। ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਵਿੱਤੀ ਸੰਕਟ 'ਚੋਂ ਕੱਢਣ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਉਹ ਮਿਆਰੀ ਤੇ ਗੁਣਵੱਤਾ-ਭਰਪੂਰ ਖੋਜ ਵੱਲ ਵਿਸ਼ੇਸ਼ ਤੌਰ 'ਤੇ ਰੁਚਿਤ ਹਨ। ਯੂਨੀਵਰਸਿਟੀ 'ਚ ਰਿਸਰਚ ਐਵਾਰਡ ਕਮੇਟੀ ਦੀ ਮੀਟਿੰਗ ਵਿਚ ਉਨ੍ਹਾਂ ਦੀ ਨਿੱਜੀ ਦਿਲਚਸਪੀ ਰਹਿੰਦੀ ਹੈ। ਇਸ ਕਮੇਟੀ ਦੀ ਹਰ ਮਹੀਨੇ ਮੀਟਿੰਗ ਯਕੀਨੀ ਬਣਾਉਣ ਲਈ ਬਾਕਾਇਦਾ ਆਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਵਿਦਿਆਰਥੀ ਨੂੰ ਖੋਜ ਪੂਰੀ ਕਰਨ 'ਚ ਕੋਈ ਦੇਰੀ ਜਾਂ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਡਾ. ਜਗਦੀਪ ਸਿੰਘ ਦਾ ਆਪਣਾ ਪਿਛੋਕੜ ਤੇ ਪੇਸ਼ਾ ਵੀ ਖੋਜ ਨਾਲ ਸੰਬੰਧਿਤ ਹੈ। ਨਵੇਂ ਸੈਂਟਰ ਆਫ਼ ਐਕਸੀਲੈਂਸ ਬਣਾਉਣੇ, ਅੰਤਰਰਾਸ਼ਟਰੀ ਸਾਂਝੇਦਾਰੀਆਂ ਵਧਾਉਣੀਆਂ ਤੇ ਫੈਕਲਟੀ ਨੂੰ ਰਿਸਰਚ ਲਈ ਉਤਸ਼ਾਹਿਤ ਕਰਨਾ, ਉਨ੍ਹਾਂ ਦੇ ਮਿਸ਼ਨ ਦਾ ਹਿੱਸਾ ਹੈ। ਵਿਦਿਆਰਥੀਆਂ ਨੂੰ ਸਟਾਰਟਅੱਪ ਤੇ ਇਨੋਵੇਸ਼ਨ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਯੂਨੀਵਰਸਿਟੀ ਨੂੰ ਨਿਰਫ਼ ਰੈਂਕਿੰਗ 'ਚ ਵੀ ਉੱਪਰ ਲਿਆਂਦਾ ਜਾ ਸਕੇ। ਉਨ੍ਹਾਂ ਵਲੋਂ ਯੂਨੀਵਰਸਿਟੀ ਦੇ ਪਲੇਸਮੈਂਟ ਸੈੱਲ ਨੂੰ ਮਜ਼ਬੂਤ ਤੇ ਸਰਗਰਮ ਕਰਨ ਵੱਲ ਵੀ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਹਾਲ ਹੀ 'ਚ ਯੂਨੀਵਰਸਿਟੀ ਦੇ ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ ਦੇ ਸਹਿਯੋਗ ਨਾਲ ਮਨੋਵਿਗਿਆਨ ਵਿਭਾਗ ਵਲੋਂ ਸਥਾਪਤ ਕੀਤਾ ਗਿਆ ਆਨਲਾਈਨ ਤੇ ਟੈਲੀਫੋਨਿਕ ਕੌਂਸਲਿੰਗ ਟ੍ਰੇਨਿੰਗ ਸੈੱਲ (ਓ.ਟੀ.ਸੀ.ਟੀ.ਸੀ.) ਵੀ ਇਸ ਦਿਸ਼ਾ 'ਚ ਇਕ ਅਹਿਮ ਕਦਮ ਹੈ। ਵਿਦਿਆਰਥੀਆਂ ਨਾਲ ਮਿਲ ਕੇ ਐਨਵਾਇਰਨਮੈਂਟਲ ਕਲੱਬ ਤੇ ਸਸਟੇਨੇਬਲ ਡਿਵੈਲਪਮੈਂਟ 'ਤੇ ਕੋਰਸ ਅਤੇ ਵਰਕਸ਼ਾਪਾਂ ਕਰਵਾਉਣ ਤੋਂ ਲੈ ਕੇ ਪੰਜਾਬ ਦੀਆਂ ਵਾਤਾਵਰਨ ਸਮੱਸਿਆਵਾਂ ਜਿਵੇਂ ਪਾਣੀ ਦੀ ਕਮੀ ਅਤੇ ਪ੍ਰਦੂਸ਼ਣ 'ਤੇ ਖੋਜਾਂ ਕਰਵਾਉਣਾ ਵੀ ਉਨ੍ਹਾਂ ਦੇ ਤਰਜੀਹੀ ਸਰੋਕਾਰਾਂ 'ਚ ਸ਼ਾਮਿਲ ਹੈ।
ਇਸ ਯੂਨੀਵਰਸਿਟੀ ਦੀ ਅਸਲ ਪਛਾਣ ਪੰਜਾਬੀ ਭਾਸ਼ਾ ਨਾਲ ਹੈ। ਇਸੇ ਲਈ ਪੰਜਾਬੀ ਭਾਸ਼ਾ ਨੂੰ ਉਚੇਰੀ ਸਿੱਖਿਆ ਦੇ ਮਾਧਿਅਮ ਵਜੋਂ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਖੇਤਰ 'ਚ ਖੋਜ ਨੂੰ ਪ੍ਰਫੁੱਲਿਤ ਕਰਨ ਲਈ ਯੂਨੀਵਰਸਿਟੀ ਯਤਨਸ਼ੀਲ ਹੈ। ਪੰਜਾਬੀਅਤ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚਾਉਣ ਲਈ ਵੱਖ-ਵੱਖ ਸੈਮੀਨਾਰ ਤੇ ਪ੍ਰੋਜੈਕਟ ਚੱਲ ਰਹੇ ਹਨ। ਗਿਆਨ ਤੇ ਤਕਨਾਲੋਜੀ ਦੇ ਖੇਤਰ 'ਚ ਭਾਵੇਂ ਅਸੀਂ ਕਿਸੇ ਵੀ ਖੇਤਰ ਵਿਚ ਕੰਮ ਕਰੀਏ ਪਰ ਅਸੀਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਨਜ਼ਰਅੰਦਾਜ਼ ਕਰਕੇ ਨਹੀਂ ਚੱਲ ਸਕਦੇ। ਹਾਲ ਹੀ 'ਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਜਟ ਨੂੰ ਵਧਾ ਕੇ 16 ਕਰੋੜ ਰੁਪਏ ਤੋਂ 20 ਕਰੋੜ ਰੁਪਏ ਕੀਤਾ ਗਿਆ ਹੈ, ਜੋ ਨਵੇਂ ਵਿੱਤੀ ਸਾਲ 2026-27 ਲਈ ਹੈ। ਇਸ ਨਾਲ ਪੰਜਾਬੀ ਭਾਸ਼ਾ ਦੇ ਪ੍ਰਚਾਰ, ਵਿਕਾਸ ਤੇ ਪ੍ਰਸਾਰ ਨੂੰ ਨਵੀਂ ਤਾਕਤ ਮਿਲੀ ਹੈ, ਜਦਕਿ ਕੁੱਲ ਬਜਟ ਦੇ 43.40 ਫ਼ੀਸਦੀ ਹਿੱਸੇ ਨੂੰ ਅਧਿਆਪਨ, ਖੋਜ ਤੇ ਸਿੱਖਿਆ ਸੁਧਾਰ ਲਈ ਰਾਖਵਾਂ ਰੱਖਿਆ ਗਿਆ ਹੈ। ਪੰਜਾਬੀ ਭਾਸ਼ਾ ਦੇ ਬਜਟ 'ਚ ਕੀਤਾ ਇਹ ਵਾਧਾ ਸਾਡੀ ਮਾਂ-ਬੋਲੀ ਦੇ ਸੁਨਹਿਰੀ ਭਵਿੱਖ ਦੀ ਗਾਰੰਟੀ ਸਾਬਿਤ ਹੋਵੇਗਾ। ਇਸ ਤੋਂ ਇਲਾਵਾ ਇਕ ਨਵੀਂ ਪਹਿਲਕਦਮੀ 'ਵਾਈਸ ਚਾਂਸਲਰ ਕਾਨਫਰੰਸ ਸੀਰੀਜ਼' ਲਈ ਵੀ 75 ਲੱਖ ਰੁਪਏ ਰਾਖਵੇਂ ਰੱਖੇ ਗਏ ਹਨ।
ਪੰਜਾਬੀ ਯੂਨੀਵਰਸਿਟੀ ਦੀ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਨੇ ਹਮੇਸ਼ਾ ਨਿਮਨ ਵਰਗੀ ਪਛੋਕੜ ਵਾਲੇ ਵਿਦਿਆਰਥੀਆਂ, ਖ਼ਾਸ ਕਰਕੇ ਕੁੜੀਆਂ, ਗਰੀਬ ਘਰਾਂ ਤੇ ਪਿੰਡਾਂ ਦੇ ਨੌਜਵਾਨ ਵਿਦਿਆਰਥੀਆਂ ਦੇ ਉਚੇਰੀ ਸਿੱਖਿਆ ਨਾਲ ਸੰਬੰਧਿਤ ਸੁਪਨੇ ਪੂਰੇ ਕੀਤੇ ਹਨ। ਇੱਥੇ ਸਸਤੀ ਫ਼ੀਸ ਤੇ ਹੋਸਟਲ ਸਹੂਲਤਾਂ ਨਾਲ ਬਹੁਤੇ ਵਿਦਿਆਰਥੀ ਗਰੀਬੀ ਤੇ ਸੀਮਤ ਸਾਧਨਾਂ ਦੇ ਬਾਵਜੂਦ ਉੱਚ ਸਿੱਖਿਆ ਹਾਸਿਲ ਕਰ ਰਹੇ ਹਨ। ਅਜਿਹੀਆਂ ਬਹੁਤ ਮਿਸਾਲਾਂ ਹਨ ਕਿ ਪਿੰਡਾਂ ਤੋਂ ਆਈਆਂ ਕੁੜੀਆਂ ਅੱਜ ਡਾਕਟਰ, ਇੰਜੀਨੀਅਰ, ਕਲਾਕਾਰ, ਲੇਖਕ ਤੇ ਅਧਿਆਪਕ ਹਨ। ਜਦੋਂ ਇਕ ਧੀ ਪੰਜਾਬੀ ਯੂਨੀਵਰਸਿਟੀ ਤੋਂ ਡਿਗਰੀ ਲੈਂਦੀ ਹੈ ਤਾਂ ਸਿਰਫ਼ ਇਕ ਪਰਿਵਾਰ ਨਹੀਂ, ਸਗੋਂ ਪੂਰਾ ਸਮਾਜ ਰੌਸ਼ਨ ਹੁੰਦਾ ਹੈ।
ਇਸ ਤਰ੍ਹਾਂ ਇਹ ਯੂਨੀਵਰਸਿਟੀ ਹਮੇਸ਼ਾ ਹੀ ਨਿਮਾਣੇ ਪਛੋਕੜ ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈ ਉਮੀਦ ਦੀ ਕਿਰਨ ਰਹੀ ਹੈ। ਅੱਜ ਜਦੋਂ ਅਸੀਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਦੇਖਦੇ ਹਾਂ ਤਾਂ ਉਸ 'ਚ ਵੱਡੀ ਗਿਣਤੀ ਉਨ੍ਹਾਂ ਵਿਦਿਆਰਥੀਆਂ, ਖ਼ਾਸ ਕਰਕੇ ਲੜਕੀਆਂ ਦੀ ਹੈ, ਜੋ ਪਿੰਡਾਂ ਦੀਆਂ ਪਗਡੰਡੀਆਂ ਤੋਂ ਨਿਕਲ ਕੇ ਅਕਾਦਮਿਕਤਾ ਦੇ ਸਿਖ਼ਰਾਂ ਤੱਕ ਆ ਪਹੁੰਚੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਹੈ ਕਿ ਜੇ ਮੌਕਾ ਮਿਲੇ ਤਾਂ ਨਿਮਾਣੇ ਪਛੋਕੜ ਵਾਲੇ ਬੱਚੇ ਵੀ ਰਾਸ਼ਟਰ ਦੇ ਨਿਰਮਾਣ 'ਚ ਵੱਡਾ ਯੋਗਦਾਨ ਪਾ ਸਕਦੇ ਹਨ।
-ਡਾਇਰੈਕਟਰ, ਲੋਕ ਸੰਪਰਕ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾਈਲ : 98157-79202