10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪੰਜਾਬ ਵਿਚ ਭਾਜਪਾ ਲਈ ਮਾਹੌਲ ਬਣਾ ਰਹੇ ਹਨ ਨਾਇਬ ਸਿੰਘ ਸੈਣੀ

Ad Position 21
No active advertisement
ਅਜੀਤ ਡੈਸਕ 09-04-2026

ਭਾਜਪਾ ਇਸ ਵਾਰ ਪੰਜਾਬ ਚੋਣਾਂ ਨੂੰ ਲੈ ਕੇ ਬਹੁਤ ਗੰਭੀਰ ਹੈ, ਇਸ ਦੇ ਲਈ ਪਾਰਟੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੂਰੀ ਜ਼ਿੰਮੇਵਾਰੀ ਸੌਂਪਦਿਆਂ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਆਪਣੀ ਤਾਕਤ ਲਗਾ ਦੇਣ ਲਈ ਕਿਹਾ ਹੈ। ਭਾਜਪਾ ਹਾਈਕਮਾਂਡ ਚਾਹੁੰਦੀ ਹੈ ਕਿ ਨਾਇਬ ਸਿੰਘ ਸੈਣੀ ਪੰਜਾਬ ਚੋਣਾਂ ਦੇ ਲਈ ਪਾਰਟੀ ਦੇ ਪੱਖ 'ਚ ਪੂਰਾ ਮਾਹੌਲ ਤਿਆਰ ਕਰਨ, ਸ਼ਾਇਦ ਇਸੇ ਲਈ ਮੁੱਖ ਮੰਤਰੀ ਸੈਣੀ ਆਏ ਦਿਨ ਪੰਜਾਬ 'ਚ ਬੈਠਕਾਂ, ਸਭਾਵਾਂ, ਰਾਜਨੀਤਕ ਪ੍ਰੋਗਰਾਮਾਂ ਅਤੇ ਸਮਾਜਿਕ ਤੇ ਧਾਰਮਿਕ ਸਮਾਗਮਾਂ 'ਚ ਸ਼ਮੂਲੀਅਤ ਕਰਦਿਆਂ ਲੋਕਾਂ ਵਿਚਾਲੇ ਪਹੁੰਚ ਕੇ ਚੁਣਾਵੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਵਿਚ ਹੋਰ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਭਾਜਪਾ 'ਚ ਸ਼ਾਮਿਲ ਕਰਵਾਉਣ 'ਚ ਵੀ ਸੈਣੀ ਮੋਹਰੀ ਭੂਮਿਕਾ ਨਿਭਾਅ ਰਹੇ ਹਨ ਅਤੇ ਪੰਜਾਬ ਭਾਜਪਾ ਦੇ ਕਈ ਨੇਤਾ ਵੀ ਅਕਸਰ ਮੁੱਖ ਮੰਤਰੀ ਸੈਣੀ ਦੀ ਰਿਹਾਇਸ਼ ਵਿਖੇ ਦੇਖੇ ਜਾਂਦੇ ਹਨ।
ਹਰਿਆਣਾ ਮਾਡਲ ਸਰਕਾਰ ਦਾ ਪ੍ਰਚਾਰ
ਪੰਜਾਬ ਤੇ ਹਰਿਆਣਾ ਦੇ ਲੋਕਾਂ ਵਿਚਾਲੇ ਸਮਾਜਿਕ, ਧਾਰਮਿਕ, ਵਪਾਰਕ ਤੇ ਪਰਿਵਾਰਕ ਰਿਸ਼ਤੇ ਹਨ ਅਤੇ ਦੋਹਾਂ ਸੂਬਿਆਂ ਵਿਚਾਲੇ ਲਗਭਗ 350 ਕਿਲੋਮੀਟਰ ਲੰਬੀ ਸਾਂਝੀ ਸਰਹੱਦ ਹੈ। ਇਕ ਪਾਸੇ ਕਿਸਾਨਾਂ ਦੇ ਖੇਤ ਆਪਸ ਵਿਚ ਜੁੜੇ ਹੋਏ ਹਨ, ਬਹੁਤ ਸਾਰੇ ਲੋਕਾਂ ਵਿਚਾਲੇ ਪਰਿਵਾਰਕ ਸਾਂਝ ਤੇ ਰਿਸ਼ਤੇਦਾਰੀਆਂ ਵੀ ਹਨ। ਹਰਿਆਣਾ ਤੇ ਪੰਜਾਬ ਦੀ ਰਾਜਨੀਤੀ ਵੀ ਅਕਸਰ ਦੋਹਾਂ ਸੂਬਿਆਂ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਮੁੱਖ ਮੰਤਰੀ ਸੈਣੀ ਤੋਂ ਇਲਾਵਾ ਹਰਿਆਣਾ ਦੇ ਕਈ ਹੋਰ ਨੇਤਾਵਾਂ ਨੇ ਪੰਜਾਬ 'ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ -ਮਿੱਤਰਾਂ ਦੇ ਘਰੀਂ ਆਉਣਾ ਜਾਣਾ ਵਧਾ ਦਿੱਤਾ ਹੈ ਤਾਂ ਜੋ ਉਨ੍ਹਾਂ ਨੂੰ ਭਾਜਪਾ ਨਾਲ ਜੋੜਿਆ ਜਾ ਸਕੇ। ਇਸ ਦੌਰਾਨ ਮੁੱਖ ਮੰਤਰੀ ਸੈਣੀ ਤੇ ਹੋਰ ਨੇਤਾ ਪੰਜਾਬ 'ਚ ਹਰਿਆਣਾ ਮਾਡਲ ਦੀ ਭਾਜਪਾ ਸਰਕਾਰ ਬਣਾਉਣ ਦੇ ਲਈ ਹਰਿਆਣਾ ਸਰਕਾਰ ਦੀਆਂ ਨੀਤੀਆਂ ਤੇ ਉਪਲਬਧੀਆਂ ਤੋਂ ਜਾਣੂ ਕਰਵਾ ਰਹੇ ਹਨ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਹਰਿਆਣਾ 'ਚ ਸੈਣੀ ਸਰਕਾਰ ਨੇ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਸਹਾਇਤਾ ਰਕਮ ਦੇਣੀ ਸ਼ੁਰੂ ਕੀਤੀ ਹੈ ਅਤੇ ਹਰਿਆਣਾ 'ਚ ਬੁਢਾਪਾ ਪੈਨਸ਼ਨ, ਵਿਧਵਾ ਤੇ ਅੰਗਹੀਣਾਂ ਲਈ ਪੈਨਸ਼ਨ ਪੰਜਾਬ ਸਮੇਤ ਹੋਰ ਸੂਬਿਆਂ ਨਾਲੋਂ ਕਿਤੇ ਵੱਧ ਹੈ। ਹਰਿਆਣਾ 'ਚ ਫਸਲਾਂ ਦਾ ਨੁਕਸਾਨ ਹੋਣ 'ਤੇ ਕਿਸਾਨਾਂ ਨੂੰ ਵਧੇਰੇ ਮੁਆਵਜ਼ਾ ਦਿੱਤਾ ਜਾਂਦਾ ਤੇ ਸੂਬੇ 'ਚ ਪੈਦਾ ਹੋਣ ਵਾਲੀਆਂ ਸਾਰੀਆਂ ਫਸਲਾਂ ਨੂੰ ਐਮ.ਐੱਸ.ਪੀ. 'ਤੇ ਖ਼ਰੀਦਣ ਦੇ ਦਾਅਵੇ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਆਕਰਸ਼ਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਸੈਣੀ ਪੰਜਾਬ ਦੇ ਵੱਖ-ਵੱਖ ਡੇਰਿਆਂ, ਧਾਰਮਿਕ ਸੰਸਥਾਵਾਂ ਤੇ ਧਾਰਮਿਕ ਆਗੂਆਂ ਕੋਲ ਅਸ਼ੀਰਵਾਦ ਲੈਣ ਦੇ ਬਹਾਨੇ ਅਕਸਰ ਜਾਂਦੇ ਰਹਿੰਦੇ ਹਨ ਤਾਂ ਕਿ ਇਨ੍ਹਾਂ ਡੇਰਿਆਂ ਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਲੋਕਾਂ ਨੂੰ ਭਾਜਪਾ ਨਾਲ ਜੁੜਨ ਲਈ ਤਿਆਰ ਕੀਤਾ ਜਾ ਸਕੇ।
ਹੋਰ ਨੇਤਾ ਤੇ ਵਰਕਰ ਵੀ ਪੰਜਾਬ ਜਾਣਗੇ
ਭਾਜਪਾ ਨੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨੇਤਾਵਾਂ ਤੇ ਵਰਕਰਾਂ ਨੂੰ ਪੰਜਾਬ ਚੋਣਾਂ 'ਚ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਰਹਿਣ ਲਈ ਕਿਹਾ ਹੈ। ਆਉਣ ਵਾਲੇ ਦਿਨਾਂ 'ਚ ਹਰਿਆਣਾ ਭਾਜਪਾ ਦੇ ਕਈ ਹੋਰ ਨੇਤਾਵਾਂ, ਵਿਧਾਇਕਾਂ, ਸੰਸਦ ਮੈਂਬਰਾਂ ਤੇ ਮੰਤਰੀਆਂ ਨੂੰ ਵੀ ਪੰਜਾਬ 'ਚ ਹੋਰ ਜ਼ਿਆਦਾ ਸਰਗਰਮ ਹੋਏ ਦੇਖਿਆ ਜਾ ਸਕੇਗਾ। ਹੁਣ ਵੀ ਭਾਜਪਾ ਦੇ ਕਈ ਕੇਂਦਰੀ ਮੰਤਰੀ ਪੰਜਾਬ 'ਚ ਚੋਣ ਰੈਲੀਆਂ ਤੇ ਬੈਠਕਾਂ ਕਰਨ ਆਉਂਦੇ ਰਹਿੰਦੇ ਹਨ, ਪਰ ਮੁੱਖ ਮੰਤਰੀ ਸੈਣੀ ਨੂੰ ਪੂਰੀ ਤਰ੍ਹਾਂ ਨਾਲ ਪੰਜਾਬ ਚੋਣਾਂ 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਗਿਆ ਹੈ ਅਤੇ ਉਹ ਪੰਜਾਬ 'ਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਵੀ ਆ ਰਹੇ ਹਨ। ਪਹਿਲਾਂ ਭਾਜਪਾ ਪੰਜਾਬ 'ਚ ਅਕਾਲੀ ਦਲ ਨਾਲ ਛੋਟੇ ਭਾਈਵਾਲ ਦੇ ਰੂਪ 'ਚ ਰਲ ਕੇ ਚੋਣ ਲੜਦੀ ਰਹੀ ਹੈ, ਪਰ ਪਿਛਲੀਆਂ ਲੋਕ ਸਭਾ ਚੋਣਾਂ ਦੋਹਾਂ ਪਾਰਟੀਆਂ ਨੇ ਇੱਕਲੇ ਹੋ ਕੇ ਲੜੀਆਂ ਸਨ। ਪੰਜਾਬ ਦੇ ਚੋਣ ਨਤੀਜੇ ਕੀ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਹਰਿਆਣਾ ਦੀ ਭਾਜਪਾ ਇਕਾਈ ਤੇ ਮੁੱਖ ਮੰਤਰੀ ਸੈਣੀ ਦੀ ਟੀਮ ਮਿਸ਼ਨ ਪੰਜਾਬ 'ਚ ਪੂਰੀ ਸਰਗਰਮੀ ਨਾਲ ਜੁੱਟੀ ਹੋਈ ਹੈ ।
ਕਾਂਗਰਸ ਦੀਆਂ ਵੀ ਹੋ ਰਹੀਆਂ ਹਨ ਬੈਠਕਾਂ
ਹਰਿਆਣਾ 'ਚ ਰਾਜ ਸਭਾ ਚੋਣਾਂ ਦੌਰਾਨ 5 ਕਾਂਗਰਸੀ ਵਿਧਾਇਕਾਂ ਦੁਆਰਾ ਕ੍ਰਾਸ ਵੋਟਿੰਗ ਕਰਨ ਤੇ 4 ਕਾਂਗਰਸੀ ਵਿਧਾਇਕਾਂ ਦੁਆਰਾ ਆਪਣੀਆਂ ਵੋਟਾਂ ਜਾਣਬੁੱਝ ਕੇ ਕੈਂਸਲ ਕਰਵਾਉਣ ਨੂੰ ਲੈ ਕੇ ਪਾਰਟੀ ਦੁਆਰਾ ਵਾਰ-ਵਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਕ੍ਰਾਸ ਵੋਟਿੰਗ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਤੋਂ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਧਰਮਪਾਲ ਮਲਿਕ ਦੀ ਅਗਵਾਈ ਵਾਲੀ ਅਨੁਸ਼ਾਸਨ ਕਮੇਟੀ ਦੁਆਰਾ ਜਵਾਬ ਮੰਗਿਆ ਗਿਆ ਸੀ, ਪਰ ਉਕਤ 5 ਵਿਧਾਇਕਾਂ 'ਚੋਂ 3 ਵਿਧਾਇਕਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇੰਝ ਲੱਗਦਾ ਹੈ ਕਿ ਕ੍ਰਾਸ ਵੋਟਿੰਗ ਕਰਨ ਵਾਲੇ ਵਿਧਾਇਕਾਂ ਨੂੰ ਕੋਈ ਚਿੰਤਾ ਨਹੀਂ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਵੀ ਕੋਈ ਡਰ ਨਹੀਂ ਕਿ ਉਨ੍ਹਾਂ ਨੂੰ ਕਾਂਗਰਸ ਤੋਂ ਮੁਅੱਤਲ ਕੀਤਾ ਜਾ ਸਕਦਾ ਹੈ। ਇਸ ਦੌਰਾਨ ਕ੍ਰਾਸ ਵੋਟਿੰਗ ਕਰਨ ਦੇ ਦੋਸ਼ 'ਚ ਘਿਰੇ ਮੇਵਾਤ ਤੋਂ ਕਾਂਗਰਸੀ ਵਿਧਾਇਕ ਮੁਹੰਮਦ ਇਲਿਆਸ ਨੇ ਮੁੱਖ ਮੰਤਰੀ ਨਿਵਾਸ ਵਿਖੇ ਜਾ ਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਹੀ ਨਹੀਂ ਕੀਤੀ, ਸਗੋਂ ਉਨ੍ਹਾਂ ਨੂੰ ਮੇਵਾਤ ਆਉਣ ਦਾ ਸੱਦਾ ਵੀ ਦਿੱਤਾ ਹੈ। ਕ੍ਰਾਸ ਵੋਟਿੰਗ ਕਰਨ ਵਾਲੇ ਦੂਸਰੇ ਵਿਧਾਇਕ ਮੁਹੰਮਦ ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਨੂੰ ਕਾਂਗਰਸੀ ਉਮੀਦਵਾਰ ਕਰਮਵੀਰ ਬੌਧ ਪਸੰਦ ਨਹੀਂ ਸੀ ਅਤੇ ਉਸ ਨੂੰ ਕ੍ਰਾਸ ਵੋਟਿੰਗ ਕਰਨ ਦਾ ਕੋਈ ਪਛਤਾਵਾ ਨਹੀਂ ਹੈ। ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਬੈਠਕ ਦੌਰਾਨ ਪਾਰਟੀ ਇਨ੍ਹਾਂ ਵਿਧਾਇਕਾਂ ਬਾਰੇ ਕੁਝ ਵੀ ਤੈਅ ਨਹੀਂ ਕਰ ਸਕੀ ਅਤੇ ਇਨ੍ਹਾਂ ਦਾ ਕੀ ਬਣੇਗਾ ਇਸ ਬਾਰੇ ਅਜੇ ਕੁਝ ਵੀ ਸਪੱਸ਼ਟ ਨਹੀਂ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ ਚੋਣਾਂ ਦੌਰਾਨ ਵਿਧਾਇਕਾਂ 'ਤੇ ਪਾਰਟੀ ਵ੍ਹਿਪ ਲਾਗੂ ਨਹੀਂ ਹੁੰਦਾ, ਇਸ ਲਈ ਜੇਕਰ ਕਾਂਗਰਸ ਲੀਡਰਸ਼ਿਪ ਇਨ੍ਹਾਂ ਨੂੰ ਪਾਰਟੀ ਨਾਲ ਧੋਖਾ ਕਰਨ ਲਈ ਮੁਅੱਤਲ ਵੀ ਕਰਦੀ ਹੈ ਤਾਂ ਵੀ ਇਨ੍ਹਾਂ ਦੀ ਵਿਧਾਨ ਸਭਾ ਮੈਂਬਰੀਂ ਨੂੰ ਕੋਈ ਖ਼ਤਰਾ ਨਹੀਂ ਹੈ। ਜਿਹੜੇ 4 ਕਾਂਗਰਸੀ ਵਿਧਾਇਕਾਂ ਨੇ ਆਪਣੀਆਂ ਵੋਟਾਂ ਕੈਂਸਲ ਕਰਵਾ ਦਿੱਤੀਆਂ ਸਨ, ਉਨ੍ਹਾਂ 'ਤੇ ਵੀ ਪਾਰਟੀ ਕੋਈ ਕਾਰਵਾਈ ਨਹੀਂ ਕਰ ਸਕੀ ਤੇ ਨਾ ਹੀ ਉਨ੍ਹਾਂ ਦੇ ਨਾਂਅ ਉਜਾਗਰ ਕੀਤੇ ਗਏ ਹਨ।
ਫ਼ਸਲਾਂ ਦਾ ਹੋਇਆ ਨੁਕਸਾਨ
ਹਰਿਆਣਾ 'ਚ ਇਸ ਹਫ਼ਤੇ ਪਏ ਭਾਰੀ ਮੀਂਹ ਤੇ ਗੜਿਆਂ ਨਾਲ ਕਿਸਾਨਾਂ ਦੀ ਪੱਕ ਚੁੱਕੀ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਰਕਾਰ ਤੋਂ ਫਸਲਾਂ ਦੀ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ, ਕਿਉਂਕਿ ਵਾਢੀ ਬਾਅਦ ਕਣਕ ਮੰਡੀ 'ਚ ਲਿਆਉਣ ਦੀ ਤਿਆਰੀ ਕਰ ਰਹੇ ਕਈ ਕਿਸਾਨਾਂ ਦੀ ਬੇਮੌਸਮੇ ਮੀਂਹ ਤੇ ਗੜਿਆਂ ਨਾਲ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਵਿਰੋਧੀ ਧਿਰ ਨੇ ਹਰਿਆਣਾ ਸਰਕਾਰ ਦੁਆਰਾ ਮੰਡੀ 'ਚ ਫਸਲ ਲਿਆਉਣ ਵਾਲੇ ਕਿਸਾਨਾਂ ਦੇ ਲਈ ਬਾਇਓਮੈਟ੍ਰਿਕ ਹਾਜ਼ਰੀ ਅਤੇ ਟਰੈਕਟਰ ਟਰਾਲੀ 'ਤੇ ਲਾਜ਼ਮੀ ਨੰਬਰ ਪਲੇਟ ਹੋਣ ਜਿਹੀਆਂ ਲਗਾਈਆਂ ਨਵੀਆਂ ਸ਼ਰਤਾਂ ਪ੍ਰਤੀ ਨਾਰਾਜ਼ਗੀ ਪ੍ਰਗਟਾਉਂਦਿਆ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ।

-ਵਿਸ਼ੇਸ਼ ਪ੍ਰਤੀਨਿਧੀ
ਮੋਬਾਈਲ - 98554-65946
ਈ-ਮੇਲ : ramsinghbrar@gmail.com

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਗਲੀ ਖ਼ਬਰ ਆਓ, ਮਿਲ ਕੇ ਆਪਣੀ ਨਾਰੀ ਸ਼ਕਤੀ ਨੂੰ ਸਮਰੱਥ ਬਣਾਈਏ!
Ad Position 24