18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਅਸਥਾਈ ਨਹੀਂ ਠੋਸ ਨਤੀਜੇ ਦੀ ਲੋੜ

Ad Position 21
No active advertisement
ਅਜੀਤ ਡੈਸਕ 11-04-2026

ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਲਗਭਗ ਪਿਛਲੇ 6 ਹਫ਼ਤਿਆਂ ਤੋਂ ਚਲਦੀ ਆ ਰਹੀ ਭਿਆਨਕ ਜੰਗ ਵਿਚ ਈਰਾਨ ਦਾ ਹਰ ਪੱਖ ਤੋਂ ਬੇਹੱਦ ਨੁਕਸਾਨ ਹੋਇਆ ਹੈ। ਈਰਾਨ ਵਲੋਂ ਇਸ ਦੇ ਪ੍ਰਤੀਕਰਮ ਵਜੋਂ ਅਮਰੀਕਾ ਪੱਖੀ ਖਾੜੀ ਦੇਸ਼ਾਂ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਰਾਹੀਂ ਕੀਤੇ ਹਮਲਿਆਂ ਕਾਰਨ ਇਨ੍ਹਾਂ ਛੋਟੇ-ਛੋਟੇ ਦੇਸ਼ਾਂ ਨੂੰ ਵੀ ਭਾਰੀ ਕੀਮਤ ਚੁਕਾਣੀ ਪਈ ਹੈ। ਦੁਨੀਆ ਭਰ ਵਿਚ ਤੇਲ ਦੀਆਂ ਕੀਮਤਾਂ ਦੇ ਨਾਲ-ਨਾਲ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵੀ ਅਸਮਾਨੇ ਚੜ੍ਹ ਗਈਆਂ ਹਨ। ਇਸੇ ਦੌਰਾਨ ਪਾਕਿਸਤਾਨ, ਤੁਰਕੀ ਅਤੇ ਕੁਝ ਹੋਰ ਦੇਸ਼ਾਂ ਦੇ ਯਤਨਾਂ ਨਾਲ 7 ਅਪ੍ਰੈਲ ਨੂੰ ਅਮਰੀਕਾ ਅਤੇ ਈਰਾਨ ਦੋ ਹਫ਼ਤਿਆਂ ਲਈ ਜੰਗਬੰਦੀ ਲਈ ਸਹਿਮਤ ਹੋਏ ਹਨ।
ਚਾਹੇ ਹੋਏ ਇਸ ਅਸਥਾਈ ਸਮਝੌਤੇ ਬਾਰੇ ਲਗਾਤਾਰ ਅਨਿਸਚਿਤਤਾ ਬਣੀ ਰਹੀ ਹੈ ਪਰ ਦੁਨੀਆ ਭਰ ਦੇ ਦੇਸ਼ਾਂ ਨੇ ਇਸ ਨੂੰ ਇਕ ਚੰਗਾ ਕਦਮ ਮੰਨਿਆ ਹੈ। ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਓਰਸਾ ਵੈਨ ਨੇ ਕਿਹਾ ਕਿ ਇਸ ਲੜਾਈ ਨੂੰ ਖ਼ਤਮ ਕਰਨਾ ਅੱਜ ਸਭ ਤੋਂ ਵੱਡੀ ਲੋੜ ਹੈ। ਗੱਲਬਾਤ ਰਾਹੀਂ ਇਸ ਦਾ ਸਥਾਈ ਹੱਲ ਕੱਢਿਆ ਜਾਣਾ ਜ਼ਰੂਰੀ ਹੈ। ਭਾਰਤ ਨੇ ਵੀ ਸ਼ੁਰੂ ਹੋਣ ਵਾਲੀ ਇਸ ਗੱਲਬਾਤ ਦਾ ਸਵਾਗਤ ਕੀਤਾ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਹੈ ਕਿ ਇਹ ਸਮਝੌਤਾ ਚਿਰ ਸਥਾਈ ਹੋਣਾ ਚਾਹੀਦਾ ਹੈ ਅਤੇ ਹੋਰਮੁਜ਼ ਜਲਡਮਰੂ ਮਾਰਗ ਸਮੁੰਦਰੀ ਆਵਾਜਾਈ ਲਈ ਖੋਲ੍ਹਿਆ ਜਾਣਾ ਬੇਹੱਦ ਜ਼ਰੂਰੀ ਹੈ। ਸਪੇਨ, ਜਰਮਨ ਅਤੇ ਹੋਰ ਲਗਭਗ ਸਾਰੇ ਵੱਡੇ ਦੇਸ਼ਾਂ ਨੇ ਇਸ ਨਵੀਂ ਤਬਦੀਲੀ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਸਨਿਚਰਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਈਰਾਨ ਅਤੇ ਅਮਰੀਕਾ ਦੇ ਅਧਿਕਾਰੀਆਂ ਨੇ ਮਿਲਣਾ ਹੈ। ਖ਼ਬਰਾਂ ਅਨੁਸਾਰ ਅਮਰੀਕਾ ਦਾ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਇਸਲਾਮਾਬਾਦ ਪਹੁੰਚ ਵੀ ਗਿਆ ਹੈ। ਚਾਹੇ ਆਪਣੇ ਹੋਏ ਵੱਡੇ ਨੁਕਸਾਨ ਤੋਂ ਬਾਅਦ ਈਰਾਨ ਵੀ ਇਸ ਜੰਗ ਵਿਚੋਂ ਨਿਕਲਣਾ ਚਾਹੁੰਦਾ ਹੈ, ਦੂਸਰੇ ਪਾਸੇ ਅਮਰੀਕੀ ਰਾਸ਼ਟਰਪਤੀ 'ਤੇ ਵੀ ਇਸ ਜੰਗ ਨੂੰ ਖ਼ਤਮ ਕਰਨ ਲਈ ਚਾਰੇ ਪਾਸੇ ਤੋਂ ਸਖ਼ਤ ਦਬਾਅ ਬਣਿਆ ਹੋਇਆ ਹੈ। ਪਰ ਇਸ ਅਸਥਾਈ ਸਮਝੌਤੇ ਤੋਂ ਬਾਅਦ ਦੋਹਾਂ ਧਿਰਾਂ ਦੀ ਗੱਲਬਾਤ ਨੂੰ ਅੱਗੇ ਵਧਾਉਣ ਦੇ ਰਸਤੇ ਵਿਚ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ। ਇਜ਼ਰਾਈਲ ਵਲੋਂ ਅਮਰੀਕਾ ਨਾਲ ਰਲ ਕੇ ਈਰਾਨ 'ਤੇ ਹਮਲਿਆਂ ਦੇ ਨਾਲ-ਨਾਲ ਆਪਣੇ ਦੁਸ਼ਮਣ ਹਿਜ਼ਬੁਲਾ, ਜਿਸ ਦੇ ਵੱਡੇ ਠਿਕਾਣੇ ਲਿਬਨਾਨ ਵਿਚ ਹਨ, 'ਤੇ ਵੀ ਹਮਲੇ ਕੀਤੇ ਜਾ ਰਹੇ ਹਨ, ਕਿਉਂਕਿ ਹਿਜ਼ਬੁਲਾ ਨੇ ਇਸ ਲੜਾਈ ਵਿਚ ਈਰਾਨ ਦਾ ਡਟ ਕੇ ਸਾਥ ਦਿੱਤਾ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਈਰਾਨ ਨੇ ਹੀ ਇਸ ਸੰਗਠਨ ਦੀ ਲਗਾਤਾਰ ਹਰ ਪੱਖੋਂ ਪੁਸ਼ਤ- ਪਨਾਹੀ ਕੀਤੀ ਹੈ। ਹਿਜ਼ਬੁਲਾ ਤੋਂ ਇਲਾਵਾ ਖਾੜਕੂ ਸੰਗਠਨ ਹਮਾਸ ਨੇ ਵੀ ਪਿਛਲੇ ਲੰਮੇ ਸਮੇਂ ਤੋਂ ਇਜ਼ਰਾਈਲ ਵਿਰੁੱਧ ਜੰਗ ਛੇੜੀ ਹੋਈ ਹੈ।
ਹਿਜ਼ਬੁਲਾ ਤਾਂ ਇਜ਼ਰਾਈਲ ਦੇ ਸਾਲ 1948 ਵਿਚ ਬਣਨ ਤੋਂ ਬਾਅਦ ਹੀ ਇਸ ਦਾ ਨਾਮੋਨਿਸ਼ਾਨ ਮਿਟਾਉਣ ਲਈ ਲਗਾਤਾਰ ਜੁਟਿਆ ਰਿਹਾ ਹੈ। ਹਿਜ਼ਬੁਲਾ ਤੇ ਇਜ਼ਰਾਈਲ ਦੀ ਲੜਾਈ ਜਾਰੀ ਰਹਿਣ ਕਾਰਨ ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਕਾਰ ਹੋਈ ਜੰਗਬੰਦੀ ਪ੍ਰਭਾਵਿਤ ਹੋ ਰਹੀ ਹੈ। ਈਰਾਨ ਲਿਬਨਾਨ ਵਿਚ ਹਿਜ਼ਬੁਲਾ 'ਤੇ ਹਮਲੇ ਰੋਕਣ ਦੀ ਵੀ ਮੰਗ ਕਰ ਰਿਹਾ ਹੈ। ਪਾਕਿਸਤਾਨ ਰਾਹੀਂ ਐਲਾਨੇ ਅਸਥਾਈ ਸਮਝੌਤੇ ਦੀਆਂ ਕੜੀਆਂ ਇਸ ਲਈ ਬੜੀਆਂ ਕਮਜ਼ੋਰ ਦਿਖਾਈ ਦੇ ਰਹੀਆਂ ਹਨ ਕਿ ਉਸ ਨੇ ਅਜਿਹੀ ਪੈਦਾ ਹੋਈ ਗੁੰਝਲਦਾਰ ਸਥਿਤੀ ਸੰਬੰਧੀ ਕੋਈ ਵਿਸਥਾਰਤ ਅਤੇ ਪ੍ਰੋੜ ਸਮਾਧਾਨ ਨਹੀਂ ਸੁਝਾਏ, ਕੁਝ ਮੱਦਾਂ ਨੂੰ ਪੂਰੀ ਤਰ੍ਹਾਂ ਸਪੱਸ਼ਟ ਕਰਨ ਦੀ ਬਜਾਏ ਅੱਧੇ-ਅਧੂਰੇ ਢੰਗ ਨਾਲ ਹੀ ਇਸ ਸਮਝੌਤੇ ਨੂੰ ਸਿਰੇ ਚਾੜ੍ਹਨ ਦਾ ਯਤਨ ਕੀਤਾ। ਇਜ਼ਰਾਈਲ ਨੇ ਅਸਥਾਈ ਜੰਗਬੰਦੀ ਦੇ ਐਲਾਨ ਤੋਂ ਬਾਅਦ ਵੀ ਲਿਬਨਾਨ ਵਿਚ ਹਿਜ਼ਬੁਲਾ ਦੇ ਠਿਕਾਣਿਆਂ 'ਤੇ ਸਖ਼ਤ ਬੰਬਾਰੀ ਕੀਤੀ ਹੈ, ਜਿਸ ਵਿਚ ਸੈਂਕੜੇ ਹੀ ਲੋਕ ਮਾਰੇ ਗਏ ਹਨ। ਜਿਥੇ ਈਰਾਨ ਇਸ ਜਾਰੀ ਲੜਾਈ ਨੂੰ ਇਕ ਬੇਹੱਦ ਗੰਭੀਰ ਮੁੱਦਾ ਬਣਾ ਕੇ ਇਹ ਕਹਿ ਰਿਹਾ ਹੈ ਕਿ ਅਸਥਾਈ ਸਮਝੌਤੇ ਦੀ ਇਕ ਸ਼ਰਤ ਲਿਬਨਾਨ 'ਤੇ ਕੀਤੇ ਜਾ ਰਹੇ ਇਜ਼ਰਾਈਲੀ ਹਮਲਿਆਂ ਨੂੰ ਰੋਕਣਾ ਵੀ ਸੀ, ਪਰ ਇਜ਼ਰਾਈਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਸ ਸਮਝੌਤੇ ਵਿਚ ਲਿਬਨਾਨ ਸੰਬੰਧੀ ਕੋਈ ਵੀ ਗੱਲ ਹੋਈ ਸੀ। ਇਸ ਸਮਝੌਤੇ ਦਾ ਇਕ ਆਧਾਰ ਈਰਾਨ ਵਲੋਂ ਹੋਰਮੁਜ਼ ਸਮੁੰਦਰੀ ਰਾਹ ਖੋਲ੍ਹਣਾ ਸੀ ਪਰ ਈਰਾਨ ਇਸ ਸੰਬੰਧੀ ਲਗਾਤਾਰ ਆਨਾਕਾਨੀ ਕਰਦਾ ਆ ਰਿਹਾ ਹੈ। ਇਸੇ ਹੀ ਸਮੇਂ ਖਾੜੀ ਮੁਲਕ ਕੁਵੈਤ ਨੇ ਵੀ ਈਰਾਨ ਵਲੋਂ ਡਰੋਨ ਹਮਲੇ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਹੈ। ਈਰਾਨ ਨੇ ਲਿਬਨਾਨ ਤੇ ਇਜ਼ਰਾਈਲੀ ਹਮਲਿਆਂ ਸੰਬੰਧੀ ਵੀ ਸਖ਼ਤ ਰੂਪ ਅਪਣਾਉਂਦਿਆਂ ਇਸ ਸਮਝੌਤਾ ਵਾਰਤਾ ਵਿਚ ਸ਼ਾਮਿਲ ਹੋਣ ਤੋਂ ਆਨਾਕਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ। ਡੋਨਾਲਡ ਟਰੰਪ ਨੇ ਵੀ ਹੋਰਮੁਜ਼ ਲਾਂਘਾ ਨਾ ਖੋਲ੍ਹੇ ਜਾਣ 'ਤੇ ਈਰਾਨ ਨੂੰ ਮੁੜ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਪੈਦਾ ਹੋਏ ਅਜਿਹੇ ਅਨਿਸਚਿਤ ਹਾਲਾਤ ਵਿਚ ਇਸ ਹੋਣ ਵਾਲੀ ਵਾਰਤਾ 'ਤੇ ਬੱਦਲ ਛਾਉਂਦੇ ਜਾ ਰਹੇ ਹਨ। ਜੇਕਰ ਅਜਿਹੀ ਸਥਿਤੀ ਵਿਚ ਇਹ ਵਾਰਤਾ ਹੁੰਦੀ ਵੀ ਹੈ ਤਾਂ ਇਹ ਕਿੰਨੀ ਕੁ ਸਫ਼ਲ ਹੋ ਸਕੇਗੀ, ਇਸ ਸੰਬੰਧੀ ਵੀ ਖ਼ਦਸ਼ਾ ਬਣਿਆ ਨਜ਼ਰ ਆ ਰਿਹਾ ਹੈ। ਪਰ ਜਿਸ ਤਰ੍ਹਾਂ ਦੁਨੀਆ ਭਰ ਦੇ ਦੇਸ਼ਾਂ ਦੇ ਇਸ ਸੰਬੰਧੀ ਪ੍ਰਤੀਕਰਮ ਆਏ ਹਨ, ਉਨ੍ਹਾਂ ਤੋਂ ਇਹ ਆਸ ਜ਼ਰੂਰ ਬੱਝਦੀ ਹੈ ਕਿ ਇਸ ਸਮੇਂ ਸਾਂਝੇ ਕੌਮਾਂਤਰੀ ਯਤਨ ਇਸ ਲੜਾਈ ਨੂੰ ਮੱਠਾ ਕਰਨ ਲਈ ਪ੍ਰਭਾਵੀ ਸਾਬਿਤ ਹੋ ਸਕਦੇ ਹਨ। ਬਿਨਾਂ ਸ਼ੱਕ ਸਭ ਨੂੰ ਅੱਜ ਅਜਿਹੇ ਹਾਲਾਤ 'ਚੋਂ ਨਿਕਲਣ ਦੀ ਬੇਹੱਦ ਜ਼ਰੂਰਤ ਹੈ।

-ਬਰਜਿੰਦਰ ਸਿੰਘ ਹਮਦਰਦ

 

Ad Position 22
No active advertisement
ਪਿਛਲੀ ਖ਼ਬਰ ਭਾਰਤ ਦੇ ਮਹਾਨ ਮਾਰਗ ਦਰਸ਼ਕ-ਮਹਾਤਮਾ ਜੋਤੀਰਾਓ ਫੂਲੇ ਅਗਲੀ ਖ਼ਬਰ ਸ਼ਾਂਤੀ ਮਨੁੱਖ ਦੀ ਸੁੱਖਦਾਈ ਤੇ ਸੁਭਾਵਿਕ ਸਥਿਤੀ ਹੈ, ਯੁੱਧ ਉਸ ਦਾ ਪਤਨ ਹੈ ਅਤੇ ਉਸ ਦਾ ਕਲੰਕ ਵੀ ਹੈ। -ਮਾਰਟਿਨ ਲੂਥਰ
Ad Position 24