ਅੱਜ ਜਨਮ ਦਿਵਸ 'ਤੇ ਵਿਸ਼ੇਸ਼
ਅੱਜ 11 ਅਪ੍ਰੈਲ ਸਾਡੇ ਸਾਰਿਆਂ ਲਈ ਬਹੁਤ ਵਿਸ਼ੇਸ਼ ਦਿਨ ਹੈ। ਅੱਜ ਭਾਰਤ ਦੇ ਮਹਾਨ ਸਮਾਜ ਸੁਧਾਰਕਾਂ ਵਿਚੋਂ ਇੱਕ ਅਤੇ ਪੀੜ੍ਹੀਆਂ ਨੂੰ ਦਿਸ਼ਾ ਦਿਖਾਉਣ ਵਾਲੇ ਮਹਾਤਮਾ ਜੋਤੀਰਾਓ ਫੂਲੇ ਦੀ ਜਨਮ ਵਰ੍ਹੇਗੰਢ ਹੈ। ਇਸ ਵਰ੍ਹੇ ਇਹ ਮੌਕਾ ਹੋਰ ਵੀ ਮਹੱਤਵਪੂਰਨ ਹੈ, ਕਿਉਂਕਿ ਉਨ੍ਹਾਂ ਦੀ 200ਵੀਂ ਜਨਮ ਵਰ੍ਹੇਗੰਢ ਦਾ ਸਾਲ ਵੀ ਆਰੰਭ ਹੋ ਰਿਹਾ ਹੈ।
ਮਹਾਨ ਸਮਾਜ ਸੁਧਾਰਕ ਮਹਾਤਮਾ ਫੂਲੇ ਦਾ ਜੀਵਨ ਨੈਤਿਕ ਹੌਸਲਾ, ਆਤਮ ਚਿੰਤਨ ਅਤੇ ਸਮਾਜ ਦੇ ਹਿਤ ਲਈ ਅਟੁੱਟ ਸਮਰਪਣ ਦਾ ਪ੍ਰੇਰਕ ਉਦਾਹਰਨ ਹੈ। ਮਹਾਤਮਾ ਫੂਲੇ ਨੂੰ ਸਿਰਫ਼ ਉਨ੍ਹਾਂ ਦੀਆਂ ਸੰਸਥਾਵਾਂ ਜਾਂ ਅੰਦੋਲਨਾਂ ਲਈ ਹੀ ਯਾਦ ਨਹੀਂ ਕੀਤਾ ਜਾਂਦਾ, ਬਲਕਿ ਉਨ੍ਹਾਂ ਨੇ ਲੋਕਾਂ ਦੇ ਮਨ ਵਿਚ ਜੋ ਆਸ ਅਤੇ ਆਤਮ ਵਿਸ਼ਵਾਸ ਜਗਾਇਆ, ਉਸ ਦਾ ਵੱਡਾ ਅਸਰ ਅਸੀਂ ਅੱਜ ਵੀ ਮਹਿਸੂਸ ਕਰਦੇ ਹਾਂ। ਉਨ੍ਹਾਂ ਦੇ ਵਿਚਾਰ ਦੇਸ਼ ਵਾਸੀਆਂ ਲਈ ਪ੍ਰੇਰਨਾ ਦੇ ਸਰੋਤ ਹਨ।
ਮਹਾਤਮਾ ਫੂਲੇ ਦਾ ਜਨਮ 1827 ਵਿਚ ਮਹਾਰਾਸ਼ਟਰ ਵਿਚ ਇੱਕ ਬਹੁਤ ਸਧਾਰਨ ਪਰਿਵਾਰ ਵਿਚ ਹੋਇਆ। ਪਰ ਸ਼ੁਰੂਆਤੀ ਚੁਣੌਤੀਆਂ ਕਦੇ ਵੀ ਉਨ੍ਹਾਂ ਦੀ ਸਿੱਖਿਆ, ਹੌਸਲੇ ਅਤੇ ਸਮਾਜ ਪ੍ਰਤੀ ਸਮਰਪਣ ਨੂੰ ਰੋਕ ਨਹੀਂ ਸਕੀਆਂ। ਉਨ੍ਹਾਂ ਨੇ ਹਮੇਸ਼ਾ ਇਹ ਮੰਨਿਆ ਕਿ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ, ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਹੈ, ਗਿਆਨ ਹਾਸਿਲ ਕਰਨਾ ਚਾਹੀਦਾ ਹੈ ਅਤੇ ਸਮੱਸਿਆਵਾਂ ਦਾ ਹੱਲ ਕੱਢਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਨੂੰ ਅਣਡਿੱਠਾ ਕਰਨਾ ਚਾਹੀਦਾ ਹੈ। ਬਚਪਨ ਤੋਂ ਹੀ ਮਹਾਤਮਾ ਫੂਲੇ ਬਹੁਤ ਜਿਗਿਆਸੂ ਸਨ ਅਤੇ ਆਪਣੀ ਉਮਰ ਦੇ ਹੋਰ ਬੱਚਿਆਂ ਨਾਲੋਂ ਵੱਧ ਪੁਸਤਕਾਂ ਪੜ੍ਹਦੇ ਸਨ। ਉਹ ਕਹਿੰਦੇ ਵੀ ਸਨ, ਅਸੀਂ ਜਿੰਨੇ ਵੱਧ ਸਵਾਲ ਕਰਦੇ ਹਾਂ, ਉਨ੍ਹਾਂ ਤੋਂ ਓਨਾ ਹੀ ਵੱਧ ਗਿਆਨ ਨਿਕਲਦਾ ਹੈ। ਸਪੱਸ਼ਟ ਹੈ ਕਿ ਬਚਪਨ ਤੋਂ ਮਿਲੀ ਜਿਗਿਆਸਾ ਉਨ੍ਹਾਂ ਦੀ ਪੂਰੀ ਯਾਤਰਾ ਵਿਚ ਬਰਕਰਾਰ ਰਹੀ।
ਮਹਾਤਮਾ ਫੂਲੇ ਦੇ ਜੀਵਨ ਵਿਚ ਸਿੱਖਿਆ ਸਭ ਤੋਂ ਮਹੱਤਵਪੂਰਨ ਮਿਸ਼ਨ ਬਣੀ। ਉਨ੍ਹਾਂ ਦਾ ਮੰਨਣਾ ਸੀ ਕਿ ਗਿਆਨ ਕਿਸੇ ਇੱਕ ਵਰਗ ਦੀ ਸੰਪਤੀ ਨਹੀਂ, ਬਲਕਿ ਇੱਕ ਅਜਿਹੀ ਤਾਕਤ ਹੈ, ਜਿਸ ਨੂੰ ਸਭ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ। ਜਦੋਂ ਕਿ ਸਮਾਜ ਦੇ ਵੱਡੇ ਹਿੱਸੇ ਨੂੰ ਸਿੱਖਿਆ ਤੋਂ ਵਾਂਝਾ ਰੱਖਿਆ ਜਾਂਦਾ ਸੀ, ਤਦ ਉਨ੍ਹਾਂ ਨੇ ਕੁੜੀਆਂ ਅਤੇ ਵਾਂਝੇ ਵਰਗਾਂ ਲਈ ਸਕੂਲ ਖੋਲ੍ਹੇ। ਉਹ ਕਹਿੰਦੇ ਸਨ, ਬੱਚਿਆਂ ਵਿਚ ਜੋ ਸੁਧਾਰ ਮਾਂ ਦੇ ਮਾਧਿਅਮ ਨਾਲ ਆਉਂਦਾ ਹੈ, ਉਹ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਲਈ ਜੇ ਸਕੂਲ ਖੋਲ੍ਹੇ ਜਾਣ, ਤਾਂ ਸਭ ਤੋਂ ਪਹਿਲਾਂ ਕੁੜੀਆਂ ਲਈ ਖੋਲ੍ਹੇ ਜਾਣ। ਉਨ੍ਹਾਂ ਨੇ ਸਿੱਖਿਆ ਨੂੰ ਨਿਆਂ ਅਤੇ ਬਰਾਬਰੀ ਦਾ ਸਾਧਨ ਬਣਾਇਆ।
ਸਿੱਖਿਆ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਅੱਜ ਵੀ ਸਾਨੂੰ ਬਹੁਤ ਪ੍ਰੇਰਿਤ ਕਰਦਾ ਹੈ। ਪਿਛਲੇ ਇੱਕ ਦਹਾਕੇ ਵਿਚ ਭਾਰਤ ਨੇ ਨੌਜਵਾਨਾਂ ਲਈ ਖੋਜ ਅਤੇ ਨਵੀਨਤਾ ਨੂੰ ਬਹੁਤ ਤਰਜੀਹ ਦਿੱਤੀ ਹੈ। ਇੱਕ ਅਜਿਹਾ ਮਾਹੌਲ ਬਣਾਉਣ ਦਾ ਯਤਨ ਕੀਤਾ ਗਿਆ ਹੈ, ਜਿਸ ਵਿਚ ਨੌਜਵਾਨ ਸਵਾਲ ਪੁੱਛਣ, ਨਵੀਆਂ ਚੀਜ਼ਾਂ ਸਿੱਖਣ ਅਤੇ ਨਵੀਨਤਾ ਲਈ ਪ੍ਰੇਰਿਤ ਹੋਣ। ਗਿਆਨ, ਹੁਨਰ ਅਤੇ ਮੌਕਿਆਂ ਵਿਚ ਨਿਵੇਸ਼ ਕਰਕੇ ਭਾਰਤ ਆਪਣੇ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਦਾ ਬੁਨਿਆਦੀ ਥੰਮ੍ਹ ਬਣਾ ਰਿਹਾ ਹੈ।
ਆਪਣੇ ਵਿੱਦਿਅਕ ਗਿਆਨ ਅਤੇ ਬੌਧਿਕਤਾ ਨਾਲ ਮਹਾਤਮਾ ਫੂਲੇ ਨੇ ਖੇਤੀਬਾੜੀ, ਸਿਹਤ ਅਤੇ ਪੇਂਡੂ ਵਿਕਾਸ ਵਰਗੇ ਖੇਤਰਾਂ ਦੀ ਡੂੰਘੀ ਜਾਣਕਾਰੀ ਹਾਸਿਲ ਕੀਤੀ। ਉਹ ਕਹਿੰਦੇ ਸਨ ਕਿ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਅਨਿਆਂ ਸਮਾਜ ਨੂੰ ਕਮਜ਼ੋਰ ਬਣਾਉਂਦਾ ਹੈ। ਉਨ੍ਹਾਂ ਨੇ ਦੇਖਿਆ ਕਿ ਸਮਾਜਿਕ ਅਸਮਾਨਤਾਵਾਂ ਖੇਤਾਂ ਅਤੇ ਪਿੰਡਾਂ ਵਿਚ ਲੋਕਾਂ ਦੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ। ਇਸ ਲਈ ਉਨ੍ਹਾਂ ਨੇ ਗਰੀਬਾਂ, ਵਾਂਝਿਆਂ ਅਤੇ ਕਮਜ਼ੋਰ ਵਰਗਾਂ ਨੂੰ ਸਨਮਾਨ ਦਿਵਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮਾਜਿਕ ਭਾਈਚਾਰਾ ਬਣਾਈ ਰੱਖਣ ਲਈ ਵੀ ਹਰ ਸੰਭਵ ਕੋਸ਼ਿਸ਼ ਕੀਤੀ।
ਮਹਾਤਮਾ ਫੂਲੇ ਨੇ ਕਿਹਾ ਸੀ, ਅਸਲ ਆਜ਼ਾਦੀ ਉਦੋਂ ਤੱਕ ਹਾਸਿਲ ਨਹੀਂ ਹੁੰਦੀ ਜਦੋਂ ਤੱਕ ਸਮਾਜ ਵਿਚ ਸਾਰਿਆਂ ਨੂੰ ਬਰਾਬਰ ਅਧਿਕਾਰ ਨਹੀਂ ਮਿਲਦੇ। ਇਸ ਵਿਚਾਰ ਨੂੰ ਅਮਲ 'ਚ ਲਿਆਉਣ ਲਈ ਉਨ੍ਹਾਂ ਨੇ ਕਈ ਸੰਸਥਾਵਾਂ ਦੀ ਸਥਾਪਨਾ ਕੀਤੀ। ਉਨ੍ਹਾਂ ਦਾ ਸਤਯਸ਼ੋਧਕ ਸਮਾਜ ਅੰਦੋਲਨ ਆਧੁਨਿਕ ਭਾਰਤ ਦੇ ਸਭ ਤੋਂ ਮਹੱਤਵਪੂਰਨ ਸਮਾਜ ਸੁਧਾਰ ਅੰਦੋਲਨਾਂ ਵਿਚੋਂ ਇੱਕ ਸੀ। ਇਹ ਅੰਦੋਲਨ ਸਮਾਜਿਕ ਸੁਧਾਰਾਂ, ਸਮੂਹਿਕ ਸੇਵਾ ਅਤੇ ਮਨੁੱਖੀ ਮਾਣ-ਸਨਮਾਨ ਨੂੰ ਵਧਾਉਣ ਵਿਚ ਮੋਹਰੀ ਰਿਹਾ। ਇਹ ਔਰਤਾਂ, ਨੌਜਵਾਨਾਂ ਅਤੇ ਪਿੰਡਾਂ ਵਿਚ ਰਹਿੰਦੇ ਲੋਕਾਂ ਦੀ ਬੁਲੰਦ ਆਵਾਜ਼ ਬਣਿਆ। ਇਹ ਅੰਦੋਲਨ ਉਨ੍ਹਾਂ ਦੇ ਇਸ ਭਰੋਸੇ ਨੂੰ ਦਰਸਾਉਂਦਾ ਹੈ ਕਿ ਸਮਾਜ ਦੀ ਮਜ਼ਬੂਤੀ ਲਈ ਨਿਆਂ, ਹਰ ਵਿਅਕਤੀ ਦਾ ਸਨਮਾਨ ਅਤੇ ਸਾਂਝੀ ਤਰੱਕੀ ਬਹੁਤ ਲਾਜ਼ਮੀ ਹੈ। ਉਨ੍ਹਾਂ ਦਾ ਨਿੱਜੀ ਜੀਵਨ ਵੀ ਹੌਸਲੇ ਦੀ ਮਿਸਾਲ ਰਿਹਾ। ਲਗਾਤਾਰ ਲੋਕਾਂ ਵਿਚ ਰਹਿ ਕੇ ਕੰਮ ਕਰਨ ਦਾ ਅਸਰ ਉਨ੍ਹਾਂ ਦੀ ਸਿਹਤ 'ਤੇ ਵੀ ਪਿਆ। ਪਰ ਗੰਭੀਰ ਬਿਮਾਰੀ ਵੀ ਉਨ੍ਹਾਂ ਦੇ ਸੰਕਲਪ ਨੂੰ ਕਮਜ਼ੋਰ ਨਹੀਂ ਕਰ ਸਕੀ। ਇੱਕ ਗੰਭੀਰ ਸਟ੍ਰੋਕ ਤੋਂ ਬਾਅਦ ਵੀ ਉਨ੍ਹਾਂ ਨੇ ਆਪਣਾ ਕੰਮ ਅਤੇ ਸਮਾਜ ਲਈ ਸੰਘਰਸ਼ ਜਾਰੀ ਰੱਖਿਆ। ਉਨ੍ਹਾਂ ਦਾ ਸਰੀਰ ਕਮਜ਼ੋਰ ਹੋਇਆ, ਪਰ ਸਮਾਜ ਪ੍ਰਤੀ ਉਨ੍ਹਾਂ ਦਾ ਸਮਰਪਣ ਕਦੇ ਵੀ ਡੋਲਿਆ ਨਹੀਂ। ਅੱਜ ਵੀ ਕਰੋੜਾਂ ਲੋਕ ਉਨ੍ਹਾਂ ਦੇ ਜੀਵਨ ਦੇ ਇਸ ਪਹਿਲੂ ਤੋਂ ਪ੍ਰੇਰਨਾ ਲੈਂਦੇ ਹਨ।
ਮਹਾਤਮਾ ਫੂਲੇ ਦੀ ਯਾਦ, ਸਾਵਿਤ੍ਰੀਬਾਈ ਫੂਲੇ ਦੇ ਸਨਮਾਨਜਨਕ ਜ਼ਿਕਰ ਤੋਂ ਬਿਨਾਂ ਅਧੂਰੀ ਹੈ। ਉਹ ਖੁਦ ਭਾਰਤ ਦੀਆਂ ਮਹਾਨ ਸਮਾਜ ਸੁਧਾਰਕਾਂ ਵਿਚੋਂ ਇੱਕ ਸਨ। ਭਾਰਤ ਦੀਆਂ ਪਹਿਲੀਆਂ ਔਰਤ ਅਧਿਆਪਕਾਂ ਵਿਚ ਸ਼ਾਮਿਲ ਸਾਵਿਤ੍ਰੀਬਾਈ ਨੇ ਕੁੜੀਆਂ ਦੀ ਸਿੱਖਿਆ ਨੂੰ ਅੱਗੇ ਵਧਾਉਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਮਹਾਤਮਾ ਫੂਲੇ ਦੇ ਦਿਹਾਂਤ ਤੋਂ ਬਾਅਦ ਵੀ ਉਨ੍ਹਾਂ ਨੇ ਇਸ ਕੰਮ ਨੂੰ ਜਾਰੀ ਰੱਖਿਆ। 1897 ਵਿਚ ਪਲੇਗ ਮਹਾਂਮਾਰੀ ਦੌਰਾਨ ਉਨ੍ਹਾਂ ਨੇ ਮਰੀਜ਼ਾਂ ਦੀ ਇੰਨੀ ਸੇਵਾ ਕੀਤੀ ਕਿ ਉਹ ਖੁਦ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਭਾਰਤ ਦੀ ਭੂਮੀ 'ਤੇ ਵਾਰ-ਵਾਰ ਅਜਿਹੀਆਂ ਮਹਾਨ ਹਸਤੀਆਂ ਆਉਂਦੀਆਂ ਰਹੀਆਂ ਹਨ, ਜਿਨ੍ਹਾਂ ਨੇ ਆਪਣੇ ਵਿਚਾਰਾਂ, ਤਿਆਗ ਅਤੇ ਕਰਮ ਨਾਲ ਸਮਾਜ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਬਦਲਾਅ ਦਾ ਇੰਤਜ਼ਾਰ ਨਹੀਂ ਕੀਤਾ, ਬਲਕਿ ਖੁਦ ਬਦਲਾਅ ਦਾ ਸਾਧਨ ਬਣੇ। ਸਦੀਆਂ ਤੋਂ ਸਾਡੇ ਦੇਸ਼ ਵਿਚ ਸਮਾਜ ਸੁਧਾਰ ਦੀ ਆਵਾਜ਼ ਉਨ੍ਹਾਂ ਲੋਕਾਂ ਤੋਂ ਉੱਠੀ ਹੈ, ਜਿਨ੍ਹਾਂ ਨੇ ਪੀੜ੍ਹ ਨੂੰ ਕਿਸਮਤ ਨਹੀਂ ਮੰਨਿਆ, ਬਲਕਿ ਉਸ ਨੂੰ ਖ਼ਤਮ ਕਰਨ ਲਈ ਯਤਨ ਕੀਤੇ। ਮਹਾਤਮਾ ਜੋਤੀਰਾਓ ਫੂਲੇ ਵੀ ਅਜਿਹੀ ਹੀ ਮਹਾਨ ਹਸਤੀ ਸਨ।
ਮੈਨੂੰ 2022 ਵਿਚ ਪੁਣੇ ਦੀ ਆਪਣੀ ਯਾਤਰਾ ਯਾਦ ਹੈ, ਜਦੋਂ ਮੈਂ ਸ਼ਹਿਰ ਵਿਚ ਮਹਾਤਮਾ ਫੂਲੇ ਦੀ ਸ਼ਾਨਦਾਰ ਮੂਰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ। ਉਨ੍ਹਾਂ ਦੀ 200ਵੀਂ ਜਨਮ ਵਰ੍ਹੇਗੰਢ ਦੇ ਸਾਲ ਦੀ ਸ਼ੁਰੂਆਤ 'ਤੇ ਅਸੀਂ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾ ਕੇ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ। ਸਾਨੂੰ ਸਿੱਖਿਆ ਪ੍ਰਤੀ ਆਪਣੇ ਸੰਕਲਪ ਨੂੰ ਮਜ਼ਬੂਤ ਬਣਾਉਣਾ ਹੋਵੇਗਾ। ਅਨਿਆਂ ਪ੍ਰਤੀ ਸੰਵੇਦਨਸ਼ੀਲ ਬਣਨਾ ਹੋਵੇਗਾ ਅਤੇ ਇਹ ਭਰੋਸਾ ਰੱਖਣਾ ਹੋਵੇਗਾ ਕਿ ਸਮਾਜ ਆਪਣੇ ਯਤਨਾਂ ਨਾਲ ਹੀ ਖੁਦ ਨੂੰ ਬਿਹਤਰ ਬਣਾ ਸਕਦਾ ਹੈ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸਮਾਜ ਦੀ ਤਾਕਤ ਨੂੰ ਲੋਕ ਹਿਤ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜ ਕੇ ਭਾਰਤ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਜਾ ਸਕਦੇ ਹਨ। ਇਹੀ ਕਾਰਨ ਹੈ ਕਿ ਅੱਜ ਵੀ ਉਨ੍ਹਾਂ ਦੇ ਵਿਚਾਰ ਕਰੋੜਾਂ ਲੋਕਾਂ ਵਿਚ ਨਵੀਂ ਉਮੀਦ ਜਗਾਉਂਦੇ ਹਨ। ਮਹਾਤਮਾ ਜੋਤੀਰਾਓ ਫੂਲੇ 200 ਸਾਲ ਬਾਅਦ ਵੀ ਕੇਵਲ ਇਤਿਹਾਸ ਦਾ ਨਾਂਅ ਨਹੀਂ, ਬਲਕਿ ਭਾਰਤ ਦੇ ਭਵਿੱਖ ਦੇ ਮਾਰਗ-ਦਰਸ਼ਕ ਬਣੇ ਹੋਏ ਹਨ।