ਕਣਕ ਰੂਪੀ ਸੋਨਾ ਖੇਤਾਂ ਵਿਚ ਸੁਨਹਿਰੀ ਭਾਅ ਮਾਰਨ ਲੱਗ ਪਿਆ ਹੈ। ਇੰਜ ਜਾਪਦਾ ਹੈ ਕਿ ਜਿਵੇਂ ਕਣਕ ਦੀ ਫ਼ਸਲ ਨਾਲ ਕੁਦਰਤ ਦਾ ਕੋਈ ਮੁੱਢ-ਕਦੀਮੀ ਵੈਰ ਹੈ। ਹਰ ਸਾਲ ਇਨ੍ਹੀਂ ਦਿਨੀਂ ਧਰਤੀ ਦੇ ਜਾਇਆਂ ਵਲੋਂ ਔਲਾਦ ਵਾਂਗ ਪਾਲੀ ਕਣਕ ਘਰ ਪਹੁੰਚਣ ਤੋਂ ਪਹਿਲਾਂ ਹੀ ਬਰਬਾਦ ਹੋਣ ਦੀਆਂ ਹਿਰਦੇਵੇਧਕ ਖ਼ਬਰਾਂ ਉਦਾਸ ਕਰ ਜਾਂਦੀਆਂ ਹਨ। ਇਕ ਵਾਰ ਫੇਰ ਮੀਂਹ, ਤੂਫ਼ਾਨ ਤੇ ਗੜੇਮਾਰੀ ਨੇ ਕੁਝ ਥਾਵਾਂ 'ਤੇ ਕਿਸਾਨਾਂ ਦੀਆਂ ਆਸਾਂ-ਉਮੀਦਾਂ ਤੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ। ਕਿੰਨੀਆਂ ਆਸਾਂ ਹੁੰਦੀਆਂ ਹਨ ਕਿਸਾਨਾਂ ਨੂੰ ਪੱਕ ਕੇ ਤਿਆਰ ਹੋਈ ਫ਼ਸਲ ਦੇ ਘਰ ਆਉਣ ਦੀਆਂ। ਸਿਰੜ ਤੇ ਮਿਹਨਤ ਨਾਲ ਪਾਲੀ ਤੇ ਸਿਰੇ ਚੜ੍ਹੀ ਫ਼ਸਲ ਵੀ ਜੇ ਬਰਬਾਦ ਹੋ ਜਾਵੇ ਤਾਂ ਅੰਨਦਾਤੇ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ। ਬਹੁਤ ਸਾਰੀਆਂ ਥਾਵਾਂ 'ਤੇ ਸਿੱਟਿਆਂ ਨਾਲ ਲੱਦੀਆਂ ਝੂਮਦੀਆਂ ਕਣਕਾਂ ਨੂੰ ਕੁਦਰਤ ਦੇ ਕਹਿਰ ਨੇ ਇਸ ਤਰ੍ਹਾਂ ਖੇਤਾਂ ਵਿਚ ਵਿਛਾ ਦਿੱਤਾ ਹੈ ਕਿ ਕਿਸਾਨਾਂ ਦੀਆਂ ਸਭ ਆਸਾਂ ਮਿੱਟੀ ਵਿਚ ਮਿਲ ਗਈਆਂ ਹਨ।
ਪਹਿਲਾਂ ਹੀ ਲੋੜਾਂ-ਥੁੜ੍ਹਾਂ ਦੀ ਜੂਨ ਹੰਢਾਉਂਦੈ ਕਿਸਾਨ ਭਰਵੀਂ ਫ਼ਸਲ ਦੇਖ ਕੇ ਮਨ ਵਿਚ ਕਈ ਸੁਪਨੇ ਪੂਰੇ ਹੋਣ ਦੀਆਂ ਰੀਝਾਂ ਪਾਲ ਲੈਂਦੇ ਹਨ। ਬਹੁਤੇ ਕਿਸਾਨਾਂ ਦੀ ਆਮਦਨ ਦਾ ਸਰੋਤ ਹੀ ਫ਼ਸਲ ਹੁੰਦੀ ਹੈ ਤੇ ਜੇ ਮਿਹਨਤ ਦਾ ਪਸੀਨਾ ਵਹਾ ਕੇ ਸਾਂਭਣ ਲਈ ਤਿਆਰ ਖੜ੍ਹੀ ਫ਼ਸਲ ਹੀ ਤਬਾਹ ਹੋ ਜਾਵੇ ਤਾਂ ਕਿਸਾਨ ਦੇ ਇਸ ਦਰਦ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਤਾਂ ਜਿਸ ਨਾਲ ਬੀਤਦੀ ਹੈ, ਉਹੀ ਜਾਣਦਾ ਹੈ। ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਦੇਸ਼ ਦੇ ਅੰਨ-ਭੰਡਾਰਾਂ ਨੂੰ ਨੱਕੋ-ਨੱਕ ਭਰਨ ਵਾਲੇ ਕਿਸਾਨ ਇਸ ਧਰਤੀ 'ਤੇ ਵਿਚਰਦੇ ਲੋਕਾਂ ਦੇ ਜੀਵਨ ਦਾ ਧੁਰਾ ਹਨ।
ਕੁਦਰਤੀ ਆਫ਼ਤਾਂ ਅੱਗੇ ਤਾਂ ਮਨੁੱਖ ਬੇਬੱਸ ਹੋ ਜਾਂਦਾ ਹੈ। ਪੰਜਾਬ ਵਿਚ ਤਾਂ ਹਰ ਸਾਲ ਸੈਂਕੜੇ ਏਕੜ ਤਿਆਰ ਖੜ੍ਹੀ ਕਣਕ ਦੀ ਫ਼ਸਲ ਅੱਗ ਦੀ ਭੇਟ ਚੜ੍ਹ ਜਾਂਦੀ ਹੈ। ਮੌਸਮ ਅੱਤ ਦਾ ਗਰਮ ਹੋਣ ਕਾਰਨ ਜਦੋਂ ਕਿਸੇ ਥਾਂ ਅੱਗ ਭੜਕ ਪੈਂਦੀ ਹੈ ਤਾਂ ਉਸ 'ਤੇ ਕਾਬੂ ਪਾ ਸਕਣਾ ਬਹੁਤ ਔਖਾ ਹੁੰਦਾ ਹੈ। ਹਰ ਸਾਲ ਹੀ ਬਿਜਲੀ ਦੀਆਂ ਢਿੱਲੀਆਂ ਤਾਰਾਂ 'ਚੋਂ ਨਿਕਲਦੀਆਂ ਚੰਗਿਆੜੀਆਂ ਭਾਂਬੜ ਬਣ ਕੇ ਅਨੇਕਾਂ ਕਿਸਾਨਾਂ ਦੇ ਸੁਪਨਿਆਂ ਨੂੰ ਸਾੜ ਦਿੰਦੀਆਂ ਹਨ। ਇਹ ਕਿਆਸ ਕਰਨਾ ਔਖਾ ਨਹੀਂ ਹੈ ਕਿ ਠੇਕੇ 'ਤੇ ਜ਼ਮੀਨਾਂ ਲੈ ਕੇ ਖੂਨ-ਪਸੀਨਾ ਇਕ ਕਰਕੇ ਮਿਹਨਤਾਂ ਨਾਲ ਪਾਲੀ ਫ਼ਸਲ ਹੀ ਜਦੋਂ ਬਰਬਾਦ ਹੋ ਜਾਵੇ ਤਾਂ ਕਿਸਾਨਾਂ ਦਾ ਵਿਰਲਾਪ ਝੱਲਿਆ ਨਹੀਂ ਜਾਂਦਾ।
ਘਰ ਦੇ ਖ਼ਰਚਿਆਂ ਤੋਂ ਬਿਨਾਂ ਬੈਂਕਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ, ਕਿਸੇ ਧੀ-ਭੈਣ ਦੇ ਹੱਥ ਪੀਲੇ ਕਰਨ ਦੀ ਆਸ ਅਤੇ ਅਗਲੀ ਫ਼ਸਲ ਬੀਜਣ ਲਈ ਪੈਸੇ ਦੀ ਲੋੜ ਕਿੱਥੋਂ ਪੂਰੀ ਕਰੇਗਾ ਕੋਈ? ਸਰਕਾਰਾਂ ਫੋਕੀ ਹਮਦਰਦੀ ਤੋਂ ਬਿਨਾਂ ਕੁਝ ਨਹੀਂ ਕਰਦੀਆਂ। ਕਣਕ ਦੀ ਵਾਢੀ ਦੇ ਦਿਨਾਂ 'ਚ ਸਰਕਾਰ ਇਹ ਪ੍ਰਬੰਧ ਤਾਂ ਕਰ ਹੀ ਸਕਦੀ ਹੈ ਕਿ ਪਿੰਡਾਂ ਦੇ ਨੇੜਲੇ ਕਸਬਿਆਂ 'ਚ ਅੱਗ-ਬੁਝਾਊ ਗੱਡੀਆਂ ਤਾਇਨਾਤ ਕਰ ਦੇਵੇ। ਪਾਣੀ ਦੇ ਟੈਂਕਰਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਕਿ ਕਿਸੇ ਅਣਸੁਖਾਵੀਂ ਸਥਿਤੀ 'ਚ ਅੱਗ 'ਤੇ ਕੁਝ ਹੱਦ ਤੱਕ ਕਾਬੂ ਪਾਇਆ ਜਾ ਸਕੇ। ਕਿਸਾਨਾਂ ਨੂੰ ਵੀ ਇਨ੍ਹਾਂ ਦਿਨਾਂ ਵਿਚ ਬਹੁਤ ਸੁਚੇਤ ਹੋਣ ਦੀ ਲੋੜ ਹੈ। ਬਿਜਲੀ ਦੇ ਖੰਭਿਆਂ ਅਤੇ ਟਰਾਂਸਫਾਰਮਰਾਂ ਦੁਆਲੇ ਦੀ ਥਾਂ ਪੂਰੀ ਤਰ੍ਹਾਂ ਵਾਹ ਕੇ ਪੱਧਰੀ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਕੋਈ ਚੰਗਿਆੜੀ ਨੁਕਸਾਨ ਨਾ ਕਰ ਸਕੇ।
ਸਮੇਂ ਦੇ ਬਦਲਣ ਨਾਲ ਮਸ਼ੀਨੀਕਰਨ ਨੇ ਕਈ ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਖੇਤੀਬਾੜੀ 'ਚ ਵੀ ਪੈਦਾ ਕਰ ਦਿੱਤੀਆਂ ਹਨ। ਬਿਨਾਂ ਸ਼ੱਕ ਇਸ ਨਾਲ ਫ਼ਸਲ ਨੂੰ ਸਾਂਭਣ 'ਚ ਬਹੁਤ ਸਹੂਲਤ ਮਿਲੀ ਪਰ ਕੁਦਰਤ ਦੇ ਵਰਤਾਰੇ ਅੱਗੇ ਕਿਸ ਦਾ ਜ਼ੋਰ ਚਲਦਾ ਹੈ। ਅਕਸਰ ਕਿਸੇ ਵੀ ਫ਼ਸਲ ਨੂੰ ਸਾਂਭਣ ਲਈ ਕੁਝ ਦਿਨ ਤਾਂ ਚਾਹੀਦੇ ਹੀ ਹਨ। ਪੰਜਾਬ ਦੀਆਂ ਲੋਕ ਸਿਆਣਪਾਂ 'ਚ ਇਹ ਕਿਹਾ ਜਾਂਦਾ ਸੀ ਕਿ ਕਣਕਾਂ ਦੇ ਦਿਨਾਂ 'ਚ ਤਾਂ ਸੋਨੇ ਦੀ ਛਿੱਟ ਵੀ ਨਾ ਪਵੇ ਤਾਂ ਕਿ ਸੁੱਖੀਂ-ਸਬੀਲੀਂ ਕਣਕ ਘਰ ਪਹੁੰਚ ਜਾਵੇ। ਇਨ੍ਹਾਂ ਦਿਨਾਂ 'ਚ ਤਾਂ ਹਰ ਕੋਈ ਅੰਬਰ ਨੂੰ ਹੱਥ-ਜੋੜ ਕੇ ਇਹੀ ਬੇਨਤੀ ਕਰਦਾ ਕਿ ਹੇ ਉੱਪਰ ਵਾਲਿਆ ਮੇਹਰ ਰੱਖੀਂ ਤੇ ਕੜਕਦੀਆਂ ਧੁੱਪਾਂ ਲਾਈਂ। ਪਰ ਕਦੋਂ ਪੂਰੇ ਹੁੰਦੇ ਨੇ ਸਾਰੇ ਸੁਪਨੇ, ਕਿਸਾਨ ਨੂੰ ਤਾਂ ਕਈ ਪਾਸਿਆਂ ਤੋਂ ਮਾਰਾਂ ਪੈਂਦੀਆਂ ਹਨ।
ਇਸ ਕੰਮ ਵਿਚ ਦਿਨ-ਰਾਤ ਅੱਗ ਵਰ੍ਹਾਉਂਦੀਆਂ ਧੁੱਪਾਂ ਤੇ ਸਿਆਲ ਦੀਆਂ ਕਕਰੀਲੀਆਂ ਰਾਤਾਂ ਵੀ ਕਿਸਾਨ ਆਪਣੇ ਪਿੰਡੇ 'ਤੇ ਹੰਢਾਉਂਦੇ ਹਨ। ਜਦੋਂ ਤੱਕ ਝੱਖੜ-ਝੋਂਲਿਆਂ ਤੋਂ ਬਚਾ ਕੇ ਫ਼ਸਲ ਘਰ ਨਾ ਲਿਆਂਦੀ ਜਾਵੇ, ਉਦੋਂ ਤੱਕ ਕਿਸਾਨਾਂ ਦੇ ਮਨਾਂ 'ਚ ਕਈ ਤੌਖਲੇ ਬਣੇ ਰਹਿੰਦੇ ਹਨ। ਹਰ ਘਰ ਦਾ ਚੁੱਲ੍ਹਾ ਕਿਸਾਨਾਂ ਵਲੋਂ ਪੈਦਾ ਕੀਤੀ ਫ਼ਸਲ ਨਾਲ ਹੀ ਮਘਦਾ ਹੈ। ਜਦੋਂ ਸਰਕਾਰਾਂ ਸੰਘਰਸ਼ ਕਰਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਥਾਂ ਉਨ੍ਹਾਂ ਨੂੰ ਜਬਰ ਨਾਲ ਦਬਾਉਂਦੀਆਂ ਹਨ, ਤਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹ ਕਿਸਾਨਾਂ ਤੇ ਕਿਸਾਨੀ ਦੇ ਕਿੰਨੇ ਕੁ ਹਤੈਸ਼ੀ ਹਨ।
ਧੰਨ ਹਨ ਇਹ ਧਰਤੀ ਜਾਏ ਜਿਹੜੇ ਏਨੀਆਂ ਮਾਰਾਂ ਆਪਣੇ ਪਿੰਡੇ 'ਤੇ ਜ਼ਰ ਕੇ ਵੀ ਸਬਰ ਤੇ ਹੌਸਲੇ ਨਾਲ ਆਪਣੇ ਕੰਮਾਂ 'ਚ ਡਟੇ ਰਹਿੰਦੇ ਹਨ। ਕਿਸਾਨ ਸਰਕਾਰਾਂ ਅੱਗੇ ਵੀ ਬੇਬਸ ਹਨ ਤੇ ਕਦਰਤ ਦੀ ਕਰੋਪੀ ਅੱਗੇ ਵੀ। ਆਓ, ਦੁਆ ਕਰੀਏ ਕਿ ਕਣਕ ਮੀਂਹ, ਹਨ੍ਹੇਰੀ, ਗੜਿਆਂ ਤੇ ਅੱਗ ਦੇ ਭਾਂਬੜਾਂ ਤੋਂ ਸਹੀ ਸਲਾਮਤ ਰਹੇ ਤੇ ਕਿਸਾਨਾਂ ਦੇ ਸੁਪਨੇ ਸਾਕਾਰ ਹੋਣ। ਜਦੋਂ ਤੱਕ ਕਿਸਾਨ ਆਪਣੀ ਫ਼ਸਲ ਸਾਂਭ ਨਹੀਂ ਲੈਂਦੇ, ਉਦੋਂ ਤੱਕ ਉਨ੍ਹਾਂ ਨੂੰ ਧੁੜਕੂ ਲੱਗਾ ਰਹਿੰਦਾ ਹੈ ਕਿ ਕੋਈ ਹੋਣੀ ਨਾ ਵਾਪਰ ਜਾਵੇ। ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਨੇ ਆਪਣੀ ਕਵਿਤਾ 'ਗਰੀਬ ਕਿਰਸਾਣ' 'ਚ ਕਿਸਾਨਾਂ ਦੇ ਅਜਿਹੇ ਫ਼ਿਕਰਾਂ ਦਾ ਬਾਖ਼ੂਬੀ ਵਰਣਨ ਕੀਤਾ ਹੈ:-
ਰੱਖ ਲਏ ਰੱਬ ਜਿ ਸੋਕਿਉਂ, (ਤਦ) ਝੱਖੜੋਂ ਸੁੱਕਦਾ ਸਾਹ,
ਗੜਿਓਂ, ਅਹਿਣੋਂ, ਕੁੰਗੀਓਂ, ਪੈਂਦਾ ਨਹੀਂ ਵਿਸਾਹ।
ਪੱਕੀ ਖੇਤੀ ਦੇਖ ਕੇ ਗਰਬ ਕਰੇ ਕਿਰਸਾਣ,
ਵਾਓ, ਝੱਖੜ, ਝੋਲਿਓਂ ਘਰ ਆਵੇ ਤਾਂ ਜਾਣ।
-ਮੋਬਾਈਲ : 98153-56086