ਮੰਗਤੀ ਦੀ ਧੀ
ਲੇਖਕ: ਡਾ. ਮਨਜੀਤ ਸਿੰਘ 'ਮਝੈਲ'
ਪ੍ਰਕਾਸ਼ਕ : ਤਰਲੋਚਨ ਪਬਲੀਕੇਸ਼ਨ,ਚੰਡੀਗੜ੍ਹ
ਮੁੱਲ : 250 ਰੁਪਏ, ਸਫੇ : 112
ਸੰਪਰਕ : 98144-07940

'ਮਝੈਲ' ਦਾ ਉਪਰੋਕਤ ਨਾਵਲ ਦਾ ਵਿਸ਼ਾ ਬਹੁਤ ਵੱਖਰਾ ਹੈ ਅਤੇ ਸਮਾਜ ਦੀ ਉਸ ਸਮੱਸਿਆ ਨਾਲ ਸੰਬੰਧਿਤ ਹੈ ਜਿਸ ਨਾਲ ਸਾਡਾ ਰੋਜ਼ ਸਾਹਮਣਾ ਹੁੰਦਾ ਹੈ। ਨਾਵਲ ਵਿਚ ਮੰਗਤਿਆਂ ਦੀ ਜ਼ਿੰਦਗੀ ਦੇ ਬਹੁਤ ਹੀ ਤਰਸਯੋਗ ਹਾਲਤ ਨਹੀਂ ਬਿਆਨ ਕੀਤਾ ਗਿਆ ਹੈ। ਨਾਵਲ ਦੀਆਂ ਕੁਝ ਘਟਨਾਵਾਂ ਨੂੰ ਪੜ੍ਹ ਕੇ ਲੂੰ-ਕੰਡੇ ਖੜ੍ਹੇ ਹੁੰਦੇ ਹਨ। ਨਾਵਲ ਦੇ ਘਟਨਾ ਕ੍ਰਮ ਜਿਵੇਂ ਜਿਵੇਂ ਵਿਕਸਿਤ ਹੁੰਦੇ ਹਨ ਤਾਂ ਮੰਗਤਿਆਂ ਦੀ ਵਾਸਤਵਿਕ ਹਕੀਕਤ ਦਾ ਅਹਿਸਾਸ ਹੂੰਦਾ ਜਾਂਦਾ ਹੈ। ਨਾਵਲ ਰਾਹੀਂ ਪਤਾ ਲੱਗਦਾ ਹੈ ਕਿ ਭੀਖ ਮੰਗਣਾ ਅਤੇ ਮੰਗਵਾਉਣਾ ਇਕ ਬਹੁਤ ਵੱਡਾ ਬਿਜ਼ਨਸ ਹੈ ਅਤੇ ਇਸ ਦੇ ਠੇਕੇਦਾਰ ਵੱਡੇ ਵੱਡੇ ਬਦਮਾਸ਼ ਕਿਵੇਂ ਜਵਾਨ ਮੰਗਤੀਆਂ ਦਾ ਸਰੀਰਕ ਸ਼ੋਸ਼ਣ ਕਰਦੇ ਹਨ ਅਤੇ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਨਾਜਾਇਜ਼ ਬੱਚੇ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਬੱਚਿਆਂ ਦਾ ਭਵਿੱਖ ਵੀ ਮੰਗਤਾ ਬਣਨ ਤੱਕ ਹੀ ਸੀਮਤ ਹੋ ਜਾਂਦਾ ਹੈ। ਕਈ ਵਾਰੀ ਇਹ ਬਦਮਾਸ਼ ਚੰਗੇ ਚੰਗੇ ਘਰਾਂ ਦੇ ਬੱਚਿਆਂ ਨੂੰ ਅਗਵਾ ਕਰਕੇ ਅਤੇ ਉਨ੍ਹਾਂ ਤੋਂ ਭੀਖ ਮੰਗਵਾਉਂਦੇ ਹਨ। ਕਈ ਵਾਰੀ ਚੰਗੀ ਕਿਸਮਤ ਵਾਲੇ ਬੱਚੇ ਇਸ ਨਾਵਲ ਵਿਚਲੀ ਪਾਤਰ ਲੱਧੀ (ਰਾਣੀ) ਵਰਗੇ ਹੁੰਦੇ ਹਨ ਜੋ ਇਸ ਨਰਕ ਦੀ ਦੁਨੀਆਂ ਵਿਚੋਂ ਨਿਕਲ ਆਉਂਦੇ ਹਨ ਅਤੇ ਚੰਗੀ ਜ਼ਿੰਦਗੀ ਜਿਉਣ ਲੱਗਦੇ ਹਨ, ਪਰ ਮੰਗਤਿਆਂ ਵਾਲਾ ਸਾਇਆ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ। ਭੀਖ ਮੰਗਣਾ ਅਤੇ ਮੰਗਤੇ ਸਾਡੇ ਸਮਾਜ ਲਈ ਨਾਸੂਰ ਦੀ ਤਰ੍ਹਾਂ ਹਨ, ਜਿਸ ਦਾ ਇਲਾਜ ਫਿਲਹਾਲ ਨਾਮੁਮਕਿਨ ਲੱਗਦਾ ਹੈ। ਲਾਚਾਰ ਬੱਚੇ ਅਤੇ ਬਜ਼ੁਰਗ ਔਰਤਾਂ ਅਤੇ ਬੰਦਿਆਂ ਤੋਂ ਭੀਖ ਮੰਗਵਾਉਣਾ ਅਤੇ ਭੀਖ ਵਿਚੋਂ ਨਿੱਤ ਹਿੱਸੇਦਾਰੀ ਲੈਣੀ ਸਮਾਜ ਦੇ ਉਨ੍ਹਾਂ ਬੰਦਿਆਂ ਲਈ ਲਾਹਨਤ ਹੈ ਜੋ ਭੀਖ ਨੂੰ ਬਿਜ਼ਨਸ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਦਾ ਖਾਤਮਾ ਕਰ ਰਹੇ ਹਨ। ਇਕ ਵੱਖਰੇ ਵਿਸ਼ੇ ਨੂੰ ਨਾਵਲ ਵਿਚ ਪੇਸ਼ ਕਰਨ ਲਈ ਲੇਖਕ ਵਧਾਈ ਦਾ ਪਾਤਰ ਹੈ।
-ਡਾ. ਜਸਬੀਰ ਕੌਰ
ਮੋਬਾਈਲ : 98721-17774
ਨਿਹੰਗ ਸਿੰਘਾਂ ਦੇ ਜੀਵਨ ਦਰਪਣ ਦਾ ਸੁਨਹਿਰੀ ਇਤਿਹਾਸ
ਅਕਾਲ ਪੁਰਖ ਕੀ ਫ਼ੌਜ
ਲੇਖਕ : ਦਿਲਜੀਤ ਸਿੰਘ ਬੇਦੀ
ਸੰਤ ਲਾਲ ਸਿੰਘ ਨਿਹੰਗ ਸਿੰਘ
ਪ੍ਰਕਾਸ਼ਕ : ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ, ਪੰਜਾਬ ਭਾਰਤ, ਵਿਸ਼ਵ।
ਮੁੱਲ : 350 ਰੁਪਏ, ਸਫ਼ੇ : 152
ਸੰਪਰਕ : 98880-33000

ਇਸ ਕਿਤਾਬ ਦੇ ਲੇਖਕ ਗੁਰਪੁਰਵਾਸੀ ਦਿਲਜੀਤ ਸਿੰਘ ਬੇਦੀ ਸਿੱਖ ਬੁੱਧੀਜੀਵੀ ਵਜੋਂ ਸਿੱਖ ਜਗਤ ਦੀ ਜਾਣੀ-ਪਛਾਣੀ ਸ਼ਖ਼ਸੀਅਤ ਸਨ। ਜਿਨ੍ਹਾਂ ਦਿਨਾਂ ਵਿਚ ਇਹ ਪੁਸਤਕ ਛਪਾਈ ਅਧੀਨ ਸੀ, ਉਨ੍ਹਾਂ ਦਿਨਾਂ ਦੌਰਾਨ ਸੁਹਿਰਦ ਲੇਖਕ ਅਛੋਪਲੇ ਜਿਹੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਲੇਖਕ ਨੇ ਦਰਜਨਾਂ ਪੁਸਤਕਾਂ, ਸੋਵੀਨਰਾਂ, ਸੰਪਾਦਕੀ ਪੁਸਤਕਾਂ ਅਤੇ ਅਨੇਕਾਂ ਟ੍ਰੈਕਟਾਂ, ਵੱਖ-ਵੱਖ ਮੈਗਜ਼ੀਨਾਂ ਦੇ ਸੰਪਾਦਕ ਵਜੋਂ ਸਫ਼ਲਤਾ ਨਾਲ ਸੇਵਾ ਨਿਭਾਈ। ਇਸ ਪੁਸਤਕ ਵਿਚ ਬੁੱਢਾ ਦਲ ਅਤੇ ਨਿਹੰਗ ਸਿੰਘਾਂ ਦੇ ਜੀਵਨ ਬਾਰੇ ਬਹੁਪਰਤੀ ਅਤੇ ਵਡਮੁੱਲੀ ਜਾਣਕਾਰੀ ਦਾ ਖਜ਼ਾਨਾ ਹੈ। ਪੁਸਤਕ ਦੇ ਵੱਖ-ਵੱਖ ਅਧਿਆਇ ਸਿੱਖ ਯੋਧਿਆਂ ਦੇ ਜੰਗੀ ਬਸਤਰਾਂ ਦੀ ਸਜਾਵਟ, ਦਲਾਂ ਦੀਆਂ ਕਤਾਰਾਂ, ਹਾਥੀ, ਘੋੜਿਆਂ ਦੀ ਸ਼ਾਨ, ਇਨ੍ਹਾਂ ਉੱਪਰ ਸਵਾਰ ਨਿਹੰਗ ਸਿੰਘਾਂ ਦੀ ਅਨੁਪਮ ਛਵੀ, ਨਿਸ਼ਾਨਾਂ ਦਾ ਹਵਾ ਵਿਚ ਲਹਿਰਾਉਣਾ, ਸ਼ਸਤਰਾਂ ਦੀਆਂ ਝਲਕਾਰਾਂ, ਜੰਗੀ ਨਜ਼ਾਰਿਆਂ ਦਾ ਵਰਨਣ, ਜੰਗੀ ਨਰਸਿੰਙਿਆਂ, ਨਗਾਰਿਆਂ ਅਤੇ ਧੌਸਿਆਂ ਦੀ ਮਾਰੂ ਘਨਘੋਰ ਵਿਚ ਅਕਾਲ ਪੁਰਖ ਵਾਹਿਗੁਰੂ ਦੀ ਜ਼ਾਹਰਾ ਵਰਤ ਰਹੀ ਨਿਰਮਲ ਜੋਤਿ ਅਤੇ ਉਸ 'ਮਹਾਂਕਾਲ' ਵਿਚ ਅਭੇਦ ਹੋਣ ਦੇ ਝਲਕਾਰੇ ਪੇਸ਼ ਕਰਦੇ ਹਨ। ਵਿਸ਼ੇਸ਼ ਸ਼ੈਲੀ ਅਤੇ ਬਿੰਬ ਸਿਰਜਦੀ ਲੇਖਕ ਦੀ ਕਲਮ ਪ੍ਰਚਾਰਕਾਂ ਅਤੇ ਖੋਜੀ ਵਿਦਿਆਰਥੀ ਲਈ ਭਰਪੂਰ ਜਾਣਕਾਰੀ ਮੁਹੱਈਆ ਕਰਵਾ ਰਹੀ ਹੈ। ਪੁਸਤਕ ਵਿਚ ਸ਼ਾਮਿਲ ਇਕ ਦਰਜਨ ਅਧਿਆਇ ਜਿਨ੍ਹਾਂ ਵਿਚ ਬੁੱਢਾ ਦਲ ਦੀ ਜਥੇਦਾਰੀ, ਦੁਮਾਲੇ ਦਾ ਸਲੋਕ, ਨਿਹੰਗ ਸਿੰਘ ਦੀ ਪਰਿਭਾਸ਼ਾ, ਸਿੱਖ ਤੇ ਸਿੰਘ, ਅਕਾਲ, ਅਕਾਲ ਪੁਰਖ, ਅਕਾਲ ਮੂਰਤਿ, ਅਕਾਲ ਤਖ਼ਤ, ਖ਼ਾਲਸਾ ਪੰਥ, ਸਰਬੱਤ ਖ਼ਾਲਸਾ, ਕਿਰਪਾਨ, ਕਾਰ ਭੇਟ, ਅਕਾਲ ਪੁਰਖ ਦੀ ਫ਼ੌਜ, ਖ਼ਾਲਸਾ ਪੰਥ, ਬੁੱਢਾ ਦਲ ਨਿਹੰਗ ਸਿੰਘਾਂ ਦੀ ਸਥਾਪਨਾ ਅਤੇ ਮਹੱਤਵ ਅਤੇ ਅੰਤਿਮ ਅਧਿਆਇ ਵਿਚ ਬੁੱਢਾ ਦਲ ਦੇ ਲਾਇਸੈਂਸ ਦੀ ਮਹੱਤਤਾ ਸਮੇਤ ਅਨੇਕਾਂ ਰੌਚਿਕ ਤੱਥਾਂ ਦੇ ਵੇਰਵੇ ਮਿਲਦੇ ਹਨ। ਪੁਸਤਕ ਦੇ ਆਰੰਭ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੌਜੂਦਾ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਾ ਸੰਦੇਸ਼ ਬੜੇ ਭਾਵਪੂਰਤ ਸ਼ਬਦਾਂ ਵਿਚ ਦਿੱਤਾ ਗਿਆ ਹੈ। ਇਸ ਦੇ ਨਾਲ ਸਵਰਗਵਾਸੀ ਬਾਬਾ ਲਾਲ ਸਿੰਘ ਉਰਫ਼ ਰਾਮ ਸਿੰਘ ਦੇ ਨਿਬੰਧ ਨੂੰ ਧੰਨਵਾਦ ਸਹਿਤ ਸੰਪਾਦਨ ਕਰਕੇ ਲੇਖਕ ਨੇ ਵੱਡਾ ਕਾਰਜ ਕੀਤਾ ਹੈ।
ਸਮੁੱਚੇ ਰੂਪ ਵਿਚ ਇਹ ਪੁਸਤਕ ਨਿਕਟ ਭਵਿੱਖ ਵਿਚ ਆਮ ਪਾਠਕਾਂ ਲਈ ਤਾਂ ਭਰਪੂਰ ਜਾਣਕਾਰੀ ਦਾ ਖਜ਼ਾਨਾ ਹੈ। ਇਸ ਤੋਂ ਇਲਾਵਾ ਇਹ ਕਿਤਾਬ ਸਿੱਖ ਧਰਮ ਅਤੇ ਨਿਹੰਗ ਸਿੰਘਾਂ ਸੰਬੰਧੀ ਖੋਜਾਰਥੀ ਵਿਦਿਆਰਥੀਆਂ ਲਈ ਵੀ ਖੋਜ ਭਰਪੂਰ ਸਮੱਗਰੀ ਵਜੋਂ ਕਾਰਗਰ ਸਾਧਨ ਸਾਬਤ ਹੋਵੇਗੀ। ਪੁਸਤਕ ਵਿਚ ਹੁਣ ਤੱਕ ਬੁੱਢਾ ਦਲ ਦੀ ਸੇਵਾ ਨੂੰ ਤਨਦੇਹੀ ਨਾਲ ਨਿਭਾਉਣ ਵਾਲੇ ਸਾਰੇ ਸੱਚਖੰਡ ਵਾਸੀ ਜਥੇਦਾਰਾਂ ਤੋਂ ਇਲਾਵਾ ਮੌਜੂਦ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਰੰਗਦਾਰ ਸਰੂਪ ਵੀ ਸ਼ਾਮਿਲ ਕੀਤੇ ਗਏ ਹਨ। ਲੇਖਕਾ ਨੂੰ ਇਸ ਖੋਜ ਕਾਰਜ ਲਈ ਸਖ਼ਤ ਮਿਹਨਤ ਦੀ ਦਾਦ ਦੇਣੀ ਬਣਦੀ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਅਣਦਿਸਦੇ ਅੰਬਰ
ਲੇਖਕ : ਅਮਨਦੀਪ ਸਿੰਘ ਅਮਨ
ਪ੍ਰਕਾਸ਼ਕ : ਰੀਥਿੰਕ ਬੁੱਕਸ, ਨਵੀਂ ਦਿੱਲੀ
ਮੁੱਲ : 349 ਰੁਪਏ, ਸਫ਼ੇ :123

ਅਮਨਦੀਪ ਸਿੰਘ ਅਮਨ ਪੰਜਾਬੀ ਦਾ ਅਜਿਹਾ ਗ਼ਜ਼ਲਕਾਰ ਹੈ ਜਿਸ ਨੇ ਥੋੜ੍ਹੇ ਸਮੇਂ ਵਿਚ ਗ਼ਜ਼ਲ ਨੂੰ ਸਮਝਿਆ ਤੇ ਨਿੱਠ ਕੇ ਲਿਖਿਆ ਹੈ। ਉਸ ਦੇ ਕਈ ਗ਼ਜ਼ਲ ਸੰਗ੍ਰਹਿ ਛਪੇ ਹਨ ਤੇ ਤਾਜ਼ਾ ਗ਼ਜ਼ਲ ਸੰਗ੍ਰਹਿ 'ਅਣਦਿਸਦੇ ਅੰਬਰ' ਉਸ ਦੇ ਕੱਦ ਨੂੰ ਹੋਰ ਉਚੇਰਾ ਕਰਦਾ ਹੈ। ਇਸ ਸੰਗ੍ਰਹਿ ਵਿਚ ਉਸ ਦੀਆਂ ਛੋਟੀਆਂ ਵੱਡੀਆਂ 102 ਗ਼ਜ਼ਲਾਂ ਸੰਮਿਲਤ ਹਨ। 'ਅਣਦਿਸਦੇ ਅੰਬਰ' ਨੂੰ ਪੜ੍ਹਦਿਆਂ ਇਸ ਦਾ ਅਹਿਸਾਸ ਵੀ ਹੁੰਦਾ ਹੈ ਕਿ ਅਜੋਕੇ ਦੌਰ ਵਿਚ ਗ਼ਜ਼ਲ ਪੰਜਾਬੀ ਕਾਵਿ ਦੀ ਲੋੜ ਬਣ ਚੁੱਕੀ ਹੈ। ਪੁਸਤਕ ਦੀ ਪਹਿਲੀ ਗ਼ਜ਼ਲ ਹੀ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਵਿਚ ਉਹ ਆਖਦਾ ਹੈ ਕਿ ਮਜਬੂਰ ਅੰਬਰ ਕੋਲੋਂ ਧਰਤੀ ਦੀ ਦੂਰੀ ਪੁੱਛਣਾ ਨਾਮੁਨਾਸਿਬ ਹੈ। ਹੋਰਨਾਂ ਗ਼ਜ਼ਲਾਂ ਵਿਚ ਵੀ ਇਹ ਉਚਾਣ ਕਾਇਮ ਰਹਿੰਦੀ ਹੈ। ਇਨ੍ਹਾਂ ਗ਼ਜ਼ਲਾਂ ਵਿਚ ਜਿੱਥੇ ਮੁਹੱਬਤ ਦੀ ਅਲਹਿਦਾ ਮਹਿਕ ਹੈ ਉਥੇ ਮਨੁੱਖੀ ਜੀਵਨ ਨਾਲ ਜੁੜੀਆਂ ਧਾਰਨਾਵਾਂ ਨੂੰ ਮੁੜ ਵਿਚਾਰਨ ਦਾ ਸੰਦੇਸ਼ ਵੀ ਹੈ। ਆਪਣੇ ਸ਼ਿਅਰਾਂ ਵਿਚ ਅਮਨ ਅੰਬਰ ਨੂੰ ਧਰਤ ਬਣਾਉਣਾ ਲੋਚਦਾ ਹੈ ਤੇ ਉਸ ਨੂੰ ਜਾਪਦਾ ਹੈ ਕਿ ਇਹ ਧਰਤੀ ਉਸ ਦੇ ਰਹਿਣ ਲਈ ਬਹੁਤ ਛੋਟੀ ਹੈ। ਇੰਝ ਉਸ ਦੀ ਸੋਚ ਦੀ ਵਿਆਪਕਤਾ ਨੂੰ ਕਿਸੇ ਦਾਇਰੇ ਵਿਚ ਨਹੀਂ ਰੱਖਿਆ ਜਾ ਸਕਦਾ। ਉਹ ਜ਼ਿੰਦਗੀ ਨੂੰ ਰੋਜ਼ਾਨਾ ਤਿਉਹਾਰ ਵਾਂਗ ਮਨਾਉਣਾ ਚਾਹੁੰਦਾ ਹੈ, ਪਰ ਖੁੱਲ੍ਹੀ ਪਰਵਾਜ਼ ਲਈ ਉਸ ਨੂੰ ਆਪਣੇ ਪਰਾਂ 'ਤੇ ਕੋਈ ਭਾਰ ਮਹਿਸੂਸ ਹੁੰਦਾ ਹੈ ਤੇ ਇਹ ਭਾਰ ਉਸ ਦਾ ਰੰਜ ਵੀ ਬਣਦਾ ਹੈ। ਇਨ੍ਹਾਂ ਗ਼ਜ਼ਲਾਂ ਵਿਚ ਮੁਹੱਬਤ ਦੀ ਬਸੰਤ ਵੀ ਹੈ ਤੇ ਪੱਤਝੜ ਵੀ ਜੋ ਸਿਰਜਣਾ ਨੂੰ ਬਹੁਰੰਗਾ ਬਣਾਉਂਦੇ ਹਨ। 'ਅਣਦਿਸਦੇ ਅੰਬਰ' ਗ਼ਜ਼ਲ ਦੇ ਪਾਠਕਾਂ ਲਈ ਪੜ੍ਹਨਯੋਗ ਸੰਗ੍ਰਹਿ ਹੈ। ਕੁਝ ਜਗ੍ਹਾ ਕਾਫ਼ੀਏ ਦੀ ਬੇਧਿਆਨੀ ਨੂੰ ਛੱਡ ਕੇ ਇਹ ਗ਼ਜ਼ਲਾਂ ਉੱਚਪਾਏ ਦੀਆਂ ਹਨ, ਨਿਸ਼ਚੇ ਹੀ ਇਹ ਪੰਜਾਬੀ ਗ਼ਜ਼ਲ ਸਾਹਿਤ ਦੇ ਖ਼ਜ਼ਾਨੇ ਨੂੰ ਭਰਪੂਰ ਕਰਦੀਆਂ ਹਨ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਸੋਹਣੇ ਬਾਲ
ਬੜੇ ਕਮਾਲ
ਲੇਖਿਕਾ : ਹਰਜਿੰਦਰ ਕੌਰ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ, ਮਾਹਿਲਪੁਰ (ਹੁਸ਼ਿਆਰਪੁਰ)
ਮੁੱਲ : 195 ਰੁਪਏ, ਸਫ਼ੇ : 32
ਸੰਪਰਕ : 94642-88784

ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਬਾਲ-ਸਾਹਿਤ ਵੱਲ ਲੇਖਕਾਂ ਤੇ ਪ੍ਰਕਾਸ਼ਕਾਂ ਨੇ ਧਿਆਨ ਦਿੱਤਾ ਤਾਂ ਜੋ ਬੱਚੇ ਆਪਣੀ ਮਾਂ-ਬੋਲੀ 'ਚ ਚੰਗੀਆਂ ਪੁਸਤਕਾਂ ਵੱਲ ਦਿਲਚਸਪੀ ਲੈ ਸਕਣ। ਰੰਗਦਾਰ, ਸਚਿੱਤਰ ਅਤੇ ਸੁੰਦਰ ਦਿੱਖ ਵਾਲੀਆਂ ਪੁਸਤਕਾਂ ਛਪਣੀਆਂ ਚੰਗੀ ਉਪਲਬਧੀ ਹੈ। ਕਲਮਕਾਰਾਂ ਨੂੰ ਰਚਨਾ ਨੂੰ ਰੌਚਿਕ ਅਤੇ ਬੱਚਿਆਂ ਦੀ ਆਯੂ-ਮੁੱਦ ਅਨੁਸਾਰ ਭਾਸ਼ਾ ਦੀ ਢੁਕਵੀਂ ਵਰਤੋਂ ਵੱਲ ਧਿਆਨ ਦਿੰਦਿਆਂ, ਬਾਲ-ਮਨੋਵਿਗਿਆਨ ਦੀ ਸੋਝੀ ਹੋਣੀ ਅਤੀ ਜ਼ਰੂਰੀ ਹੈ। ਵਿਗਿਆਨਕ-ਯੁੱਗ ਅਤੇ ਸੰਚਾਰ-ਸਾਧਨਾਂ ਦੇ ਮੱਦੇਨਜ਼ਰ, ਬਾਲ ਸਾਹਿਤ ਲਈ ਲੇਖਕ ਨੂੰ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ। 'ਸੋਹਣੇ ਬਾਲ ਬੜੇ ਕਮਾਲ' ਹਰਜਿੰਦਰ ਕੌਰ ਦੀ ਪਲੇਠੀ ਰਚਨਾ ਜੋ ਬੜੀ ਸੁੰਦਰ-ਸਜੀਲੀ ਪ੍ਰਕਾਸ਼ਨਾ ਹੈ। ਲੇਖਿਕਾ ਇਕ ਆਦਰਸ਼ਕ ਅਧਿਆਪਕਾ ਹੈ, ਜਿਸ ਨੂੰ ਬੱਚਿਆਂ ਨਾਲ ਮੋਹ ਹੈ ਤੇ ਉਨ੍ਹਾਂ ਦੇ ਸੁਪਨਿਆਂ ਦੀ ਤਰਜਮਾਨੀ ਕਰਨ ਦੀ ਕੋਸ਼ਿਸ਼ 'ਚ ਹੈ। ਉਸ ਕੋਲ ਇਕ ਆਦਰਸ਼ਕ-ਸੋਚ ਹੈ ਜਿਸ ਰਾਹੀਂ ਉਹ ਬੱਚਿਆਂ ਨੂੰ ਆਪਣੀ ਮਾਂ-ਬੋਲੀ ਰਾਹੀਂ ਸਰਲ ਕਾਵਿ-ਸ਼ੈਲੀ ਰਾਹੀਂ ਵੰਨ-ਸੁਵੰਨੀਆਂ ਕਾਵਿ-ਰਚਨਾਵਾਂ ਨਾਲ ਗੂੜ੍ਹ ਪੁਆਉਂਦੀ। ਪੁਸਤਕ ਵਿਚ 26 ਕਾਵਿ-ਰਚਨਾਵਾਂ ਹਨ। ਅੰਤ 'ਚ ਦੋ ਪੰਨਿਆਂ 'ਤੇ ਕਾਵਿ-ਬੁਝਾਰਤਾਂ ਸਿਰਜੀਆਂ ਗਈਆਂ ਹਨ। ਪਰਿਵਾਰ ਨਾਲ ਸਾਂਝ ਰੱਖਦੀਆਂ ਮੇਰੇ ਦਾਦੀ ਜੀ, ਮਾਂ ਪਿਆਰੀ ਕਵਿਤਾਵਾਂ ਦੇ ਨਾਲ-ਨਾਲ ਨਾਨਕਿਆਂ 'ਚ ਛੁੱਟੀਆਂ ਗੁਜ਼ਾਰਨ ਦੀ ਗੱਲ ਆਖੀ ਗਈ ਹੈ। ਇੰਝ ਨਾਨਾ-ਨਾਨੀ ਤੇ ਹੋਰ ਰਿਸ਼ਤਿਆਂ ਰਾਹੀਂ ਆਪਣੀ ਵਿਰਾਸਤ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ। ਕੁਦਰਤ ਨਾਲ ਜੋੜਨ ਲਈ ਤਾਰੇ, ਚੰਦਾ ਮਾਮਾ, ਸਾਉਣ ਦੇ ਨਜ਼ਾਰੇ ਤੇ ਸਤਰੰਗੀ ਪੀਂਘ ਵਾਲੀਆਂ ਕਵਿਤਾਵਾਂ ਸ਼ਾਮਿਲ ਹਨ। ਸਬਜ਼ੀ ਵਾਲਾ ਕਵਿਤਾ ਕਿੰਨੀਆਂ ਸਾਰੀਆਂ ਸਬਜ਼ੀਆਂ ਦੇ ਨਾਵਾਂ ਤੋਂ ਜਾਣੂ ਕਰਾਉਂਦੀ, ਵਿੱਦਿਆ ਦਾ ਗਹਿਣਾ ਕਵਿਤਾ ਬੱਚੇ ਦੇ ਉਜਲੇ ਭਵਿੱਖ ਨੂੰ ਸੰਬੋਧਨ ਕਰਦੀ ਹੈ। ਫਲਾਂ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਇਹ ਕਵਿਤਾਵਾਂ ਪ੍ਰਾਇਮਰੀ ਵਰਗ ਦੇ ਬੱਚਿਆਂ ਲਈ ਨਰਸਰੀ-ਗੀਤਾਂ ਦੀ ਸ਼੍ਰੇਣੀ ਵਿਚ ਆਉਣ ਵਾਲੀਆਂ ਹਨ। ਲੈਅ ਅਤੇ ਛੰਦਾ-ਬੰਦੀ ਹੋਰ ਨਿਖਾਰੀ ਜਾ ਸਕਦੀ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਮੇਰਾ ਮਾਣ
ਲੇਖਿਕਾ : ਨਵਪ੍ਰੀਤ ਧਾਲੀਵਾਲ
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ।
ਮੁੱਲ : 250 ਰੁਪਏ, ਸਫੇ : 84
ਸੰਪਰਕ : 95011-45039

ਇਸ ਕਾਵਿ-ਸੰਗ੍ਰਹਿ ਨੂੰ ਤਿੰਨਾਂ ਭਾਗਾਂ ਵਿਚ ਵੰਡਿਆ ਗਿਆ ਹੈ, ਪਹਿਲੇ ਭਾਗ ਵਿਚ ਤੇਰਾਂ ਕਵਿਤਾਵਾਂ ਹਨ, ਦੂਸਰੇ ਭਾਗ ਵਿਚ ਅਠਾਈ ਕਵਿਤਾਵਾਂ ਅਤੇ ਤੀਸਰੇ ਭਾਗ ਵਿਚ ਪੰਦਰਾਂ ਕਵਿਤਾਵਾਂ ਅੰਕਿਤ ਹਨ। ਸਮੁੱਚੇ ਰੂਪ ਵਿਚ ਇਹ ਕਵਿਤਾਵਾਂ ਪਿਆਰ-ਮੁਹੱਬਤ, ਮਾਨਵਤਾ ਪ੍ਰਤੀ ਸਨੇਹ ਅਤੇ ਜ਼ਿੰਦਗੀ ਨੂੰ ਜਿਊਣ ਦਾ ਸੰਦੇਸ਼ ਦਿੰਦੀਆਂ ਹਨ। ਹੌਕਿਆਂ-ਹਾਵਿਆਂ ਤੋਂ ਨਿਰਲੇਪ ਰਹਿ ਕੇ ਦਰਿੱਦਰਤਾ ਨੂੰ ਮਾਨਸਿਕਤਾ ਵਿਚੋਂ ਕੱਢ ਕੇ ਜ਼ਿੰਦਗੀ ਨੂੰ ਉਸਾਰੂ ਦਿਸ਼ਾ ਵੱਲ ਲੈ ਜਾਣ ਦਾ ਵੀ ਸੁਨੇਹਾ ਦਿੰਦੀਆਂ ਹਨ। ਕਵਿੱਤਰੀ ਦੇ ਜਜ਼ਬੇ ਅਤੇ ਵਲਵਲੇ ਵਲ-ਛਲ ਰਹਿਤ ਹਨ ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਨੇੜਿਓਂ ਸਮਝਣ ਦਾ ਸੁਨੇਹਾ ਦਿੰਦੇ ਹਨ। 'ਪੱਤਝੜ, 'ਮਹਿੰਦੀ, 'ਕਿਤਾਬ' ਅਤੇ 'ਮਾਂ' ਡੂੰਘੇ ਜਜ਼ਬਾਤਾਂ ਦਾ ਪ੍ਰਗਟਾਵਾ ਕਰਦੀਆਂ ਹਨ। 'ਤੇਰੇ ਬਾਝੋ', 'ਸੰਭਲ ਜਾਵੇਗੀ', 'ਆਸ', 'ਤੜਫ', 'ਮੂਰਖ' ਆਦਿ ਗੰਭੀਰ ਵਿਸ਼ਿਆਂ ਨੂੰ ਪ੍ਰਗਟ ਕਰਦਿਆਂ ਕਵਿਤਾਵਾਂ ਹਨ। 'ਪੀੜ', 'ਵਡਿਆਈ', 'ਕਾਸ਼', 'ਕੁਝ ਸਤਰਾਂ', 'ਹਾਸਿਲ', 'ਉਡੀਕ' ਆਦਿ ਕਵਿਤਾਵਾਂ ਉਸਾਰੂ ਸੋਚ ਦ੍ਰਿਸ਼ਟੀ ਦਾ ਪ੍ਰਗਟਾਵਾ ਹਨ। ਤਿੰਨਾਂ ਭਾਗਾਂ ਵਿਚ ਵੰਡੀਆਂ ਇਹ ਕਵਿਤਾਵਾਂ ਮਾਨਵੀ ਚਿੰਤਨ ਵਿਚ ਉਸਾਰੂ ਚੇਤਨਾ ਜਗਾਉਂਦੀਆਂ ਹਨ। ਇਨ੍ਹਾਂ ਕਵਿਤਾਵਾਂ ਦਾ ਸਾਂਝਾ ਗੁਣ ਇਹ ਹੈ ਕਿ ਇਹ ਮਾਨਵ ਵਿਚ ਅਡੋਲਤਾ, ਸਿਦਕ ਤੇ ਸਬਰ ਆਦਿ ਦਾ ਹੋਕਾ ਵੀ ਬਣਦੀਆਂ ਹਨ। ਕਵਿਤਰੀ ਦਾ ਬੜਾ ਭਾਵ ਪੂਰਤ ਸੰਦੇਸ਼ ਹੈ ਕਿ 'ਮੇਰੀ ਮੁਹੱਬਤ ਦੀ ਹੋਂਦ ਨਾ ਪੁੱਛ ਜੇ ਤੂੰ ਮੇਰੀ ਅੱਖ ਦਾ ਪਾਣੀ ਵੀ ਹੁੰਦਾ, ਸਾਰੀ ਜ਼ਿੰਦਗੀ ਡਿਗਣ ਨਾ ਦਿੰਦੀ, ਮੈਨੂੰ ਹੰਝੂ ਬਣਨ ਨਾ ਦਿੰਦੀ। ਨਿਰਸੰਦੇਹ ਇਹ ਸਾਰੀਆਂ ਕਵਿਤਾਵਾਂ ਰੌਚਕ ਅਤੇ ਸੇਧ ਮੂਲਕ ਹਨ।
-ਡਾ. ਜਗੀਰ ਸਿੰਘ ਨੂਰ
ਮੋਬਾਈਲ: 98142-09732
ਬੰਦਿਸ਼ਾਂ ਤੋਂ ਪਾਰ
ਲੇਖਕ : ਰਮਣੀਕ ਸਿੰਘ ਘੁੰਮਣ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98768-43488

'ਬੰਦਿਸ਼ਾਂ ਤੋਂ ਪਾਰ' ਰਮਣੀਕ ਸਿੰਘ ਘੁੰਮਣ ਦਾ ਤੀਜਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਕਾਵਿ-ਸੰਗ੍ਰਹਿ 'ਲਫ਼ਜ਼ਾਂ ਦੇ ਸਾਗਰ' ਅਤੇ 'ਆਗ਼ਾਜ਼-ਏ-ਲਿਖਤ' ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਨੂੰ ਸੁਹਿਰਦ ਪੰਜਾਬੀ ਪਾਠਕਾਂ ਦੇ ਹਰ ਵਰਗ ਵਲੋਂ ਪਸੰਦ ਕੀਤਾ ਗਿਆ ਹੈ। ਪੁਸਤਕ ਨੂੰ ਗਹੁ ਨਾਲ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਹ ਮਨੁੱਖੀ ਮਨ ਦੇ ਗੁੰਝਲਦਾਰ ਤਾਣੇ-ਬਾਣੇ ਦੀਆਂ ਸੂਖਮ ਪਰਤਾਂ ਨੂੰ ਦੇਖਣ, ਸਮਝਣ ਅਤੇ ਉਸ ਦਾ ਮੁੱਲਾਂਕਣ ਕਰਨ ਦੀ ਕਲਾ ਵਿਚ ਵਿਸ਼ੇਸ਼ ਮੁਹਾਰਤ ਰੱਖਦੇ ਹਨ:
ਸੁਣਿਐ ਉਹ ਮੈਨੂੰ!
ਯਾਦ ਨਹੀਂ ਕਰਦਾ,
ਨਿੱਤ ਜਾਂਦੈ ਰੱਬ ਦੇ ਦੁਆਰੇ,
ਫ਼ਰਿਆਦ ਨਹੀਂ ਕਰਦਾ!
ਦੁਖਾਂਤ ਇਹ ਹੈ ਕਿ ਅਸੀਂ ਨਾ ਚਾਹੁੰਦੇ ਹੋਏ ਵੀ ਆਪਣੇ ਹੀ ਖ਼ਿਲਾਫ਼ ਹੋ ਚੁੱਕੇ ਹਾਂ। ਅਸੀਂ ਆਪਣੇ ਫ਼ੈਸਲਿਆਂ ਦਾ ਵਿਰੋਧ ਕਰਨ ਲੱਗ ਪਏ ਹਾਂ ਅਤੇ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਡੇ ਲਈ ਕੀ ਸਹੀ ਹੈ ਅਤੇ ਕੀ ਗਲਤ। ਇਸ ਦੁਬਿਧਾ ਭਰਪੂਰ ਸਥਿਤੀ ਵਿਚ ਅਸੀਂ ਜੋ ਕੁੱਝ ਵੀ ਕਰਦੇ ਹਾਂ, ਉਸ ਨੇ ਨਿਰਸੰਦੇਹ ਗ਼ਲਤ ਹੀ ਹੋਣਾ ਹੁੰਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਬੇਹੋਸ਼ੀ ਦੀ ਹਾਲਤ ਵਿਚ ਅਸੀਂ ਕਦੇ ਕੋਸ਼ਿਸ਼ ਹੀ ਨਹੀਂ ਕਰਦੇ ਕਿ ਸਾਡਾ ਢਹਿ-ਢੇਰੀ ਹੋ ਚੁੱਕਿਆ ਮਨੋਬਲ ਫਿਰ ਪੈਰਾਂ-ਸਿਰ ਹੋ ਜਾਵੇ:
ਛੱਡ ਗਹਿਰੇ ਸਾਗਰਾਂ ਦੇ ਰਸਤੇ,
ਵੱਲ ਥਲਾਂ ਦੇ ਵਧਦਾ ਜਾਂਦਾ,
ਜਾਪੇ ਉਸ ਨੂੰ ਵਪਾਰੀ ਏ ਵੱਡਾ,
ਪਰ ਖ਼ੁਦ ਨੂੰ ਏ ਠੱਗਦਾ ਜਾਂਦਾ।
ਤਸੱਲੀ ਵਾਲੀ ਗੱਲ ਹੈ ਕਿ ਰਮਣੀਕ ਸਿੰਘ ਘੁੰਮਣ ਕਿਸੇ ਵਰਗ ਵਿਸ਼ੇਸ਼ ਲਈ ਨਹੀਂ ਲਿਖਦੇ ਬਲਕਿ ਉਹ ਸਮੁੱਚੀ ਮਾਨਵਤਾ ਨੂੰ ਇੱਕੋ ਹੀ ਨਜ਼ਰੀਏ ਨਾਲ ਦੇਖਦੇ ਹਨ ਕਿਉਂਕਿ ਉਹ ਹਰ ਇਨਸਾਨ ਵਿਚ ਇੱਕੋ ਸੱਚੇ ਨੂਰ ਦੀ ਝਲਕ ਦੇਖਦੇ ਹਨ। ਆਰਥਿਕ, ਸਮਾਜਿਕ ਅਤੇ ਧਾਰਮਿਕ ਵਖਰੇਵੇਂ ਉਨ੍ਹਾਂ ਲਈ ਬੰਦਿਸ਼ਾਂ ਨਹੀਂ ਬਣਦੇ ਅਤੇ ਉਹ ਹਰ ਤਰ੍ਹਾਂ ਦੀ ਵਲਗਣ ਤੋਂ ਪਾਰ ਹੋ ਕੇ ਤੁਰਨ ਦਾ ਹੁਨਰ ਜਾਣਦੇ ਹਨ। ਮੈਂ ਉਨ੍ਹਾਂ ਵੱਲੋਂ ਸੋਹਣੇ ਸਮਾਜ ਦੀ ਸਿਰਜਣਾ ਲਈ ਇਸੇ ਤਰ੍ਹਾਂ ਕਾਰਜਸ਼ੀਲ ਰਹਿਣ ਅਤੇ ਹੋਰ ਬੁਲੰਦੀਆਂ ਨੂੰ ਛੋਹਣ ਦੀ ਹਾਰਦਿਕ ਕਾਮਨਾ ਕਰਦਾ ਹਾਂ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027