(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਉਹ ਕਿਸ ਤਰ੍ਹਾਂ ਨਾਨੀ ਜੀ? ਸੁਣਿਐ, ਦੇਵਤੇ ਤਾਂ ਬੜੇ ਧੀਰਜ ਵਾਲੇ ਹੁੰਦੇ ਨੇ। ਪੂਰੇ ਪੀਸਫੁਲ..।'
'ਲੈ ਫੇਰ ਇਹ ਵੀ ਸੁਣ। ਗੱਲ ਇਸ ਤਰ੍ਹਾਂ ਹੋਈ ਕਿ ਇਕ ਵਾਰੀ ਇੰਦਰ ਦੇਵਤੇ ਦਾ ਕਿਤੋਂ ਪੈਰ ਲਿੱਬੜ ਗਿਆ।'
ਸਿਮਰਨ ਇਕਦਮ ਬੋਲਿਆ, 'ਨਾਨੀ ਜੀ, ਇੰਦਰ ਦੇਵਤਾ ਵਰਖਾ ਦਾ ਦੇਵਤਾ ਹੁੰਦੈ ਨਾ? ਮੇਰੀ ਪੰਜਾਬੀ ਦੀ ਕਿਤਾਬ ਵਿਚ ਲਿਖਿਆ ਹੋਇਐ..।'
'ਹਾਂ, ਬਿਲਕੁਲ।' ਨਾਨੀ ਜੀ ਬੋਲੇ, 'ਜਦੋਂ ਇੰਦਰ ਦੇਵਤੇ ਨੇ ਆਪਣਾ ਪੈਰ ਧੋਣ ਲਈ ਇਕ ਤਲਾਅ ਵਿਚ ਪਾਇਆ ਤਾਂ ਪਾਣੀ ਇਕਦਮ ਵਿਟਰ ਗਿਆ ਤੇ ਆਪਣੇ ਆਪ ਨੂੰ ਪਿਛਾਂਹ ਖਿੱਚ ਲਿਆ..।'
'ਕਿਉਂ?'
ਨਾਨੀ ਜੀ ਬੋਲੇ, 'ਇੰਦਰ ਦੇਵਤੇ ਨੇ ਪੁੱਛਿਆ, 'ਪਾਣੀ ਭਾਈ, ਇਸ ਤਰ੍ਹਾਂ ਕਿਉਂ ਕਰ ਰਿਹਾ ਏਂ? ਪਾਣੀ ਹੰਕਾਰ ਵਿਚ ਆ ਕੇ ਕਹਿੰਦਾ, 'ਦੇਖੋ, ਮੈਂ ਕਿੰਨਾ ਨਿਰਮਲ ਹਾਂ। ਮੇਰੀ ਕਿੰਨੀ ਵੁੱਕਤ ਏ। ਤੁਹਾਡੇ ਵਰਗੇ ਦੇਵਤੇ ਵੀ ਮੇਰੇ ਨਾਲ ਆਪਣੇ ਅੰਗ ਧੋ ਕੇ ਸਾਫ਼ ਕਰਦੇੇ ਨੇ। ਮੇਰਾ ਰੰਗ ਵੀ ਕਿੰਨਾ ਅਨੋਖਾ ਏ। ਮੇਰੀ ਕਿੰਨੀ ਲੋੜ ਰਹਿੰਦੀ ਏ ਤੁਹਾਡੇ ਵਰਗੇ ਦੇਵਤਿਆਂ ਨੂੰ ਵੀ...?'
ਪਾਣੀ ਦੀ ਅਜਿਹੀ ਹੰਕਾਰ ਭਰੀ ਗੱਲ ਸੁਣ ਕੇ ਇੰਦਰ ਦੇਵਤਾ ਮਾਯੂਸ ਹੋ ਗਿਆ। ਉਸ ਨੇ ਪਾਣੀ ਨੂੰ ਸਰਾਪ ਦੇ ਦਿੱਤਾ ਤੇ ਤਲਾਅ ਦੇ ਨਿਰਮਲ ਪਾਣੀ ਉਪਰ ਦੇਖਦਿਆਂ ਹੀ ਦੇਖਦਿਆਂ ਕਾਈ ਪੈਦਾ ਹੋ ਗਈ। ਬਜ਼ੁਰਗ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਇਹ ਕਾਈ ਜਲ-ਜੋਗਣੀਆਂ ਦੇ ਵਾਲ ਨੇ ਜੋ ਪਾਣੀ ਨੂੰ ਢਕ ਲੈਂਦੇ ਨੇ।'
ਸਿਮਰਨ ਨੂੰ ਯਾਦ ਆਇਆ, 'ਕੌਨ ਬਨੇਗਾ ਕਰੋੜਪਤੀ' ਸੀਰੀਅਲ ਦਾ ਸਮਾਂ ਹੋ ਗਿਆ ਸੀ। ਇਸ ਸੀਰੀਅਲ ਨੂੰ ਨਾਨੀ ਜੀ ਦੇ ਨਾਲ-ਨਾਲ ਨਾਨਾ ਜੀ ਵੀ ਦਿਲਚਸਪੀ ਨਾਲ ਵੇਖਦੇ ਸਨ ਅਤੇ ਇਕ ਦੂਜੇ ਤੋਂ ਪਹਿਲਾਂ ਸੁਆਲਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ।
ਇਕ ਦਿਨ ਸਿਮਰਨ ਦੇ ਪਾਪਾ ਜੀ ਦਾ ਫ਼ੋਨ ਆਇਆ। ਕਹਿ ਰਹੇ ਸਨ ਕਿ ਉਹ ਦੋ ਦਿਨਾਂ ਬਾਅਦ ਆ ਰਹੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਦੁਪਹਿਰ ਨੂੰ ਦਿੱਲੀ ਪੁੱਜਣਾ ਸੀ ਅਤੇ ਐਤਵਾਰ ਸ਼ਾਮ ਨੂੰ ਪੰਜ ਵਜੇ ਉਨ੍ਹਾਂ ਨੇ ਸਿਮਰਨ ਨੂੰ ਲੈ ਕੇ ਵਾਪਿਸ ਰਵਾਨਾ ਹੋਣਾ ਸੀ। ਉਨ੍ਹਾਂ ਨੇ ਵਾਪਸੀ ਦੀ ਵੀ ਰਿਜ਼ਰਵੇਸ਼ਨ ਆਨਲਾਈਨ ਹੀ ਕਰਵਾ ਲਈ ਸੀ।
ਸਿਮਰਨ ਉਤਸੁਕਤਾ ਨਾਲ ਮੰਮੀ-ਪਾਪਾ ਨੂੰ ਉਡੀਕਣ ਲੱਗਾ। ਉਧਰੋਂ ਉਨ੍ਹਾਂ ਨਾਲ ਜਲੰਧਰ ਵਾਲੇ ਮਾਸੀ ਜੀ ਵੀ ਦਿੱਲੀ ਆ ਰਹੇ ਸਨ। ਇਨ੍ਹਾਂ ਦੋ ਕੁ ਦਿਨਾਂ ਵਿਚ ਉਨ੍ਹਾਂ ਸਾਰਿਆਂ ਨੇ ਵੀ ਲਾਲ ਕਿਲ੍ਹਾ, ਚਿੜੀਆ-ਘਰ, ਕੁਤਬ-ਮੀਨਾਰ, ਜਾਮਾ ਮਸਜਿਦ ਤੇ ਇੰਡੀਆ ਗੇਟ ਤੇ ਸੰਸਦ ਭਵਨ ਵਗੈਰਾ ਦੇਖਣੇ ਸਨ।
ਸ਼ੁੱਕਰਵਾਰ ਨੂੰ ਸਾਰੇ ਜਣੇ ਦਿੱਲੀ ਆ ਗਏ। ਜਦੋਂ ਉਹ ਸ਼ਾਮ ਨੂੰ ਇਕੱਠੇ ਬਹਿ ਕੇ ਚਾਹ ਪੀ ਰਹੇ ਸਨ ਤਾਂ ਨਾਨਾ ਜੀ ਕਹਿਣ ਲੱਗੇ, 'ਬਈ ਸਿੰਮੂ ਦੀਆਂ ਛੁੱਟੀਆਂ ਤਾਂ ਇਹਦੀ ਨਾਨੀ ਜੀ ਨਾਲ ਪਾਣੀ ਦੇ ਟਾਪਿਕ 'ਤੇ ਹੀ ਗੱਲਾਂ-ਬਾਤਾਂ ਕਰਦਿਆਂ ਲੰਘ ਗਈਆਂ। ਕਈ ਵਾਰੀ ਤਾਂ ਥੋਡੇ ਮੰਮੀ ਮੇਰੀ ਰੋਟੀ ਵੀ ਲੇਟ ਕਰ ਦਿੰਦੇ ਸਨ। ਬੱਸ ਇਉਂ ਸਮਝੋ ਕਿ ਨਾਨੀ ਦੋਹਤੇ ਨੇ ਪਾਣੀ ਵਿਚ ਮਧਾਣੀ ਪਾ ਕੇ ਰੱਖੀ।'
ਨਾਨਾ ਜੀ ਨੇ ਠਹਾਕਾ ਲਗਾਇਆ।
ਨਾਨੀ ਜੀ ਨਾਨਾ ਜੀ ਦੀ ਗੱਲ ਵਿਚਲਾ ਮਜ਼ਾਕ ਸਮਝ ਗਏ। ਪਹਿਲਾਂ ਵੀ ਉਹ ਕਈ ਵਾਰੀ ਅਜਿਹੀ ਛੁਰਲੀ ਛੱਡ ਜਾਂਦੇ ਸਨ। ਨਾਨੀ ਜੀ ਸਮਝ ਗਏ ਸਨ ਕਿ ਨਾਨਾ ਜੀ ਪਾਣੀ ਨੂੰ ਲੈ ਕੇ ਅਖਾਣ-ਮੁਹਾਵਰਿਆਂ ਵਿਚ ਗੱਲ ਕਰਨ ਦੇ ਮੂਡ ਵਿਚ ਸਨ। ਇਹ ਉਨ੍ਹਾਂ ਦੀ ਆਦਤ ਸੀ।
ਨਾਨੀ ਜੀ ਨੇ ਟੇਢੀ ਅੱਖ ਨਾਲ ਸਿਮਰਨ ਵੱਲ ਦੇਖਦਿਆਂ ਕਿਹਾ, 'ਸਿੰਮੂ, ਲਉ ਤੇਰੇ ਨਾਨਾ ਜੀ ਤਾਂ ਆ ਗਏ ਨੇ ਉਦਣ ਵਾਲੇ ਮੂਡ ਵਿਚ..। ਜਾਣੀ ਪਾਣੀ 'ਚ ਗੋਤੇ ਲਾਉਣ। ਸਮਝ ਗਿਐਂ ਨਾ..? ਜਵਾਬ ਦੇਣੈ ਆਪਾਂ ਗੱਡ ਕੇ। ਇਨ੍ਹਾਂ ਤੋਂ ਹਾਰਨਾ ਨਹੀਂ..। ਨਾਲੇ ਮੈਂ ਇਨ੍ਹਾਂ ਨੂੰ ਰੋਟੀ ਕਦੋਂ ਲੇਟ ਦਿੱਤੀ ਏ?'
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)
-ਮੋਬਾਈਲ : 9814423703