ਭਾਰਤ ਨੂੰ ਅਨਾਜ ਦੀ ਪੈਦਾਵਾਰ 'ਚ ਆਤਮਨਿਰਭਰ ਬਣਾਉਣ ਲਈ ਪੰਜਾਬ ਦਾ ਪ੍ਰਭਾਵਸ਼ਾਲੀ ਯੋਗਦਾਨ ਰਿਹਾ ਹੈ। ਪੰਜਾਬ ਕੇਂਦਰੀ ਅੰਨ ਭੰਡਾਰ 'ਚ ਕਣਕ ਤੇ ਚੌਲ ਹੋਰ ਰਾਜਾਂ ਦੇ ਮੁਕਾਬਲੇ ਵੱਧ ਦਿੰਦਾ ਹੈ। ਦਾਲਾਂ ਭਾਰਤ ਆਪਣੇ ਖਾਣ ਲਈ ਬਾਹਰੋਂ ਦਰਾਮਦ ਕਰਦਾ ਹੈ। ਪੰਜਾਬ 'ਚ ਕਣਕ-ਝੋਨੇ ਦਾ ਫ਼ਸਲੀ-ਚੱਕਰ ਪ੍ਰਧਾਨ ਹੋਣ ਕਾਰਨ ਦਾਲਾਂ ਦੀ ਪੈਦਾਵਾਰ ਸਬਜ਼-ਇਨਕਲਾਬ ਤੋਂ ਬਾਅਦ ਘਟਦੀ ਗਈ ਹੈ। ਸੰਨ 1970-71 ਵਿਚ ਪੰਜਾਬ 'ਚ ਦਾਲਾਂ ਦੀ ਕਾਸ਼ਤ ਹੇਠ 413.7 ਹਜ਼ਾਰ ਹੈਕਟੇਅਰ ਰਕਬਾ ਸੀ, ਜੋ ਹੁਣ ਘਟ ਕੇ 33.5 ਹਜ਼ਾਰ ਹੈਕਟੇਅਰ 'ਤੇ ਆ ਗਿਆ ਹੈ। ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਕਰਨਾਟਕ ਦਾਲਾਂ ਪੈਦਾ ਕਰਨ ਵਾਲੇ ਮੋਹਰੀ ਰਾਜ ਹਨ। ਪੰਜਾਬ 'ਚ ਮੁੱਖ ਤੌਰ 'ਤੇ ਮੂੰਗੀ ਪੈਦਾ ਹੁੰਦੀ ਹੈ। ਥੋੜ੍ਹੇ ਜਿਹੇ ਰਕਬੇ 'ਤੇ ਮਾਂਹ ਅਤੇ ਅਰਹਰ ਦੀ ਕਾਸ਼ਤ ਹੁੰਦੀ ਹੈ। ਕਣਕ-ਝੋਨੇ ਦੇ ਫ਼ਸਲੀ ਚੱਕਰ 'ਚ ਘੱਟ ਸਮਾਂ ਲੈਣ ਵਾਲੀ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਵਧੇਰੇ ਹੋਣ ਲੱਗ ਪਈ ਹੈ। ਭਾਵੇਂ ਇਸ ਦੀ ਬਿਜਾਈ ਲਈ ਢੁਕਵਾਂ ਸਮਾਂ 20 ਮਾਰਚ ਤੋਂ 10 ਅਪ੍ਰੈਲ ਦਾ ਹੈ, ਪਰ ਕਿਸਾਨ ਕਣਕ ਵੱਢ ਕੇ ਇਸ ਦੀ ਅੱਜਕੱਲ੍ਹ ਵੀ ਬਿਜਾਈ ਕਰੀ ਜਾ ਰਹੇ ਹਨ। ਦੇਰੀ ਨਾਲ ਬੀਜਣ ਦਾ ਇਕੋ ਖ਼ਤਰਾ ਹੈ ਕਿ ਜੇ ਮੀਂਹ ਫ਼ਸਲ ਪੱਕਣ ਤੋਂ ਪਹਿਲਾਂ ਸ਼ੁਰੂ ਹੋ ਜਾਣ ਤਾਂ ਫ਼ਸਲ ਪੂਰਾ ਝਾੜ ਨਹੀਂ ਦਿੰਦੀ।
ਅਮਲੋਹ ਨੇੜੇ ਧਰਮਗੜ੍ਹ ਪਿੰਡ ਦਾ ਪੀ.ਏ.ਯੂ. ਸਨਮਾਨਿਤ ਅਗਾਂਹਵਧੂ ਕਿਸਾਨ ਬਲਬੀਰ ਸਿੰਘ ਜੜ੍ਹੀਆ, ਜੋ ਕਈ ਸਾਲ ਤੋਂ ਗਰਮ ਰੁੱਤ ਦੀ ਮੂੰਗੀ ਕਣਕ ਦੀ ਵਾਢੀ ਤੋਂ ਬਾਅਦ ਬੀਜਦਾ ਆ ਰਿਹਾ ਹੈ, ਦੱਸਦਾ ਹੈ ਕਿ ਇਸ ਹਾਲਤ 'ਚ ਇਹ ਹਰੀ ਖਾਦ ਦਾ ਕੰਮ ਕਰਦੀ ਹੈ। ਅਗਲੀ ਬੀਜਣ ਵਾਲੀ ਝੋਨੇ ਬਾਸਮਤੀ ਦੀ ਫ਼ਸਲ ਨੂੰ ਘੱਟ ਯੂਰੀਆ ਲੋੜੀਂਦਾ ਹੈ। ਲਗਭਗ 25 ਫ਼ੀਸਦੀ ਯੂਰੀਏ ਦੀ ਬੱਚਤ ਹੁੰਦੀ ਹੈ। ਜੇ ਇਸ ਗਰਮ ਰੁੱਤ ਦੀ ਮੂੰਗੀ ਨੂੰ ਆਲੂਆਂ, ਕਮਾਦ ਜਾਂ ਮਟਰਾਂ ਦੀ ਫ਼ਸਲ ਪਿੱਛੋਂ ਬੀਜਿਆ ਜਾਵੇ ਤਾਂ ਮੂੰਗੀ ਨੂੰ ਉੱਕਾ ਹੀ ਕੋਈ ਖਾਦ ਪਾਉਣ ਦੀ ਲੋੜ ਨਹੀਂ। ਉਂਝ ਇਸ ਨੂੰ 11 ਕਿੱਲੋ ਯੂਰੀਆ ਤੇ 100 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਲੋੜੀਂਦੀ ਹੈ। ਪਾਣੀ ਦੀ ਬੱਚਤ ਅਤੇ ਜ਼ਮੀਨ ਦੀ ਸਿਹਤ ਬਿਹਤਰ ਬਣਾਉਣ ਲਈ ਵੀ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਲਾਭਦਾਇਕ ਹੈ। ਇਸ ਦੇ ਮੁਕਾਬਲੇ ਜੇ ਇਸੇ ਅਰਸੇ ਦੌਰਾਨ ਬਹਾਰ ਰੁੱਤ ਦੀ ਮੱਕੀ ਬੀਜੀ ਜਾਵੇ ਤਾਂ ਉਸ ਨੂੰ ਪਾਣੀ ਦੀ ਲੋੜ ਬਹੁਤ ਜ਼ਿਆਦਾ ਹੈ।
ਮੱਕੀ ਨੂੰ 13500 ਕਿਊਬਿਕ ਲਿਟਰ ਪਾਣੀ ਚਾਹੀਦਾ ਹੈ, ਜਦਕਿ ਗਰਮ ਰੁੱਤ ਦੀ ਮੂੰਗੀ ਨੂੰ 3000 ਕਿਊਬਿਕ ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਹੁਣ ਪਾਣੀ ਦਾ ਪੱਧਰ ਪੰਜਾਬ 'ਚ ਹਰ ਸਾਲ ਡਿਗਦਾ ਜਾ ਰਿਹਾ ਹੈ। ਇਸ ਲਈ ਪਾਣੀ ਬਚਾਉਣ ਪੱਖੋਂ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਹੌਲੀ-ਹੌਲੀ ਵਧ ਰਹੀ ਹੈ। ਇਸ ਨੂੰ 3 ਤੋਂ 5 ਪਾਣੀਆਂ ਦੀ ਲੋੜ ਹੈ। ਆਖ਼ਰੀ ਪਾਣੀ 50 ਦਿਨਾਂ ਬਾਅਦ ਦੇ ਕੇ ਇਸ ਦੀ ਸਿੰਜਾਈ ਬੰਦ ਕਰ ਦੇਣੀ ਚਾਹੀਦੀ ਹੈ। ਯੋਗ ਸਿੰਜਾਈ ਕਰਨ ਨਾਲ ਮੂੰਗੀ ਦੀ ਉਤਪਾਦਕਤਾ ਵਧੇਗੀ ਅਤੇ ਫਲੀਆਂ ਇਕਸਾਰ ਪੱਕਣਗੀਆਂ। ਗਰਮ ਰੁੱਤ ਦੀ ਮੂੰਗੀ ਲਗਾਉਣ ਦਾ ਇਕ ਫ਼ਾਇਦਾ ਇਹ ਵੀ ਹੈ ਕਿ ਕਿਸਾਨ ਝੋਨੇ ਦੀ ਲੁਆਈ ਅਗੇਤੀ 15-20 ਜੂਨ ਤੋਂ ਪਹਿਲਾਂ ਨਹੀਂ ਕਰਨਗੇ, ਜਿਸ ਨਾਲ ਪਾਣੀ ਦੀ ਵੱਡੀ ਬੱਚਤ ਹੋਵੇਗੀ। ਗਰਮ ਰੁੱਤ ਦੀ ਮੂੰਗੀ ਪੱਕਣ ਨੂੰ 60-62 ਦਿਨ ਲੈਂਦੀ ਹੈ।
ਪੀ.ਏ.ਯੂ. ਵਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਘੱਟ ਵੱਤਰ ਵਾਲੀ ਹਾਲਤ 'ਚ ਨਾੜ ਵਾਲੇ ਖੇਤਾਂ 'ਚ ਗਰਮ ਰੁੱਤ ਦੀ ਮੂੰਗੀ ਨੂੰ ਹੈਪੀ ਸੀਡਰ ਜਾਂ ਸਮਾਰਟ ਸੀਡਰ ਨਾਲ ਬੀਜਣ ਉਪਰੰਤ ਪਾਣੀ ਲਾ ਕੇ ਸਫ਼ਲਤਾਪੂਰਵਕ ਉਗਾਇਆ ਜਾ ਸਕਦਾ ਹੈ। ਚੰਗੇ ਵੱਤਰ ਵਾਲੇ ਖੇਤ 'ਚ ਜੇ ਨਾੜ ਹੋਵੇ ਤਾਂ ਇਸ ਨੂੰ ਸਮਾਰਟ ਸੀਡਰ ਜਾਂ ਸੁਪਰਸੀਡਰ ਨਾਲ ਬੀਜਿਆ ਜਾ ਸਕਦਾ ਹੈ। ਗਰਮ ਰੁੱਤ ਦੀ ਮੂੰਗੀ ਲਈ ਜੋ ਲੇਬਰ ਦੀ ਵੱਡੀ ਲੋੜ ਹੁੰਦੀ ਸੀ, ਉਹ ਵੀ ਹੁਣ ਫਲੀਆਂ ਹੱਥ ਨਾਲ ਤੋੜਣ ਦੀ ਬਜਾਏ ਫ਼ਸਲ ਕੰਬਾਈਨ ਨਾਲ ਕੱਟੇ ਜਾਣ ਉਪਰੰਤ ਬਹੁਤ ਘਟ ਗਈ ਹੈ। ਝੋਨਾ-ਕਣਕ ਦੇ ਫ਼ਸਲੀ-ਚੱਕਰ 'ਚ ਗਰਮ ਰੁੱਤ ਦੀ ਮੂੰਗੀ ਇਕ ਢੁਕਵੀਂ ਫਲੀਦਾਰ ਫ਼ਸਲ ਹੈ। ਜਦਕਿ ਇਸ ਰੁੱਤ 'ਚ ਹੋਰ ਬੀਜਣ ਵਾਲੀਆਂ ਫ਼ਸਲਾਂ ਜਿਵੇਂ ਸੂਰਜਮੁਖੀ, ਗੰਨਾ ਤੇ ਹੋਰ ਚਾਰਿਆਂ ਆਦਿ ਨੂੰ ਇਸ ਦੇ ਮੁਕਾਬਲੇ ਜ਼ਿਆਦਾ ਪਾਣੀ ਦੀ ਲੋੜ ਹੈ।
ਪੀ.ਏ.ਯੂ. ਵਲੋਂ ਸਿਫਾਰਸ਼ ਕੀਤੀ ਐਸ.ਐਮ.ਐਲ-1827 ਕਿਸਮ ਦਾ ਔਸਤਨ ਝਾੜ 5 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਮੁਕਾਬਲੇ ਦੂਜੀਆਂ ਸਿਫ਼ਾਰਸ਼ ਵਾਲੀਆਂ ਕਿਸਮਾਂ ਟੀ.ਐਮ.ਬੀ-37 ਦਾ ਝਾੜ 4.9 ਕੁਇੰਟਲ, ਐਸ.ਐਮ.ਐਲ-832 ਦਾ 4.7 ਕੁਇੰਟਲ ਅਤੇ ਐਸ.ਐਮ.ਐਲ-668 ਦਾ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ। ਹੁਣ ਮੰਡੀ 'ਚ ਨਿੱਜੀ ਕੰਪਨੀਆਂ ਵਲੋਂ ਵਿਜੇਤਾ ਗੋਲਡਨ, ਬੰਸੀ ਗੋਲਡਨ ਅਤੇ ਸਰਤਾਜ-44 ਆਦਿ ਜਿਹੀਆਂ ਕਿਸਮਾਂ ਦਾ ਬੀਜ ਵੀ ਵੇਚਿਆ ਜਾ ਰਿਹਾ ਹੈ। ਵਧੇਰੇ ਝਾੜ ਲੈਣ ਲਈ ਸਿਆੜਾਂ ਵਿਚਲਾ ਫ਼ਾਸਲਾ 22.5 ਸੈਂ.ਮੀ. ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 7 ਸੈਂ.ਮੀ. ਹੋਣਾ ਚਾਹੀਦਾ ਹੈ। ਜ਼ੀਰੋ-ਟਿੱਲ ਡਰਿੱਲ ਜਾਂ ਹੈਪੀ ਸੀਡਰ ਨਾਲ 4.6 ਸੈਂ.ਮੀ. ਡੂੰਘੀ ਬਿਜਾਈ ਕਰਨੀ ਚਾਹੀਦੀ ਹੈ ਅਤੇ 12 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ। ਕਣਕ ਵੱਢਣ ਮਗਰੋਂ ਬੀਜੀ ਜਾਣ ਵਾਲੀ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਵੇਲੇ ਪ੍ਰਤੀ ਏਕੜ 11 ਕਿੱਲੋ ਯੂਰੀਆ, 16 ਕਿੱਲੋ ਫਾਸਫੋਰਸ ਪਾਉਣੀ ਚਾਹੀਦੀ ਹੈ। ਆਲੂਆਂ ਤੋਂ ਬਾਅਦ ਬੀਜਣ ਵਾਲੀ ਮੂੰਗੀ ਦੀ ਫ਼ਸਲ ਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ। ਮੂੰਗੀ ਵਿਚ ਨਦੀਨਾਂ ਦੀ ਬੜੀ ਸਮੱਸਿਆ ਆਉਂਦੀ ਹੈ। ਫ਼ਸਲ ਨੂੰ ਨਦੀਨਾਂ ਤੋਂ ਮੁਕਤ ਰੱਖਣ ਲਈ ਇਕ ਜਾਂ ਦੋ ਗੋਡੀਆਂ ਕਰਨੀਆਂ ਚਾਹੀਦੀਆਂ ਹਨ। ਪਹਿਲੀ ਗੋਡੀ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਤੇ ਦੂਜੀ ਉਸ ਤੋਂ ਦੋ ਹਫ਼ਤੇ ਪਿੱਛੋਂ (ਜੇ ਲੋੜ ਪਵੇ)। ਜਦੋਂ ਫ਼ਸਲ ਦੀਆਂ 80 ਫ਼ੀਸਦੀ ਫ਼ਲੀਆਂ ਪੱਕ ਜਾਣ ਤਾਂ ਕਟਾਈ ਕਰ ਲੈਣੀ ਚਾਹੀਦੀ ਹੈ।
ਪੰਜਾਬ 'ਚ ਦਾਲਾਂ ਦਾ ਉਤਪਾਦਨ ਵਧਾਉਣ ਲਈ ਮੂੰਗੀ ਇਕ ਮਹਤੱਵਪੂਰਨ ਫ਼ਸਲ ਹੈ, ਜਿਸ ਵਿਚ ਪ੍ਰੋਟੀਨ ਅੰਸ਼ ਹੁੰਦਾ ਹੈ। ਇਸ ਦੀ ਦਾਲ ਬਣਨ ਵਿਚ ਸੁਆਦ, ਪਚਣਯੋਗ ਅਤੇ ਅਫਾਰੇ ਤੋਂ ਰਾਹਤ ਦਿੰਦੀ ਹੈ। ਹਵਾ 'ਚੋਂ ਨਾਈਟਰੋਜਨ ਲੈ ਕੇ ਇਹ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾਉਂਦੀ ਹੈ। ਹੋਰ ਦਾਲਾਂ ਨਾਲੋਂ ਵਧੇਰੇ ਗਰਮੀ ਸਹਾਰਦੀ ਹੈ। ਇਹ ਗਰਮ ਰੁੱਤ ਦੀ ਫ਼ਸਲ 'ਚ ਥਰਿੱਪ, ਫਲੀ ਛੇਦਕ ਸੁੰਡੀ, ਤੰਬਾਕੂ ਸੁੰਡੀ ਦਾ ਹਮਲਾ ਬਹੁਤ ਹੁੰਦਾ ਹੈ। ਇਨ੍ਹਾਂ ਬਿਮਾਰੀਆਂ ਦੇ ਹਮਲਿਆਂ ਨੂੰ ਕਾਬੂ 'ਚ ਰੱਖਣ ਲਈ ਪੀ.ਏ.ਯੂ. ਦੇ ਮਾਹਿਰਾਂ ਵਲੋਂ ਜਾਰੀ ਕੀਤੀਆਂ ਸਿਫ਼ਾਰਸ਼ਾਂ ਨੂੰ ਅਪਣਾਉਣਾ ਚਾਹੀਦਾ ਹੈ।
ਈ-ਮੇਲ : bhagwandass226@gmail.com