ਕੋਈ ਸਮਾਂ ਸੀ, ਜਦ ਮਾਪੇ ਆਪਣੀਆਂ ਕੁੜੀਆਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਹੀਂ ਭੇਜਦੇ ਸਨ ਤੇ ਚੁੱਲ੍ਹੇ ਚੌਂਕੇ ਤੱਕ ਹੀ ਸੀਮਤ ਰੱਖਿਆ ਜਾਂਦਾ ਸੀ। ਪਰ ਜਦੋਂ ਸਮਾਜ ਨੇ ਮੌਕਾ ਦਿੱਤਾ ਤਾਂ ਉਨ੍ਹਾਂ ਲੜਕਿਆਂ ਤੋਂ ਦੋ ਕਦਮ ਅੱਗੇ ਹੋ ਕੇ ਸਾਬਿਤ ਕੀਤਾ ਕਿ ਉਹ ਕਿਸੇ ਵੀ ਖੇਤਰ 'ਚ ਘੱਟ ਨਹੀਂ ਹਨ। ਅੱਜ ਕਿਸੇ ਵੀ ਜਮਾਤ ਦਾ ਨਤੀਜਾ ਆਵੇ, ਜ਼ਿਆਦਾਤਰ ਕੁੜੀਆਂ ਹੀ ਮੋਹਰੀ ਹੁੰਦੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੇ ਨਤੀਜਿਆਂ 'ਚ ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਲੜਕੀਆਂ ਨੇ ਹੀ ਬਾਜ਼ੀ ਮਾਰੀ ਹੈ। ਅਹਿਮ ਸਥਾਨ ਪ੍ਰਾਪਤ ਕਰਨ ਵਾਲੀਆਂ ਇਨ੍ਹਾਂ ਲੜਕੀਆਂ ਨੂੰ ਬਹੁਤ ਮਾਣ-ਸਨਮਾਨ ਮਿਲ ਰਿਹਾ ਹੈ, ਮਿਲਣਾ ਵੀ ਚਾਹੀਦਾ ਹੈ, ਕਠਿਨ ਤਪੱਸਿਆ ਕੀਤੀ, ਰਾਤਾਂ ਦੀ ਨੀਂਦ ਤਿਆਗੀ ਤੇ ਇੰਨੀ ਵੱਡੀ ਪ੍ਰਾਪਤੀ ਹਾਸਿਲ ਕੀਤੀ।
ਜ਼ਿਲ੍ਹਾ ਫਰੀਦਕੋਟ ਦੇ ਕਸਬਾ ਜੈਤੋ ਦੀ ਧੀ ਜਦੋਂ ਜੰਮੀ, ਮਾਪਿਆਂ ਨੇ ਨਾ ਰੱਖਿਆ ਤਮੰਨਾ, ਜਿਸ ਨੇ ਅਣਥੱਕ ਮਿਹਨਤ ਕੀਤੀ ਤੇ ਫਿਰ ਇਹ ਕਿਵੇਂ ਹੋ ਸਕਦਾ ਸੀ ਕਿ ਮਾਪਿਆਂ ਦੀ ਤਮੰਨਾ ਪੂਰੀ ਨਾ ਹੁੰਦੀ। ਤਮੰਨਾ ਨੇ ਪੂਰੇ ਅੰਕਾਂ 'ਚੋਂ ਇਕ ਨੰਬਰ ਵੀ ਕੱਟਣ ਨਹੀਂ ਦਿੱਤਾ ਤੇ 600 'ਚੋਂ 600 ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ, ਜੈਤੋ ਦਾ ਤੇ ਜ਼ਿਲ੍ਹੇ ਦਾ ਨਾਂਅ ਸੁਨਹਿਰੀ ਅੱਖਰਾਂ 'ਚ ਲਿਖ ਦਿੱਤਾ। ਮਾਪਿਆਂ ਨੂੰ ਦੱਸ ਦਿੱਤਾ ਕਿ ਤਮੰਨਾ ਤੁਹਾਡੇ ਸਿਰ ਦਾ ਤਾਜ ਹੈ ਤੇ ਤੁਹਾਨੂੰ ਉਸ 'ਤੇ ਮਾਣ ਹੋਣਾ ਚਾਹੀਦਾ ਹੈ। ਲਹਿਰਾਗਾਗਾ ਹਲਕਾ, ਜ਼ਿਲ੍ਹਾ ਸੰਗਰੂਰ ਦਾ ਉਹ ਖੇਤਰ ਹੈ, ਜੋ ਹਮੇਸ਼ਾ ਸਿੱਖਿਆ ਦੇ ਖੇਤਰ 'ਚ ਪਛੜਿਆ ਰਿਹਾ, ਅਧਿਆਪਕਾਂ ਦੀ ਘਾਟ, ਵੱਡੇ ਸ਼ਹਿਰਾਂ ਤੋਂ ਦੂਰੀ, ਘੱਗਰ ਦੀ ਮਾਰ। ਪਰ ਜਿਵੇਂ ਕਹਿੰਦੇ ਹਨ ਕਿ ਉੱਗਣ ਵਾਲੇ ਤਾਂ ਪੱਥਰਾਂ 'ਚੋਂ ਵੀ ਉੱਗ ਪੈਂਦੇ ਹਨ। ਲਹਿਰੇਗਾਗੇ ਦਾ ਛੋਟਾ ਜਿਹਾ ਪਿੰਡ ਅੜਕਵਾਸ ਜੋ ਕਿ ਸਿੱਖਿਆ ਪੱਖੋਂ ਪਛੜਿਆ ਰਿਹਾ, ਪਰ ਅੜਕਵਾਸ ਦੀ ਧੀ ਜਪਨੀਤ ਕੌਰ ਨੇ ਦੱਸ ਦਿੱਤਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਕਿਸੇ ਵੀ ਖੇਤਰ 'ਚ ਪਿੱਛੇ ਨਹੀਂ ਹਨ। ਸਰਕਾਰੀ ਮਿਡਲ ਸਕੂਲ ਅੜਕਵਾਸ ਦੀ ਵਿਦਿਆਰਥਣ ਜਪਨੀਤ ਕੌਰ ਨੇ 600 'ਚੋਂ 598 ਅੰਕ ਪ੍ਰਾਪਤ ਕੀਤੇ ਹਨ। ਉਸ ਨੂੰ ਰੰਜ ਹੈ ਕਿ ਦੋ ਨੰਬਰ ਕਿਵੇਂ ਕੱਟੇ ਗਏ। ਪਰ ਦੂਜੇ ਸਥਾਨ 'ਤੇ ਆ ਕੇ ਉਸ ਨੇ ਪਿੰਡ ਅੜਕਵਾਸ ਤੇ ਲਹਿਰੇਗਾਗੇ ਦਾ ਨਾਂਅ ਰੌਸ਼ਨ ਕਰ ਦਿੱਤਾ ਤੇ ਲੋਕ ਉਸ ਦੇ ਮਾਤਾ-ਪਿਤਾ ਨੂੰ ਵਧਾਈਆਂ ਦੇ ਰਹੇ ਹਨ। ਬਾਬਾ ਸ਼ੇਖ਼ ਫ਼ਰੀਦ ਦੀ ਨਗਰੀ ਨੂੰ ਤੀਜਾ ਸਥਾਨ ਦੇਣ ਵਾਲੀ ਜਸ਼ਨਦੀਪ ਕੌਰ ਦੀ ਮਿਹਨਤ ਨੂੰ ਵੀ ਸਲਾਮ, ਜਿਸ ਨੇ ਫ਼ਰੀਦਕੋਟ ਦੇ ਨਗਰ ਕੋਟ ਸੁਖੀਆ ਦਾ ਨਾਂਅ ਦੁਨੀਆ ਦੇ ਨਕਸ਼ੇ 'ਤੇ ਚਮਕਾਇਆ। ਪਿਛਲੇ ਦਿਨੀਂ ਸਿਵਿਲ ਸਰਵਿਸ ਦੇ ਨਤੀਜਿਆਂ 'ਚ ਵੀ ਲੜਕੀਆਂ ਮੋਹਰੀ ਰਹੀਆਂ। ਅੱਜ ਭਾਵੇਂ ਸਮਾਂ ਬਦਲ ਗਿਆ, ਪਰ ਲੋਕਾਂ ਦੀ ਸੋਚ ਬਦਲਣ ਲਈ ਇਹ ਕੀਰਤੀਮਾਨ ਸਿਰਜਣ ਵਾਲੀਆਂ ਕੁੜੀਆਂ ਅਜੇ ਵੀ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕੀਆਂ, ਕਿਉਂਕਿ ਅੱਜ ਵੀ ਬਹੁਤੇ ਲੋਕ ਲੜਕੀ ਦਾ ਜਨਮ ਹੋਣ 'ਤੇ ਅਫ਼ਸੋਸੇ ਜਾਂਦੇ ਹਨ। ਲੜਕਿਆਂ ਦਾ ਜਨਮ ਹੋਣ 'ਤੇ ਮਹਿਫ਼ਲਾਂ ਸਜਾਈਆਂ ਜਾਂਦੀਆਂ ਹਨ, ਪਟਾਕੇ ਚਲਦੇ ਹਨ, ਮਠਿਆਈਆਂ ਵੰਡੀਆਂ ਜਾਂਦੀਆਂ ਹਨ, ਪਰ ਅੱਜ ਵੀ ਧੀਆਂ ਨੂੰ ਬੇਗਾਨਾ ਧਨ ਆਖ ਕੇ ਤਿਰਸਕਾਰਿਆ ਜਾਂਦਾ ਹੈ।
ਖੁਸ਼ੀ ਵਾਲੀ ਗੱਲ ਇਹ ਹੈ ਕਿ ਲਿੰਗ ਅਨੁਪਾਤ ਵਿਚ ਕੁਝ ਸੁਧਾਰ ਹੋਇਆ ਹੈ। ਕੁਝ ਸਮਾਂ ਪਹਿਲਾਂ ਸਾਡਾ ਇਤਿਹਾਸਕ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਲੜਕੀਆਂ ਦੀ ਘੱਟ ਗਿਣਤੀ 'ਚ ਮੋਹਰੀ ਸੀ। ਲੰਬਾ ਸਮਾਂ ਪਹਿਲਾਂ ਗਾਇਕ ਦਵਿੰਦਰ ਕੋਹੇਨੂਰ ਦਾ ਗਾਇਆ ਗੀਤ ਮਨ ਨੂੰ ਬੜਾ ਟੁੰਬਦਾ- 'ਮੈਨੂੰ ਕੁੱਖ 'ਚ ਨਾ ਕਤਲ ਕਰਾ ਮਾਏਂ ਮੇਰੀਏ ਮੈਂ ਕਿਰਨ ਬੇਦੀ ਮਾਈ ਭਾਗੋ ਬਣ ਸਕਦੀ ਆਂ, ਮੈਨੂੰ ਜੱਗ ਵੇਖਣ ਦਾ ਮੌਕਾ ਤਾਂ ਦੇ'। ਧੀਆਂ ਅੱਜ ਸਿਰ ਦਾ ਤਾਜ ਬਣ ਰਹੀਆਂ ਹਨ ਤੇ ਲਾਡਾਂ ਨਾਲ ਪਾਲੇ ਪੁੱਤਰ ਨਸ਼ਿਆਂ 'ਚ ਗ਼ਲਤਾਨ ਹੋ ਰਹੇ ਹਨ।
ਕੀ ਸੋਚਦੀ ਹੋਵੇਗੀ ਉਹ ਮਾਤਾ ਜਿਸ ਦੇ ਪੰਜ ਪੁੱਤਰ ਚਿੱਟੇ ਦੀ ਭੇਟ ਚੜ੍ਹ ਗਏ, ਜਦਕਿ ਧੀਆਂ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ, ਖੇਤੀ ਦੇ ਕੰਮਾਂ 'ਚ ਹੱਥ ਵਟਾ ਰਹੀਆਂ ਹਨ। ਅੱਜ ਸੋਚ ਬਦਲਣ ਦੀ ਲੋੜ ਹੈ।
ਮੈਂ ਕਿਸੇ ਮਿੱਤਰ ਨੂੰ ਪੁੱਛਿਆ ਕਿ ਬੱਚੇ ਕਿੱਥੇ ਪੜ੍ਹਦੇ ਹਨ ਤਾਂ ਉਸ ਨੇ ਬੜੇ ਮਾਣ ਨਾਲ ਦੱਸਿਆ ਕਿ ਮੁੰਡਾ ਪੀ.ਪੀ.ਐਸ. ਨਾਭੇ ਪੜ੍ਹਦਾ ਹੈ ਤੇ ਕੁੜੀ ਨੂੰ ਇੱਥੇ ਲੋਕਲ ਸਕੂਲ 'ਚ ਪਾਇਆ ਹੈ, ਪਰ ਆਪ ਹੀ ਕਹਿਣ ਲੱਗਾ ਕਿ ਮੁੰਡਾ ਪੜ੍ਹਨ 'ਚ ਧਿਆਨ ਨਹੀਂ ਦੇ ਰਿਹਾ, ਕੁੜੀ ਬਹੁਤ ਮਿਹਨਤ ਕਰਦੀ ਹੈ। ਮੈਂ ਕਿਹਾ ਵੀਰ ਜੀ ਫਿਰ ਤੁਸੀਂ ਕੁੜੀ ਨੂੰ ਪੀ.ਪੀ.ਐਸ. ਨਾਭੇ ਕਿਉਂ ਨਹੀਂ ਲਾ ਰਹੇ ਤਾਂ ਉਹ ਕਹਿਣ ਲੱਗਾ ਕੁੜੀ ਨੇ ਕਿਹੜਾ ਨੌਕਰੀ ਕਰਨੀ ਹੈ। ਅੱਜ ਲੋੜ ਹੈ ਮਾਪਿਆਂ ਨੂੰ ਸੋਚ ਬਦਲਣ ਦੀ। ਕੁੜੀਆਂ ਨੂੰ ਵੀ ਬਰਾਬਰ ਮੌਕੇ ਦਿਓ, ਫਿਰ ਦੇਖੋ ਕਿਵੇਂ ਸਮਾਜ ਤਰੱਕੀ ਕਰਦਾ ਹੈ।
ਅੱਜ ਬੁਢਾਪੇ ਵਿਚ ਮਾਪਿਆਂ ਨੂੰ ਧੀਆਂ ਹੀ ਸਾਂਭ ਰਹੀਆਂ ਹਨ। ਇੱਥੋਂ ਤੱਕ ਕਿ ਆਪਣੇ ਮਾਪਿਆਂ ਦੀ ਅਰਥੀ ਨੂੰ ਵੀ ਅੰਤ ਸਮੇਂ ਮੋਢਾ ਧੀਆਂ ਵਲੋਂ ਦਿੱਤਾ ਜਾ ਰਿਹਾ ਹੈ। ਧੀਆਂ ਸਾਡਾ ਮਾਣ ਤੇ ਸਨਮਾਨ ਹਨ। ਮਾਪਿਆਂ ਦਾ ਸਿਰ ਉੱਚਾ ਕਰਨ ਵਾਲੀਆਂ ਇਨ੍ਹਾਂ ਬਾਲੜੀਆਂ ਨੂੰ ਦਿਲੋਂ ਸਲਾਮ। ਭਵਿੱਖ ਵਿਚ ਇਹ ਵੱਡੀਆਂ ਮੱਲਾਂ ਮਾਰਨ, ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀਆਂ ਕਰਨ। ਅੰਤ 'ਚ ਧੀਆਂ ਸੰਬੰਧੀ ਦੋ ਤੁਕਾਂ ਪੇਸ਼ ਹਨ :-
ਨਾ ਕੋਈ ਸੋਨਾ ਚਾਂਦੀ ਤੇ ਨਾ ਹੀ ਮਹਿੰਗੇ ਹਾਰ ਦੀਆਂ,
ਧੀਆਂ ਤਾਂ ਬੱਸ ਭੁੱਖੀਆਂ ਨੇ ਮਾਪਿਆਂ ਦੇ ਪਿਆਰ ਦੀਆਂ।
ਸ.ਸ.ਸ.ਸ. ਕੌਹਰੀਆਂ (ਸੰਗਰੂਰ)।
ਮੋਬਾਈਲ : 9878197000, 9417924177