24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਟਰੰਪ ਦੀ ਚੀਨ ਫੇਰੀ ਦਾ ਮਹੱਤਵ

Ad Position 21
No active advertisement
ਅਜੀਤ ਡੈਸਕ 15-05-2026

ਦੁਨੀਆ ਭਰ ਦੀਆਂ ਨਜ਼ਰਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਿੰਨ ਦਿਨਾ ਚੀਨ ਯਾਤਰਾ 'ਤੇ ਟਿਕੀਆਂ ਹੋਈਆਂ ਹਨ। ਅਮਰੀਕੀ ਰਾਸ਼ਟਰਪਤੀ ਵਲੋਂ ਚੁੱਕਿਆ ਗਿਆ ਇਹ ਵੱਡਾ ਕਦਮ ਹੈ। ਇਸ ਤੋਂ 9 ਸਾਲ ਪਹਿਲਾਂ ਵੀ ਟਰੰਪ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਵਿਚ ਸਾਲ 2017 'ਚ ਚੀਨ ਆਇਆ ਸੀ, ਪਰ ਇਸ ਵਾਰ ਦੀ ਉਸ ਦੀ ਫੇਰੀ ਨੂੰ ਕਈ ਅਨੇਕਾਂ ਅਹਿਮ ਪੱਖਾਂ ਤੋਂ ਦੇਖਿਆ ਜਾ ਰਿਹਾ ਹੈ। ਅੱਜ ਇਹ ਦੋਵੇਂ ਮੁਲਕ ਦੁਨੀਆ ਦੀਆਂ ਸਭ ਤੋਂ ਵੱਡੀਆਂ ਆਰਥਿਕ ਸ਼ਕਤੀਆਂ ਹਨ। ਚਾਹੇ ਹਾਲੇ ਵੀ ਚੀਨ ਇਸ ਪੱਖੋਂ ਅਮਰੀਕਾ ਤੋਂ ਅੱਧਾ ਹੀ ਮੰਨਿਆ ਜਾਂਦਾ ਹੈ, ਪਰ ਹੋਰ ਸਾਰੇ ਮੁਲਕਾਂ ਨੂੰ ਉਸ ਨੇ ਆਪਣੀ ਲਗਾਤਾਰ ਮਜ਼ਬੂਤ ਹੋ ਰਹੀ ਆਰਥਿਕਤਾ ਦੇ ਕਾਰਨ ਕਾਫ਼ੀ ਪਿੱਛੇ ਛੱਡ ਦਿੱਤਾ ਹੈ। ਅੱਜ ਜਿਸ ਤਰ੍ਹਾਂ ਦੇ ਕੌਮਾਂਤਰੀ ਹਾਲਾਤ ਬਣੇ ਨਜ਼ਰ ਆਉਂਦੇ ਹਨ ਅਤੇ ਜਿਸ ਤਰ੍ਹਾਂ ਦੀਆਂ ਗੰਭੀਰ ਤੇ ਗੁੰਝਲਦਾਰ ਸਮੱਸਿਆਵਾਂ ਇਨ੍ਹਾਂ ਦੋਵਾਂ ਮੁਲਕਾਂ ਦੇ ਸਾਹਮਣੇ ਹਨ, ਉਨ੍ਹਾਂ ਦਾ ਨਿਸਚਿਤ ਸਮੇਂ ਵਿਚ ਹੱਲ ਹੋ ਸਕਣਾ ਬੇਹੱਦ ਮੁਸ਼ਕਿਲ ਜਾਪਦਾ ਹੈ। ਇਸ ਵਾਰ ਡੋਨਾਲਡ ਟਰੰਪ ਨੇ ਆਪਣੀ ਕੁਰਸੀ ਸੰਭਾਲਦਿਆਂ ਹੀ ਆਪਣੇ ਦੇਸ਼ ਨੂੰ ਹੁੰਦੇ ਨਿਰਯਾਤ ਸੰਬੰਧੀ ਦੁਨੀਆ ਭਰ ਦੇ ਮੁਲਕਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਨ੍ਹਾਂ 'ਤੇ ਆਪਣੀ ਮਰਜ਼ੀ ਨਾਲ ਵੱਖੋ-ਵੱਖਰੇ ਕਰ (ਟੈਰਿਫ਼) ਠੋਕ ਦਿੱਤੇ ਸਨ। ਚੀਨ ਸੰਬੰਧੀ ਵੀ ਉਸ ਨੇ ਅਜਿਹਾ ਹੀ ਵਤੀਰਾ ਧਾਰਿਆ ਸੀ, ਜੋ ਹੁਣ ਤੱਕ ਵੀ ਜਾਰੀ ਹੈ। ਪਰ ਇਸ ਦੇ ਬਾਵਜੂਦ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦੇ ਮੁਖੀਆਂ ਨੂੰ ਜਿਸ ਤਰ੍ਹਾਂ ਉਹ ਆਪਣੀ ਇਸ ਯਾਤਰਾ ਵਿਚ ਨਾਲ ਲਿਆਇਆ ਹੈ, ਉਸ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਉਸ ਦਾ ਮੁੱਖ ਨਿਸ਼ਾਨਾ ਆਪਸੀ ਵਪਾਰ ਹੈ ਅਤੇ ਖ਼ਾਸ ਕਰਕੇ ਉਨ੍ਹਾਂ ਵਸਤੂਆਂ ਦਾ ਆਦਾਨ-ਪ੍ਰਦਾਨ ਹੈ, ਜੋ ਆਪੋ-ਆਪਣੇ ਢੰਗ ਨਾਲ ਦੋਵਾਂ ਹੀ ਮੁਲਕਾਂ ਲਈ ਜ਼ਰੂਰੀ ਹਨ।
ਚੀਨ ਵਿਚ ਟਰੰਪ ਦਾ ਸ਼ਾਨਦਾਰ ਸਵਾਗਤ ਹੋਇਆ ਹੈ। ਉਸ ਦੀਆਂ ਚੀਨ ਦੇ ਰਾਸ਼ਟਰਪਤੀ ਸ਼ੀ-ਜਿਨਪਿੰਗ ਨਾਲ ਪਹਿਲੀਆਂ ਮੁਲਾਕਾਤਾਂ ਬੜੀਆਂ ਭਾਵਪੂਰਤ ਰਹੀਆਂ ਹਨ। ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਅਮਰੀਕਾ ਅਤੇ ਈਰਾਨ ਦੀ ਲੜਾਈ ਹੈ, ਜੋ ਟਰੰਪ ਨੇ 28 ਫਰਵਰੀ ਨੂੰ ਆਪ ਹੀ ਇਜ਼ਰਾਈਲ ਨਾਲ ਰਲ ਕੇ ਸਹੇੜੀ ਸੀ। ਇਸ ਵਿਚ ਉਹ ਆਪ ਵੀ ਬੁਰੀ ਤਰ੍ਹਾਂ ਫਸਿਆ ਨਜ਼ਰ ਆਉਂਦਾ ਹੈ, ਕਿਉਂਕਿ ਉਸ ਦੇ ਆਪਣੇ ਮੁਲਕ ਵਿਚ ਹੀ ਇਸ ਜੰਗ ਦਾ ਵੱਡੀ ਪੱਧਰ 'ਤੇ ਵਿਰੋਧ ਹੋ ਰਿਹਾ ਹੈ ਅਤੇ ਅਮਰੀਕਾ ਦੇ ਹੁਣ ਤੱਕ ਅਰਬਾਂ ਹੀ ਡਾਲਰ ਇਸ ਉੱਤੇ ਖ਼ਰਚ ਹੋ ਚੁੱਕੇ ਹਨ, ਜਿਸ ਨਾਲ ਉੱਥੇ ਮਹਿੰਗਾਈ ਵੀ ਵਧੀ ਨਜ਼ਰ ਆਉਂਦੀ ਹੈ। ਇੱਥੇ ਹੀ ਬੱਸ ਨਹੀਂ, ਇਸ ਲੜਾਈ ਦੀ ਲਪੇਟ ਵਿਚ ਦੁਨੀਆ ਭਰ ਦੇ ਮੁਲਕ ਆ ਚੁੱਕੇ ਹਨ। ਕੱਚੇ ਤੇਲ ਦੇ ਉਤਪਾਦਨ ਅਤੇ ਸਪਲਾਈ ਵਿਚ ਵੱਡੀ ਕਮੀ ਪੈਦਾ ਹੋ ਜਾਣ ਨਾਲ ਕੌਮਾਂਤਰੀ ਪੱਧਰ 'ਤੇ ਤੇਲ ਦੇ ਭਾਅ ਅਸਮਾਨੀਂ ਚੜ੍ਹ ਗਏ ਹਨ, ਜਿਸ ਦਾ ਮੰਦਾ ਅਸਰ ਉਨ੍ਹਾਂ ਦੀ ਆਰਥਿਕਤਾ 'ਤੇ ਪੈ ਰਿਹਾ ਹੈ। ਪੱਛਮੀ ਏਸ਼ੀਆ (ਮੱਧ ਪੂਰਬ) ਵਿਚ ਲੜਾਈ ਦੇ ਲੰਮੇ ਹੁੰਦੇ ਜਾਣ ਨਾਲ ਭਾਰਤ ਵਿਚ ਵੀ ਇਸ ਦਾ ਸੇਕ ਮਹਿਸੂਸ ਕੀਤਾ ਜਾਣ ਲੱਗਾ ਹੈ। ਚੀਨ ਨੇ ਪੱਛਮੀ ਏਸ਼ੀਆ ਦੀ ਇਸ ਲੰਮੀ ਹੁੰਦੀ ਜੰਗ ਵਿਚ ਹੁਣ ਤੱਕ ਆਪਣਾ ਚੰਗਾ ਰੋਲ ਹੀ ਅਦਾ ਕੀਤਾ ਹੈ। ਪਿਛਲੇ ਦਿਨੀਂ ਈਰਾਨ ਦਾ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਚੀਨ ਆਇਆ ਸੀ। ਖ਼ਬਰਾਂ ਅਤੇ ਬਿਆਨਾਂ ਅਨੁਸਾਰ ਚੀਨੀ ਆਗੂਆਂ ਨੇ ਈਰਾਨ ਨੂੰ ਛੇਤੀ ਤੋਂ ਛੇਤੀ ਹੋਰਮੁਜ਼ ਜਲ ਮਾਰਗ ਨੂੰ ਖੋਲ੍ਹਣ ਲਈ ਪ੍ਰੇਰਿਆ ਸੀ ਅਤੇ ਇਸ ਦੇ ਨਾਲ ਹੀ ਪ੍ਰਮਾਣੂ ਹਥਿਆਰ ਨਾ ਬਣਾਉਣ ਦੀ ਤਹਿਰਾਨ ਦੀ ਪ੍ਰਤੀਬੱਧਤਾ ਦੀ ਪ੍ਰਸੰਸਾ ਕੀਤੀ ਸੀ। ਈਰਾਨ ਹੋਰਮੁਜ਼ ਦੇ ਮੁੱਦੇ 'ਤੇ ਆਪ ਵੀ ਕੌਮਾਂਤਰੀ ਤੌਰ 'ਤੇ ਇਕੱਲਾ ਪੈਂਦਾ ਨਜ਼ਰ ਆ ਰਿਹਾ ਹੈ।
ਦੂਜੇ ਪਾਸੇ ਅਮਰੀਕਾ ਨੇ ਵੀ ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਕਰਕੇ ਉਸ ਨੂੰ ਪੂਰੀ ਤਰ੍ਹਾਂ ਘੇਰਨ ਦਾ ਆਪਣਾ ਯਤਨ ਜਾਰੀ ਰੱਖਿਆ ਹੋਇਆ ਹੈ। ਵੇਖਣਾ ਇਹ ਹੋਵੇਗਾ ਕਿ ਇਹ ਯਾਤਰਾ ਇਨ੍ਹਾਂ ਪੱਖਾਂ ਤੋਂ ਕਿੰਨੀ ਕੁ ਸਫ਼ਲ ਰਹਿੰਦੀ ਹੈ। ਚੀਨ ਤਾਇਵਾਨ ਜੋ ਕਿ ਇਕ ਵੱਡਾ ਟਾਪੂ ਹੈ, 'ਤੇ ਹਮੇਸ਼ਾ ਆਪਣਾ ਹੱਕ ਜਤਾਉਂਦਾ ਆਇਆ ਹੈ, ਜਦੋਂ ਕਿ ਤਾਇਵਾਨ ਨੇ ਹਮੇਸ਼ਾ ਆਪਣੀ ਆਜ਼ਾਦ ਹੋਂਦ ਜਿਤਲਾਈ ਹੈ। ਉੱਥੇ ਲਗਾਤਾਰ ਲੋਕਤੰਤਰੀ ਪ੍ਰਕਿਰਿਆ ਮਜ਼ਬੂਤ ਹੋਈ ਹੈ ਅਤੇ ਇਸ ਨੇ ਪਿਛਲੇ ਦਹਾਕਿਆਂ ਵਿਚ ਹੈਰਾਨੀ ਦੀ ਹੱਦ ਤੱਕ ਤਰੱਕੀ ਵੀ ਕੀਤੀ ਹੈ। ਅਮਰੀਕਾ ਅਤੇ ਜਪਾਨ ਚੀਨ ਤੋਂ ਇਸ ਦੀ ਹਿਫ਼ਾਜ਼ਤ ਲਈ ਹਮੇਸ਼ਾ ਉਸ ਦੇ ਨਾਲ ਰਹੇ ਹਨ। ਹੁਣ ਵੀ ਤਾਇਵਾਨ ਨੇ ਅਮਰੀਕਾ ਨਾਲ ਰੱਖਿਆ ਦੇ ਸਾਮਾਨ ਲਈ ਅਰਬਾਂ ਡਾਲਰ ਦਾ ਸੌਦਾ ਕੀਤਾ ਹੈ। ਦੋਵਾਂ ਰਾਸ਼ਟਰਪਤੀਆਂ ਵਿਚ ਇਸ ਗੁੰਝਲ ਨੂੰ ਸੁਲਝਾਉਣ ਦੀ ਕਿੰਨੀ ਕੁ ਸਮਰੱਥਾ ਤੇ ਇੱਛਾ ਹੈ, ਇਸ ਨੂੰ ਵੀ ਸਭ ਪਾਸੇ ਤੋਂ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ। ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਨੇ ਲਗਾਤਾਰ ਆਪਣੀਆਂ ਵਿਸਥਾਰਵਾਦੀ ਨੀਤੀਆਂ ਨੂੰ ਜਾਰੀ ਰੱਖਿਆ ਹੈ, ਜਿਸ 'ਤੇ ਇਸ ਖੇਤਰ ਦੇ ਦਰਜਨਾਂ ਹੀ ਮੁਲਕ ਲਗਾਤਾਰ ਇਤਰਾਜ਼ ਕਰਦੇ ਆ ਰਹੇ ਹਨ। ਚੀਨ ਨੂੰ ਇਸ ਨੀਤੀ ਤੋਂ ਰੋਕ ਸਕਣਾ ਬੇਹੱਦ ਮੁਸ਼ਕਿਲ ਜਾਪਦਾ ਹੈ, ਪਰ ਫਿਰ ਵੀ ਇਸ ਫੇਰੀ ਨਾਲ ਦੋਵਾਂ ਦੇਸ਼ਾਂ ਵਿਚ ਬਣੇ ਉਤਸ਼ਾਹਪੂਰਨ ਮਾਹੌਲ ਨੂੰ ਵੇਖਦਿਆਂ ਇਸ ਤੋਂ ਚੰਗੇ ਨਤੀਜਿਆਂ ਦੀ ਹੀ ਆਸ ਕੀਤੀ ਜਾਣੀ ਬਣਦੀ ਹੈ, ਕਿਉਂਕਿ ਅੱਜ ਜਿਸ ਤਰ੍ਹਾਂ ਪੱਛਮੀ ਏਸ਼ੀਆ ਦੇ ਯੁੱਧ ਦੇ ਮਸਲੇ 'ਤੇ ਪੂਰੀ ਦੁਨੀਆ ਕੁੜਿੱਕੀ ਵਿਚ ਫਸੀ ਨਜ਼ਰ ਆ ਰਹੀ ਹੈ, ਉਸ 'ਚੋਂ ਨਿਕਲਣ ਲਈ ਵੱਡੇ ਦੇਸ਼ਾਂ ਵਲੋਂ ਵੱਡੇ ਯਤਨਾਂ ਅਤੇ ਪੂਰੇ ਸਹਿਯੋਗ ਦੀ ਜ਼ਰੂਰਤ ਹੋਵੇਗੀ, ਉਨ੍ਹਾਂ ਦੇ ਸਾਂਝੇ ਯਤਨ ਹੀ ਯੁੱਧ ਦੇ ਗਹਿਰੇ ਹੁੰਦੇ ਬੱਦਲਾਂ ਦੇ ਛਟਣ ਵਿਚ ਸਹਾਈ ਹੋ ਸਕਦੇ ਹਨ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਅਜੇ ਜਾਰੀ ਰਹੇਗਾ ਪਾਰਟੀਆਂ ਬਦਲਣ ਦਾ ਸਿਲਸਿਲਾ ਅਗਲੀ ਖ਼ਬਰ ਮਹਾਂਸ਼ਕਤੀਆਂ ਦੇ ਮਿਲਣ ਦਾ ਸਿੱਟਾ ਸਮਾਜ ਦੀ ਬਿਹਤਰੀ ਹੋਣਾ ਚਾਹੀਦਾ ਹੈ। -ਅਗਿਆਤ
Ad Position 24