24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪੰਜਾਬ ਵਿਚ ਅਜੇ ਜਾਰੀ ਰਹੇਗਾ ਪਾਰਟੀਆਂ ਬਦਲਣ ਦਾ ਸਿਲਸਿਲਾ

Ad Position 21
No active advertisement
ਅਜੀਤ ਡੈਸਕ 15-05-2026

ਦੇਖੇ ਹੈਂ ਹਮ ਨੇ ਦੌਰ ਕਈ ਅਬ ਖ਼ਬਰ ਨਹੀਂ
ਪਾਂਵ ਤਲੇ ਜ਼ਮੀਨ ਹੈ ਯਾ ਆਸਮਾਨ ਹੈ।

ਪ੍ਰਸਿੱਧ ਸ਼ਾਇਰ 'ਦੁਸ਼ਿਅੰਤ ਕੁਮਾਰ' ਦਾ ਇਹ ਸ਼ਿਅਰ ਪੰਜਾਬ ਦੀ ਰਾਜਨੀਤੀ ਵਿਚ ਚੱਲ ਰਹੇ 'ਟੁੱਟ-ਭੱਜ' ਦੇ ਦੌਰ 'ਤੇ ਪੂਰੀ ਤਰ੍ਹਾਂ ਢੁਕਦਾ ਹੈ। ਇਸ ਵੇਲੇ ਇਕ ਪਾਸੇ ਪੰਜਾਬ ਵਿਚ ਰਾਜਨੀਤਕ ਪਾਰਟੀਆਂ ਦੂਜੀਆਂ ਪਾਰਟੀਆਂ ਵਿਚੋਂ ਨੇਤਾਵਾਂ ਨੂੰ ਤੋੜ ਕੇ ਆਪਣੀ ਸਥਿਤੀ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਉਥੇ ਦੂਜੇ ਪਾਸੇ ਨੇਤਾ ਵੀ ਆਪੋ-ਆਪਣੇ ਹਲਕਿਆਂ ਦੇ ਸਥਾਨਕ ਸਮੀਕਰਨਾਂ, ਫਾਇਦਿਆਂ ਤੇ ਭਵਿੱਖ ਦੇ ਅੰਦਾਜ਼ਿਆਂ ਅਨੁਸਾਰ ਪਾਰਟੀਆਂ ਬਦਲ ਰਹੇ ਹਨ। ਜਦੋਂਕਿ ਇਸ ਮੰਤਵ ਲਈ ਸਾਮ-ਦਾਮ-ਦੰਡ-ਭੇਦ ਤਾਂ ਸਾਰੀਆਂ ਪਾਰਟੀਆਂ ਹੀ ਵਰਤ ਰਹੀਆਂ ਹਨ। ਪਰ ਇਸ ਮੰਤਵ ਲਈ ਏਜੰਸੀਆਂ ਤੇ ਅਧਿਕਾਰੀਆਂ ਦੀ ਵਰਤੋਂ ਦੀਆਂ ਸ਼ਿਕਾਇਤਾਂ ਵੀ ਆਮ ਹਨ।
ਇਸ ਤਰ੍ਹਾਂ ਜਾਪਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਤੱਕ ਇਹ ਸਿਲਸਿਲਾ ਬਾ-ਦਸਤੂਰ ਜਾਰੀ ਰਹੇਗਾ। ਇਸ ਵੇਲੇ ਸਭ ਤੋਂ ਵੱਡੀ ਟੁੱਟ-ਭੱਜ ਤਾਂ ਪੁਨਰ ਸੁਰਜੀਤ ਅਕਾਲੀ ਦਲ ਵਿਚ ਹੁੰਦੀ ਜਾਪ ਰਹੀ ਹੈ ਤੇ ਸਭ ਤੋਂ ਵੱਧ ਨੇਤਾ ਭਾਜਪਾ ਵਿਚ ਜਾਣ ਨੂੰ ਤਰਜੀਹ ਦੇ ਰਹੇ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਭਾਜਪਾ ਪੱਛਮੀ ਬੰਗਾਲ ਵਿਚ ਅਪਣਾਈ ਰਣਨੀਤੀ ਨੂੰ ਥੋੜ੍ਹਾ ਬਦਲ ਕੇ ਪੰਜਾਬ ਵਿਚ ਵੀ ਦੁਹਰਾ ਰਹੀ ਹੈ। ਬੰਗਾਲ ਵਿਚ ਵੀ ਭਾਜਪਾ ਨੇ ਹੁਕਮਰਾਨ ਪਾਰਟੀ ਟੀ.ਐਮ.ਸੀ. 'ਤੇ ਏਨੇ ਤਿੱਖੇ ਹਮਲੇ ਕੀਤੇ ਕਿ ਪਹਿਲਾਂ ਉਹ ਮੁੱਖ ਵਿਰੋਧੀ ਪਾਰਟੀ ਬਣੀ ਤੇ ਇਸ ਵਾਰ ਹੁਕਮਰਾਨ। ਹੁਣ ਭਾਜਪਾ ਪੰਜਾਬ ਵਿਚ 'ਆਪ' 'ਤੇ ਸਭ ਤੋਂ ਵੱਧ ਹਮਲੇ ਕਰ ਰਹੀ ਹੈ ਤਾਂ ਜੋ ਪੰਜਾਬ ਵਿਚ ਕਾਂਗਰਸ ਤੇ ਅਕਾਲੀ ਦਲਾਂ ਨੂੰ ਐਨ ਉਸੇ ਤਰ੍ਹਾਂ ਅਪ੍ਰਸੰਗਿਕ ਕਰ ਸਕੇ, ਜਿਵੇਂ ਬੰਗਾਲ ਵਿਚ ਕਾਂਗਰਸ ਤੇ ਖੱਬੀਆਂ ਪਾਰਟੀਆਂ ਨੂੰ ਕਰਨ ਵਿਚ ਉਹ ਸਫਲ ਰਹੀ ਸੀ। ਪੰਜਾਬ ਵਿਚ ਖ਼ਬਰਾਂ ਵਿਚ ਤੇ ਬਿਰਤਾਂਤ ਵਿਚ ਕਾਂਗਰਸ ਤੇ ਅਕਾਲੀ ਧੜੇ 'ਆਪ' ਤੇ ਭਾਜਪਾ ਨਾਲੋਂ ਪੱਛੜ ਰਹੇ ਹਨ, ਪਰ ਚੋਣਾਂ ਵਿਚ ਅਜੇ ਕਈ ਮਹੀਨਿਆਂ ਦਾ ਸਮਾਂ ਬਾਕੀ ਹੈ, ਇਸ ਲਈ ਇਹ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਿਲ ਹੈ ਕਿ ਕਿਹੜੀ ਪਾਰਟੀ ਚੋਣਾਂ ਵੇਲੇ ਤੱਕ ਆਪਣੀ ਚੋਣ ਮੁਹਿੰਮ ਵਿਚ ਅੱਗੇ ਨਿਕਲੇਗੀ। ਕੌਣ ਲੋਕਾਂ ਦੀ ਪਹਿਲੀ ਪਸੰਦ ਬਣੇਗਾ। ਪਰ ਇਕ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ ਅਜੇ ਤੱਕ ਪੰਜਾਬ ਦੇ ਜ਼ਮੀਨੀ ਮੁੱਦੇ ਕਿਸੇ ਪਾਰਟੀ ਵਲੋਂ ਨਹੀਂ ਉਠਾਏ ਜਾ ਰਹੇ। ਇਸ ਵਾਰ ਚੋਣ ਮੁਕਾਬਲੇ ਵੀ 5 ਤੋਂ 7 ਕੋਣੇ ਹੋਣ ਦੇ ਆਸਾਰ ਹਨ।
ਮੁੱਖ ਰੂਪ ਵਿਚ 'ਆਪ', ਕਾਂਗਰਸ, ਅਕਾਲੀ ਦਲ (ਬਾਦਲ), ਅਕਾਲੀ ਦਲ (ਵਾਰਿਸ ਪੰਜਾਬ ਦੇ), ਭਾਜਪਾ ਵਿਚਕਾਰ 5 ਕੋਣੇ ਅਤੇ ਕਈ ਥਾਵਾਂ 'ਤੇ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਬਣਾਏ ਜਾ ਰਹੇ ਅਕਾਲੀ ਦਲਾਂ ਦੇ ਗੱਠਜੋੜ, ਬਸਪਾ ਅਤੇ ਕੁਝ ਆਜ਼ਾਦ ਉਮੀਦਵਾਰ ਮੁਕਾਬਲੇ ਨੂੰ 6-7 ਜਾਂ 8 ਕੋਣੇ ਵੀ ਬਣਾ ਦੇਣਗੇ।
ਉਂਝ ਸਾਡੀ ਜਾਣਕਾਰੀ ਅਨੁਸਾਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਅਤੇ ਅਕਾਲੀ ਦਲ (ਪੁਨਰ ਸੁਰਜੀਤ) ਨੇ ਭਾਵੇਂ ਆਪਸੀ ਸਹਿਯੋਗ ਲਈ ਤਾਲਮੇਲ ਕਮੇਟੀ ਬਣਾਈ ਹੈ। ਪਰ ਦੋਵਾਂ ਵਿਚਕਾਰ ਮਿਲ ਕੇ ਚੋਣ ਲੜਨ ਦੀ ਬਹੁਤੀ ਸੰਭਾਵਨਾ ਨਹੀਂ ਜਾਪਦੀ। ਦੋਵੇਂ ਧਿਰਾਂ ਜਲਦੀ ਹੀ ਆਪੋ-ਆਪਣੇ ਰਾਹ ਵੱਖ ਕਰ ਲੈਣਗੀਆਂ, ਜਦੋਂਕਿ ਪੁਨਰ ਸੁਰਜੀਤ ਦੇ ਕੁਝ ਪ੍ਰਮੁੱਖ ਨੇਤਾ ਇਸ ਹਾਲਤ ਵਿਚ ਜਾਂ ਤਾਂ ਖੁਦ ਹੀ (ਵਾਰਿਸ ਪੰਜਾਬ ਦੇ) ਵੱਲ ਚਲੇ ਜਾਣਗੇ ਜਾਂ ਫਿਰ ਪਾਰਟੀ ਹੀ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾ ਸਕਦੀ ਹੈ। ਇਸ ਦਰਮਿਆਨ ਅਕਾਲੀ ਦਲ (ਪੁਨਰ ਸੁਰਜੀਤ) ਹੋਰ ਅਕਾਲੀ ਧੜਿਆਂ ਨੂੰ ਨਾਲ ਲੈ ਕੇ ਗੱਠਬੰਧਨ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਕਰ ਰਿਹਾ ਹੈ।
ਉਂਝ ਕਮਾਲ ਦੀ ਗੱਲ ਹੈ ਕਿ ਇਕ ਪਾਸੇ ਪੰਜਾਬ ਵਿਚ ਸਿੱਖ ਰਾਜਨੀਤੀ ਖੰਡ-ਖੰਡ ਹੋਈ ਦਿਖਾਈ ਦਿੰਦੀ ਹੈ ਤੇ ਹਾਲ ਦੀ ਘੜੀ ਸਿੱਖ ਵੋਟਾਂ ਕਈ ਧੜਿਆਂ 'ਤੇ 'ਹੰਨੇ ਹੰਨੇ ਦੀ ਮੀਰੀ' ਦਾ ਸ਼ਿਕਾਰ ਹੁੰਦੀਆਂ ਨਜ਼ਰ ਆਉਂਦੀਆਂ ਹਨ। ਪਰ ਸੱਚ ਅਜੇ ਵੀ ਇਹੀ ਹੈ ਕਿ ਪੰਜਾਬ ਦੀ ਰਾਜਨੀਤੀ 'ਤੇ ਸਿੱਖ ਰਾਜਨੀਤੀ ਹੀ ਹਾਵੀ ਰਹਿੰਦੀ ਹੈ। 2022 ਵਿਚ 'ਆਪ' ਦੇ ਜਿੱਤਣ ਦੇ ਕਾਰਨਾਂ ਵਿਚ ਭਾਵੇਂ 'ਮੁਫ਼ਤ ਸਹੂਲਤਾਂ' ਦਾ ਵੀ ਰੋਲ ਹੈ ਤੇ 'ਬਦਲਾਅ' ਦੀ ਆਸ ਵੀ ਸ਼ਾਮਿਲ ਸੀ, ਪਰ ਮੁੱਖ ਰੋਲ ਬੇਅਦਬੀਆਂ ਤੇ ਨਸ਼ੇ ਤੋਂ ਨਾਰਾਜ਼ ਸਿੱਖ ਵੋਟਰਾਂ ਵਲੋਂ ਅਦਾ ਕੀਤਾ ਗਿਆ। ਅਜਿਹੇ ਵਧੇਰੇ ਵੋਟਰ 'ਆਪ' ਵੱਲ ਚਲੇ ਗਏ ਸਨ। ਫਿਰ 2024 ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖ਼ਾਲਸਾ ਦੀ ਜਿੱਤ ਵੀ ਸਿੱਖ ਵੋਟਰਾਂ ਕਾਰਨ ਹੀ ਹੋਈ ਸੀ। ਹੁਣ ਇਸ ਵੇਲੇ ਜਦੋਂ ਹਿੰਦੂ ਵੋਟ ਭਾਜਪਾ ਜਾਂ ਕਾਂਗਰਸ ਪਿੱਛੇ ਇਕੱਠੀ ਹੁੰਦੀ ਦਿਖਾਈ ਦਿੰਦੀ ਹੈ, ਉਥੇ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਖ ਵੋਟ ਨੂੰ ਫਿਰ ਤੋਂ 'ਆਪ' ਵੱਲ ਕਰਨ ਲਈ ਪੂਰਾ ਜ਼ੋਰ ਲਾ ਰਹੇ ਹਨ। ਜਦੋਂਕਿ ਅਕਾਲੀ ਦਲ ਵੀ ਇਸ ਵੇਲੇ ਭਾਵੇਂ ਦੇਰ ਨਾਲ ਹੀ ਸਹੀ ਸਰਕਾਰ ਵਲੋਂ ਬੇਅਦਬੀ ਸੰਬੰਧੀ ਬਣਾਏ ਕਾਨੂੰਨ ਵਿਚ ਦੋਸ਼ਾਂ ਅਤੇ ਸਿੱਖ ਕੌਮ ਨੂੰ ਹੋਣ ਵਾਲੇ ਨੁਕਸਾਨਾਂ ਨੂੰ ਲੈ ਕੇ ਘੇਰਨ ਦੀ ਰਾਜਨੀਤੀ ਬਣਾ ਰਿਹਾ ਹੈ। ਦੇਖਣਾ ਹੋਵੇਗਾ ਕਿ ਇਹ ਟਕਰਾਅ ਕੀ ਬਿਰਤਾਂਤ ਸਿਰਜਦਾ ਹੈ। ਸਾਡੀ ਸਮਝ ਅਨੁਸਾਰ ਭਾਵੇਂ ਸਿੱਖ ਵੋਟ ਇਸ ਵੇਲੇ ਬੁਰੀ ਤਰ੍ਹਾਂ ਵੰਡੀ ਹੋਈ ਹੈ, ਪਰ 2027 ਦੀਆਂ ਵੋਟਾਂ ਤੱਕ ਸਿੱਖ ਵੋਟ ਆਪ-ਮੁਹਾਰੇ ਕਿਸੇ ਇਕ ਧਿਰ ਵੱਲ ਝੁਕੇਗੀ ਤੇ ਵਿਸ਼ਲੇਸ਼ਕਾਂ ਦੇ ਸਾਰੇ ਅੰਦਾਜ਼ੇ ਇਕ ਵਾਰ ਫਿਰ ਗ਼ਲਤ ਸਾਬਤ ਹੋਣਗੇ।
ਯੇ ਦੌਰ-ਏ-ਮੁਹੱਬਤ ਨਹੀਂ ਯੇ ਦੌਰ-ਏ-ਤਰੱਕੀ ਹੈ,
'ਹਾਸਿਲ' ਕੇ ਲਇਏ ਕੁਛ ਭੀ ਗ਼ਲਤ ਠੀਕ ਨਹੀਂ ਹੈ ਯਹਾਂ।
ਰੱਖੜਾ 'ਤੇ ਸਰਗੋਸ਼ੀਆਂ ਹੀ ਸਰਗੋਸ਼ੀਆਂ

ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਰਸਮੀ ਐਲਾਨ ਭਾਵੇਂ ਅਜੇ ਨਹੀਂ ਹੋਇਆ, ਪਰ ਉਨ੍ਹਾਂ ਦੇ ਸ਼ਾਮਿਲ ਹੋਣ ਦੀ ਚਰਚਾ ਪਿਛੇ ਸੁਣਾਈ ਦੇ ਰਹੀਆਂ 'ਸਰਗੋਸ਼ੀਆਂ' ਏਨੀਆਂ ਜ਼ਿਆਦਾ ਹਨ ਕਿ ਸ਼ਾਇਦ ਹੀ ਪੰਜਾਬ ਦੇ ਕਿਸੇ ਹੌਰ ਨੇਤਾ ਦੇ ਪਾਰਟੀ ਬਦਲਣ ਵੇਲੇ ਸੁਣਾਈ ਦਿੱਤੀਆਂ ਹੋਣ। ਸਭ ਤੋਂ ਪਹਿਲੀ ਚਰਚਾ ਤਾਂ ਇਹ ਹੈ ਕਿ ਗੱਲਬਾਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰੱਖੜਾ ਭਰਾਵਾਂ ਦਰਮਿਆਨ ਕਰੀਬ ਦੋ ਹਫ਼ਤੇ ਪਹਿਲਾਂ ਹੋਈ ਮੁਲਾਕਾਤ ਤੋਂ ਬਾਅਦ ਸ਼ੁਰੂ ਹੋਈ। ਇਸ ਸਿਲਸਿਲੇ ਦੀ ਪਹਿਲੀ ਕੜੀ ਸੁਰਜੀਤ ਸਿੰਘ ਰੱਖੜਾ ਦੇ ਭਰਾ ਚਰਨਜੀਤ ਸਿੰਘ ਧਾਲੀਵਾਲ ਦੇ ਸਾਈਕਲਿੰਗ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਚੁਣੇ ਜਾਣ ਨੂੰ ਦੱਸਿਆ ਜਾ ਰਿਹਾ ਹੈ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਅਗਲੀ ਗੱਲਬਾਤ ਮੁੱਖ ਮੰਤਰੀ ਦੇ ਇਕ ਬਹੁਤ ਹੀ ਵਿਸ਼ਵਾਸਪਾਤਰ ਤੇ ਸਮਰੱਥ ਸਹਾਇਕ ਵਲੋਂ ਸਿਰੇ ਚੜ੍ਹਾਏ ਜਾਣ ਦੀ ਚਰਚਾ ਵੀ ਹੈ।
ਸਾਡੀ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਰੱਖੜਾ ਨੇ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ 2-3 ਦਿਨ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ, ਪਰ ਉਨ੍ਹਾਂ ਵਲੋਂ ਮਨਾਉਣ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ। ਇਕ ਵਕਤ ਸੀ ਜਦੋਂ ਸੁਰਜੀਤ ਸਿੰਘ ਰੱਖੜਾ ਨੂੰ ਅਕਾਲੀ ਦਲ (ਪੁਨਰ ਸੁਰਜੀਤ) ਦੀ ਪ੍ਰਧਾਨਗੀ ਦਾ ਦਾਅਵੇਦਾਰ ਦੱਸਿਆ ਜਾਂਦਾ ਸੀ।
ਰੱਖੜਾ ਦੇ 'ਆਪ' ਵਿਚ ਸ਼ਾਮਿਲ ਹੋਣ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦੇ ਹਲਕੇ ਸਮਾਣਾ ਵਿਚ ਬੇਅਦਬੀ ਵਿਰੋਧੀ ਕਾਨੂੰਨ ਦੀ ਮੰਗ ਨੂੰ ਲੈ ਕੇ ਲੱਗੇ 'ਟਾਵਰ ਮੋਰਚੇ' ਦੇ ਪ੍ਰਭਾਵ ਨੂੰ ਮੰਨਿਆ ਜਾਂਦਾ ਹੈ। ਸਮਝਿਆ ਜਾਂਦਾ ਹੈ ਕਿ ਸਫਲ ਮੋਰਚੇ ਕਾਰਨ ਸਮਾਣਾ ਦੇ ਪਿੰਡਾਂ ਵਿਚ 'ਆਪ' ਦਾ ਪ੍ਰਭਾਵ ਵਧਿਆ ਹੈ। ਪਰ ਇਥੇ ਰੱਖੜਾ ਲਈ ਇਕ ਬਹੁਤ ਵੱਡੀ ਮੁਸ਼ਕਿਲ ਇਹ ਹੋ ਸਕਦੀ ਹੈ ਕਿ ਇਥੋਂ ਹੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਪ੍ਰਮੁੱਖ 'ਆਪ' ਆਗੂ ਹਰਚੰਦ ਸਿੰਘ 'ਬਰਸਟ' ਜੋ 'ਆਪ' ਹਾਈਕਮਾਨ ਦੇ ਬਹੁਤ ਨੇੜੇ ਦੱਸੇ ਜਾਂਦੇ ਹਨ, ਟਿਕਟ ਦੇ ਦਾਅਵੇਦਾਰ ਹੀ ਨਹੀਂ ਸਗੋਂ ਪ੍ਰਚਾਰ ਵੀ ਕਰ ਰਹੇ ਹਨ। ਇਸ ਦਰਮਿਆਨ ਇਕ 'ਸਰਗੋਸ਼ੀ' ਇਹ ਵੀ ਹੈ ਕਿ ਰੱਖੜਾ ਨੂੰ ਕੋਈ ਵੱਡੀ ਚੇਅਰਮੈਨੀ ਵੀ ਦਿੱਤੀ ਜਾ ਸਕਦੀ ਹੈ। ਇਸ ਦਰਮਿਆਨ ਰੱਖੜਾ ਪਰਿਵਾਰ ਨੂੰ ਪਟਿਆਲਾ ਜ਼ਿਲ੍ਹੇ ਵਿਚ ਕੋਈ ਹੋਰ ਟਿਕਟ ਦਿੱਤੇ ਜਾਣ ਦੀ ਵੀ ਚਰਚਾ ਹੈ। ਪਰ ਇਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਰੱਖੜਾ ਪਰਿਵਾਰ ਖ਼ਾਸ ਕਰ ਦਰਸ਼ਨ ਸਿੰਘ ਧਾਲੀਵਾਲ ਭਾਜਪਾ ਦੇ 2 ਸਭ ਤੋਂ ਵੱਡੇ ਨੇਤਾਵਾਂ ਦੇ ਵੀ ਕਾਫੀ ਨੇੜੇ ਹਨ, ਉਹ ਕਈ ਵਾਰ ਉਨ੍ਹਾਂ ਨਾਲ ਮੁਲਾਕਾਤਾਂ ਵੀ ਕਰ ਚੁੱਕੇ ਹਨ। ਫਿਰ ਸਵਾਲ ਉੱਠਦਾ ਹੈ ਕਿ ਉਹ ਭਾਜਪਾ ਵਿਚ ਕਿਉਂ ਨਹੀਂ ਗਏ? ਅਜਿਹੇ ਚਰਚੇ ਵੀ ਹਨ ਕਿ ਉਹ ਭਾਜਪਾ ਨੇਤਾਵਾਂ ਨੂੰ ਪੁੱਛ ਕੇ ਹੀ 'ਆਪ' ਵਿਚ ਜਾ ਰਹੇ ਹਨ। ਪਰ ਇਨ੍ਹਾਂ ਸਾਰੀਆਂ 'ਸਰਗੋਸ਼ੀਆਂ' ਤੇ ਚਰਚਿਆਂ ਦੀ ਪੁਸ਼ਟੀ ਕਰਨੀ ਲਗਭਗ ਅਸੰਭਵ ਹੈ।
ਮੰਜ਼ਿਲ ਅਭੀ ਵਹੀ ਹੈ ਜੋ ਪਹਿਲੇ ਥੀ ਕਭੀ
ਰਾਹੇਂ ਬਦਲ ਕੇ ਫਿਰ ਸੇ ਜਾਨਾ ਹੈ ਉਸ ਤਲਕ।
(ਲਾਲ ਫਿਰੋਜ਼ਪੁਰੀ)
ਪ੍ਰਧਾਨ ਮੰਤਰੀ ਦੀ ਅਪੀਲ

ਬੇਸ਼ੱਕ ਵਿਰੋਧੀ ਪਾਰਟੀਆਂ ਦਾ ਇਹ ਸਵਾਲ ਹੱਕ-ਬਜਾਨਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਅਪੀਲ ਕਰਨ ਲਈ 5 ਰਾਜਾਂ ਦੇ ਚੋਣ ਨਤੀਜਿਆਂ ਨੂੰ ਕਿਉਂ ਉਡੀਕਿਆ, ਕਿਉਂਕਿ ਜਿਵੇਂ ਹੀ ਭਾਰਤ ਨੂੰ ਅਮਰੀਕਾ-ਈਰਾਨ ਜੰਗ ਕਾਰਨ ਤੇਲ, ਖਾਦਾਂ ਤੇ ਹੋਰ ਚੀਜ਼ਾਂ ਵੀ ਮਹਿੰਗੇ ਭਾਅ ਖਰੀਦਣੀਆਂ ਪਈਆਂ ਤਾਂ ਚਾਹੀਦਾ ਤਾਂ ਇਹ ਸੀ ਕਿ ਅਜਿਹੀ ਅਪੀਲ ਚੋਣ ਰਾਜਨੀਤੀ ਦੀ ਪ੍ਰਵਾਹ ਨਾ ਕਰਦਿਆਂ ਪਹਿਲਾਂ ਕਰ ਦਿੱਤੀ ਜਾਂਦੀ। ਪਰ ਦੇਰ ਨਾਲ ਹੀ ਸਹੀ ਇਹ ਅਪੀਲ ਭਾਰਤੀ ਆਰਥਿਕਤਾ ਲਈ ਬਹੁਤ ਜ਼ਰੂਰੀ ਹੈ। ਖ਼ਾਸ ਕਰ ਉਸ ਵੇਲੇ ਜਦੋਂ ਭਾਰਤੀ ਰੁਪਿਆ ਦੁਨੀਆ ਦੀਆਂ ਵੱਡੀਆਂ ਕਰੰਸੀਆਂ ਦੇ ਮੁਕਾਬਲੇ ਦੋਹਰੀ ਮਾਰ ਖਾ ਰਿਹਾ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 5 ਤੋਂ 6 ਫ਼ੀਸਦੀ ਡਿਗਿਆ ਹੈ ਪਰ ਇਹ ਯੂਰੋ, ਪੌਂਡ, ਯੂਆਨ, ਜਪਾਨ ਯੇਨ ਤੇ ਹੋਰ ਕਰੰਸੀਆਂ ਦੇ ਮੁਕਾਬਲੇ ਵੀ ਡਿੱਗਾ ਹੈ। ਇਸ ਦਾ ਮੁੱਖ ਕਾਰਨ ਸਾਡਾ ਵਧਦਾ ਵਪਾਰ ਘਾਟਾ ਤੇ ਆਯਾਤ ਬਿੱਲ ਹੈ। ਇਹ ਠੀਕ ਹੈ ਕਿ ਜਦੋਂ ਵਿਸ਼ਵ ਬਾਜ਼ਾਰ ਵਿਚ ਤੇਲ ਬਹੁਤ ਸਸਤਾ ਹੋ ਗਿਆ ਸੀ ਤਾਂ ਉਸ ਵੇਲੇ ਇਸ ਦਾ ਫਾਇਦਾ ਰਿਲਾਇੰਸ ਵਰਗੀਆਂ ਨਿੱਜੀ ਅਤੇ ਕਈ ਸਰਕਾਰੀ ਕੰਪਨੀਆਂ ਨੇ ਭਰਪੂਰ ਉਠਾਇਆ। ਉਨ੍ਹਾਂ ਅਰਬਾਂ ਡਾਲਰ ਦੀ ਕਮਾਈ ਕੀਤੀ, ਪਰ ਸਰਕਾਰ ਨੇ ਇਹ ਕੀਮਤ ਘਟਾ ਕੇ ਫਾਇਦਾ ਲੋਕਾਂ ਨੂੰ ਨਹੀਂ ਪਹੁੰਚਾਇਆ। ਹੁਣ ਜੇਕਰ ਸਰਕਾਰ ਰੇਟ ਵਧਾਉਣ ਦੀ ਇਜਾਜ਼ਤ ਦਿੰਦੀ ਹੈ ਤਾਂ ਦੇਸ਼ ਵਿਚ ਮਹਿੰਗਾਈ ਦਾ ਇਕ ਨਵਾਂ ਦੌਰ ਚੱਲ ਪਵੇਗਾ। ਦੂਜੇ ਪਾਸੇ ਜੇਕਰ ਜਿਵੇਂ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਭਾਰਤੀ ਲੋਕ ਇਕ ਸਾਲ ਸੋਨਾ ਨਾ ਖ਼ਰੀਦਣ, ਤੇਲ ਘੱਟ ਬਾਲਣ, ਖਾਣ ਵਾਲੇ ਤੇਲ ਘੱਟ ਵਰਤਣ ਤੇ ਵਿਦੇਸ਼ੀ ਸੈਰ ਨਾ ਕਰਨ ਆਦਿ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਭਾਰਤੀ ਰੁਪਏ ਨੂੰ ਹੋਰ ਡਿਗਣੋਂ ਬਚਾਉਣਾ ਔਖਾ ਹੋ ਜਾਵੇਗਾ। ਬੇਸ਼ੱਕ ਭਾਰਤ ਕੋਲ ਇਸ ਵੇਲੇ 690 ਤੋਂ 700 ਬਿਲੀਅਨ ਡਾਲਰ ਦਾ ਵਿਦੇਸ਼ੀ ਮੁਦਰਾ ਦਾ ਭੰਡਾਰ ਹੈ। ਪਰ ਜੇਕਰ ਇਸੇ ਰਫ਼ਤਾਰ ਨਾਲ ਆਯਾਤ ਜਾਰੀ ਰਿਹਾ ਤਾਂ ਇਹ ਮੁਦਰਾ ਭੰਡਾਰ ਵੀ ਘਟੇਗਾ ਤੇ ਰੁਪਏ ਦੀ ਕੀਮਤ ਵੀ ਡਿੱਗੇਗੀ। 2025-26 ਵਿਚ ਭਾਰਤ ਨੇ 6 ਲੱਖ ਕਰੋੜ ਰੁਪਏ ਤੋਂ ਵਧੇਰੇ ਦਾ ਸੋਨਾ ਆਯਾਤ ਕੀਤਾ ਸੀ। ਜਦੋਂ ਕਿ ਇਸ ਸਾਲ 83 ਟਨ ਪ੍ਰਤੀ ਮਹੀਨਾ ਆਯਾਤ ਹੋਇਆ, ਜੋ ਪਹਿਲਾਂ ਤੋਂ ਵੀ ਜ਼ਿਆਦਾ ਹੈ। ਸੋਨਾ ਆਯਾਤ ਕਰਨ ਲਈ ਡਾਲਰ ਖਰਚਣੇ ਪੈਂਦੇ ਹਨ ਤੇ ਰੁਪਿਆ ਡਿਗਦਾ ਹੈ। ਭਾਰਤ ਖਾਦਾਂ, ਤੇਲ ਆਦਿ ਵੀ ਆਯਾਤ ਹੀ ਕਰਦਾ ਹੈ। ਬਾਕੀ ਚੀਜ਼ਾਂ ਤਾਂ ਜ਼ਿੰਦਗੀ ਲਈ ਜ਼ਰੂਰੀ ਹਨ, ਪਰ ਸੋਨਾ ਆਯਾਤ ਕੀਤੇ ਬਿਨਾਂ ਜ਼ਿੰਦਗੀ ਚੱਲ ਸਕਦੀ ਹੈ। ਇਸ ਲਈ ਸਰਕਾਰ ਨੇ ਸੋਨੇ 'ਤੇ ਆਯਾਤ ਸ਼ੁਲਕ ਵਧਾ ਦਿੱਤਾ ਹੈ। ਪਰ ਇਸ ਦਾ ਨਤੀਜਾ ਇਹ ਨਿਕਲੇਗਾ ਕਿ ਦੇਸ਼ ਵਿਚ ਸੋਨੇ ਦੀ ਤਸਕਰੀ ਵਧੇਗੀ। ਇਸ ਵੇਲੇ ਭਾਰਤ ਦਾ ਵਪਾਰ ਘਾਟਾ 333 ਬਿਲੀਅਨ ਡਾਲਰ ਹੈ। ਇਹ ਠੀਕ ਹੈ ਕਿ ਭਾਰਤੀਆਂ ਨੂੰ ਦੇਸ਼ ਦੀ ਆਰਥਿਕ ਸਥਿਤੀ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਦੀ ਅਪੀਲ 'ਤੇ ਅਮਲ ਕਰਨਾ ਚਾਹੀਦਾ ਹੈ, ਪਰ ਸਰਕਾਰ ਨੂੰ ਵੀ ਤਾਂ ਚਾਹੀਦਾ ਹੈ ਕਿ ਉਹ ਵਪਾਰ ਘਾਟੇ ਨੂੰ ਘਟਾਉਣ ਲਈ ਕੋਈ ਰਣਨੀਤੀ ਬਣਾਏ, ਨਾ ਕਿ ਹਰ ਵਕਤ ਸਿਰਫ਼ ਚੋਣਾਂ ਜਿੱਤਣ ਅਤੇ ਦੇਸ਼ ਵਿਚ ਘੱਟ-ਗਿਣਤੀ ਬਨਾਮ ਬਹੁਗਿਣਤੀ ਦੇ ਤਣਾਅ ਨੂੰ ਵਧਾਉਣ ਵਾਲੀ ਬਿਆਨਬਾਜ਼ੀ ਹੀ ਕਰਦੀ ਹੈ। ਇਨ੍ਹਾਂ ਸਥਿਤੀਆਂ ਕਾਰਨ ਭਾਰਤੀ ਆਰਥਿਕਤਾ ਨੂੰ ਇਕ ਵੱਡੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਧਾਨ ਮੰਤਰੀ ਦੀ ਅਪੀਲ ਇਸ ਖ਼ਤਰੇ ਦੀ ਹੀ ਸੂਚਕ ਹੈ।

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

Ad Position 22
No active advertisement
ਪਿਛਲੀ ਖ਼ਬਰ ਕਣਕਾਂ ਦੇ ਵੱਢਾਂ 'ਚ ਏਨੀ ਚੁੱਪ ਕਿਉਂ ਪਸਰੀ ਐ? ਅਗਲੀ ਖ਼ਬਰ ਟਰੰਪ ਦੀ ਚੀਨ ਫੇਰੀ ਦਾ ਮਹੱਤਵ
Ad Position 24