ਹਨੇਰੀਆਂ ਤਾਂ ਪਹਿਲਾਂ ਵੀ ਬਥੇਰੀਆਂ ਆਉਂਦੀਆਂ ਹੁੰਦੀਆਂ ਸਨ, ਹਵਾ ਦੇ ਗੋਲ-ਗੋਲ ਘੁੰਮਦੇ ਵਾ-ਵਰੋਲਿਆਂ 'ਚ ਵੱਢੀ ਕਣਕ ਦੀਆਂ ਸੱਥਰੀਆਂ ਅਸਮਾਨੀ ਘੁੰਮਦੀਆਂ ਕਿਸੇ ਦੂਸਰੇ ਦੇ ਖੇਤਾਂ 'ਚ ਤੀਲਾ-ਤੀਲਾ ਹੋ ਕੇ ਆਮ ਹੀ ਖਿੰਡਰ ਜਾਂਦੀਆਂ ਸਨ। ਖੇਤਾਂ 'ਚ ਕੰਮ ਕਰਨ ਵਾਲੇ ਆਪਣੀਆਂ ਅੱਖਾਂ ਅੱਗੇ ਹੱਥ ਧਰ ਕੇ ਵਾ-ਵਰੋਲੇ ਦੇ ਮਿੱਟੀ-ਘੱਟੇ ਤੋਂ ਬਚਾਅ ਕਰਦੇ। ਅਜਿਹੇ 'ਚ ਬੱਦਲਾਂ ਦੀ ਗਰਜ ਤੇ ਚਮਕ ਨਾਲ ਤਾਂ ਲੋਕਾਂ ਦੇ ਸਾਹ ਹੀ ਸੂਤੇ ਜਾਂਦੇ ਸਨ। ਇਸ ਵਾਰ ਅਪ੍ਰੈਲ ਮਹੀਨੇ ਦੇ ਸ਼ੁਰੂ 'ਚ ਕਈ ਦਿਨਾਂ ਤੱਕ ਖਰਾਬ ਰਹੇ ਮੌਸਮ ਨੇ ਹਰ ਕਿਸੇ ਦੇ ਕੰਨਾਂ ਨੂੰ ਹੱਥ ਲੁਆ ਦਿੱਤੇ ਸਨ, ਮੌਸਮ ਥੋੜ੍ਹਾ ਵੱਲ ਹੋਇਆ ਤਾਂ ਹੋਰਾਂ ਵਾਂਗ ਅਸੀਂ ਵੀ ਕੰਬਾਈਨ ਵਾਲੇ ਤੋਂ ਵਾਰੀ ਮੱਲ ਲਈ ਕਿ ਹਾੜੀ ਸੁੱਖੀ-ਸਾਂਦੀ ਸਾਂਭੀ ਜਾ ਸਕੇ। ਇਕ-ਡੇਢ ਵਜੇ ਮੁੰਡਿਆਂ ਗੰਢਿਆਲ ਨਾਲ ਦੀ ਪੈਲੀ 'ਚ ਕੰਬਾਈਨ ਦਾ ਆਣ ਸਟੇਰਿੰਗ ਘੁੰਮਾਇਆ ਤੇ ਦੋ-ਢਾਈ ਘੰਟਿਆਂ 'ਚ ਖੇਤ ਖਾਲੀ ਕਰਤਾ। ਉਹ ਜਿੰਨੀ ਤੇਜ਼ੀ ਨਾਲ ਆਏ, ਉਸੇ ਤੇਜ਼ੀ ਨਾਲ ਪਿੰਡੋਂ ਪਾਰਲੇ ਪਾਸੇ ਕਿਸੇ ਹੋਰ ਦੀ ਪੈਲੀ ਨੂੰ ਮੁਹਾਰਾਂ ਮੋੜ ਗਏ। ਤੁਰੀ ਜਾਂਦੀ ਕੰਬਾਈਨ ਦਾ ਨਿੰਮਾ-ਨਿੰਮਾ ਜਿਹਾ ਸ਼ੋਰ ਮੈਨੂੰ ਲਗਾਤਾਰ ਸੁਣਾਈ ਦੇ ਰਿਹਾ ਸੀ। ਹਰ ਇਕ ਨੂੰ ਕਾਹਲ ਐ, ਦਾਣਾ-ਫੱਕਾ ਵੇਲੇ ਸਿਰ ਸਾਂਭਿਆ ਜਾਵੇ। ਜਿੱਧਰ ਵੀ ਨਿਗ੍ਹਾ ਜਾਂਦੀ ਏ, ਦੂਰ-ਦੂਰ ਤੀਕ ਕਣਕਾਂ ਦੇ ਖਾਲੀ ਵੱਢ ਨੇ। ਜਿੱਥੇ ਮੈਂ ਖੜ੍ਹਾਂ, ਇਥੇ ਤਿੰਨ ਪਿੰਡਾਂ ਦੀ ਹੱਦ ਲਗਦੀ ਐ। ਮਹਿਕਮਾ ਮਾਲ ਦੀ ਉਹ ਬੁਰਜੀ ਇਸੇ ਕਿੱਲੇ ਦੇ ਪਰਲੇ ਕੰਢੇ 'ਤੇ ਐ। ਬਾਪ ਮੇਰਾ ਇਸ ਨੂੰ 'ਤਿਹੱਦਾ' ਕਹਿੰਦਾ ਹੁੰਦਾ ਸੀ, ਪਟਵਾਰੀਆਂ ਦੇ ਛਿਜਰੇ 'ਚ ਸ਼ਾਇਦ 'ਤ੍ਰੈ-ਹੱਦਾ' ਹੋਵੇ।
ਮੈਂ ਇਸ ਤਿਹੱਦੇ ਦੇ ਕੋਲ ਖੜ੍ਹਾ ਤਿੰਨੋਂ ਦਿਸ਼ਾਵਾਂ ਵੱਲ ਝਾਤੀ ਮਾਰੀ ਤਾਂ ਚਾਰੇ ਪਾਸੇ ਭਾਂ-ਭਾਂ ਕਰਦੇ ਖਾਲੀ ਵੱਢ 'ਚ ਕੋਈ ਬੰਦਾ ਤੇ ਪਰਿੰਦਾ ਨਾ ਹੋਣ ਕਰਕੇ ਚਾਰ-ਚੁਫੇਰੇ ਸੁੰਨ ਪਸਰੀ ਪਈ ਸੀ। ਮੈਂ ਸੋਚਦਾਂ ਕਿ ਇਨ੍ਹਾਂ ਦਿਨਾਂ 'ਚ ਤਾਂ ਖੇਤਾਂ ਵਿਚ ਦਿਨ-ਰਾਤ ਰੌਣਕਾਂ ਰਹਿੰਦੀਆਂ ਸਨ। ਪੱਕੀਆਂ ਕਣਕਾਂ ਵੱਢਣ, ਬੰਨ੍ਹਣ, ਗਾਹੁਣ ਤੇ ਸੰਭਾਲਣ ਲਈ ਪੂਰਾ ਪਿੰਡ ਪੱਬਾਂ ਭਾਰ ਹੋਇਆ ਹੁੰਦਾ ਸੀ। ਲਾਲ ਲਕੀਰ ਵਾਲੇ ਪਿੰਡ ਦੀ ਫਿਰਨੀ ਦੇ ਅੰਦਰਵਾਰ ਵਸਦੇ ਹਰ ਕਿੱਤੇ ਵਾਲੇ ਬੇ-ਜ਼ਮੀਨੇ ਵੀ ਕਿਸੇ ਨਾ ਕਿਸੇ ਰੂਪ ਵਿਚ ਸੋਨੇ ਰੰਗੀਆਂ ਕਣਕਾਂ ਸਾਂਭਣ ਲਈ ਹੱਥ ਵਟਾ ਰਹੇ ਹੁੰਦੇ ਸਨ। ਪੈਰਾਂ ਭਾਰ ਬੈਠੇ ਪਾਲਾਂ ਦੀਆਂ ਪਾਲਾਂ ਗੱਭਰੂ ਕਾਮਿਆਂ ਦੀਆਂ ਦਾਤਰੀਆਂ ਸਾਰਾ ਦਿਨ ਪੱਕੀਆਂ ਕਣਕਾਂ ਦੇ ਕਲਾਵੇ ਭਰਦੀਆਂ, ਸ਼ਾਮ ਢਲੇ ਵੱਢੀ ਕਣਕ ਦੀਆਂ ਭਰੀਆਂ ਬੱਝਦੀਆਂ। ਫਿਰ ਭਰੀਆਂ ਦੇ ਖਿਲਵਾੜੇ ਲੱਗਣ 'ਤੇ ਖਿਲਵਾੜਿਆਂ ਦੀ ਰਾਖੀ ਮੰਜੀਆਂ ਡਿੱਠਦੀਆਂ। ਕਈ-ਕਈ ਰਾਤਾਂ ਪਿੜਾਂ 'ਚ ਲੰਘਦੀਆਂ, ਦਿਨ-ਰਾਤ ਥਰੈਸ਼ਰ ਚਲਦੇ। ਥੱਬਿਆਂ ਦੇ ਥੱਬੇ ਚੀਰਨੀਆਂ ਲਗਦੀਆਂ। ਅਸਮਾਨ ਛੂੰਹਦੀ ਚਾਂਦੀ ਰੰਗੀ ਭਾਹਾਂ ਮਾਰਦੀ ਤੂੜੀ ਦੀ ਧੜ ਅੱਧੀ ਪੈਲੀ ਮੱਲ ਲੈਂਦੀ ਸੀ। ਭੱਜ-ਭੱਜ ਕੰਮ ਕਰਦੇ ਕਾਮਿਆਂ ਦੇ ਢੋਲੇ-ਮਾਹੀਏ ਗਾਉਣ ਦੀਆਂ ਆਵਾਜ਼ਾਂ ਚਾਰ-ਚੁਫੇਰੇ ਗੂੰਜਦੀਆਂ, ਉਸ ਵੇਲੇ ਪਿੰਡ ਦੇ ਨਾਲ-ਨਾਲ ਇਹ ਜ਼ਮੀਨਾਂ ਵੀ ਜਾਗਦੀਆਂ ਪ੍ਰਤੀਤ ਹੁੰਦੀਆਂ ਸਨ।
ਜਦੋਂ ਮੈਂ ਤਿਹੱਦੇ ਵਾਲੀ ਨੁੱਕਰੋਂ ਪਿਛਾਂਹ ਪਰਤਣ ਲੱਗਾ ਤਾਂ ਬੰਨ੍ਹੇ ਦੇ ਨਾਲ 4-5 ਤੀਲੇ ਸਿੱਟਿਆਂ ਸਣੇ ਖੜ੍ਹੇ ਹਵਾ 'ਚ ਝੂਲ ਰਹੇ ਸਨ, ਜੋ ਕੰਬਾਈਨ ਦੇ ਬਲੇਡ ਦੀ ਮਾਰ ਹੇਠ ਨਹੀਂ ਆਏ ਸਨ। ਮੈਂ ਇਨ੍ਹਾਂ ਨੂੰ ਆਪਣੇ ਘਰ ਦੀਆਂ ਬਰੂਹਾਂ 'ਤੇ ਟੰਗਣ ਲਈ ਨਾੜ ਸਣੇ ਤੋੜਨ ਦੀ ਕੋਸ਼ਿਸ਼ ਕਰਦਿਆਂ ਸੋਚਦਾਂ ਕਿ ਇਕ ਜ਼ਮਾਨੇ 'ਚ ਬਾਪ ਸਾਡਾ ਇਸੇ ਨੁੱਕਰੇ ਛੀਓੜੰਬਾ ਛੱਡਦਾ ਹੁੰਦਾ ਸੀ। ਵਾਢੀ ਨੇਪਰੇ ਚੜ੍ਹਨ ਵਾਲੇ ਆਖਰੀ ਦਿਨ ਪਿੰਡ ਦੇ ਜਵਾਕਾਂ ਸਣੇ ਅਸੀਂ ਵੀ ਇਹ ਹੋ-ਹੱਲਾ ਵੇਖਣ ਲਈ ਇਸੇ ਜਗ੍ਹਾ ਆਣ ਖਲੋਂਦੇ ਸੀ। ਬਾਪ ਡੇਢ੍ਹ ਕੁ ਮਰਲਾ ਕਣਕ ਖੜ੍ਹੀ ਖੜੋਤੀ ਛੱਡ ਕੇ ਆਪ ਪਿਛਾਂਹ ਹਟ ਕੇ ਖਲੋਅ ਜਾਂਦਾ ਤੇ ਨਿਆਣੇ ਇਸ਼ਾਰਾ ਸਮਝਦਿਆਂ ਹੀ ਟੁੱਟ ਕੇ ਪੈ ਜਾਂਦੇ। ਕੋਈ ਨੀਵੇਂ ਲੱਕ ਹੋਇਆ ਦਾਤਰੀ ਵਾਹੁੰਦਾ। ਕੋਈ ਦੋਵੇਂ ਹੱਥੀਂ ਸਿੱਟੇ ਮਰੋੜ-ਮਰੋੜ ਆਪਣੀ ਝੋਲੀ ਭਰੀ ਜਾਂਦਾ। ਹਰ ਕੋਈ ਇੱਕ-ਦੂਜੇ ਤੋਂ ਅੱਗੇ ਹੋ ਕੇ ਖੋਹਾ-ਖੋਹੀ 'ਚ ਜੁਟਿਆ ਹੁੰਦਾ ਤੇ ਚਾਰੇ ਪਾਸੇ ਪੂਰਾ ਚੀਹੋ- ਵਾਟ ਮਚਿਆ ਹੁੰਦਾ ਸੀ। ਬਾਪ ਦੇ ਚਿਹਰੇ 'ਤੇ ਖ਼ੁਸ਼ੀ ਡਲਕਾਂ ਮਾਰਦੀ। ਕਣਕਾਂ ਵਿਹੂਣੇ ਖਾਲੀ ਵੱਢ ਵੀ ਚਹਿਕਣ ਲੱਗਦੇ। ਦੂਰ ਤੀਕ ਖੁੱਲ੍ਹੇ ਵੱਢਾਂ 'ਚ ਡੰਗਰ ਵੱਛਾ ਚਰਦਾ, ਕੁੜੀਆਂ ਕਈ ਦਿਨ ਇਨ੍ਹਾਂ ਵੱਢਾਂ 'ਚੋਂ ਸਿੱਟੇ ਚੁਗਦੀਆਂ। ਆਂਡਿਆਂ 'ਤੇ ਆਏ ਕਈ ਪੰਛੀ ਇਨ੍ਹਾਂ ਹੀ ਵੱਢਾਂ 'ਚ ਆਂਡੇ ਦਿੰਦੇ। ਨਵੇਂ ਬੋਟ ਨਿਕਲਦੇ। ਤਿੱਤਰ, ਬਟੇਰੇ ਤੇ ਟਿਟੀਹਰੀ ਦੇ ਬੱਚਿਆਂ ਦੀ ਚੀਂ-ਚੀਂ ਇ੍ਹਨਾਂ ਖਾਲੀ ਵੱਢਾਂ ਨੂੰ ਕਿਥੇ ਉਦਾਸ ਹੋਣ ਦਿੰਦੀ ਸੀ।
ਅੱਜ ਮੇਰੇ ਵੇਂਹਦਿਆਂ ਵੇਂਹਦਿਆਂ ਭਾਰੇ ਟਾਇਰਾਂ ਵਾਲੀ ਮਸ਼ੀਨ ਹੂੰਝਾ ਫੇਰ ਕੇ ਚਲਦੀ ਬਣੀ। ਪਿੰਡ ਤੋਂ ਕੋਈ ਵੀ ਵਾਢਾ ਤਾਰਿਆਂ ਦੀ ਲੋਏ ਇੱਧਰ ਨਹੀਂ ਸੀ ਵੜਿਆ, ਨਾ ਹੀ ਘਰ ਦੀ ਕੋਈ ਸੁਆਣੀ ਛਾਹ ਵੇਲਾ ਲੈ ਕੇ ਉਨ੍ਹਾਂ ਦੇ ਮਗਰ ਆਈ ਸੀ। ਨਾ ਕਿਸੇ ਵੱਢੀਆਂ, ਨਾ ਬੰਨ੍ਹੀਆਂ, ਨਾ ਗਾਹੀਆਂ, ਨਾ ਬੋਹਲ ਲੱਗੇ ਤੇ ਨਾ ਹੀ ਤਕੜੀ ਦੇ ਛਾਬੇ 'ਚ ਸੋਨੇ ਰੰਗੀ ਨੂੰ ਚਾੜ੍ਹ ਕੇ 'ਬਰਕਤ ਸੱਚੇ ਸਾਹਬ ਦੀ' ਕਹਿੰਦਿਆਂ ਕਿਸੇ ਨੇ ਹਿੱਸੇ ਵਾਲੇ, ਸੇਪੀ ਜਾਂ ਲਾਗੀ ਜਾਂ ਹੋਰ ਕਿਰਤੀ ਦੀ ਖਾਲੀ ਝੋਲੀ ਹੀ ਭਰੀ। ਮੈਂ ਦੂਰ-ਦੂਰ ਤੀਕ ਉਦਾਸ ਜਿਹਾ ਝਾਕਦਾਂ, ਕਿਉਂਕਿ ਮੈਨੂੰ ਪਤੈ ਕਿ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਕੋਈ ਨਾ ਕੋਈ ਇਧਰ ਹੱਥ ਵਿਚ ਮਾਚਿਸ ਲੈ ਕੇ ਆਏਗਾ। ਫਿਰ ਇਕੋ ਤੀਲੀ ਬਚੇ ਕੱਖ-ਕਾਨ ਨੂੰ ਪਲਾਂ ਛਿਣਾਂ 'ਚ ਭਾਂਬੜ ਮਚਾ ਦੇਵੇਗੀ, ਪਿੱਛੇ ਕਾਲ਼ਖਾਂ ਮਾਰੀ ਜ਼ਮੀਨ 'ਤੇ ਸੜਾਂਦ ਮਾਰਦੀ ਧੂੰਆਂ-ਰੌਲੀ ਰਹਿ ਜਾਏਗੀ। ਖਾਲੀ ਵੱਢਾਂ ਦੀ ਉਦਾਸੀ ਮੈਨੂੰ ਵੱਢ ਖਾਣ ਨੂੰ ਆਉਂਦੀ ਐ, ਦੂਰ ਤੁਰੀ ਜਾਂਦੀ ਮਸ਼ੀਨ ਦੀ ਮੱਠੀ-ਮੱਠੀ ਹੂਕਰ ਮੈਨੂੰ ਅਜੇ ਵੀ ਸੁਣਾਈ ਦੇਂਦੀ ਐ। ਮੈਨੂੰ ਲਗਦਾ ਇਨ੍ਹਾਂ ਵੱਢਾਂ ਅੰਦਰ ਲਗਦੀਆਂ ਸਭ ਰੌਣਕਾਂ ਇਨ੍ਹਾਂ ਮਸ਼ੀਨਾਂ ਨੇ ਆਪਣੇ ਵੱਡੇ ਢਿੱਡਾਂ ਅੰਦਰ ਸਮੇਟ ਲਈਆਂ ਹਨ। ਰੌਣਕਾਂ ਬੰਨ੍ਹਣ ਤੇ ਮਾਨਣ ਵਾਲੇ ਜੋ ਅਕਸਰ ਤਲਖ਼ ਮੌਸਮਾਂ ਤੇ ਵਕਤ ਦੀਆਂ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੁੰਦੇ ਹਨ, ਉਹ ਭਲੇ ਵੇਲਿਆਂ ਦੀ ਉਡੀਕ 'ਚ ਜੀਅ ਰਹੇ ਹਨ।
-ਮੋਬਾਈਲ : 9872165707