ਦੇਸ਼ ਦੀ ਪ੍ਰਸ਼ਾਸਨਿਕ ਪ੍ਰਣਾਲੀ 'ਚ ਉਹ ਵਿਭਾਗ ਸਭ ਤੋਂ ਵੱਧ ਅਹਿਮ ਮੰਨੇ ਜਾਂਦੇ ਹਨ, ਜਿਨ੍ਹਾਂ 'ਤੇ ਭ੍ਰਿਸ਼ਟਾਚਾਰ ਨੂੰ ਰੋਕਣ, ਸਰਕਾਰੀ ਕੰਮਕਾਜ ਵਿਚ ਪਾਰਦਰਸ਼ਿਤਾ ਲਿਆਉਣ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ। ਆਮ ਲੋਕਾਂ ਦੀ ਉਮੀਦ ਹੁੰਦੀ ਹੈ ਕਿ ਅਜਿਹੇ ਵਿਭਾਗ ਨਾ ਸਿਰਫ਼ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣਗੇ, ਸਗੋਂ ਆਪਣੇ ਕੰਮਕਾਜ 'ਚ ਵੀ ਉੱਚ ਪੱਧਰੀ ਇਮਾਨਦਾਰੀ ਅਤੇ ਨੈਤਿਕਤਾ ਦਾ ਪ੍ਰਦਰਸ਼ਨ ਕਰਨਗੇ। ਪਰ ਜਦੋਂ ਇਸੇ ਕਿਸਮ ਦੇ ਕਿਸੇ ਵਿਭਾਗ ਦੇ ਦਫ਼ਤਰ 'ਤੇ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਵਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਇਹ ਸਿਰਫ਼ ਇਕ ਵਿਭਾਗ ਜਾਂ ਇਕ ਮਾਮਲੇ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਪੂਰੇ ਪ੍ਰਸ਼ਾਸਨਿਕ ਢਾਂਚੇ ਅਤੇ ਸਿਸਟਮ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੰਦੀ ਹੈ।
ਤਾਜ਼ਾ ਮਾਮਲੇ 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋਂ ਭ੍ਰਿਸ਼ਟਾਚਾਰ ਰੋਕਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਵਿਜੀਲੈਂਸ ਬਿਊਰੋ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ 'ਤੇ ਸੀ.ਬੀ.ਆਈ. ਦੀ ਟੀਮ ਨੇ ਛਾਪੇਮਾਰੀ ਕੀਤੀ। ਇਸ ਕਾਰਵਾਈ ਤੋਂ ਬਾਅਦ ਸਰਕਾਰੀ ਮਹਿਕਮਿਆਂ ਤੋਂ ਲੈ ਕੇ ਸਿਆਸੀ ਗਲਿਆਰਿਆਂ ਅਤੇ ਆਮ ਲੋਕਾਂ ਤੱਕ ਇਕ ਹੀ ਸਵਾਲ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਕਿ ਜੇਕਰ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਨ ਵਾਲੀਆਂ ਸੰਸਥਾਵਾਂ 'ਤੇ ਹੀ ਸ਼ੱਕ ਦੀ ਸੂਈ ਘੁੰਮਣ ਲੱਗੇ ਤਾਂ ਆਮ ਲੋਕ ਇਨਸਾਫ਼ ਅਤੇ ਪਾਰਦਰਸ਼ਿਤਾ ਦੀ ਉਮੀਦ ਕਿਸ ਤੋਂ ਕਰਨ?
ਸੀ.ਬੀ.ਆਈ. ਦੀ ਟੀਮ ਸੋਮਵਾਰ ਦੇਰ ਰਾਤ ਅਤੇ ਮੰਗਲਵਾਰ ਤੜਕੇ ਹੀ ਸੰਬੰਧਿਤ ਦਫ਼ਤਰ 'ਚ ਪਹੁੰਚ ਗਈ ਸੀ। ਟੀਮ ਵਲੋਂ ਕਈ ਘੰਟਿਆਂ ਤੱਕ ਦਫ਼ਤਰ ਦੇ ਰਿਕਾਰਡ, ਫ਼ਾਈਲਾਂ ਅਤੇ ਡਿਜੀਟਲ ਡਾਟਾ ਦੀ ਜਾਂਚ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੁਝ ਅਹਿਮ ਦਸਤਾਵੇਜ਼ ਵੀ ਜਾਂਚ ਏਜੰਸੀ ਨੇ ਆਪਣੇ ਕਬਜ਼ੇ ਵਿਚ ਲਏ ਹਨ। ਹਾਲਾਂਕਿ ਅਧਿਕਾਰਕ ਤੌਰ 'ਤੇ ਇਸ ਮਾਮਲੇ 'ਚ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਇਹ ਗੱਲ ਸਪੱਸ਼ਟ ਹੈ ਕਿ ਸੀ.ਬੀ.ਆਈ. ਦੀ ਕਾਰਵਾਈ ਆਮ ਜਾਂ ਸਾਧਾਰਨ ਨਹੀਂ ਮੰਨੀ ਜਾ ਰਹੀ। ਕਈ ਅਧਿਕਾਰੀ ਖੁੱਲ੍ਹ ਕੇ ਬੋਲਣ ਤੋਂ ਬਚ ਰਹੇ ਹਨ, ਜਦਕਿ ਕੁਝ ਸਾਬਕਾ ਅਧਿਕਾਰੀਆਂ ਦਾ ਮੰਨਣਾ ਹੈ ਕਿ ਜਦੋਂ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਨ ਵਾਲੀਆਂ ਏਜੰਸੀਆਂ 'ਤੇ ਹੀ ਦੋਸ਼ ਲੱਗਣ ਲੱਗ ਪੈਣ ਤਾਂ ਇਹ ਸਮਾਜਿਕ ਵਿਵਸਥਾ ਲਈ ਖ਼ਤਰੇ ਦੀ ਘੰਟੀ ਹੁੰਦੀ ਹੈ।
ਵਿਰੋਧੀ ਧਿਰਾਂ ਨੇ ਵੀ ਇਸ ਮਾਮਲੇ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਹਨ। ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਇਹ ਘਟਨਾ ਸਿਰਫ਼ ਇਕ ਵਿਭਾਗ ਦੀ ਨਾਕਾਮੀ ਨਹੀਂ, ਸਗੋਂ ਪੂਰੇ ਪ੍ਰਸ਼ਾਸਨਿਕ ਢਾਂਚੇ 'ਚ ਫੈਲ ਰਹੀ ਅਵਿਵਸਥਾ ਦਾ ਸੰਕੇਤ ਹੈ।
ਵਿਰੋਧੀ ਧਿਰ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਪੂਰੀ ਪਾਰਦਰਸ਼ਿਤਾ ਨਾਲ ਕੀਤੀ ਜਾਵੇ ਅਤੇ ਜੇਕਰ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ ਅਤੇ ਜਿਹੜੇ ਵਿਭਾਗ ਲੋਕਾਂ ਨੂੰ ਇਨਸਾਫ਼ ਦੇਣ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ, ਉਨ੍ਹਾਂ ਦੀ ਤਾਂ ਹੋਰ ਵੀ ਵੱਧ ਜਵਾਬਦੇਹੀ ਬਣਦੀ ਹੈ।
ਦੂਜੇ ਪਾਸੇ, ਸਰਕਾਰੀ ਧਿਰ ਨਾਲ ਜੁੜੇ ਕੁਝ ਆਗੂਆਂ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਕਾਰਵਾਈ ਦੇ ਆਧਾਰ 'ਤੇ ਤੁਰੰਤ ਨਤੀਜੇ ਕੱਢਣਾ ਠੀਕ ਨਹੀਂ। ਜਾਂਚ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ ਅਤੇ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਹੀ ਪੂਰੀ ਸਥਿਤੀ ਸਪੱਸ਼ਟ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਜੇਕਰ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਨੇ ਇਕ ਵਾਰ ਫਿਰ ਦੇਸ਼ 'ਚ ਭ੍ਰਿਸ਼ਟਾਚਾਰ ਰੋਕਣ ਵਾਲੀਆਂ ਸੰਸਥਾਵਾਂ ਦੀ ਕਾਰਗੁਜ਼ਾਰੀ ਅਤੇ ਉਨ੍ਹਾਂ ਦੀ ਸੁਤੰਤਰਤਾ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ। ਕਿਸੇ ਵੀ ਲੋਕਤੰਤਰੀ ਪ੍ਰਣਾਲੀ ਵਿਚ ਜਾਂਚ ਏਜੰਸੀਆਂ ਦੀ ਭਰੋਸੇਯੋਗਤਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਜੇਕਰ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗੇ ਕਿ ਜਾਂਚ ਕਰਨ ਵਾਲੇ ਵਿਭਾਗ ਵੀ ਪ੍ਰਭਾਵ ਜਾਂ ਦਬਾਅ ਹੇਠ ਕੰਮ ਕਰ ਰਹੇ ਹਨ ਤਾਂ ਫਿਰ ਨਿਆਂ ਪ੍ਰਣਾਲੀ 'ਤੇ ਵੀ ਅਸਰ ਪੈਂਦਾ ਹੈ।
ਅਜਿਹੀਆਂ ਘਟਨਾਵਾਂ ਸਿਰਫ਼ ਵਿਅਕਤੀਗਤ ਪੱਧਰ ਦੀਆਂ ਗਲਤੀਆਂ ਨਹੀਂ ਹੁੰਦੀਆਂ, ਸਗੋਂ ਇਹ ਸੰਸਥਾਵਾਂ ਦੇ ਅੰਦਰੂਨੀ ਢਾਂਚੇ ਅਤੇ ਨਿਗਰਾਨੀ ਪ੍ਰਣਾਲੀ ਦੀਆਂ ਕਮਜ਼ੋਰੀਆਂ ਨੂੰ ਵੀ ਬੇਨਕਾਬ ਕਰਦੀਆਂ ਹਨ। ਜੇਕਰ ਕਿਸੇ ਵਿਭਾਗ ਵਿਚ ਲੰਬੇ ਸਮੇਂ ਤੱਕ ਪਾਰਦਰਸ਼ਿਤਾ ਅਤੇ ਅੰਦਰੂਨੀ ਨਿਗਰਾਨੀ ਮਜ਼ਬੂਤ ਨਾ ਹੋਵੇ ਤਾਂ ਅਜਿਹੀਆਂ ਸਥਿਤੀਆਂ ਪੈਦਾ ਹੋਣ ਲਗਦੀਆਂ ਹਨ।
ਦੇਸ਼ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਬਣੇ ਕਾਨੂੰਨਾਂ ਅਤੇ ਸੰਸਥਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ। ਸਿਰਫ਼ ਛਾਪੇਮਾਰੀਆਂ ਜਾਂ ਕਾਰਵਾਈਆਂ ਨਾਲ ਹੀ ਸਮੱਸਿਆ ਦਾ ਹੱਲ ਨਹੀਂ ਨਿਕਲਦਾ, ਸਗੋਂ ਪੂਰੇ ਪ੍ਰਸ਼ਾਸਨਿਕ ਢਾਂਚੇ 'ਚ ਸੁਧਾਰ ਕਰਨ ਦੀ ਲੋੜ ਹੈ। ਭਰਤੀ ਪ੍ਰਕਿਰਿਆ ਤੋਂ ਲੈ ਕੇ ਅੰਦਰੂਨੀ ਨਿਗਰਾਨੀ ਤੱਕ ਹਰ ਪੱਧਰ 'ਤੇ ਪਾਰਦਰਸ਼ਿਤਾ ਲਿਆਉਣੀ ਜ਼ਰੂਰੀ ਹੈ। ਡਿਜੀਟਲ ਨਿਗਰਾਨੀ ਅਤੇ ਆਨਲਾਈਨ ਪ੍ਰਕਿਰਿਆਵਾਂ ਨੂੰ ਲਿਆਂਦੀ ਦੇ ਕੇ ਵੀ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਕਮੀ ਲਿਆਈ ਜਾ ਸਕਦੀ ਹੈ। ਜਦੋਂ ਸਰਕਾਰੀ ਕੰਮਕਾਜ ਵਿਚ ਮਨੁੱਖੀ ਦਖ਼ਲ ਘੱਟ ਹੋਵੇਗਾ ਤਾਂ ਗੜਬੜੀਆਂ ਦੀ ਸੰਭਾਵਨਾ ਵੀ ਘੱਟ ਹੋਵੇਗੀ। ਹਾਲਾਂਕਿ ਇਸ ਲਈ ਮਜ਼ਬੂਤ ਤਕਨੀਕੀ ਢਾਂਚਾ ਅਤੇ ਰਾਜਨੀਤਿਕ ਇੱਛਾ ਸ਼ਕਤੀ ਦੋਵਾਂ ਦੀ ਲੋੜ ਹੁੰਦੀ ਹੈ।
ਇਸ ਮਾਮਲੇ ਨੇ ਇਕ ਹੋਰ ਮਹੱਤਵਪੂਰਨ ਸਵਾਲ ਵੀ ਖੜ੍ਹਾ ਕੀਤਾ ਹੈ ਕਿ, ਕੀ ਸਰਕਾਰੀ ਵਿਭਾਗਾਂ ਵਿਚ ਅੰਦਰੂਨੀ ਜਵਾਬਦੇਹੀ ਦੀ ਪ੍ਰਣਾਲੀ ਮਜ਼ਬੂਤ ਹੈ ਜਾਂ ਨਹੀਂ? ਜੇਕਰ ਵਿਭਾਗਾਂ ਦੇ ਅੰਦਰ ਹੀ ਨਿਗਰਾਨੀ ਪ੍ਰਣਾਲੀ ਮਜ਼ਬੂਤ ਹੋਵੇ ਤਾਂ ਬਾਹਰੀ ਜਾਂਚ ਏਜੰਸੀਆਂ ਨੂੰ ਦਖ਼ਲ ਦੇਣ ਦੀ ਲੋੜ ਘੱਟ ਪੈਂਦੀ ਹੈ।
ਜੇਕਰ ਜਾਂਚ ਏਜੰਸੀਆਂ ਭ੍ਰਿਸ਼ਟਾਚਾਰ ਰੋਕਣ ਵਾਲੇ ਵਿਭਾਗਾਂ ਦੀ ਵੀ ਜਾਂਚ ਕਰਨ ਤੋਂ ਨਹੀਂ ਹਿਚਕਚਾਉਂਦੀਆਂ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਕਾਨੂੰਨ ਸਭ ਲਈ ਇਕਸਾਰ ਹੈ। ਲੋਕਤੰਤਰ ਵਿਚ ਕਿਸੇ ਵੀ ਸੰਸਥਾ ਨੂੰ ਕਾਨੂੰਨ ਤੋਂ ਉੱਪਰ ਨਹੀਂ ਮੰਨਿਆ ਜਾ ਸਕਦਾ।
ਇਸ ਘਟਨਾ ਤੋਂ ਬਾਅਦ ਹੁਣ ਵੱਖ-ਵੱਖ ਵਿਭਾਗਾਂ ਵਿਚ ਅੰਦਰੂਨੀ ਜਾਂਚ ਅਤੇ ਨਿਗਰਾਨੀ ਹੋਰ ਵਧ ਸਕਦੀ ਹੈ। ਕਈ ਵਿਭਾਗਾਂ ਵਲੋਂ ਆਪਣੇ ਰਿਕਾਰਡ ਅਤੇ ਪ੍ਰਕਿਰਿਆਵਾਂ ਦੀ ਸਮੀਖਿਆ ਵੀ ਕੀਤੀ ਜਾ ਸਕਦੀ ਹੈ, ਤਾਂ ਜੋ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਗੜਬੜੀ ਤੋਂ ਬਚਿਆ ਜਾ ਸਕੇ। ਸਿਸਟਮ 'ਚ ਸੁਧਾਰ ਲਈ ਸਿਰਫ਼ ਦੋਸ਼ੀਆਂ ਨੂੰ ਸਜ਼ਾ ਦੇਣਾ ਹੀ ਕਾਫ਼ੀ ਨਹੀਂ ਹੁੰਦਾ, ਸਗੋਂ ਉਹ ਕਾਰਨ ਵੀ ਦੂਰ ਕਰਨੇ ਪੈਂਦੇ ਹਨ ਜਿਨ੍ਹਾਂ ਕਾਰਨ ਭ੍ਰਿਸ਼ਟਾਚਾਰ ਨੂੰ ਹੁੰਗਾਰਾ ਮਿਲਦਾ ਹੈ। ਇਸ ਵਿਚ ਪ੍ਰਸ਼ਾਸਨਿਕ ਜਟਿਲਤਾਵਾਂ, ਸਿਆਸੀ ਦਖ਼ਲਅੰਦਾਜ਼ੀ, ਜਵਾਬਦੇਹੀ ਦੀ ਕਮੀ ਅਤੇ ਲੰਬੀ ਕਾਨੂੰਨੀ ਪ੍ਰਕਿਰਿਆ ਵਰਗੇ ਕਾਰਕ ਸ਼ਾਮਿਲ ਹਨ।
ਇਸ ਮਾਮਲੇ ਨੇ ਆਮ ਲੋਕਾਂ ਨੂੰ ਵੀ ਸੋਚਣ ਲਈ ਮਜਬੂਰ ਕੀਤਾ ਹੈ ਕਿ ਦੇਸ਼ ਵਿਚ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਕਿੰਨੀ ਮੁਸ਼ਕਿਲ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਮਾਨਦਾਰੀ ਅਤੇ ਪਾਰਦਰਸ਼ਿਤਾ ਦੀ ਗੱਲ ਕਰਨ ਵਾਲੇ ਵਿਭਾਗ ਵੀ ਵਿਵਾਦਾਂ ਵਿਚ ਘਿਰਨ ਲੱਗਣ ਤਾਂ ਸਿਸਟਮ ਦੀ ਭਰੋਸੇਯੋਗਤਾ 'ਤੇ ਅਸਰ ਪੈਣਾ ਸੁਭਾਵਿਕ ਹੈ। ਪਰ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਇਹੀ ਹੁੰਦੀ ਹੈ ਕਿ ਇੱਥੇ ਕੋਈ ਵੀ ਵਿਅਕਤੀ ਜਾਂ ਸੰਸਥਾ ਜਾਂਚ ਤੋਂ ਬਾਹਰ ਨਹੀਂ ਹੁੰਦੀ।
ਫਿਲਹਾਲ ਇਸ ਮਾਮਲੇ 'ਚ ਸਭ ਦੀਆਂ ਨਜ਼ਰਾਂ ਜਾਂਚ ਏਜੰਸੀਆਂ ਦੀ ਅਗਲੀ ਕਾਰਵਾਈ 'ਤੇ ਹਨ। ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਜਾਂਚ ਵਿਚ ਕੀ ਤੱਥ ਸਾਹਮਣੇ ਆਉਂਦੇ ਹਨ ਅਤੇ ਕੀ ਇਹ ਕਾਰਵਾਈ ਕਿਸੇ ਵੱਡੇ ਭ੍ਰਿਸ਼ਟਾਚਾਰ ਦੇ ਖੁਲਾਸੇ ਵੱਲ ਇਸ਼ਾਰਾ ਕਰਦੀ ਹੈ ਜਾਂ ਨਹੀਂ? ਪਰ ਇੰਨਾ ਜ਼ਰੂਰ ਹੈ ਕਿ ਇਸ ਘਟਨਾ ਨੇ ਇਕ ਵਾਰ ਫਿਰ ਪ੍ਰਸ਼ਾਸਨਿਕ ਪ੍ਰਣਾਲੀ ਦੀ ਪਾਰਦਰਸ਼ਿਤਾ, ਜਵਾਬਦੇਹੀ ਅਤੇ ਭਰੋਸੇਯੋਗਤਾ ਨੂੰ ਲੈ ਕੇ ਵੱਡੀ ਚਰਚਾ ਛੇੜ ਦਿੱਤੀ ਹੈ।
-ਵਿਸ਼ੇਸ਼ ਪ੍ਰਤੀਨਿਧ
ਅਜੀਤ ਪ੍ਰਕਾਸ਼ਨ ਸਮੂਹ, ਚੰਡੀਗੜ੍ਹ।
ਮੋਬਾਈਲ : 98721-65707