11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮਕਬੂਜ਼ਾ ਕਸ਼ਮੀਰ ਦੀ ਗੜਬੜ

Ad Position 21
No active advertisement
ਅਜੀਤ ਡੈਸਕ 11-06-2026

ਅੱਜ ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ ਵਿਚ ਵਰ੍ਹਿਆਂ ਤੋਂ ਸੁਲਗਦੀ ਅੱਗ ਭਾਂਬੜ ਬਣਦੀ ਜਾ ਰਹੀ ਹੈ। ਇਸ ਹਿੱਸੇ ਵਿਚ 45 ਲੱਖ ਦੇ ਕਰੀਬ ਕਸ਼ਮੀਰੀ ਵਸੇ ਹੋਏ ਹਨ ਜਿਨ੍ਹਾਂ 'ਚੋਂ ਬਹੁਤੇ ਵਰ੍ਹਿਆਂ ਤੋਂ ਤੰਗੀਆਂ-ਤੁਰਸ਼ੀਆਂ ਵਾਲਾ ਜੀਵਨ ਜੀਅ ਰਹੇ ਹਨ। ਚਾਹੇ ਉੱਥੇ ਚੋਣਾਂ ਹੁੰਦੀਆਂ ਹਨ ਪਰ ਇਨ੍ਹਾਂ ਵਿਚ ਬਹੁਤ ਸਾਰੇ ਬਾਹਰੀ ਲੋਕ ਵੀ ਚੁਣੇ ਜਾਂਦੇ, ਕਿਉਂਕਿ ਉਨ੍ਹਾਂ ਲਈ 12 ਸੀਟਾਂ ਰਾਖਵੀਆਂ ਰੱਖੀਆਂ ਹੋਈਆਂ ਹਨ। ਪਾਕਿਸਤਾਨ ਦੇ ਹੋਰ ਹਿੱਸਿਆਂ ਵਾਂਗ ਇਥੇ ਵੀ ਫ਼ੌਜ ਦਾ ਪੂਰਾ ਦਬਦਬਾ ਹੈ। ਭਾਰਤ ਵਿਰੁੱਧ ਵਿੱਢੀ ਜੰਗ ਵਿਚ ਮਕਬੂਜ਼ਾ ਕਸ਼ਮੀਰ ਵਿਚ ਅੱਤਵਾਦੀਆਂ ਦੇ ਬਣਾਏ ਗਏ ਅਨੇਕਾਂ ਕੇਂਦਰਾਂ ਰਾਹੀਂ ਹੀ ਸਿੱਖਿਅਤ ਖਾੜਕੂ ਭੇਜ ਕੇ ਭਾਰਤ ਨੂੰ ਲਹੂ-ਲੁਹਾਨ ਕੀਤਾ ਜਾਂਦਾ ਹੈ। ਇਹ ਸਿਲਸਿਲਾ ਦਹਾਕਿਆਂ ਤੋਂ ਜਾਰੀ ਹੈ। ਦਹਾਕਿਆਂ ਤੋਂ ਹੀ ਵੱਡੀ ਪੱਧਰ 'ਤੇ ਇੱਥੇ ਦੇ ਲੋਕਾਂ ਦਾ ਸ਼ੋਸ਼ਣ ਜਾਰੀ ਹੈ। ਸਮੇਂ-ਸਮੇਂ ਉਨ੍ਹਾਂ ਵਲੋਂ ਉਠਾਈਆਂ ਜਾਂਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ।
ਪਿਛਲੇ ਸਾਲ ਅਕਤੂਬਰ, 2025 ਵਿਚ ਲੋਕਾਂ ਵਲੋਂ ਉੱਠੀ ਬਗ਼ਾਵਤ ਦੇ ਮੱਦੇਨਜ਼ਰ ਮੁਜ਼ਫਰਾਬਾਦ ਸਮਝੌਤਾ ਕੀਤਾ ਗਿਆ ਸੀ, ਪਰ ਬਾਅਦ ਵਿਚ ਉਸ ਨੂੰ ਅਣਗੌਲਿਆਂ ਕਰ ਦਿੱਤਾ ਗਿਆ। ਇਸ ਦੇ ਵਿਰੋਧ ਵਿਚ ਇਸੇ 9 ਜੂਨ ਨੂੰ ਲੱਖਾਂ ਹੀ ਲੋਕਾਂ ਨੇ 'ਲਾਂਗ ਮਾਰਚ' ਕੱਢਿਆ, ਜਿਸ ਨੂੰ ਦਬਾਉਣ ਲਈ ਉੱਥੋਂ ਦੀ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ, ਜਿਸ ਵਿਚ ਦਰਜਨਾਂ ਹੀ ਲੋਕ ਮਾਰੇ ਗਏ, ਸੈਂਕੜੇ ਹੀ ਲਹੂ-ਲੁਹਾਨ ਹੋਏ ਅਤੇ ਹਜ਼ਾਰਾਂ ਹੀ ਨਜ਼ਰਬੰਦ ਕੀਤੇ ਗਏ ਹਨ। ਹੁਣ ਉੱਥੇ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦਾ ਸੰਚਾਰ ਬੰਦ ਕਰ ਦਿੱਤਾ ਗਿਆ ਹੈ। ਅਸੰਤੁਸ਼ਟ ਲੋਕਾਂ ਵਲੋਂ ਸੰਯੁਕਤ ਆਰਮੀ ਐਕਸ਼ਨ ਕਮੇਟੀ (ਜੇ.ਏ.ਏ.ਸੀ.) ਵੀ ਬਣਾਈ ਗਈ ਹੈ, ਜੋ ਇਕ ਤਰ੍ਹਾਂ ਨਾਲ ਬਗ਼ਾਵਤ 'ਤੇ ਉੱਤਰੀ ਹੋਈ ਹੈ। ਇਸੇ ਹੀ ਮਹੀਨੇ 5 ਜੂਨ ਨੂੰ ਸੁਰੱਖਿਆ ਬਲਾਂ ਨੇ ਰਾਵਲਕੋਟ ਵਿਚ ਇਸ ਸੰਗਠਨ ਦੇ ਆਗੂ ਸ਼ਾਹਜ਼ੇਬ ਹਬੀਬ ਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਲੋਕ ਹੁਣ ਤੱਕ ਗਲੀਆਂ, ਬਾਜ਼ਾਰਾਂ ਵਿਚ ਉਤਰੇ ਹੋਏ ਹਨ। ਸੰਯੁਕਤ ਐਕਸ਼ਨ ਕਮੇਟੀ ਵਲੋਂ ਲੰਬੇ ਸਮੇਂ ਤੋਂ ਆਪਣੀਆਂ 38 ਮੰਗਾਂ ਨੂੰ ਲੈ ਕੇ ਹਰ ਤਰ੍ਹਾਂ ਨਾਲ ਸੰਘਰਸ਼ ਕੀਤਾ ਜਾਂਦਾ ਰਿਹਾ ਹੈ। ਇਨ੍ਹਾਂ 'ਚੋਂ ਤਿੰਨ ਮੰਗਾਂ ਨਾਲ ਹੀ ਉੱਥੇ ਪੈਦਾ ਹੋਏ ਹਾਲਾਤ ਬਾਰੇ ਪਤਾ ਲੱਗਦਾ ਹੈ। ਇਕ ਮੰਗ ਇਹ ਹੈ, ਬਿਜਲੀ ਤੇ ਆਟਾ ਰਿਆਇਤੀ ਦਰਾਂ 'ਤੇ ਦਿੱਤਾ ਜਾਏ, ਦੂਸਰੀ ਪਾਕਿਸਤਾਨੀ ਨੌਕਰਸ਼ਾਹਾਂ ਅਤੇ ਉਨ੍ਹਾਂ ਦੇ ਵਿਚੋਲਿਆਂ ਨੂੰ ਦਿੱਤੇ ਜਾਂਦੇ ਲਗਜ਼ਰੀ ਭੱਤੇ ਬੰਦ ਕੀਤੇ ਜਾਣ ਅਤੇ ਤੀਸਰੀ ਉੱਥੋਂ ਦੀ ਵਿਧਾਨ ਸਭਾ ਵਿਚ ਜੋ ਨਾਨ-ਰੈਜ਼ੀਡੈਂਟਾਂ (ਬਾਹਰੀ ਲੋਕਾਂ) ਲਈ 12 ਸੀਟਾਂ ਰੱਖੀਆਂ ਹੋਈਆਂ ਹਨ, ਉਨ੍ਹਾਂ ਨੂੰ ਖ਼ਤਮ ਕੀਤਾ ਜਾਏ। ਦਹਾਕਿਆਂ ਤੋਂ ਮਨੁੱਖੀ ਅਧਿਕਾਰਾਂ ਤੋਂ ਵਾਂਝੇ, ਆਰਥਿਕ ਤੰਗੀ ਨਾਲ ਜੂਝ ਰਹੇ ਅਤੇ ਰਾਜਨੀਤਕ ਅਧਿਕਾਰਾਂ ਲਈ ਸ਼ਾਂਤੀਪੂਰਨ ਸੰਘਰਸ਼ ਕਰ ਰਹੇ ਇਨ੍ਹਾਂ ਸੰਗਠਨਾਂ 'ਤੇ ਵਾਰ-ਵਾਰ ਸਖ਼ਤ ਸਰਕਾਰੀ ਦਬਾਅ ਬਣਾਇਆ ਜਾਂਦਾ ਰਿਹਾ ਹੈ। ਮਕਬੂਜ਼ਾ ਕਸ਼ਮੀਰ ਵਿਚ ਹਾਲਾਤ ਅਜਿਹੇ ਤਰਸਯੋਗ ਹਨ, ਪਰ ਪਾਕਿਸਤਾਨ ਭਾਰਤ ਤੋਂ ਕਸ਼ਮੀਰ ਨੂੰ ਹਾਸਿਲ ਕਰਨ ਲਈ ਸ਼ੁਰੂ ਤੋਂ ਹੀ ਸਿਰਤੋੜ ਯਤਨ ਕਰਦਾ ਆਇਆ ਹੈ ਅਤੇ ਇਸੇ ਕਾਰਨ ਕਰਕੇ ਕਈ ਵਾਰ ਭਾਰਤ ਨਾਲ ਜੰਗਾਂ ਵਿਚ ਉਲਝਿਆ ਰਿਹਾ ਹੈ।
ਪਹਿਲੀ ਲੜਾਈ 1947 ਵਿਚ ਹੋਈ ਸੀ ਜਦੋਂ ਕਬਾਇਲੀ ਪਠਾਣਾਂ ਨੇ ਪਾਕਿ ਫ਼ੌਜ ਦੀ ਮਦਦ ਨਾਲ ਕਸ਼ਮੀਰ ਨੂੰ ਹਥਿਆਉਣ ਲਈ ਹਮਲਾ ਕੀਤਾ ਸੀ। ਤੱਤਕਾਲੀ ਮਹਾਰਾਜਾ ਹਰੀ ਸਿੰਘ ਇਸ ਨੂੰ ਆਜ਼ਾਦ ਰਾਜ ਹੀ ਰੱਖਣਾ ਚਾਹੁੰਦਾ ਸੀ, ਪਰ ਪਾਕਿਸਤਾਨੀ ਹਮਲੇ ਤੋਂ ਬਾਅਦ ਉਸ ਨੇ ਭਾਰਤ ਨੂੰ ਮਦਦ ਲਈ ਗੁਹਾਰ ਲਗਾਈ ਸੀ। ਭਾਰਤੀ ਫ਼ੌਜਾਂ ਨੇ ਨਾ ਸਿਰਫ਼ ਇਸ ਹਮਲੇ ਨੂੰ ਰੋਕ ਦਿੱਤਾ ਸੀ, ਸਗੋਂ ਇਹ ਵੀ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਵਲੋਂ ਕਬਜ਼ੇ ਹੇਠ ਲਏ ਗਏ ਕਸ਼ਮੀਰ ਨੂੰ ਵੀ ਆਜ਼ਾਦ ਕਰਵਾ ਕੇ ਰਹਿਣਗੇ ਪਰ ਉਸ ਸਮੇਂ ਦੇ ਕਈ ਵੱਡੇ ਭਾਰਤੀ ਆਗੂਆਂ ਨੇ ਆਖ਼ਰੀ ਵਾਇਸਰਾਏ ਮਾਊਂਟ ਬੈਟਨ ਦੇ ਪ੍ਰਭਾਵ ਹੇਠ ਕਸ਼ਮੀਰ ਦਾ ਮੁੱਦਾ ਸੰਯੁਕਤ ਰਾਸ਼ਟਰ ਨੂੰ 1 ਜਨਵਰੀ, 1948 ਨੂੰ ਸੌਂਪ ਦਿੱਤਾ ਸੀ। ਉਸ ਸਮੇਂ ਅਮਰੀਕਾ ਵੀ ਇਸ ਸਾਜਿਸ਼ ਵਿਚ ਸ਼ਾਮਿਲ ਸੀ। ਇਸ ਮਸਲੇ 'ਤੇ ਬਰਤਾਨੀਆ ਅਤੇ ਅਮਰੀਕਾ ਪਾਕਿਸਤਾਨ ਦੀ ਮਦਦ ਕਰਦੇ ਰਹੇ ਜਦੋਂ ਕਿ ਸੋਵੀਅਤ ਯੂਨੀਅਨ ਨੇ ਉਸ ਸਮੇਂ ਵੀ ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਕਿਹਾ ਸੀ। ਪਾਕਿਸਤਾਨ ਦੀ ਹਾਲਤ ਅੱਜ ਇਹ ਹੈ ਕਿ ਭਾਵੇਂ ਉਸ ਦੇ ਫ਼ੌਜੀ ਜਰਨੈਲ ਮੁਨੀਰ ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਖ਼ਤਮ ਕਰਾਉਣ ਲਈ ਸ਼ਾਂਤੀਦੂਤ ਬਣੇ ਨਜ਼ਰ ਆਉਂਦੇ ਹਨ ਪਰ ਉਨ੍ਹਾਂ ਦੇ ਆਪਣੇ ਦੇਸ਼ ਵਿਚ ਜਗ੍ਹਾ-ਜਗ੍ਹਾ ਅਜਿਹੇ ਭਾਂਬੜ ਮਚ ਰਹੇ ਹਨ, ਜਿਨ੍ਹਾਂ ਦੇ ਛੇਤੀ ਬੁੱਝਣ ਦੀ ਉਮੀਦ ਨਹੀਂ। ਬਲੋਚਿਸਤਾਨ ਵਿਚ ਵੀ ਲਗਾਤਾਰ ਹਿੰਸਾ ਦਾ ਦੌਰ ਜਾਰੀ ਹੈ। ਖੈਬਰ ਪਖਤੂਨਖਵਾ ਵਿਚ ਪਾਕਿਸਤਾਨੀ ਤਾਲਿਬਾਨ ਨੇ ਉਸ ਦੀ ਨੱਕ ਵਿਚ ਦਮ ਕੀਤਾ ਹੋਇਆ ਹੈ। ਸਰਹੱਦੀ ਮਸਲੇ 'ਤੇ ਉਹ ਅਫ਼ਗਾਨਿਸਤਾਨ ਨਾਲ ਇਕ ਤਰ੍ਹਾਂ ਨਾਲ ਯੁੱਧ ਲੜਦਾ ਦਿਖਾਈ ਦੇ ਰਿਹਾ ਹੈ।
ਬਹੁਤੀਆਂ ਥਾਵਾਂ 'ਤੇ ਉਸ ਦੇ ਆਪਣੇ ਪਾਲੇ ਅੱਤਵਾਦੀ ਸੰਗਠਨ ਉਸ ਲਈ ਖ਼ਤਰਾ ਬਣੇ ਨਜ਼ਰ ਆਉਂਦੇ ਹਨ, ਪਰ ਇਸ ਦੇ ਬਾਵਜੂਦ ਉਹ ਭਾਰਤ ਨਾਲ ਉਲਝਿਆ ਰਿਹਾ ਹੈ। ਨਵੀਆਂ ਖ਼ਬਰਾਂ ਅਨੁਸਾਰ ਮਕਬੂਜ਼ਾ ਕਸ਼ਮੀਰ ਵਿਚ ਸਰਹੱਦ ਨੇੜੇ ਉਸ ਨੇ 70 ਆਤੰਕੀ ਲਾਂਚ ਪੈਡ ਮੁੜ ਤਿਆਰ ਕਰ ਲਏ ਹਨ, ਜਿਥੇ ਉਹ ਸੈਂਕੜੇ ਹੀ ਅੱਤਵਾਦੀਆਂ ਨੂੰ ਭਾਰਤ ਅੰਦਰ ਘੁਸਪੈਠ ਕਰਨ ਲਈ ਤਿਆਰ ਕਰੀ ਬੈਠਾ ਹੈ। ਪਿਛਲੇ ਸਾਲ ਹੋਈ ਪਹਿਲਗਾਮ ਦੀ ਖੂਨੀ ਘਟਨਾ ਨੇ ਇਹ ਸਾਬਿਤ ਕਰ ਦਿੱਤਾ ਹੈ, ਕਿ ਪਾਕਿਸਤਾਨ ਆਪਣੇ ਇਨ੍ਹਾਂ ਨਾਪਾਕ ਇਰਾਦਿਆਂ ਤੋਂ ਪਿੱਛੇ ਹਟਣ ਵਾਲਾ ਨਹੀਂ ਹੈ, ਚਾਹੇ ਉਸ ਦੇ ਆਪਣੇ ਅੰਦਰ ਥਾਂ ਪੁਰ ਥਾਂ ਹਿੰਸਾ ਦਾ ਦੌਰ ਜਾਰੀ ਹੈ ਅਤੇ ਉਹ ਅੰਤਰਰਾਸ਼ਟਰੀ ਮੰਚ 'ਤੇ ਭਿਖਾਰੀ ਬਣਿਆ ਨਜ਼ਰ ਆਉਂਦਾ ਹੈ। ਆਪਣੇ ਦੇਸ਼ ਅੰਦਰ ਸਿਆਸੀ ਤੌਰ 'ਤੇ ਬੇਹੱਦ ਉਲਝਣ ਭਰੇ ਹਾਲਾਤ ਬਣੇ ਹੋਣ ਦੇ ਬਾਵਜੂਦ ਉਹ ਭਾਰਤ ਪ੍ਰਤੀ ਆਪਣੇ ਇਰਾਦਿਆਂ ਨੂੰ ਬਦਲਣ ਲਈ ਤਿਆਰ ਨਹੀਂ ਜਾਪਦਾ, ਪਰ ਹੁਣ ਮਕਬੂਜ਼ਾ ਕਸ਼ਮੀਰ ਵਿਚ ਪੈਦਾ ਹੋਈ ਅਸ਼ਾਂਤੀ ਛੇਤੀ ਕੰਟਰੋਲ ਵਿਚ ਆਉਣ ਵਾਲੀ ਨਹੀਂ ਹੈ। ਇਸੇ ਲਈ ਹੀ ਹੁਣ ਇਸ ਵੱਲ ਦੁਨੀਆ ਭਰ ਦੀਆਂ ਨਜ਼ਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਸਾਕਾ ਨੀਲਾ ਤਾਰਾ, ਸਿੱਖ ਭਾਈਚਾਰਾ ਤੇ ਪੰਜਾਬ ਅਗਲੀ ਖ਼ਬਰ ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ
Ad Position 24