ਅੰਤਰਰਾਸ਼ਟਰੀ ਬਾਲੜੀ ਦਿਵਸ ਹਰ ਸਾਲ 11 ਅਕਤੂਬਰ ਨੂੰ ਦੁਨੀਆ ਭਰ 'ਚ ਮਨਾਇਆ ਜਾਂਦਾ ਹੈ | ਸੰਯੁਕਤ ਰਾਸ਼ਟਰ ਦੁਆਰਾ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸਾਲ 2012 'ਚ ਕੀਤੀ ਗਈ ਸੀ | ਇਹ ਦਿਵਸ ਮਨਾਉਣ ਦਾ ਮੁੱਖ ਮਕਸਦ ਕੁੜੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ, ਉਨ੍ਹਾਂ ਅੱਗੇ ਆਉਣ ਵਾਲੀਆਂ ਚੁਣੌਤੀਆਂ ਨੂੰ ਉਜਾਗਰ ਕਰਨਾ ਤੇ ਸਮਾਜ 'ਚ ਉਨ੍ਹਾਂ ਨੂੰ ਬਰਾਬਰੀ ਦੇ ਮੌਕੇ ਪ੍ਰਦਾਨ ਕਰਨਾ ਹੈ | ਕੁੜੀਆਂ ਨੂੰ ਸਦੀਆਂ ਤੋਂ ਸਮਾਜ 'ਚ ਵਿਤਕਰੇ ਤੇ ਅਸਮਾਨਤਾ ਦਾ ਸਾਹਮਣਾ ਕਰਨਾ ਪਿਆ ਹੈ |

ਇਸੇ ਚਿੰਤਾ ਨੂੰ ਦੇਖਦੇ ਹੋਏ ਕੈਨੇਡਾ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ 'ਚ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਉਣ ਦਾ ਮਤਾ ਪੇਸ਼ ਕੀਤਾ ਸੀ, ਜਿਸ ਨੂੰ 19 ਦਸੰਬਰ, 2011 ਨੂੰ ਮਨਜ਼ੂਰੀ ਮਿਲੀ ਤੇ 11 ਅਕਤੂਬਰ, 2012 ਨੂੰ ਪਹਿਲੀ ਵਾਰ ਇਹ ਦਿਵਸ ਮਨਾਇਆ ਗਿਆ ਸੀ | ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਬਾਲੜੀਆਂ ਸਿਰਫ਼ ਸਾਡਾ ਭਵਿੱਖ ਹੀ ਨਹੀਂ, ਸਗੋਂ ਸਾਡਾ ਵਰਤਮਾਨ ਵੀ ਹਨ ਅਤੇ ਉਨ੍ਹਾਂ ਦਾ ਸਸ਼ਕਤੀਕਰਨ ਦੇਸ਼ ਤੇ ਦੁਨੀਆ ਦੀ ਤਰੱਕੀ ਲਈ ਬੇਹੱਦ ਜ਼ਰੂਰੀ ਹੈ |
ਜੇ ਅਸੀਂ ਭਾਰਤੀ ਇਤਿਹਾਸ 'ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਪੁਰਾਤਨ ਸਮੇਂ ਤੋਂ ਇੱਥੇ ਬਾਲੜੀਆਂ 'ਤੇ ਅਨੇਕਾਂ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾਂਦੀਆਂ ਰਹੀਆਂ ਹਨ | ਸਾਡੇ ਦੇਸ਼ ਦਾ ਮਹਿਲਾ ਵਰਗ ਵੀ ਸਦੀਆਂ ਤੋਂ ਗੁਲਾਮੀ ਦੀ ਦਲਦਲ 'ਚ ਫਸਿਆ ਰਿਹਾ ਹੈ | ਭਾਰਤ ਹੀ ਇਕ ਅਜਿਹਾ ਵੱਡਾ ਦੇਸ਼ ਹੈ, ਜਿੱਥੇ ਲੜਕਿਆਂ ਨਾਲੋਂ ਕੁੜੀਆਂ ਦੀ ਜਨਮ ਦਰ ਘੱਟ ਤੇ ਮੌਤ ਦਰ ਵੱਧ ਹੈ | ਇੱਥੇ ਰੁਜ਼ਗਾਰ, ਭੀਖ ਮੰਗਣ, ਜਿਨਸੀ ਸ਼ੋਸ਼ਣ ਤੇ ਬਾਲ ਮਜ਼ਦੂਰੀ ਵਰਗੇ ਕਈ ਉਦੇਸ਼ਾਂ ਲਈ ਅਣਗਿਣਤ ਬੱਚਿਆਂ ਦੀ ਤਸਕਰੀ ਕੀਤੀ ਜਾਂਦੀ ਹੈ, ਜਿਨ੍ਹਾਂ 'ਚ ਜ਼ਿਆਦਾਤਰ ਗਿਣਤੀ ਛੋਟੀ ਉਮਰ ਦੀ ਕੁੜੀਆਂ ਦੀ ਹੈ | ਦੇਸ਼ 'ਚ ਹਰ ਸਾਲ 60 ਹਜ਼ਾਰ ਤੋਂ ਵੱਧ ਬੱਚੇ ਲਾਪਤਾ ਹੁੰਦੇ ਹਨ, ਜਿਨ੍ਹਾਂ 'ਚ ਕੁੜੀਆਂ ਦੀ ਫ਼ੀਸਦੀ ਵੱਧ ਹੈ |
ਦੇਸ਼ 'ਚ ਕੁੜੀਆਂ ਕੋਲ ਕੁਝ ਖ਼ਤਰੇ, ਉਲੰਘਣਾਵਾਂ ਤੇ ਕਮਜ਼ੋਰੀਆਂ ਹਨ, ਜਿਨ੍ਹਾਂ ਦਾ ਉਹ ਸਿਰਫ਼ ਇਸ ਲਈ ਸਾਹਮਣਾ ਕਰਦੀਆਂ ਹਨ, ਕਿਉਂਕਿ ਉਹ ਕੁੜੀਆਂ ਹਨ | ਇਨ੍ਹਾਂ 'ਚੋਂ ਬਹੁਤੇ ਜੋਖ਼ਮ ਸਿੱਧੇ ਤੌਰ 'ਤੇ ਆਰਥਿਕ, ਰਾਜਨੀਤਕ, ਸਮਾਜਿਕ ਤੇ ਸੱਭਿਆਚਾਰਕ ਨੁਕਸਾਨਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦਾ ਲੜਕੀਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ | ਦੂਜੇ ਪਾਸੇ ਸਾਡੇ ਦੇਸ਼ 'ਚ ਜਿਨ੍ਹਾਂ ਕੁੜੀਆਂ ਨੂੰ ਪੜ੍ਹਨ-ਲਿਖਣ ਤੇ ਅੱਗੇ ਵਧਣ ਦਾ ਮਾਹੌਲ ਮਿਲਿਆ, ਉਹ ਵੱਖ-ਵੱਖ ਖੇਤਰਾਂ 'ਚ ਵਿਸ਼ਵ ਪੱਧਰ 'ਤੇ ਮਿਸਾਲਾਂ ਬਣ ਚੁੱਕੀਆਂ ਹਨ, ਜਿਨ੍ਹਾਂ 'ਚ ਕਲਪਨਾ ਚਾਵਲਾ ਵਰਗੀਆਂ ਕੁੜੀਆਂ ਆਸਮਾਨ 'ਚ ਉੱਚੀਆਂ ਉਡਾਣਾਂ ਭਰ ਚੁੱਕੀਆਂ ਹਨ ਤੇ ਭਰ ਰਹੀਆਂ ਹਨ |
ਰਾਸ਼ਟਰੀ ਤੇ ਅੰਤਰਰਾਸ਼ਟਰੀ ਬਾਲੜੀ ਦਿਵਸ ਦੇ ਸਮਾਗਮਾਂ ਅਤੇ ਸਰਕਾਰੀ ਪ੍ਰੋਗਰਾਮਾਂ ਤੇ ਸਕੀਮਾਂ ਦੇ ਬਾਵਜੂਦ ਲੜਕੀਆਂ ਪ੍ਰਤੀ ਸਮਾਜ ਦੇ ਰਵੱਈਏ 'ਚ ਕੋਈ ਖ਼ਾਸ ਤਬਦੀਲੀ ਨਹੀਂ ਆਈ | ਭਰੂਣ ਹੱਤਿਆ, ਬਾਲ ਵਿਆਹ ਤੇ ਬਾਲ ਗਰਭ ਅਵਸਥਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 2019-21 ਅਨੁਸਾਰ ਲਿੰਗ ਅਨੁਪਾਤ 1000 ਲੜਕੇ ਤੇ 1020 ਲੜਕੀਆਂ ਦਾ ਹੋ ਗਿਆ ਸੀ, ਜੋ 2024 'ਚ 1000 ਲੜਕੇ ਤੇ 934 ਲੜਕੀਆਂ ਦਾ ਰਹਿ ਗਿਆ ਅਤੇ 2025 'ਚ 1000 ਲੜਕੇ ਪਿੱਛੇ 929 ਲੜਕੀਆਂ ਦਾ ਅਨੁਪਾਤ ਰਿਹਾ ਹੈ | ਪੇਂਡੂ ਖੇਤਰਾਂ ਦੇ ਮੁਕਾਬਲੇ ਇਹ ਵਿਤਕਰਾ ਸ਼ਹਿਰਾਂ 'ਚ ਵੱਧ ਹੈ |
ਇਸ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਸ਼ਹਿਰਾਂ 'ਚ ਗਰਭ ਅਵਸਥਾ ਦੌਰਾਨ ਭਰੂਣ ਜਾਂਚ ਦੀਆਂ ਸਹੂਲਤਾਂ ਹਨ, ਉੱਥੇ ਬੱਚੀ ਦਾ ਭਰੂਣ ਸੁਰੱਖਿਅਤ ਨਹੀਂ ਹੈ | ਪੇਂਡੂ ਖੇਤਰਾਂ 'ਚ ਸੰਤੁਸ਼ਟੀਜਨਕ ਲਿੰਗ ਅਨੁਪਾਤ ਦੇ ਬਾਵਜੂਦ ਉੱਥੇ ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਨਵਜਨਮੇ ਬੱਚਿਆਂ ਤੋਂ ਲੈ ਕੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵੱਧ ਹੈ, ਜਿਸ 'ਚ ਲੜਕੀਆਂ ਦੀ ਫ਼ੀਸਦੀ ਜ਼ਿਆਦਾ ਹੁੰਦੀ ਹੈ |
ਭਾਰਤ ਉਦੋਂ ਤੱਕ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਵੇਗਾ, ਜਦੋਂ ਤੱਕ ਲੜਕੀਆਂ ਤੇ ਲੜਕਿਆਂ ਦੋਵਾਂ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਤੱਕ ਪਹੁੰਚਣ ਦੇ ਬਰਾਬਰ ਮੌਕੇ ਨਹੀਂ ਦਿੱਤੇ ਜਾਂਦੇ | ਹਰ ਬੱਚਾ ਤੇ ਬੱਚੀ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਣ ਦਾ ਹੱਕਦਾਰ ਹੈ, ਪਰ ਉਨ੍ਹਾਂ ਦੇ ਜੀਵਨ ਵਿਚ ਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਦੇ ਜੀਵਨ ਵਿਚ ਲਿੰਗ ਅਸਮਾਨਤਾਵਾਂ ਇਸ ਅਸਲੀਅਤ ਵਿਚ ਰੁਕਾਵਟ ਪਾਉਂਦੀਆਂ ਹਨ |
ਰਾਜਨੀਤਕ ਆਧਾਰ 'ਤੇ ਬਾਲੜੀਆਂ ਖ਼ਿਲਾਫ਼ ਅੱਤਿਆਚਾਰ ਕਰਨ ਵਾਲਿਆਂ ਨੂੰ ਮੁਆਫ਼ ਕਰਨਾ ਜਾਂ ਉਨ੍ਹਾਂ ਦੀ ਰੱਖਿਆ ਕਰਨਾ ਵੀ ਇਕ ਗੰਭੀਰ ਸਮਾਜਿਕ ਅਪਰਾਧ ਹੈ | ਲੜਕੀਆਂ ਦੀ ਮਹੱਤਤਾ ਨੂੰ ਵਧਾ ਕੇ ਅਸੀਂ ਸਮੂਹਿਕ ਤੌਰ 'ਤੇ ਖ਼ਾਸ ਨਤੀਜਿਆਂ ਦੀ ਪ੍ਰਾਪਤੀ 'ਚ ਯੋਗਦਾਨ ਪਾ ਸਕਦੇ ਹਾਂ | ਸਾਡੇ ਦੇਸ਼ ਦੀਆਂ ਧੀਆਂ ਬਹੁਤ ਹੀ ਸਮਝਦਾਰ ਤੇ ਮਿਹਨਤੀ ਹਨ ਤੇ ਜੇ ਉਨ੍ਹਾਂ ਨੂੰ ਉੱਡਣ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਦੀ ਉਡਾਰੀ ਲੜਕਿਆਂ ਨਾਲੋਂ ਲੰਮੀ ਤੇ ਉੱਚੀ ਹੋ ਨਿਬੜਦੀ ਹੈ | ਸਿਆਣਿਆਂ ਨੇ ਬਿਲਕੁਲ ਸੱਚ ਆਖਿਆ ਹੈ ਕਿ ਧੀ ਬਿਨਾਂ ਪਰਿਵਾਰ ਅਧੂਰਾ ਹੁੰਦਾ ਹੈ | ਧੀਆਂ ਦੀ ਅਹਿਮੀਅਤ ਉਨ੍ਹਾਂ ਨੂੰ ਜ਼ਿਆਦਾ ਪਤਾ ਹੁੰਦੀ ਹੈ, ਜਿਨ੍ਹਾਂ ਕੋਲ ਧੀ ਨਹੀਂ ਹੁੰਦੀ |
ਅੰਤਰਰਾਸ਼ਟਰੀ ਬਾਲੜੀ ਦਿਵਸ ਸਿਰਫ਼ ਇਕ ਦਿਨ ਦਾ ਜਸ਼ਨ ਨਹੀਂ ਹੈ, ਸਗੋਂ ਇਹ ਸਾਡੀ ਮਾਨਸਿਕਤਾ ਨੂੰ ਬਦਲਣ ਦਾ ਇਕ ਪ੍ਰਣ ਹੈ | ਸਾਨੂੰ ਕੁੜੀਆਂ ਨੂੰ ਬੋਝ ਸਮਝਣ ਦੀ ਬਜਾਏ ਉਨ੍ਹਾਂ ਨੂੰ ਖੰਭ ਦੇਣੇ ਚਾਹੀਦੇ ਹਨ ਤਾਂ, ਜੋ ਉਹ ਆਸਮਾਨ ਵਿਚ ਉੱਚੀ ਉਡਾਣ ਭਰ ਸਕਣ |
ਅੱਜ ਦੀਆਂ ਕੁੜੀਆਂ ਹਰ ਖੇਤਰ ਵਿਚ ਆਪਣੀ ਕਾਬਲੀਅਤ ਸਾਬਤ ਕਰ ਰਹੀਆਂ ਹਨ | ਉਨ੍ਹਾਂ ਨੂੰ ਸਿਰਫ਼ ਇਕ ਸੁਰੱਖਿਅਤ ਅਤੇ ਸਨਮਾਨਜਨਕ ਮਾਹੌਲ ਦੀ ਲੋੜ ਹੈ | ਸਾਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਰੂੜੀਵਾਦੀ ਸੋਚ ਨੂੰ ਬਦਲਣਾ ਪਵੇਗਾ | ਆਓ, ਅੰਤਰਰਾਸ਼ਟਰੀ ਬਾਲੜੀ ਦਿਵਸ ਦੇ ਮੌਕੇ 'ਤੇ ਇਹ ਪ੍ਰਣ ਕਰੀਏ ਕਿ ਅਸੀਂ ਧੀਆਂ ਨੂੰ ਬਚਾਂਵਾਂਗੇ, ਪੜ੍ਹਾਵਾਂਗੇ ਅਤੇ ਉਨ੍ਹਾਂ ਨੂੰ ਬਰਾਬਰ ਦੇ ਅਧਿਕਾਰ ਦੇ ਕੇ ਇਕ ਬਿਹਤਰ ਸਮਾਜ ਦੀ ਸਿਰਜਣਾ ਕਰਾਂਗੇ |
#16, ਏ ਫੋਕਲ ਪੁਆਇੰਟ, ਰਾਜਪੁਰਾ |
ਮੋਬਾਈਲ : 88376-46099