28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਜਾਰੀ ਹਨ ਅਕਾਲੀ-ਭਾਜਪਾ ਗੱਠਜੋੜ ਸੰਬੰਧੀ ਕਿਆਸ-ਅਰਾਈਆਂ

ਜਾਰੀ ਹਨ ਅਕਾਲੀ-ਭਾਜਪਾ ਗੱਠਜੋੜ ਸੰਬੰਧੀ ਕਿਆਸ-ਅਰਾਈਆਂ

Ad Position 21
No active advertisement
ਅਜੀਤ ਡੈਸਕ 28-08-2026

ਚੁਭਨ ਸਹਿਤੇ ਹੈਾ ਉਨ ਕੀ ਪਰ ਉਨੇ ਖੁਲਨੇ ਨਹੀਂ ਦੇਤੇ,

ਹਮਾਰੇ ਦਰਮਿਆਂ ਐਸੇ ਭੀ ਕੁਛ ਗੱਠਜੋੜ ਆਤੇ ਹੈਾ |
(ਗ਼ਜ਼ਨਫਰ)

ਇਹੀ ਹਾਲਤ ਅਕਾਲੀ ਦਲ ਤੇ ਭਾਜਪਾ ਦੀ ਹੈ, ਉਹ ਚੁਭਨ ਤੇ ਦਰਦ ਦੇ ਬਾਵਜੂਦ ਅੰਦਰੋ-ਅੰਦਰੀ ਗੱਠਜੋੜ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ | ਭਾਵੇਂ ਅਕਾਲੀ ਦਲ ਤੇ ਭਾਜਪਾ ਦੇ ਰਾਜਸੀ ਨਿਸ਼ਾਨੇ 'ਤੇ ਮੁੱਦੇ ਬਿਲਕੁਲ ਵੱਖਰੇ-ਵੱਖਰੇ ਹਨ | ਅਕਾਲੀ ਦਲ ਸਰਬੱਤ ਦੇ ਭਲੇ, ਸੰਘਵਾਦ, ਪੰਜਾਬ ਤੇ ਸਿੱਖਾਂ ਦਾ ਅਲੰਬਰਦਾਰ ਹੋਣ ਦੇ ਦਮਗਜੇ ਮਾਰਦਾ ਹੈ ਤੇ ਭਾਜਪਾ 'ਇਕ ਰਾਸ਼ਟਰ ਇਕ ਕਾਨੂੰਨ' ਦੀ ਹਾਮੀ ਹੈ | ਉਹ ਅਕਾਲੀ ਦਲ ਦੀ ਮੰਗ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ ਤਾਂ ਕੀ, ਉਨ੍ਹਾਂ ਨੂੰ  ਪੈਰੋਲ ਦੇਣ ਲਈ ਵੀ ਤਿਆਰ ਨਹੀਂ, ਸਗੋਂ ਭਾਜਪਾ ਸਰਕਾਰ ਡੇਰਾ ਸਿਰਸਾ ਦੇ ਸਾਧ ਨੂੰ  ਵਾਰ-ਵਾਰ ਪੈਰੋਲ ਜਾਂ ਫਰਲੋ ਦੇ ਕੇ ਸਿੱਖਾਂ ਨੂੰ  ਕਈ ਵਾਰ ਚਿੜਾਉਂਦੀ ਹੀ ਲਗਦੀ ਹੈ | ਪਰ ਅਕਾਲੀ ਦਲ ਤੇ ਭਾਜਪਾ ਹੀ ਨਹੀਂ ਸਾਰੀਆਂ ਪਾਰਟੀਆਂ ਹੀ ਇਸ ਆਹਰ ਵਿਚ ਹਨ ਕਿ ਸੱਤਾ ਕਿਵੇਂ ਬਚਾਈ ਜਾਵੇ ਜਾਂ ਕਿਵੇਂ ਹਥਿਆਈ ਜਾਵੇ |
ਖ਼ੈਰ, ਸਾਡੀ ਜਾਣਕਾਰੀ ਅਨੁਸਾਰ ਅਕਾਲੀ ਦਲ ਭਾਜਪਾ ਗੱਠਜੋੜ ਦੀ ਗੱਲਬਾਤ ਚੱਲ ਰਹੀ ਹੈ | ਭਾਵੇਂ ਭਾਜਪਾ ਦੇ ਸੰਗਠਨ ਜਨਰਲ ਸਕੱਤਰ ਬੀ.ਐਲ. ਸੰਤੋਸ਼ ਤੇ ਉਨ੍ਹਾਂ ਦੇ ਸਾਥੀ ਕਹਿ ਰਹੇ ਹਨ ਕਿ ਅਸੀਂ 117 ਸੀਟਾਂ 'ਤੇ ਹੀ ਲੜਾਂਗੇ | ਸਾਡੀ ਸਮਝ ਅਨੁਸਾਰ ਇਹ ਬਿਆਨ ਦੇਣਾ ਰਾਜਨੀਤਕ ਅਕਲਮੰਦੀ ਦਾ ਕੰਮ ਹੈ, ਕਿਉਂਕਿ ਜਦੋਂ ਤੱਕ ਸਮਝੌਤਾ ਸਿਰੇ ਨਾ ਚੜ੍ਹ ਜਾਵੇ, ਇਹੀ ਸਟੈਂਡ ਲੈਣਾ ਠੀਕ ਹੈ | ਜੇਕਰ ਸਮਝੌਤੇ ਦੀ ਗੱਲ ਸਿਰੇ ਨਾ ਚੜ੍ਹੇ ਤਾਂ ਫਿਰ ਰਾਜਨੀਤਕ ਨੁਕਸਾਨ ਨਹੀਂ ਹੁੰਦਾ ਜਾਂ ਘੱਟ ਹੁੰਦਾ ਹੈ | ਜੇ ਇਹ ਪ੍ਰਭਾਵ ਦੇ ਦਿਓ ਸਮਝੌਤਾ ਹੋ ਗਿਆ ਹੈ ਤੇ ਬਾਅਦ ਵਿਚ ਨਾ ਹੋ ਸਕੇ ਤਾਂ ਬਿਰਤਾਂਤ ਬੁਰੀ ਤਰ੍ਹਾਂ ਖਰਾਬ ਹੋ ਜਾਂਦਾ ਹੈ |
ਵੇਖਣ ਵਾਲੀ ਗੱਲ ਹੈ ਕਿ ਸਮਝੌਤੇ ਦਾ ਸਭ ਤੋਂ ਵੱਡਾ ਵਿਰੋਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ  ਮੰਨਿਆ ਜਾਂਦਾ ਹੈ | ਪਰ ਉਨ੍ਹਾਂ ਨੇ ਮੋਗਾ ਰੈਲੀ ਤੋਂ ਬਾਅਦ ਇਸ ਬਾਰੇ ਚੁੱਪ ਵੱਟ ਲਈ ਹੈ ਅਤੇ ਭਾਜਪਾ ਦੇ ਨਵੇਂ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਜੂਨ ਵਿਚ ਕਿਹਾ ਸੀ ਕਿ 'ਪਾਰਟੀ (ਭਾਜਪਾ) ਸਮਝੌਤੇ ਦੇ ਹੱਕ ਜਾਂ ਵਿਰੋਧ' ਵਿਚ ਨਹੀਂ ਹੈ | ਜੋ 'ਸਰਗੋਸ਼ੀਆਂ' ਸੁਣਾਈ ਦੇ ਰਹੀਆਂ ਹਨ, ਉਨ੍ਹਾਂ ਅਨੁਸਾਰ ਭਾਜਪਾ ਵਿਚ ਇਸ ਵੇਲੇ 52 ਸੀਟਾਂ ਮੰਗ ਰਹੀ ਹੈ, ਇਨ੍ਹਾਂ ਵਿਚੋਂ 8-10 ਸੀਟਾਂ ਉਹ ਅਕਾਲੀ ਦਲ ਪੁਨਰ ਸੁਰਜੀਤ ਦੇ ਨੇਤਾਵਾਂ ਲਈ ਮੰਗ ਰਹੀ ਹੈ, ਇਸ ਗੱਲ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਭਾਵੇਂ ਭਾਜਪਾ ਦੇ ਖਾਤੇ ਵਿਚੋਂ ਟਿਕਟ ਲੈਣਗੇ ਪਰ ਉਹ ਚੋਣ ਨਿਸ਼ਾਨ ਅਕਾਲੀ (ਬਾਦਲ) ਦਾ ਹੀ ਲੈਣਗੇ | ਪਤਾ ਲੱਗਾ ਹੈ ਕਿ ਅਕਾਲੀ ਦਲ ਕੁੱਲ 45 ਸੀਟਾਂ ਦੇਣ ਦੇ ਹੱਕ ਵਿਚ ਹੀ ਹੈ, ਉਸ ਅਨੁਸਾਰ ਇਨ੍ਹਾਂ ਵਿਚੋਂ ਭਾਜਪਾ ਖੁਦ 35 ਤੋਂ 37 ਉਮੀਦਵਾਰ ਖੜੇ੍ਹ ਕਰ ਸਕਦੀ ਹੈ |
ਪਾਠਕਾਂ ਨੂੰ  ਸ਼ਾਇਦ ਇਹ ਗੱਲ ਨਾ ਮੰਨਣਯੋਗ ਲੱਗੇ ਕਿ 'ਆਪ' ਵੀ ਚਾਹੁੰਦੀ ਹੈ ਕਿ ਅਕਾਲੀ-ਭਾਜਪਾ ਗੱਠਜੋੜ ਹੋ ਜਾਵੇ | ਬੇਸ਼ੱਕ ਮੁੱਖ ਮੰਤਰੀ ਅਕਾਲੀ ਭਾਜਪਾ ਗੱਠਜੋੜ 'ਤੇ ਤਿੱਖੇ ਵਿਅੰਗ ਵੀ ਕੱਸ ਰਹੇ ਹਨ | ਪਰ ਆਪ ਵਿਚ ਇਕ ਪ੍ਰਭਾਵ ਹੈ ਕਿ ਜੇਕਰ ਅਕਾਲੀ ਭਾਜਪਾ ਇਕੱਠੇ ਲੜੇ ਤਾਂ 'ਆਪ' ਵਿਰੋਧੀ ਸ਼ਹਿਰੀ ਹਿੰਦੂ ਵੋਟ ਭਾਜਪਾ ਵੱਲ ਰਹੇਗੀ ਨਹੀਂ ਤਾਂ ਉਹ ਭਾਜਪਾ ਦੀ ਹਾਰ ਨੂੰ  ਵੇਖਦੇ ਹੋਏ ਕਾਂਗਰਸ ਵੱਲ ਖਿਸਕ ਸਕਦੀ ਹੈ | ਇਕ ਵੱਡੇ ਮੰਤਰੀ ਨੇ ਨਿੱਜੀ ਗੱਲਬਾਤ ਵਿਚ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਤਾਂ ਆਪ ਦੇ ਹੱਕ ਵਿਚ ਹੈ | ਉਂਜ ਆਪ ਮੁਖੀ ਅਰਵਿੰਦ ਕੇਜਰੀਵਾਲ ਹਿੰਦੂ ਵੋਟ ਲੈਣ ਲਈ ਭਾਜਪਾ ਤੋਂ ਵੀ ਜ਼ਿਆਦਾ ਹਿੰਦੂਤਵ ਦਾ ਸਹਾਰਾ ਲੈ ਰਹੇ ਹਨ | ਇਸੇ ਲਈ ਉਨ੍ਹਾਂ ਦੀ ਅਗਵਾਈ ਵਿਚ ਹਿੰਦੂ ਤੀਰਥ ਸਥਾਨਾਂ ਦੀ ਮੁਫ਼ਤ ਯਾਤਰਾ, ਭਗਵਾਨ ਸ਼ਿਵ ਦੇ ਨਾਂਅ ਇਕ ਸ਼ਾਮ ਅਤੇ ਮੇਰੇ ਸ੍ਰੀ ਰਾਮ ਆਦਿ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਪਰ ਵਕਤ ਬਹੁਤ ਬਲਵਾਨ ਹੈ ਇਹ ਵਕਤ ਹੀ ਦੱਸੇਗਾ ਕਿ ਨਤੀਜੇ ਕੀ ਹੋਣਗੇ?

ਵਕਤ ਸੇ ਦਿਨ ਔਰ ਰਾਤ, ਵਕਤ ਸੇ ਕਲ ਔਰ ਆਜ,
ਵਕਤ ਕੀ ਹਰ ਸ਼ੈਅ ਗੁਲਾਮ, ਵਕਤ ਕਾ ਹਰ ਸ਼ੈਅ ਪੇ ਰਾਜ |
(ਸਾਹਿਰ ਲੁਧਿਆਣਵੀ)
ਘਟ ਰਹੀ ਸਿੱਖ ਆਬਾਦੀ ਸੰਬੰਧੀ ਚਿੰਤਾ
ਹੁਸਨ-ਏ-ਤਨਾਸਬ ਕੇ ਬਿਨਾਂ ਜ਼ਿੰਦਗੀ ਕੀ ਖ਼ੈਰ ਨਹੀਂ,
ਹੁਸਨ-ਏ-ਤਨਾਸਬ ਕੇ ਬਿਨਾਂ ਕੌਮੇਂ ਬਿਖ਼ਰ ਜਾਤੀ ਹੈਾ |
(ਲਾਲ ਫਿਰੋਜ਼ਪੁਰੀ)
ਇਸ ਸ਼ਿਅਰ ਦਾ ਅਰਥ ਹੈ ਕਿ ਸਹੀ ਅਨੁਪਾਤ, ਸਹੀ ਤਾਲਮੇਲ, ਸਹੀ ਸੰਤੁਲਨ ਅਤੇ ਸਹੀ ਸਮਾਨਤਾ ਦੀ ਖ਼ੂਬਸੂਰਤੀ ਤੋਂ ਬਿਨਾਂ ਜ਼ਿੰਦਗੀ ਸਹੀ ਤਰ੍ਹਾਂ ਨਹੀਂ ਚੱਲ ਸਕਦੀ ਤੇ ਇਸ ਤਨਾਸਬ ਦੀ ਖੂਬਸੂਰਤੀ ਨਾ ਰਹੇ ਤਾਂ ਕੌਮਾਂ ਵੀ ਬਰਬਾਦ ਹੋ ਜਾਂਦੀਆਂ ਹਨ | ਇਸ ਸ਼ਿਅਰ ਦਾ ਜ਼ਿਕਰ ਇਸ ਲਈ ਕਰਨਾ ਪਿਆ ਕਿਉਂਕਿ ਸਿੱਖਾਂ ਵਿਚ ਜਨਮ ਦਰ ਦਾ ਤਨਾਸਬ ਖ਼ਤਮ ਹੋ ਗਿਆ ਹੈ ਤੇ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਾਰ-ਵਾਰ ਅਪੀਲ ਕਰ ਰਹੇ ਹਨ ਕਿ ਹਰ ਸਿੱਖ ਪਰਿਵਾਰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰੇ | 30 ਸਾਲ ਤੱਕ ਨੌਜਵਾਨ ਬੱਚੇ ਵਿਆਹ ਜ਼ਰੂਰ ਕਰਵਾ ਲੈਣ | ਜਦੋਂ ਕੋਈ ਧਾਰਮਿਕ ਨੇਤਾ, ਖ਼ਾਸ ਕਰ ਕਿਸੇ ਘੱਟ-ਗਿਣਤੀ ਦੇ ਧਰਮ ਦਾ ਨੇਤਾ ਅਜਿਹਾ ਬਿਆਨ ਦਿੰਦਾ ਹੈ ਤਾਂ ਉਸ ਨੂੰ  ਫਿਰਕੂ ਰੰਗਤ ਦੇ ਦਿੱਤੀ ਜਾਂਦੀ ਹੈ | ਪਰ ਭਾਰਤ ਦੀ ਸਭ ਤੋਂ ਵੱਡੀ ਬਹੁਗਿਣਤੀ ਦੀ ਸਭ ਤੋਂ ਤਾਕਤਵਰ ਸੰਸਥਾ ਆਰ.ਐਸ.ਐਸ. ਦੇ ਸਵਰਗੀ ਮੁਖੀ ਕੇ.ਐਸ. ਸੁਦਰਸ਼ਨ ਨੇ ਤਾਂ ਨਵੰਬਰ 2005 ਵਿਚ ਹੀ ਇਕ ਕਿਤਾਬ 'ਰਿਲੀਜਸ ਡੈਮੋਗ੍ਰਾਫੀ ਆਫ਼ ਇੰਡੀਆ' ਦੀ ਰਿਲੀਜ਼ ਮੌਕੇ ਕਿਹਾ ਸੀ ਕਿ 'ਤਿੰਨ ਤੋਂ ਘੱਟ ਨਹੀਂ, ਤੁਸੀਂ ਜਿੰਨੇ ਜ਼ਿਆਦਾ ਬੱਚੇ ਪੈਦਾ ਕਰ ਸਕੋ, ਓਨਾ ਚੰਗਾ |' ਮੌਜੂਦਾ ਸਰਸੰਘ ਚਾਲਕ ਮੋਹਨ ਭਾਗਵਤ ਨੇ 2024 ਵਿਚ ਨਾਗਪੁਰ ਵਿਚ ਕਿਹਾ ਸੀ ਕਿ 'ਜਨਸੰਖਿਆ ਵਿਗਿਆਨ ਅਨੁਸਾਰ ਜੇ ਟੋਟਲ ਫਰਟੀਲਿਟੀ ਰੇਟ (ਜਨਮ ਦਰ) 2.1 ਤੋਂ ਘੱਟ ਹੋਵੇ ਤਾਂ ਸਮਾਜ ਖੁਦ-ਬਖੁਦ ਖ਼ਤਮ ਹੋ ਜਾਂਦਾ ਹੈ | ਇਸ ਲਈ (ਹਿੰਦੂ) ਔਰਤਾਂ ਨੂੰ  ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਹਨ | ਲਗਭਗ ਇਹੀ ਵਿਚਾਰ ਉਨ੍ਹਾਂ ਨੇ ਅਗਸਤ 2025 ਵਿਚ ਦਿੱਲੀ ਵਿਚ ਅਤੇ ਫਰਵਰੀ 2026 ਵਿਚ ਲਖਨਊ ਅਤੇ ਮੁੰਬਈ ਵਿਚ ਵੀ ਦੁਹਰਾਏ | ਹਾਲਾਂ ਕਿ ਹਿੰਦੂ ਸਮਾਜ ਨੂੰ  ਘਟਣ ਦਾ ਕੋਈ ਖਤਰਾ ਨਹੀਂ ਹੈ, ਕਿਉਂਕਿ ਵਿਸ਼ਵ ਪੱਧਰ 'ਤੇ ਹਿੰਦੂਆਂ ਦੀ ਜਨਮ ਦਰ 2.3 ਹੈ, ਜੋ ਧਰਮ ਦੀ ਮੌਜੂਦਾ ਗਿਣਤੀ ਬਣਾਈ ਰੱਖਣ ਦੀ ਦਰ 2.1 ਤੋਂ ਵਧੇਰੇ ਹੈ | ਹਾਂ, ਭਾਰਤ ਵਿਚ ਹਿੰਦੂ ਪਰਿਵਾਰਾਂ ਦੀ ਜਨਮ ਦਰ 1.94 ਹੈ | ਵਿਸ਼ਵ ਪੱਧਰ 'ਤੇ ਮੁਸਲਮਾਨਾਂ ਦੀ ਜਨਮ ਦਰ 3.1, ਇਸਾਈਆਂ ਦੀ 2.7 ਅਤੇ ਯਾਹੂਦੀਆਂ ਦੀ 2.3 ਹੈ, ਪਰ ਸਿੱਖਾਂ ਦੀ ਵਿਸ਼ਵ ਪੱਧਰ  'ਤੇ ਜਨਮ ਦਰ (ਟੀ.ਐਫ.ਆਰ.) ਸਿਰਫ਼ 1.4 ਹੈ, ਜੋ ਪੰਜਾਬ ਵਿਚ 1.6 ਹੈ | ਕੈਨੇਡਾ ਵਿਚ ਤਾਂ ਸ਼ਾਇਦ 1.2 ਹੈ | ਜੇ ਇਹ ਟੀ.ਐਫ.ਆਰ. ਜਾਂ ਜਨਮ ਦਰ 1.4 ਹੀ ਰਹੀ ਤਾਂ 28 ਸਾਲ ਬਾਅਦ ਵਿਸ਼ਵ ਭਰ ਵਿਚ ਸਿੱਖਾਂ ਦੀ ਆਬਾਦੀ ਹੁਣ ਨਾਲੋਂ ਤੀਜਾ ਹਿੱਸਾ ਘੱਟ ਜਾਵੇਗੀ ਤੇ 100 ਸਾਲਾਂ ਬਾਅਦ ਹੁਣ ਨਾਲੋਂ 75 ਫ਼ੀਸਦੀ ਘੱਟ ਕੇ ਸਿਰਫ਼ ਚੌਥਾ ਹਿੱਸਾ ਹੀ ਬਚੇਗੀ | ਉਂਝ ਇਕ ਸਰਕਾਰੀ ਅਧਿਐਨ ਅਨੁਸਾਰ ਹੁਣ ਪੰਜਾਬ ਦੇ ਸਕੂਲੀ ਬੱਚਿਆਂ ਵਿਚ ਸਿੱਖਾਂ ਦੀ ਗਿਣਤੀ 57-58 ਫ਼ੀਸਦੀ ਤੋਂ ਘੱਟ 49 ਫ਼ੀਸਦੀ ਭਾਵ ਪੰਜਾਬ ਵਿਚ ਵੀ ਘੱਟ-ਗਿਣਤੀ ਹੋ ਚੁੱਕੀ ਹੈ | ਇਹ ਅੰਦਾਜ਼ੇ ਸਿਰਫ਼ ਜਨਮ ਦਰ ਘਟ ਹੋਣ ਦੇ ਹਨ | ਪਰ ਜੇ ਇਸ ਨਾਲ ਧਰਮ ਬਦਲੀ ਦੇ ਅੰਕੜੇ ਵੀ ਜੋੜ ਲਏ ਜਾਣ ਤਾਂ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਹੈ | ਹਾਂ, ਪ੍ਰਵਾਸ ਨਾਲ ਧਰਮ ਦੀ ਗਿਣਤੀ ਨਹੀਂ ਘਟਦੀ ਜੇ ਇਥੇ ਘਟੀ ਤਾਂ ਵਿਦੇਸ਼ ਵਿਚ ਵਧੇਗੀ | ਵਿਸ਼ਵ ਪੱਧਰ 'ਤੇ ਕੋਈ ਫਰਕ ਨਹੀਂ ਪਵੇਗਾ |
ਵਿਰੋਧੀਆਂ ਦੇ ਮੁੱਖ ਇਤਰਾਜ਼ਾਂ ਦੀ ਗੱਲ
ਕੁਝ ਲੋਕ ਕਹਿੰਦੇ ਹਨ ਕਿ ਗਿਣਤੀ ਨਹੀਂ 'ਗੁਣਵੱਤਾ' ਮਹੱਤਵਪੂਰਨ ਹੈ | ਪਰ ਨੋਟ ਕਰੋ ਕਿ ਜੇ ਗਿਣਤੀ ਨਹੀਂ ਤਾਂ ਲੋਕ ਰਾਜ ਵਿਚ ਤੁਹਾਡੀ ਕੋਈ ਨਹੀਂ ਸੁਣਦਾ, ਗੁਣਵੱਤਾ ਦੀ ਵੀ ਕੋਈ ਕਦਰ ਨਹੀਂ ਪੈਂਦੀ | ਅੱਜ ਦੁਨੀਆ ਭਰ ਵਿਚ ਰਾਜਨੀਤਕ ਪ੍ਰਤੀਨਿਧਤਾ, ਸਰੋਤਾਂ ਦੀ ਵੰਡ ਅਤੇ ਸੱਭਿਆਚਾਰਕ ਮੌਜੂਦਗੀ ਗਿਣਤੀ 'ਤੇ ਹੀ ਨਿਰਭਰ ਕਰਦੀ ਹੈ | ਕੁਝ ਲੋਕ ਕਹਿੰਦੇ ਹਨ ਕਿ ਤਿੰਨ ਬੱਚੇ ਅੱਜ ਦੇ ਯੁੱਗ ਵਿਚ ਪਾਲਣੇ ਸੰਭਵ ਨਹੀਂ | ਸ਼ਾਇਦ ਉਹ ਕਿਸੇ ਹੱਦ ਤੱਕ ਠੀਕ ਵੀ ਹੋਣ, ਪਰ ਸਾਡੇ ਸਾਹਮਣੇ ਹੈ, ਜਿਨ੍ਹਾਂ ਦੇਸ਼ਾਂ ਦੀ ਆਬਾਦੀ ਘਟੀ ਜਾਂ ਨੌਜਵਾਨ ਆਬਾਦੀ ਘਟੀ ਹੈ, ਉਹ ਵੱਡੇ ਆਰਥਿਕ ਸੰਕਟਾਂ ਵੱਲ ਜਾ ਰਹੇ ਹਨ | ਬੱਚੇ ਪੈਦਾ ਕਰਨ ਲਈ ਸਹੂਲਤਾਂ ਦੇ ਰਹੇ ਹਨ | ਕੁਝ ਲੋਕ ਇਸ ਨੂੰ  'ਰੂੜੀਵਾਦੀ' ਵਿਚਾਰ ਕਹਿੰਦੇ ਹਨ ਪਰ ਕੀ ਸਮੇਂ ਰਹਿੰਦਿਆਂ ਆਪਣੀ ਹੋਂਦ ਬਚਾਉਣ ਲਈ ਸੁਚੇਤ ਹੋਣਾ ਜ਼ਰੂਰੀ ਨਹੀਂ | ਸਾਡੇ ਸਾਹਮਣੇ ਹੈ ਕਿ ਬਹੁਗਿਣਤੀ ਦੇ ਸਿਰ 'ਤੇ ਭਾਰਤ ਵਿਚ ਹਰ ਖੇਤਰ ਵਿਚ ਆਰ.ਐਸ.ਐਸ. ਦਾ ਕਬਜ਼ਾ ਹੋ ਗਿਆ ਹੈ | ਗਿਣਤੀ ਘਟਣਾ ਸਿਰਫ਼ ਅੰਕੜੇ ਹੀ ਨਹੀਂ ਹਨ, ਕੌਮ ਦੀ ਸਮੂਹਿਕ ਆਵਾਜ਼ ਵੀ ਕਮਜ਼ੋਰ ਪੈਂਦੀ ਹੈ | ਪੰਜਾਬ ਵਿਚ ਸਿੱਖਾਂ ਦੇ ਬਹੁਗਿਣਤੀ ਵਿਚ ਨਾ ਰਹਿਣਾ ਸਿੱਖਾਂ ਲਈ ਵੱਡਾ ਧੱਕਾ ਹੈ | ਭਾਰਤ ਵਿਚ ਪਾਰਸੀ ਸਭ ਤੋਂ ਅਮੀਰ ਤੇ ਪੜ੍ਹੇ-ਲਿਖੇ ਲੋਕ ਹਨ ਪਰ ਕੀ ਉਨ੍ਹਾਂ ਦਾ ਭਾਰਤ ਦੀ ਸਿਆਸਤ ਵਿਚ ਕੋਈ ਰੋਲ ਦਿੱਸਦਾ ਹੈ? ਪਾਰਸੀ 1941 ਵਿਚ 1 ਲੱਖ, 14 ਹਜ਼ਾਰ ਸਨ ਤੇ 2011 ਵਿਚ ਸਿਰਫ਼ 57 ਹਜ਼ਾਰ, ਨਵੀਂ ਮਰਦਮਸ਼ੁਮਾਰੀ ਵਿਚ ਉਨ੍ਹਾਂ ਦੀ ਗਿਣਤੀ 45 ਹਜ਼ਾਰ ਤੋਂ ਵੀ ਹੇਠਾਂ ਜਾਣ ਦਾ ਖਦਸ਼ਾ ਹੈ | ਬੁੱਧ ਧਰਮ ਦੀ ਵੀ ਇਹੀ ਹਾਲਤ ਹੈ | ਇਕ ਇਸਾਈ ਸੰਪਰਦਾ 'ਸ਼ੈਕਰਜ਼' ਜਨਮ ਦਰ ਘਟਣ ਅਤੇ ਵਿਆਹ ਨਾ ਕਰਵਾਉਣ ਦੀ ਪ੍ਰਥਾ ਦੇ ਚਲਦਿਆਂ ਲਗਭਗ ਅਲੋਪ ਹੀ ਹੋ ਗਈ ਹੈ | ਸੋ, ਜਥੇਦਾਰ ਸਾਹਿਬ ਦੀ ਅਪੀਲ ਨੂੰ  ਇਕ ਧਾਰਮਿਕ ਨੇਤਾ ਦਾ ਕੱਟੜਵਾਦ ਸਮਝ ਕੇ ਅਣਗੌਲਿਆਂ ਕਰਨਾ ਠੀਕ ਨਹੀਂ | ਕਿਹਾ ਜਾ ਸਕਦਾ ਹੈ ਕਿ ਸਿੱਖਾਂ ਨੇ ਘੱਟ-ਗਿਣਤੀ ਹੁੰਦਿਆਂ ਰਾਜ ਕਾਇਮ ਕੀਤਾ ਸੀ ਪਰ ਹਾਲਾਤ ਤੇ ਸਮਾਂ ਵੱਖਰਾ ਸੀ, ਫਿਰ ਜਨਮ ਦਰ ਘਟਣੀ ਕੋਈ ਬਾਹਰੀ ਹਮਲਾ ਨਹੀਂ ਹੈ | ਇਹ ਤਾਂ ਅੰਦਰੂਨੀ ਘਾਟ ਹੈ, ਇਹ ਵਕਤ ਸਚਾਈ ਨੂੰ  ਸਮਝਣ ਦਾ ਹੈ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ  ਇਹ ਸਵਾਲ ਪੁੱਛਣਾ ਤੇ ਸੁਲਝਾਉਣਾ ਪਵੇਗਾ ਕਿ ਸਾਡੇ ਵਡੇਰੇ ਸਮੇਂ ਸਿਰ ਸੰਭਲੇ ਕਿਉਂ ਨਹੀਂ?
ਯੇ ਜਬਰ ਭੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ,
ਲਮਹੋਂ ਨੇ ਖ਼ਤਾ ਕੀ ਥੀ ਸਦੀਓਾ ਨੇ ਸਜ਼ਾ ਪਾਈ |
(ਮੁਜੱਫਰ ਰਜ਼ਮੀ)
ਸਿੱਖ ਨੇਤਾ ਸਥਿਤੀ ਸਪੱਸ਼ਟ ਕਰਨ

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਵੰਦੇ ਮਾਤਰਮ ਗੀਤ ਦੇ ਟੁਕੜੇ ਕਰਨੇ ਇਤਿਹਾਸਕ ਗ਼ਲਤੀ ਸੀ, ਅਸੀਂ ਪੂਰਾ ਗੀਤ ਗਾਉਣ ਦਾ ਫ਼ੈਸਲਾ ਲੈ ਕੇ ਇਸ ਗ਼ਲਤੀ ਨੂੰ  ਠੀਕ ਕੀਤਾ ਹੈ | ਉਹ ਇਸ ਨੂੰ  ਮੁਸਲਿਮ ਤੁਸ਼ਟੀਕਰਨ ਵੀ ਕਹਿੰਦੇ ਹਨ | ਪਰ ਉਹ ਇਹ ਕਿਉਂ ਭੁੱਲ ਗਏ ਹਨ ਕਿ ਰਾਬਿੰਦਰ ਨਾਥ ਟੈਗੋਰ ਦੀ ਜਿਸ ਕਵਿਤਾ 'ਭਾਰਤ ਭਾਗਯ ਵਿਧਾਤਾ' ਵਿਚੋਂ ਰਾਸ਼ਟਰ ਗਾਨ 'ਜਨ ਗਣ ਮਨ' ਲਿਆ ਗਿਆ ਹੈ, ਉਸ ਦੇ ਵੀ ਕੁੱਲ 5 ਪੈਰ੍ਹੇ ਹਨ ਤੇ ਸਿਰਫ਼ ਇਕ ਪੈਰ੍ਹਾ ਹੀ ਰਾਸ਼ਟਰ ਗਾਨ ਵਜੋਂ ਅਪਣਾਇਆ ਗਿਆ ਹੈ | ਹਾਲਾਂਕਿ ਬਾਕੀ 4 ਪਹਿਰਿਆਂ ਵਿਚ ਵੀ ਫਿਰਕਾਪ੍ਰਸਤੀ ਵਾਲੀ ਕੋਈ ਗੱਲ ਨਹੀਂ ਹੈ | ਖ਼ੈਰ ਦੇਸ਼ ਦੀਆਂ ਦੋ ਘੱਟ-ਗਿਣਤੀਆਂ ਮੁਸਲਮਾਨਾਂ ਤੇ ਇਸਾਈਆਂ ਨੇ ਤਾਂ ਬਾਕੀ 4 ਪੈਰ੍ਹੇ ਪੜ੍ਹਨ 'ਤੇ ਆਪਣੇ ਇਤਰਾਜ਼ ਪ੍ਰਗਟ ਕਰ ਦਿੱਤੇ ਹਨ | ਪਰ ਸਿੱਖਾਂ ਨੇ ਅਜੇ ਸਮੂਹਿਕ ਤੌਰ 'ਤੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ | ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ  ਆਪਣੀਆਂ ਰਵਾਇਤਾਂ, ਧਰਮ ਦੀ ਸਮਝ ਅਤੇ ਰਾਜਨੀਤੀ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕਰ ਕੇ ਇਸ ਬਾਰੇ ਇਕ ਸਪੱਸ਼ਟ ਨਿਰਣਾ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਹੀ ਸਾਰੀ ਕੌਮ ਇਸ ਨੂੰ  ਅਪਣਾਉਣ ਜਾਂ ਨਾ ਅਪਣਾਉਣ ਬਾਰੇ ਇਕ ਹੀ ਤਰ੍ਹਾਂ ਦਾ ਰਵੱਈਆ ਅਪਣਾ ਸਕੇਗੀ |
ਨਿਸ਼ਾਨ-ਏ-ਹਿਟਲਰੀ-ਓ-ਕੈਸਰੀ ਨਹੀਂ ਮਿਲਤਾ,
ਜੋ ਇਬਰਤੋਂ ਨੇ ਲਿਖੀ ਹੈਾ, ਇਬਾਰਤੇਂ ਮਤ ਪੂਛ |
(ਅਲੀ ਸਰਦਾਰ ਜਾਫ਼ਰੀ)
(ਇਬਰਤਾਂ-ਡਲ, ਸਬਕ ਦੇਣ ਵਾਲੀਆਂ ਸਥਿਤੀਆਂ, ਇਬਾਰਤੇਂ-ਲਿਖਤਾਂ)

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

Ad Position 22
No active advertisement
ਪਿਛਲੀ ਖ਼ਬਰ ਡੇਰਾ ਮੁਖੀ ਦੀ ਫਰਲੋ ਅਗਲੀ ਖ਼ਬਰ ਮੱਧਕਾਲੀ ਚੋਣ ਨਹੀਂ ਲੜਾਂਗਾ- ਰਾਜ ਕ੍ਰਿਸ਼ਨਾਮੂਰਤੀ — ਪਾਰਟੀ ਉਮੀਦਵਾਰਾਂ ਲਈ ਇਕ ਲੱਖ ਡਾਲਰ ਫੰਡ ਦੇਣ ਦਾ ਐਲਾਨ
Ad Position 24