20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਕੀ ਯੂ.ਪੀ.ਆਈ. ਨੂੰ ਖੁਦ ਹੀ ਕਮਜ਼ੋਰ ਕਰ ਰਹੀ ਹੈ ਸਰਕਾਰ?

ਕੀ ਯੂ.ਪੀ.ਆਈ. ਨੂੰ ਖੁਦ ਹੀ ਕਮਜ਼ੋਰ ਕਰ ਰਹੀ ਹੈ ਸਰਕਾਰ?

Ad Position 21
No active advertisement
ਅਜੀਤ ਡੈਸਕ 21-09-2026

 

ਭਾਰਤ ਦੀਆਂ ਤਕਨੀਕੀ ਸਫਲਤਾਵਾਂ 'ਚੋਂ ਇਕ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ.ਪੀ.ਆਈ.) ਦੀ ਵਿਸ਼ਵ ਪੱਧਰ 'ਤੇ ਪ੍ਰਸੰਸਾ ਕੀਤੀ ਗਈ ਹੈ | ਇਹ ਵਿੱਤੀ ਤਕਨਾਲੋਜੀ ਲੋਕਾਂ ਦੇ ਜੀਵਨ ਨੂੰ  ਆਸਾਨ ਬਣਾਉਣ 'ਚ ਖ਼ਰੀ ਸਾਬਤ ਹੋਈ ਹੈ | ਪਰ ਹੁਣ ਭਾਰਤ ਸਰਕਾਰ ਨੇ ਖ਼ੁਦ ਇਸ ਦੇ ਰਾਹ ਵਿਚ ਰੁਕਾਵਟਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ | ਨਰਿੰਦਰ ਮੋਦੀ ਸਰਕਾਰ ਨੇ 2,000 ਰੁਪਏ ਤੋਂ ਵੱਧ ਦੇ ਭੁਗਤਾਨਾਂ 'ਤੇ ਮਰਚੈਂਟ ਡਿਸਕਾਊਾਟ ਰੇਟ (ਐਮ.ਡੀ.ਆਰ.) ਲਾ ਕੇ ਇਹ ਰਸਤਾ ਖੋਲ੍ਹ ਦਿੱਤਾ ਹੈ, ਜਿਸ ਦੇ ਚੱਲਦੇ ਅੱਗੇ ਜਾ ਕਿ ਇਹ ਆਮ ਕਾਰੋਬਾਰ ਲਈ ਆਕਰਸ਼ਕ ਨਹੀਂ ਰਹਿ ਜਾਵੇਗਾ | ਇਹੀ ਗੱਲ ਭਾਰਤ ਦੇ ਆਪਣੇ ਕਾਰਡ ਨੈੱਟਵਰਕ 'ਰੁਪੇ' (RuPay) 'ਤੇ ਵੀ ਲਾਗੂ ਹੁੰਦੀ ਹੈ | ਵਰਤਮਾਨ ਵਿਚ 2,000 ਤੋਂ ਵੱਧ ਦੇ ਭੁਗਤਾਨਾਂ ਲਈ ਐਮ.ਡੀ.ਆਰ./ਭੁਗਤਾਨ ਫੀਸ 0.4 ਫ਼ੀਸਦੀ ਰੱਖੀ ਗਈ ਹੈ | ਇਹ ਸਿਰਫ਼ ਕਹਿਣ ਦੀ ਗੱਲ ਹੈ ਕਿ ਐਮ.ਡੀ.ਆਰ. ਦਾ ਭੁਗਤਾਨ ਵਿਕਰੇਤਾਵਾਂ ਦੁਆਰਾ ਕੀਤਾ ਜਾਵੇਗਾ, ਖਰੀਦਦਾਰਾਂ ਦੁਆਰਾ ਨਹੀਂ | ਇਸ ਕਦਮ ਬਾਰੇ ਵੱਡਾ ਇਤਰਾਜ਼ ਇਹ ਹੈ ਕਿ ਇਹ ਫ਼ੈਸਲਾ ਅਮਰੀਕਾ ਦੇ ਦਬਾਅ ਹੇਠ ਲਿਆ ਗਿਆ ਹੈ, ਕਿਉਂਕਿ ਟਰੰਪ ਪ੍ਰਸ਼ਾਸਨ ਅਮਰੀਕੀ ਕੰਪਨੀਆਂ ਲਈ ਡਿਜੀਟਲ ਭੁਗਤਾਨਾਂ ਦਾ ਰਸਤਾ ਸੁਖਾਲਾ ਬਣਾਉਣ ਲਈ ਵੱਖ-ਵੱਖ ਦੇਸ਼ਾਂ 'ਤੇ ਦਬਾਅ ਪਾਉਂਦਾ ਰਿਹਾ ਹੈ |
ਦੱਸਣਯੋਗ ਹੈ ਕਿ ਲਗਭਗ 85  ਫ਼ੀਸਦੀ ਯੂ.ਪੀ.ਆਈ. ਭੁਗਤਾਨ ਅਮਰੀਕੀ ਕੰਪਨੀਆਂ ਦੇ ਐਪ- ਫੋਨਪੇਅ, ਗੂਗਲਪੇਅ, ਐਮਾਜ਼ੋਨ ਤੇ ਹੋਰਾਂ ਰਾਹੀਂ ਕੀਤੇ ਜਾਂਦੇ ਹਨ | ਹੁਣ ਇਨ੍ਹਾਂ ਕੰਪਨੀਆਂ ਨੂੰ  2,000 ਤੋਂ ਵੱਧ ਦੇ ਹਰ ਭੁਗਤਾਨ 'ਤੇ ਲਈ ਜਾਣ ਵਾਲੀ ਫੀਸ ਦਾ 20 ਫ਼ੀਸਦੀ ਹਿੱਸਾ ਮਿਲੇਗਾ | ਇਸ ਨਾਲ ਉਨ੍ਹਾਂ ਦਾ ਬਾਜ਼ਾਰੀ ਮੁੱਲ ਵਧੇਗਾ | ਇਸ ਲਈ ਭਾਰਤ ਦੇ ਰਾਸ਼ਟਰੀ ਨਜ਼ਰੀਏ ਤੋਂ ਇਸ ਤਾਜ਼ਾ ਫੈਸਲੇ ਨੂੰ  ਇਕ ਸਵੈ-ਪ੍ਰੇਰਿਤ ਹਮਲਾ ਹੀ ਕਿਹਾ ਜਾਵੇਗਾ |
ਭਾਗਵਤ ਦੇ ਇਸ਼ਾਰੇ ਦਾ ਮਤਲਬ
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਉਜੈਨ 'ਚ ਹੋਏ ਯੁਵਾ ਧਰਮ ਸੰਸਦ ਵਿਚ ਬੋਲਦਿਆਂ ਫਿਰ ਇਕ ਅਜਿਹਾ ਬਿਆਨ ਦਿੱਤਾ ਹੈ ਜਿਸ ਦੇ ਰਾਜਨੀਤਿਕ ਮਾਅਨੇ ਕੱਢਦਿਆਂ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਕਿਸ ਵੱਲ ਇਸ਼ਾਰਾ ਕਰ ਰਹੇ ਸਨ | ਉਨ੍ਹਾਂ ਹੰਕਾਰ ਨੂੰ  ਲੈ ਕੇ ਸੂਰਜ ਦੀ ਉਦਾਹਰਨ ਦਿੰਦਿਆਂ ਕਿਹਾ ਹੈ ਕਿ ਜੋ ਉਦੈ ਹੁੰਦਾ ਹੈ, ਉਸ ਦਾ ਅਸਤ ਵੀ ਹੁੰਦਾ ਹੈ | ਭਾਗਵਤ ਨੇ ਕਿਹਾ ਕਿ ਜੇਕਰ ਕੋਈ ਸੋਚਦਾ ਹੈ ਕਿ ਹਮੇਸ਼ਾ ਉਸ ਦੀ ਹੀ ਸੱਤਾ ਰਹੇਗੀ ਤੇ ਸਭ ਕੁਝ ਉਸ ਦੀ ਇੱਛਾ ਅਨੁਸਾਰ ਹੀ ਹੋਵੇਗਾ ਤਾਂ ਅਜਿਹਾ ਨਹੀਂ  ਹੁੰਦਾ ਹੈ | ਉਨ੍ਹਾਂ ਦੇ ਇਸ ਬਿਆਨ ਬਾਅਦ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ | ਮੰਨਿਆ ਜਾਂਦਾ ਹੈ ਕਿ ਸੰਘ ਮੁਖੀ ਦਾ ਇਸ਼ਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਹੈ ਤੇ ਉਨ੍ਹਾਂ ਇਹ ਗੱਲ ਮੋਦੀ ਦੇ ਜਨਮ ਦਿਨ ਨੂੰ  ਵੱਡੇ ਪੱਧਰ 'ਤੇ ਮਨਾਉਣ ਤੇ ਲੋਕਾਂ ਤੋਂ ਦੀਵੇ ਜਗਵਾਉਣ ਦੇ ਸੰਦਰਭ ਵਿਚ ਆਖੀ ਹੈ | ਹਾਲਾਂਕਿ ਭਾਗਵਤ ਦਾ ਟਰੈਕ ਰਿਕਾਰਡ ਅਜਿਹਾ ਬਿਆਨ ਦੇਣ ਤੋਂ ਬਾਅਦ ਮੋਦੀ ਤੇ ਉਨ੍ਹਾਂ ਦੀ ਸਰਕਾਰ ਦੇ ਸਮਰਥਨ ਵਿਚ ਬੋਲਣ ਦਾ ਰਿਹਾ ਹੈ | ਪਿਛਲੇ ਸਾਲ 75 ਸਾਲ ਦੀ ਉਮਰ ਵਿਚ ਸੇਵਾਮੁਕਤੀ ਬਾਰੇ ਅਜਿਹਾ ਬਿਆਨ ਦੇਣ ਤੋਂ ਬਾਅਦ ਉਨ੍ਹਾਂ ਸਪੱਸ਼ਟੀਕਰਨ ਵੀ ਦਿੱਤਾ ਸੀ | 
ਰਾਹੁਲ ਕਿਉਂ ਨਹੀਂ ਸਮਝਾਉਂਦੇ?
ਰਾਹੁਲ ਗਾਂਧੀ ਨੇ ਦੇਸ਼ ਭਰ 'ਚ ਲੋਕਤੰਤਰ ਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਲੜਾਈ ਸ਼ੁਰੂ ਕੀਤੀ ਹੋਈ ਹੈ | ਉਹ ਲਗਾਤਾਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਕਰਕੇ ਦੋਸ਼ ਲਗਾਉਂਦੇ ਹਨ ਕਿ ਉਹ  ਮੀਡੀਆ ਦਾ ਗਲਾ ਘੁੱਟਦਿਆਂ ਪੱਤਰਕਾਰਾਂ ਨੂੰ  ਆਪਣਾ ਕੰਮ ਕਰਨ ਤੋਂ ਰੋਕ ਰਹੀ ਹੈ | ਕਿਸੇ ਪੱਤਰਕਾਰ ਵਿਰੁੱਧ ਕੋਈ ਕਾਰਵਾਈ ਹੋਣ 'ਤੇ ਰਾਹੁਲ ਗਾਂਧੀ ਸਰਕਾਰ ਦੀ ਆਲੋਚਨਾ ਕਰਦੇ ਹਨ, ਪਰ ਉਹ ਕਾਂਗਰਸ ਸ਼ਾਸਿਤ ਰਾਜਾਂ ਵਿਚ ਅਜਿਹੀਆਂ ਘਟਨਾਵਾਂ ਵਾਪਰਨ 'ਤੇ ਹਮੇਸ਼ਾ ਚੁੱਪ ਰਹਿੰਦੇ ਹਨ | ਹਾਲ ਹੀ ਵਿਚ ਕੇਰਲ  ਪੁਲਿਸ ਨੇ ਇਕ ਮਲਿਆਲਮ ਟੀ.ਵੀ. ਚੈਨਲ ਦੇ ਲਾਈਵ ਸ਼ੋਅ ਵਿਚ ਦਾਖਲ ਹੋ ਕੇ ਪ੍ਰੋਗਰਾਮ ਨੂੰ  ਰੋਕਿਆ, ਚੈਨਲ ਦੇ ਦਫ਼ਤਰ ਦੀ ਤਲਾਸ਼ੀ ਲੈਂਦਿਆ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ | ਇਹ ਘਟਨਾ ਅਰਜਨਟੀਨਾ ਦੇ ਫੁੱਟਬਾਲਰ ਲਿਓਨਲ ਮੈਸੀ ਦੀ ਕੇਰਲ ਫੇਰੀ ਨਾਲ ਸੰਬੰਧਿਤ ਹੈ ਤੇ ਦੋਸ਼ ਹੈ ਕਿ ਮੈਸੀ ਦੀ ਕੇਰਲ ਫੇਰੀ ਦੌਰਾਨ ਆਯੋਜਿਤ ਪ੍ਰੋਗਰਾਮ ਦੌਰਾਨ ਵਿੱਤੀ ਬੇਨਿਯਮੀਆਂ ਹੋਣ ਦੇ ਦੋਸ਼ਾਂ ਦੀ ਜਾਂਚ ਲਈ ਇਕ ਐਸ.ਆਈ.ਟੀ. ਬਣਾਈ ਗਈ ਹੈ |  ਮਲਿਆਲਮ ਚੈਨਲ 'ਰਿਪੋਰਟਰ ਟੀਵੀ' ਦੇ ਪ੍ਰਮੋਟਰ ਆਗਸਟੀਨ ਭਰਾ ਹਨ | ਉਨ੍ਹਾਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ | ਕੇਰਲ ਵਿਚ ਪੱਤਰਕਾਰ ਸੰਗਠਨਾਂ ਤੇ ਮੀਡੀਆ ਸਮੂਹਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਕੇਰਲ ਸਰਕਾਰ ਦੀ ਪੁਲਿਸ ਵੱਖ-ਵੱਖ ਬਹਾਨਿਆਂ ਨਾਲ ਚੈਨਲ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਪਰ ਰਾਹੁਲ ਗਾਂਧੀ ਇੰਨੇ ਵੱਡੇ ਘਟਨਾਕ੍ਰਮ 'ਤੇ ਚੁੱਪ ਹਨ |
ਧੀਰੇਂਦਰ ਸ਼ਾਸਤਰੀ ਦਾ ਭਾਜਪਾ ਨੂੰ  ਨੁਕਸਾਨ
ਪੱਛਮੀ ਬੰਗਾਲ 'ਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਬਹੁਤ ਧੂਮਧਾਮ ਨਾਲ ਬੰਗਾਲ ਪਹੁੰਚੇ | ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਦੀ ਸਰਕਾਰ ਸਮੇਂ ਉਸ ਨੂੰ  ਸੂਬੇ 'ਚ ਨਹੀਂ ਆਉਣ ਦਿੱਤਾ ਜਾਂਦਾ ਸੀ, ਹੁਣ ਸਰਕਾਰ ਬਦਲ ਗਈ ਹੈ ਤਾਂ ਲੋਕਾਂ ਦੀ ਮਾਨਸਿਕਤਾ ਬਦਲਣੀ ਚਾਹੀਦੀ ਹੈ | ਉਨ੍ਹਾਂ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੀ ਮੌਜੂਦਗੀ 'ਚ ਦੁਰਗਾ ਪੂਜਾ ਦੇ ਸਮੇਂ ਮਾਸ ਤੇ ਮੱਛੀ ਖਾਣ ਵਾਲੇ ਲੋਕਾਂ ਨੂੰ  ਪਖੰਡੀ ਦੱਸਦਿਆਂ ਲੋਕਾਂ ਨੂੰ  ਮਾਸ ਤੇ ਮੱਛੀ ਤੋਂ ਪ੍ਰਹੇਜ਼ ਕਰਨ ਦੀ ਅਪੀਲ ਕੀਤੀ | ਇਸ ਬਿਆਨ ਤੋਂ ਨਾਰਾਜ਼ ਹੋਏ ਬੰਗਾਲੀ ਲੋਕਾਂ ਨੂੰ  ਖੁਸ਼ ਕਰਨ ਲਈ ਸੂਬੇ ਦੇ ਸਾਰੇ ਭਾਜਪਾ ਨੇਤਾਵਾਂ ਨੇ ਧੀਰੇਂਦਰ ਸ਼ਾਸਤਰੀ 'ਤੇ ਹਮਲਾ ਬੋਲਦਿਆਂ ਅਜਿਹੀਆਂ ਗੱਲਾਂ ਕਹੀਆਂ, ਜੋ ਭਾਜਪਾ ਵਿਰੋਧੀ ਪਾਰਟੀ ਦੇ ਲੋਕਾਂ ਨੇ ਕਦੇ ਵੀ ਨਹੀਂ ਆਖੀਆਂ ਸਨ | ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੂੰ  ਇਸ ਨੁਕਸਾਨ ਦੀ ਪੂਰਤੀ ਲਈ ਖ਼ੁਦ ਮਾਤਾ ਦੇ ਮੰਦਰ 'ਚ ਜਾ ਕੇ ਮੱਛੀ ਦਾ ਭੋਗ ਲਗਵਾਉਣਾ ਪਿਆ ਤੇ ਉੱਥੇ ਬੈਠ ਕੇ ਮੱਛੀ ਖਾਣੀ ਪਈ, ਜਿਸ ਦੀ ਵੀਡੀਓ ਤੇ ਤਸਵੀਰਾਂ ਭਾਜਪਾ ਵਲੋਂ ਵਾਇਰਲ ਕੀਤੀਆਂ ਗਈਆਂ ਹਨ | ਧੀਰੇਂਦਰ ਸ਼ਾਸਤਰੀ ਤੋਂ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੁਝ ਨੇਤਾਵਾਂ ਵਲੋਂ ਮਾਸ ਤੇ ਮੱਛੀ ਖਾਣ ਦੇ ਵਿਰੁੱਧ ਸਲਾਹ ਦੇਣ ਦਾ ਵਿਆਪਕ ਵਿਰੋਧ ਹੋਇਆ ਸੀ, ਕਿਉਂਕਿ ਬੰਗਾਲੀ ਇਸ ਨੂੰ  ਆਪਣੇ ਸੱਭਿਆਚਾਰ 'ਤੇ ਹਮਲਾ ਮੰਨਦੇ ਹਨ | ਭਾਜਪਾ ਦੀ ਚਿੰਤਾ ਵਧ ਗਈ ਹੈ ਕਿਉਂਕਿ ਇਸ ਵਿਵਾਦ ਨੇ ਰਾਜਨੀਤਿਕ ਤੌਰ 'ਤੇ ਕਮਜ਼ੋਰ ਹੋ ਰਹੀ ਮਮਤਾ ਬੈਨਰਜੀ ਨੂੰ  ਨਵੀਂ ਸੰਜੀਵਨੀ ਦੇ ਦਿੱਤੀ ਹੈ ਤੇ ਮਮਤਾ ਨੇ ਭਾਜਪਾ ਨੂੰ  ਬੰਗਾਲ ਵਿਰੋਧੀ ਦੱਸਣਾ ਸ਼ੁਰੂ ਕਰ ਦਿੱਤਾ ਹੈ |
ਹੁਣ ਆਮ ਨਹੀਂ ਰਹੀ 'ਆਪ'
ਭਾਰਤ 'ਚ ਕਿਸੇ ਰਾਜਨੀਤਿਕ ਪਾਰਟੀ ਦੇ ਅਹੁਦੇਦਾਰਾਂ ਦਾ ਐਲਾਨ ਕਰਨ ਸਮੇਂ ਅਕਸਰ ਜਾਤੀ ਸਮੀਕਰਨਾਂ 'ਤੇ ਬਹੁਤ ਧਿਆਨ ਰੱਖਿਆ ਜਾਂਦਾ ਹੈ | ਇਸੇ ਤਰ੍ਹਾਂ ਸਰਕਾਰ ਬਣਾਉਣ ਸਮੇਂ ਮੰਤਰੀਆਂ ਦੀ ਚੋਣ ਕਰਦਿਆਂ ਸਮਾਜਿਕ ਤੇ ਖੇਤਰੀ ਸੰਤੁਲਨ ਦਾ ਵੀ ਧਿਆਨ ਰੱਖਿਆ ਜਾਂਦਾ ਹੈ | ਪਰ ਵੱਖਰੀ ਕਿਸਮ ਦੀ ਰਾਜਨੀਤੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਕਸਰ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਤੇ ਉੁਨ੍ਹਾਂ ਲਈ ਆਗੂਆਂ ਦੀ ਵਫ਼ਾਦਾਰੀ ਜਾਤੀ ਸਮੀਕਰਨਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ | ਪਿਛਲੇ ਦਿਨੀਂ ਜਦੋਂ ਕੇਜਰੀਵਾਲ ਨੇ ਪਾਰਟੀ ਦੀ ਨਵੀਂ ਕਾਰਜਕਾਰਨੀ ਬਣਾਈ ਤਾਂ ਉਨ੍ਹਾਂ  ਹਮੇਸ਼ਾ ਵਾਂਗ ਆਪਣੀ ਜਾਤੀ ਤੇ ਰਿਸ਼ਤੇਦਾਰੀ ਦੇ ਲੋਕਾਂ ਨੂੰ  ਮੁੱਖ ਅਹੁਦਿਆਂ 'ਤੇ ਨਿਯੁਕਤ ਕੀਤਾ | ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਹੋਈ ਅਤੇ ਕੇਜਰੀਵਾਲ ਨੂੰ  ਇਕ ਵਾਰ ਫਿਰ ਰਾਸ਼ਟਰੀ ਕਨਵੀਨਰ ਚੁਣਿਆ ਗਿਆ ਹੈ |
ਇਹ ਪਾਰਟੀ ਵੀ ਹੋਰ ਪਰਿਵਾਰ-ਆਧਾਰਿਤ ਪਾਰਟੀਆਂ ਤੋਂ ਵੱਖਰੀ ਨਹੀਂ ਹੈ ਤੇ ਮੰਨਿਆ ਜਾਂਦਾ ਹੈ ਕਿ ਕੇਜਰੀਵਾਲ ਉਦੋਂ ਤੱਕ ਕਨਵੀਨਰ ਬਣੇ ਰਹਿਣਗੇ, ਜਦੋਂ ਤੱਕ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਪਾਰਟੀ ਦੀ ਇਹ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਨਹੀਂ ਹੋ ਜਾਂਦਾ | ਕੇਜਰੀਵਾਲ ਪਿਛਲੇ 14 ਸਾਲਾਂ ਤੋਂ ਪਾਰਟੀ ਦੇ ਕਨਵੀਨਰ ਹਨ ਤੇ ਉਨ੍ਹਾਂ ਨੇ ਆਪਣੀ ਜਾਤੀ ਦੇ ਪੰਕਜ ਗੁਪਤਾ ਨੂੰ  ਪਾਰਟੀ ਵਿਚ ਦੂਜਾ ਸਭ ਤੋਂ ਮਹੱਤਵਪੂਰਨ ਸਕੱਤਰ ਦਾ ਅਹੁਦਾ ਦਿੱਤਾ ਹੈ, ਜਦਕਿ ਖਜ਼ਾਨਚੀ ਵਜੋਂ ਐਨ.ਡੀ ਗੁਪਤਾ ਨੂੰ  ਪਾਰਟੀ ਦੇ ਤੀਜੇ ਸਭ ਤੋਂ ਅਹਿਮ  ਅਹੁਦੇ 'ਤੇ ਬਰਕਰਾਰ ਰੱਖਿਆ ਗਿਆ ਹੈ | ਇਸ ਦਾ ਮਤਲਬ ਹੈ ਕਿ ਵੈਸ਼ ਭਾਈਚਾਰੇ ਦੇ ਤਿੰਨੋਂ ਆਗੂ ਆਮ ਆਦਮੀ ਪਾਰਟੀ ਦੇ ਤਿੰਨਾਂ ਉੱਚ ਅਹੁਦਿਆਂ 'ਤੇ ਮਹੱਤਵਪੂਰਨ ਜ਼ਿੰਮੇਵਾਰੀਆਂ ਸੰਭਾਲਦੇ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਏ.ਆਈ. ਨਾਲ ਜੁੜੀਆਂ ਨਵੀਆਂ ਚੁਣੌਤੀਆਂ ਤੇ ਸੰਭਾਵਨਾਵਾਂ ਅਗਲੀ ਖ਼ਬਰ ਪੰਜਾਬ ਦੀ ਬਦਹਾਲੀ ਦੇ ਦੋ ਵੱਡੇ ਕਾਰਨ
Ad Position 24