26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਿਰੜੀ ਪੱਤਰਕਾਰ ਚੰਦ ਫਤਹਿਪੁਰੀ ਦਾ ਵਿਛੋੜਾ

ਸਿਰੜੀ ਪੱਤਰਕਾਰ ਚੰਦ ਫਤਹਿਪੁਰੀ ਦਾ ਵਿਛੋੜਾ

Ad Position 21
No active advertisement
ਅਜੀਤ ਡੈਸਕ 27-09-2026

ਕਾਮਰੇਡ ਚੰਦ ਫਤਹਿਪੁਰੀ ਇਕ ਨਿਡਰ ਪੱਤਰਕਾਰ, ਉੱਚ ਪਾਏ ਦੇ ਲਿਖਾਰੀ, ਚਿੰਤਕ ਅਤੇ ਸਿਰਕੱਢ ਕਮਿਊਨਿਸਟ ਆਗੂ ਸਨ | ਉਨ੍ਹਾਂ ਨੇ ਨਵਾਂ ਜ਼ਮਾਨਾ ਅਖ਼ਬਾਰ ਦੇ ਸੰਪਾਦਕ ਦੀ ਜ਼ਿੰਮੇਵਾਰੀ ਬੜੀ ਦਿ੍ੜ੍ਹਤਾ ਤੇ ਜ਼ਿੰਮੇਵਾਰੀ ਨਾਲ ਨਿਭਾਈ | ਉਨ੍ਹਾਂ ਦੀਆਂ ਲਿਖਤਾਂ ਲੋਕ ਪੱਖੀ, ਮਜ਼ਦੂਰ, ਕਿਸਾਨ ਅਤੇ ਸਮਾਜ ਦੇ ਪਛੜੇ ਵਰਗ ਦੀ ਜ਼ਿੰਦਗੀ ਨੂੰ  ਖੁਸ਼ਹਾਲ ਬਨਾਉਣ ਦੀ ਪ੍ਰਤੀਬਧਤਾ ਪ੍ਰਗਟ ਕਰਦੀਆਂ ਸਨ | ਚੰਦ ਫਤਹਿਪੁਰੀ ਨੇ ਸਮੇਂ ਦੀਆਂ ਹਕੂਮਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਜਿਵੇਂ ਬੇਰੁਜ਼ਗਾਰੀ, ਅਨਪੜ੍ਹਤਾ, ਆਰਥਿਕ ਨਾ ਬਰਾਬਰੀ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਵਰਗੇ ਗੰਭੀਰ ਮੁੱਦਿਆਂ ਤੇ ਨਿਧੜਕ ਹੋ ਕੇ ਕਲਮ ਚਲਾਈ |

ਸੀ.ਪੀ.ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਖੇਤ ਮਜ਼ਦੂਰਾਂ ਦੇ ਮਹਾਨ ਆਗੂ ਸਵਰਨ ਸਿੰਘ ਪਿੰਡ ਨਾਗੋਕੇ ਦੇ ਭੋਗ 'ਤੇ ਇਨ੍ਹਾਂ ਸਤਰਾਂ ਦੇ ਲੇਖਕ ਨੂੰ  ਕਿਹਾ ਸੀ ਮੈਂ ਕਿ ਨਵਾਂ ਜ਼ਮਾਨਾ ਅਖ਼ਬਾਰ ਵੱਲ ਵਧੇਰੇ ਧਿਆਨ ਦਿਆ ਕਰਾਂ | ਮੈਂ ਕਿਹਾ ਕਿਉਂ ਚੰਦ ਫਤਹਿਪੁਰੀ ਤਾਂ ਬਹੁਤ ਚੰਗਾ ਲਿਖ ਰਹੇ ਹਨ ਤੇ ਜ਼ਿੰਮੇਵਾਰੀ ਨਿਭਾਅ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਠੀਕ ਹੈ ਪਰ ਉਹ ਨਾ ਮੁਰਾਦ ਬਿਮਾਰੀ ਕੈਂਸਰ ਦੇ ਮਰੀਜ਼ ਹਨ | ਬਿਮਾਰੀ ਦਾ ਨਾਂਅ ਸੁਣਦਿਆਂ ਸਾਰ ਹੀ ਮੈਂ ਝੰਜੋੜਿਆ ਗਿਆ, ਕਿਉਂਕਿ  ਇਸ ਬਿਮਾਰੀ ਦਾ ਕੋਈ ਪੂਰਨ ਇਲਾਜ ਨਹੀਂ ਹੈ | ਇਹ ਬਿਮਾਰੀ ਆਖਰਕਾਰ ਮਨੁੱਖ ਨੂੰ  ਨਿਗਲ ਜਾਂਦੀ ਹੈ |
ਚੰਦ ਫਤਹਿਪੁਰੀ ਦਾ ਪਿੰਡ ਜਲੰਧਰ ਜ਼ਿਲ੍ਹੇ ਵਿਚ ਸ਼ਾਹਕੋਟ ਦੇ ਨਜ਼ਦੀਕ  ਫਤਹਿਪੁਰ ਭੰਗਵਾ ਹੈ | ਉਂਝ ਉਨ੍ਹਾਂ ਦਾ ਪਿਛਲਾ ਪਿੰਡ ਬਠਿੰਡਾ ਜ਼ਿਲ੍ਹੇ ਵਿਚ ਸਿਵੈਵਾਲਾ ਸੀ | ਥੋੜ੍ਹੀ ਜ਼ਮੀਨ ਹੋਣ ਕਰਕੇ ਉਨ੍ਹਾਂ ਦੇ ਪਰਿਵਾਰ ਨੇ ਸਿਵੈਵਾਲਾ ਵਾਲੀ ਜ਼ਮੀਨ ਵੇਚ ਕੇ ਪਿੰਡ ਫਤਹਿਪੁਰ ਵਿਖੇ ਕੁੱਝ ਵਧੇਰੇ ਜ਼ਮੀਨ ਲੈ ਲਈ ਸੀ | ਕੁੱਝ ਅਰਸੇ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਯੂ.ਪੀ ਵਿਚ ਵੀ ਜ਼ਮੀਨ ਲੈ ਲਈ ਸੀ |
ਉਨ੍ਹਾਂ ਦੀ ਮਾਤਾ ਦਾ ਨਾਮ ਤੇਜ ਕੌਰ ਅਤੇ ਪਿਤਾ ਦਾ ਨਾਮ ਸਰਦਾਰ ਭਗਵਾਨ ਸਿੰਘ ਬਰਾੜ ਸੀ | ਉਨ੍ਹਾਂ ਦੀ ਪਤਨੀ ਦਾ ਨਾਂਅ ਸ੍ਰੀਮਤੀ ਸੰਤੋਸ਼ ਬਰਾੜ ਹੈ | ਉਨ੍ਹਾਂ ਦੇ ਪੁੱਤਰ ਸਮੇਲ ਬਰਾੜ, ਧੀ ਰਚਨਾ ਬਰਾੜ ਅਤੇ ਛੋਟਾ ਪੁੱਤਰ ਪਿ੍ੰਸ ਬਰਾੜ ਹੈ | ਉਨ੍ਹਾਂ ਦਾ ਸਾਰਾ ਪਰਿਵਾਰ ਲੰਬੇ ਸਮੇਂ ਤੋਂ ਕਮਿਊਨਿਸਟ ਪਾਰਟੀ ਨਾਲ ਜੁੜਿਆ ਹੋਇਆ ਹੈ | ਇਨ੍ਹਾਂ ਦੇ ਦੋ ਵੱਡੇ ਭਰਾ ਕਾਮਰੇਡ ਗੁਰਪਾਲ ਸਿੰਘ ਅਤੇ ਹਰਭਾਲ ਸਿੰਘ ਹਨ |
ਉਨ੍ਹਾਂ ਨਾਲ ਮੇਰੀ ਜਾਣ ਪਹਿਚਾਣ ਕਰੀਬ 1984 ਵਿਚ ਹੋ ਗਈ ਸੀ | ਉਸ ਵਕਤ ਮੈਂ ਜਲੰਧਰ ਵਿਖੇ ਆਈ.ਟੀ.ਆਈ ਅਪਰੈਂਟਿਸ ਕਰ ਰਿਹਾ ਸਾਂ | ਮੈਨੂੰ ਜਦੋਂ ਵਕਤ ਮਿਲ ਜਾਣਾ ਤੇ ਮੈਂ ਪਾਰਟੀ ਦਫਤਰ ਆ ਜਾਣਾ ਤੇ ਉੱਥੇ ਚੰਦ ਫਤਹਿਪੁਰੀ ਨਾਲ ਆਮ ਹੀ ਗੱਲਬਾਤ ਹੋ ਜਾਂਦੀ ਸੀ | ਆਪਣੇ ਪਰਿਵਾਰ ਸਮੇਤ ਉਹ ਪਾਰਟੀ ਦਫਤਰ ਹੀ ਰਹਿੰਦੇ ਸਨ | ਉਸ ਵੇਲੇ ਪਾਰਟੀ ਦਫਤਰ ਜਲੰਧਰ ਡਾਕਖਾਨੇ ਦੇ ਕੋਲ ਹੀ ਸੀ ਅਤੇ ਹਵਾਲਦਾਰ ਦਰਸ਼ਨ ਸਿੰਘ ਦਫਤਰ ਸਕੱਤਰ ਹੁੰਦੇ ਸਨ |
ਬਾਅਦ ਵਿਚ ਜਲੰਧਰ ਜ਼ਿਲ੍ਹੇ ਦੀ ਪਾਰਟੀ ਨੇ ਆਪਣਾ ਦਫਤਰ ਜਲੰਧਰ ਬੱਸ ਸਟੈਂਡ ਦੇ ਨਜ਼ਦੀਕ ਬਣਾ ਲਿਆ | ਉਸ ਦਫਤਰ ਦਾ ਟਰੱਸਟ ਮਾਸਟਰ ਹਰੀ ਸਿੰਘ ਧੂਤ ਦੇ ਨਾਂਅ 'ਤੇ ਬਣਾਇਆ ਗਿਆ ਸੀ | ਕਈ ਸਾਥੀ ਦਫ਼ਤਰ ਨੂੰ  ਮਾਸਟਰ ਹਰੀ ਸਿੰਘ ਧੂਤ ਭਵਨ ਵੀ ਆਖ ਦਿੰਦੇ ਹਨ | ਚੰਦ ਫਤਹਿਪੁਰੀ ਨਵਾਂ ਜ਼ਮਾਨਾ ਦਾ ਕੰਮ ਕਰਨ ਦੇ ਨਾਲ ਨਾਲ ਸੀ.ਪੀ.ਆਈ ਦੇ ਜ਼ਿਲ੍ਹਾ ਸਕੱਤਰ ਹੋਣ ਦੇ ਨਾਤੇ ਇਸ ਦਫ਼ਤਰ ਵਿਚ ਵੀ ਬੈਠਦੇ ਸਨ | ਚੰਦ ਫਤਹਿਪੁਰੀ ਨੇ ਉੱਚੇਰੀ ਵਿੱਦਿਆ ਗ੍ਰਹਿਣ ਕੀਤੀ ਹੋਈ ਸੀ | ਉਹ ਲਿਖਣ ਦੇ ਧਨੀ ਹੋਣ ਕਰਕੇ ਕਰੀਬ 1970 ਵਿਚ ਨਵਾਂ ਜ਼ਮਾਨਾ ਅਖ਼ਬਾਰ ਨਾਲ ਜੁੜ ਗਏ ਸਨ | ਉਨ੍ਹਾਂ ਨੇ ਅਖ਼ਬਾਰ ਵਿਚ ਕਈ ਕਾਲਮ ਲਿਖੇ ਸਨ | ਉਨ੍ਹਾਂ ਦਾ ਇਕ ਕਾਲਮ ਸ਼ੀਸ਼ਾ ਝੂਠ ਨਹੀਂ ਬੋਲਦਾ ਬਹੁਤ ਮਕਬੂਲ ਹੋਇਆ ਸੀ | ਉਹ ਐਡੀਟੋਰੀਅਲ ਸਮੇਤ ਆਪਣੀਆਂ ਲਿਖਤਾਂ ਬਹੁਤ ਖੋਜ ਕਰ ਕੇ ਲਿਖਦੇ ਸਨ | ਕਿਸਾਨਾਂ ਨੇ, ਜੋ ਦਿੱਲੀ ਦੇ ਬਾਰਡਰ ਤੇ ਮੋਰਚਾ ਲਾਇਆ ਸੀ, ਉਸ ਬਾਬਤ ਵੀ ਉਨ੍ਹਾਂ ਨੇ ਇਕ ਪੁਸਤਕ ਲਿਖੀ ਸੀ |
ਆਪਣੀ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਉਹ ਨਵਾਂ ਜ਼ਮਾਨਾ ਅਖ਼ਬਾਰ ਦੇ ਨਾਲ ਬਤੌਰ ਸੰਪਾਦਕ ਜੁੜੇ ਰਹੇ | ਉਹ ਬਿਮਾਰੀ ਦੀ ਹਾਲਤ ਵਿਚ ਵੀ ਨਵਾਂ ਜ਼ਮਾਨਾ ਵਿਚ ਲਗਾਤਾਰ ਆਉਂਦੇ ਰਹੇ | ਉਹ ਆਖਰੀ ਵਾਰ 19 ਸਿਤੰਬਰ 2026 ਨੂੰ  ਸ਼ਨਿੱਚਰਵਾਰ ਨਵਾਂ ਜ਼ਮਾਨਾ ਦਫਤਰ ਵਿਚ ਆਏ ਸਨ | ਇਨ੍ਹਾਂ ਸਤਰਾਂ ਦਾ ਲੇਖਕ ਉਨ੍ਹਾਂ ਨੂੰ  ਉੱਪਰ ਮਿਲਣ ਗਿਆ ਅਤੇ ਪੁੱਛਿਆ ਕਿ ਸਿਹਤ ਦਾ ਕੀ ਹਾਲ ਹੈ ਅਤੇ ਉਨ੍ਹਾਂ ਨੇ ਪਹਿਲਾਂ ਦੀ ਤਰ੍ਹਾਂ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ | ਪਰ ਵੇਖਿਆ ਕਿ ਉਹ ਆਪਣਾ ਸਰੀਰ ਆਪ ਹੀ ਘੁੱਟ ਰਹੇ ਸਨ, ਜਦੋਂ ਪੁੱਛਿਆ ਕਿ ਸਰੀਰ ਕਿਉਂ ਘੁੱਟ ਰਹੇ ਹੋ ਤਾਂ ਉਨ੍ਹਾਂ ਕਿਹਾ ਅੱਜ ਸਾਰਾ ਸਰੀਰ ਬਹੁਤ ਦਰਦ ਕਰ ਰਿਹਾ ਹੈ | ਅਗਲੇ ਦਿਨ 20 ਸਿਤੰਬਰ ਨੂੰ  ਪੀੜ ਜ਼ਿਆਦਾ ਵਧ ਗਈ | ਸ਼ਾਮ ਨੂੰ  ਜ਼ਿਆਦਾ ਹਾਲਤ ਵਿਗੜਦੀ ਵੇਖ ਕੇ ਉਨ੍ਹਾਂ ਨੂੰ  ਹਸਪਤਾਲ ਲਿਜਾਇਆ ਗਿਆ, ਰਸਤੇ ਵਿਚ ਹੀ ਉਹ ਵਿਛੋੜੇ ਦੇ ਗਏ | ਉਨ੍ਹਾਂ ਦੀ ਯਾਦ ਵਿਚ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਸ਼ਰਧਾਂਜਲੀ ਸਮਾਗਮ ਹੋ ਰਿਹਾ ਹੈ |
ਸਕੱਤਰ, ਅਰਜਨ ਸਿੰਘ ਗੜਗੱਜ ਫਾਊਾਡੇਸ਼ਨ,
ਨਵਾਂ ਜ਼ਮਾਨਾ ਜਲੰਧਰ |

ਮੋਬਾਈਲ : 98760-78731

 

Ad Position 22
No active advertisement
ਪਿਛਲੀ ਖ਼ਬਰ ਬੇਹੱਦ ਜ਼ਰੂਰੀ ਹੈ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਨੂੰ ਬਹਾਲ ਕਰਨਾ ਅਗਲੀ ਖ਼ਬਰ ਬਾਬਾ ਸ਼ੇਖ ਫ਼ਰੀਦ ਦੀ ਦਰਵੇਸ਼ ਰੂਹ
Ad Position 24