13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅਜੇ ਵੀ ਪੂਸਾ-44 ਨੂੰ ਪਸੰਦ ਕਰਦੇ ਹਨ ਕਿਸਾਨ

ਅਜੇ ਵੀ ਪੂਸਾ-44 ਨੂੰ ਪਸੰਦ ਕਰਦੇ ਹਨ ਕਿਸਾਨ

Ad Position 21
No active advertisement
ਅਜੀਤ ਡੈਸਕ 13-10-2026

ਝੋਨੇ ਦੀ ਪੂਸਾ-44 ਕਿਸਮ ਜੋ ਆਈ.ਸੀ.ਏ.ਆਰ– ਇੰਡੀਅਨ ਐਗਰੀਕਲਚਰਲ ਰਿਸਰਚ ਇਸੰਟੀਚਿਊਟ (ਆਈ.ਏ.ਆਰ.ਆਈ.) ਵਲੋਂ ਵਿਕਸਿਤ ਕੀਤੀ ਗਈ ਹੈ, ਕੇਂਦਰ ਦੀ ਫ਼ਸਲਾਂ ਦੀਆਂ ਕਿਸਮਾਂ ਤੇ ਮਿਆਰਾਂ ਨੂੰ  ਪ੍ਰਮਾਣਿਕਤਾ ਦੇਣ ਵਾਲੀ ਕਮੇਟੀ (ਸੀ.ਵੀ.ਆਰ.ਸੀ.) ਵਲੋਂ 1994 'ਚ ਜਾਰੀ ਕਰਨ ਲੱਗਿਆਂ ਇਸ ਦੀ ਬਿਜਾਈ (ਸਣੇ ਪਨੀਰੀ ਦੇ) ਤੋਂ ਪੱਕਣ ਤੱਕ 145 ਦਿਨ ਤੱਕ ਦਾ ਸਮਾਂ ਦੱਸਿਆ ਗਿਆ ਸੀ | ਇਹ ਕਿਸਮ ਜਾਰੀ ਹੋਣ ਤੋਂ ਪਹਿਲਾਂ ਹੀ ਪੰਜਾਬ 'ਚ ਕਈ ਥਾਵਾਂ 'ਤੇ ਬੀਜੀ ਜਾਂਦੀ ਸੀ | ਇਸ ਦਾ ਬੀਜ ਕਿਸਾਨਾਂ ਨੂੰ  ਰੱਖੜਾ ਯੰਗ ਫਾਰਮਰਜ਼ ਐਸੋਸੀਏਸ਼ਨ (ਵਾਈ.ਐਫ.ਏ.) ਤੋਂ ਪ੍ਰਾਪਤ ਹੋਇਆ, ਜਿੱਥੇ ਐਸੋਸੀਏਸ਼ਨ ਦੇ ਫਾਰਮ 'ਤੇ ਇਸ ਦੀਆਂ ਅਜ਼ਮਾਇਸ਼ਾਂ ਤੇ ਤਰਜਬੇ ਕੀਤੇ ਗਏ ਸਨ | ਇਹ ਕਿਸਮ ਸਭ ਦੂਜੀਆਂ ਕਿਸਮਾਂ ਨਾਲੋਂ ਵੱਧ ਝਾੜ ਦੇਣ ਕਰਕੇ ਕਈ ਸਾਲ ਝੋਨੇ ਦੀ ਕਾਸ਼ਤ ਥੱਲੇ ਕੁੱਲ ਰਕਬੇ ਦੇ 70 ਫ਼ੀਸਦੀ ਰਕਬੇ 'ਤੇ ਬੀਜੀ ਜਾਂਦੀ ਰਹੀ ਹੈ |


ਇਸ ਦਾ ਬੀਜ ਰੱਖੜਾ ਤੇ ਕਰਨਾਲ ਆਈ.ਏ.ਆਰ.ਆਈ. ਰਿਜਨਲ ਸਟੇਸ਼ਨ ਤੋਂ ਲੈਣ ਲਈ ਕਿਸਾਨਾਂ ਦੀਆਂ ਲੰਮੀਆਂ ਕਤਾਰਾਂ ਲਗਦੀਆਂ ਰਹੀਆਂ | ਕਿਸਾਨਾਂ ਨੇ ਇਸ ਕਿਸਮ ਤੋਂ 40 ਕੁਇੰਟਲ ਪ੍ਰਤੀ ਏਕੜ ਤੋਂ ਵੀ ਵੱਧ ਝਾੜ ਪ੍ਰਾਪਤ ਕੀਤਾ ਹੈ, ਭਾਵੇਂ ਔਸਤ 36–38 ਕੁਇੰਟਲ ਪ੍ਰਤੀ ਏਕੜ ਦੀ ਸੀ | ਬਿਸ਼ਨਪੁਰ ਛੰਨਾ (ਪਟਿਆਲਾ) ਦੇ ਅਗਾਂਹਵਧੂ ਕਿਸਾਨ ਰਾਜਮੋਹਨ ਸਿੰਘ ਕਾਲੇਕਾ ਨੇ ਇਸ ਕਿਸਮ ਦਾ ਝਾੜ ਪੰਜਾਬ 'ਚ ਹਰ ਕਿਸਮ ਨਾਲੋਂ ਵੱਧ ਝਾੜ ਪ੍ਰਾਪਤ ਹੋਣ ਵਜੋਂ ਪੰਜਾਬ ਸਰਕਾਰ ਦੇ ਨਾਲ 2018 'ਚ 'ਕ੍ਰਿਸ਼ੀ ਕਰਮਨ ਪੁਰਸਕਾਰ' ਕੇਂਦਰ ਤੋਂ ਪ੍ਰਾਪਤ ਕੀਤਾ ਸੀ | ਅੱਜ ਵੀ ਉਸ ਨੇ ਆਪਣੇ ਕੁੱਲ 30 ਏਕੜ ਰਕਬੇ 'ਚੋਂ 13 ਏਕੜ 'ਤੇ ਪੂਸਾ-44 ਕਿਸਮ ਬੀਜੀ ਹੋਈ ਹੈ | ਉਹ ਪਿਛਲੇ ਤਿੰਨ–ਚਾਰ ਸਾਲਾਂ ਤੋਂ ਆਪਣਾ ਹੀ ਬੀਜ ਇਸਤੇਮਾਲ ਕਰ ਰਿਹਾ ਹੈ, ਕਿਉਂਕਿ ਇਸ ਦੇ ਬੀਜ ਦੀ ਸਰਟੀਫਿਕੇਸ਼ਨ ਪੰਜਾਬ ਰਾਜ ਬੀਜ ਪ੍ਰਮਾਣਨ ਅਥਾਰਟੀ ਵਲੋਂ ਬੰਦ ਕਰ ਦਿੱਤੀ ਗਈ ਸੀ ਤੇ ਆਈ.ਏ.ਆਰ.ਆਈ. ਵਲੋਂ ਵੀ ਇਸ ਦਾ ਬ੍ਰੀਡਰ ਸੀਡ ਬਣਾਉਣਾ ਬੰਦ ਕਰ ਦਿੱਤਾ ਗਿਆ ਹੈ | ਦੋ ਦਹਾਕੇ ਤੋਂ ਚੌਲਾਂ ਦੀ ਕਾਸ਼ਤ ਕੀਤੇ ਜਾਂਦੇ ਕੁੱਲ ਰਕਬੇ ਦੇ 70 ਫ਼ੀਸਦੀ ਰਕਬੇ 'ਤੇ ਕਾਸ਼ਤ ਕੀਤੀ ਜਾਂਦੀ ਰਹੀ ਇਸ ਕਿਸਮ ਨੂੰ  ਅਜੇ ਤੱਕ ਵੀ ਪੀ.ਏ.ਯੂ. ਨੇ ਪ੍ਰਮਾਣਿਕਤਾ ਨਹੀਂ ਦਿੱਤੀ | ਕਈ ਕਿਸਾਨ ਦੂਜੇ ਰਾਜਾਂ ਤੋਂ ਇਸ ਕਿਸਮ ਦਾ ਬੀਜ ਲਿਆ ਕੇ ਅਜੇ ਵੀ ਕਾਸ਼ਤ ਕਰ ਰਹੇ ਹਨ ਤੇ ਕਈ ਅਜਿਹੇ ਵੀ ਹਨ, ਜੋ ਆਪਣਾ ਬੀਜ ਇਸਤੇਮਾਲ ਕਰ ਰਹੇ ਹਨ, ਭਾਵੇਂ ਉਸ ਨਾਲ ਬੀਜੇ ਹੋਏ ਰਕਬੇ 'ਤੇ ਝਾੜ 'ਚ ਕਮੀ ਆ ਗਈ ਹੈ |
ਮੁੂੰਡਖੇੜ੍ਹਾ (ਪਟਿਆਲਾ) ਦੇ ਕਿਸਾਨ ਭੁਪਿੰਦਰ ਸਿੰਘ ਨੇ 15 ਏਕੜ ਦਾ ਬੀਜ ਪੰਤਨਗਰ ਤੋਂ ਲਿਆ ਕੇ ਬੀਜਿਆ ਹੋਇਆ ਹੈ | ਉਹ ਇਸ ਦੀ ਕਿਸਮ ਦੀ ਕਾਸ਼ਤ ਨਹੀਂ ਛੱਡ ਰਿਹਾ | ਕਈ ਕਿਸਾਨ ਜਿਵੇਂ ਪਵਨ ਕੁਮਾਰ (ਟੋਨੀ) ਹਰਿਆਣਾ ਤੋਂ ਬੀਜ ਲਿਆ ਕੇ ਇਸ ਕਿਸਮ ਦੀ ਅਜੇ ਵੀ ਕਾਸ਼ਤ ਕਰ ਰਹੇ ਹਨ | ਇਕ ਅਨੁਮਾਨ ਅਨੁਸਾਰ ਇਸ ਵੇਲੇ ਵੀ ਝੋਨੇ ਦੀ ਕਾਸ਼ਤ ਥੱਲੇ ਕੁੱਲ ਰਕਬੇ 'ਚੋਂ 15 ਫ਼ੀਸਦੀ ਰਕਬਾ ਇਸ ਕਿਸਮ ਅਤੇ ਇਸ ਨਾਲ ਸੰਬੰਧਿਤ ਪੀਲੀ ਪੂਸਾ, ਡੋਗਰ ਪੂਸਾ ਆਦਿ ਕਿਸਮਾਂ ਦੀ ਕਾਸ਼ਤ ਹੇਠ ਹੈ | ਕਿਸਾਨ ਇਸ ਕਿਸਮ ਦੀ ਸਭ ਕਿਸਮਾਂ ਨਾਲੋਂ ਵੱਧ ਉਤਪਾਦਕਤਾ ਹੋਣ ਕਾਰਨ, ਇਸ ਦਾ ਹਨੇਰੀਆਂ-ਝੱਖੜਾਂ ਦਾ ਮੁਕਾਬਲਾ ਕਰਨ ਤੇ ਨਾ ਡਿਗਣ ਕਾਰਨ ਅਤੇ ਸ਼ੈਲਰਾਂ ਵਾਲੇ ਇਸ ਦਾ ਦਾਣਾ ਸਖ਼ਤ ਹੋਣ ਤੇ ਟੋਟਾ ਬਹੁਤ ਘੱਟ ਨਿਕਲ ਕਾਰਨ ਅਤੇ ਚੌਲਾਂ ਦੀ ਵਸੂਲੀ ਜ਼ਿਆਦਾ ਹੋਣ ਕਾਰਨ ਪਸੰਦ ਕਰਦੇ ਹਨ |
ਰਾਜਮੋਹਨ ਸਿੰਘ ਕਾਲੇਕੇ ਜਿਹੇ ਅਗਾਂਹਵਧੂ ਕਿਸਾਨਾਂ ਸਣੇ ਵਾਈ.ਐਫ.ਏ. ਮੈਂਬਰ ਕਹਿੰਦੇ ਹਨ ਕਿ ਇਸ ਕਿਸਮ 'ਚ ਇੰਨੀਆਂ ਖੂਬੀਆਂ ਹੋਣ ਦੇ ਬਾਵਜੂਦ ਤੇ ਕਿਸਾਨਾਂ ਨੂੰ  ਐਨਾ ਲੰਮਾ ਅਰਸਾ ਖੁਸ਼ਹਾਲ ਕਰਨ ਉਪਰੰਤ ਵੀ ਸਰਕਾਰ ਵਲੋਂ ਇਸ ਦੀ ਕਾਸ਼ਤ ਕਿਉਂ ਬੰਦ ਕੀਤੀ ਜਾ ਰਹੀ ਹੈ ਤੇ ਆਈ.ਏ.ਆਰ.ਆਈ. ਇਸ ਕਿਸਮ ਦਾ ਬ੍ਰੀਡਰ ਸੀਡ ਬਣਾਉਣ ਤੋਂ ਕਿਉਂ ਪਿੱਛੇ ਹਟ ਗਈ? ਇਸ ਕਿਸਮ ਦਾ ਵਿਕਾਸ ਕਰਨ ਵਾਲੀ ਆਈ.ਏ.ਆਰ.ਆਈ. ਨੇ ਇਸ ਦੀ ਮੁਖ਼ਾਲਫ਼ਤ ਅੱਗੇ ਕਿਉਂ ਗੋਡੇ ਟੇਕ ਦਿੱਤੇ? ਕਾਲੇਕਾ ਸਮੇਤ ਅਗਾਂਹਵਧੂ ਉਤਪਾਦਕ ਤੇ ਹੋਰ ਕਿਸਾਨਾਂ ਦਾ ਕਹਿਣਾ ਹੈ ਕਿ ਕੁੱਝ ਅਨਸਰਾਂ ਦਾ ਨਿੱਜੀ ਤੌਰ 'ਤੇ ਇਸ ਕਿਸਮ ਦੇ ਫੈਲਾਅ ਤੋਂ ਨੁਕਸਾਨ ਹੋ ਰਿਹਾ ਸੀ | ਪੰਜਾਬ 'ਚ ਜੋ ਹੁਣ ਮੱਕੀ ਦੇ ਨਾਲ ਇਕ ਹੋਰ ਫ਼ਸਲ ਖ਼ਰੀਫ਼ ਦੇ ਮੌਸਮ 'ਚ ਲੈਣ ਦਾ ਫ਼ਸਲੀ–ਚੱਕਰ ਅੱਗੇ ਆ ਰਿਹਾ ਹੈ, ਉਸ ਦੀ ਪਾਣੀ ਦੀ ਲੋੜ ਪੂਸਾ-44 ਨਾਲੋਂ ਵੱਧ ਹੈ | ਪੂਸਾ-44 ਕਿਸਮ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ–ਸੁਆਇਲ ਵਾਟਰ ਐਕਟ-2009 ਲਾਗੂ ਹੋਣ ਉਪਰੰਤ ਨਾ ਤਾਂ 15 ਜੂਨ ਤੋਂ ਪਹਿਲਾਂ ਜਾਂ ਪੰਜਾਬ ਸਰਕਾਰ ਵਲੋਂ ਨੋਟੀਫਾਈ ਕੀਤੀ ਮਿਤੀ ਤੋਂ ਪਹਿਲਾਂ ਇਸ ਦੀ ਕਾਸ਼ਤ ਕੀਤੀ ਜਾਂਦੀ ਸੀ ਤੇ ਨਾ ਹੀ ਇਸ ਦੀ ਪਾਣੀ ਦੀ ਖ਼ਪਤ ਉੱਭਰ ਕੇ ਆ ਰਹੇ ਖ਼ਰੀਫ਼ 'ਚ ਦੋ ਫ਼ਸਲੀ–ਚੱਕਰ ਤੋਂ ਵੱਧ ਹੈ | ਇਹ ਕਿਸਮ ਕਿਫ਼ਾਇਤੀ ਹੈ ਕਿਉਂਕਿ ਬਾਅਦ 'ਚ ਕਣਕ ਬੀਜਣ ਵਾਲੇ ਕਿਸਾਨ ਬਿਨਾਂ ਰੌਣੀ ਕੀਤੇ ਹੀ ਇਸ ਦੀ ਗਿੱਲ 'ਚ ਕਣਕ ਦੀ ਕਾਸ਼ਤ ਕਰ ਰਹੇ ਹਨ | ਥੋੜ੍ਹੇ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਤੇ ਹਾਈਬਿ੍ਡਜ਼ ਦੇ ਦਾਣੇ ਦਾ ਵਧੇਰੇ ਟੋਟਾ ਹੋਣ ਕਾਰਨ ਮੰਡੀ 'ਚ ਇਨ੍ਹਾਂ ਕਿਸਮਾਂ ਦੀ ਕੀਮਤ ਪੂਸਾ-44 ਤੋਂ ਕਿਤੇ ਘੱਟ ਮਿਲ ਰਹੀ ਹੈ |
ਇਨ੍ਹਾਂ ਕਿਸਮਾਂ ਦੀ ਕਈ ਮੰਡੀਆਂ 'ਚ ਐਮ.ਐਸ.ਪੀ. ਤੋਂ 200 ਰੁਪਏ ਪ੍ਰਤੀ ਕੁਇੰਟਲ ਤੱਕ ਘੱਟ ਕੀਮਤ ਪੱਲੇ ਪੈ ਰਹੀ ਹੈ | ਹੁਣ ਪਰਾਲੀ ਦੀਆਂ ਗੱਠਾਂ ਬੰਨ੍ਹਣ ਵਾਲੀਆਂ ਮਸ਼ੀਨਾਂ ਵਾਲੇ ਤੇ ਪਲਾਂਟਾਂ ਵਾਲੇ ਪਰਾਲੀ ਨੂੰ  ਸਗੋਂ ਖਰੀਦ ਕੇ ਲਿਜਾ ਰਹੇ ਹਨ ਤੇ ਸਰਕਾਰ ਵਲੋਂ ਮਸ਼ੀਨਰੀ ਸਬਸਿਡੀ 'ਤੇ ਦਿੱਤੀ ਜਾ ਰਹੀ ਹੈ ਤਾਂ ਜੋ ਕਿਸਾਨ ਫ਼ਸਲ ਦੀ ਰਹਿੰਦ-ਖੂੰਹਦ ਨੂੰ  ਅੱਗ ਨਾ ਲਾਉਣ |
ਬਰਨਾਲਾ, ਸੰਗਰੂਰ, ਮੋਗਾ, ਲੁਧਿਆਣਾ, ਬਠਿੰਡਾ, ਫਰੀਦਕੋਟ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮੁਕਤਸਰ ਸਾਹਿਬ ਤੇ ਮਾਲਵੇ ਦੇ ਕਿਸਾਨ ਪੂਸਾ-44 ਬੰਦ ਕਰਾਉਣ 'ਤੇ ਬੜੇ ਨਿਰਾਸ਼ ਹਨ | ਇਸ 'ਚ ਕੋਈ ਸ਼ੱਕ ਨਹੀਂ ਕਿ ਪੂਸਾ-44 ਹੇਠੋਂ ਰਕਬਾ ਘਟ ਕੇ ਕੁਝ ਬਾਸਮਤੀ ਦੀ ਕਾਸ਼ਤ ਥੱਲੇ ਚਲਾ ਗਿਆ, ਜਿਸ ਨਾਲ ਫ਼ਸਲੀ–ਭਿੰਨਤਾ ਨੂੰ  ਹੁਲਾਰਾ ਮਿਲਿਆ | ਅਗਾਂਹਵਧੂ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ  ਮਜਬੂਰ ਕਰਕੇ ਪੂਸਾ-44 ਨੂੰ  ਅਲਵਿਦਾ ਕਹਿਣਾ ਉਚਿਤ ਨਹੀਂ | ਕਿਸਾਨ ਜੋ ਪੁਰਾਣਾ ਬੀਜ ਇਕ-ਦੂਜੇ ਤੋਂ ਲੈ ਕੇ ਵਰਤ ਰਹੇ ਹਨ, ਉਸ ਨਾਲ ਉਤਪਾਦਕਤਾ ਘਟੇਗੀ ਤੇ ਝੋਨੇ ਦੇ ਉਤਪਾਦਨ 'ਚ ਕਮੀ ਆਵੇਗੀ |

ਈ-ਮੇਲ : bhagwandass226@gmail.com

Ad Position 22
No active advertisement
ਪਿਛਲੀ ਖ਼ਬਰ ਹੁਣ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਬਰਖਾਸਤ ਏ. ਆਈ. ਜੀ. ਹੁੰਦਲ ਦੀ ਵਿਜੀਲੈਂਸ ਨੇ ਗ੍ਰਿਫ਼ਤਾਰੀ ਪਾਈ ਅਗਲੀ ਖ਼ਬਰ ਕਪਾਹ : ਆਧੁਨਿਕ ਯੁੱਗ ਦੇ ਧਾਗਿਆਂ ਦੀ ਅਗਵਾਈ ਤੱਕ ਭਾਰਤ ਦਾ ਸਫ਼ਰ
Ad Position 24