11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਜਦੋਂ ਰੂੜੀਵਾਦੀ ਸੋਚ ਨੂੰ ਵੰਗਾਰਿਆ ਗਿਆ

ਜਦੋਂ ਰੂੜੀਵਾਦੀ ਸੋਚ ਨੂੰ ਵੰਗਾਰਿਆ ਗਿਆ

Ad Position 21
No active advertisement
ਅਜੀਤ ਡੈਸਕ 12-10-2026

ਖ਼ਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ ਨਿਰੋਲ, ਸ਼ੁੱਧ ਜਾਂ ਮਿਲਾਵਟ ਤੋਂ ਰਹਿਤ | ਫਾਰਸੀ ਭਾਸ਼ਾ ਵਿਚ ਉਸ ਇਲਾਕੇ ਜਾਂ ਜ਼ਮੀਨ ਜਾਂ ਇਲਾਕੇ ਨੂੰ  ਵੀ ਖ਼ਾਲਸਾ ਕਿਹਾ ਜਾਂਦਾ ਹੈ, ਜੋ ਸਿੱਧੀ ਬਾਦਸ਼ਾਹ ਜਾਂ ਕਿਸੇ ਜਗੀਰਦਾਰ ਦੀ ਮਲਕੀਅਤ ਹੋਵੇ | ਪਾਵਨ ਗੁਰਬਾਣੀ ਵਿਚ ਉਨ੍ਹਾਂ ਗੁਰਸਿੱਖਾਂ ਜਾਂ ਗੁਰਮੁਖਾਂ ਲਈ ਵੀ ਖ਼ਾਲਸਾ ਸ਼ਬਦ ਦੀ ਵਰਤੋਂ ਹੋਈ ਹੈ, ਜੋ ਬਿਪਰਨ ਦੀਆਂ ਰੀਤਾਂ-ਰਿਵਾਜਾਂ ਜਾਂ ਕਰਮਕਾਂਡਾਂ ਤੋਂ ਉੱਪਰ ਉੱਠ ਕੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਦੇ ਹਨ | ਸ਼੍ਰੋਮਣੀ ਸੰਤ ਕਬੀਰ ਸਾਹਿਬ ਨੇ 'ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਤ ਜਾਨੀ' ਨਾਲ 'ਖ਼ਾਲਸਾ' ਸ਼ਬਦ ਦੀ ਵਰਤੋਂ ਕੀਤੀ ਹੈ | ਛੇਵੇਂ ਤੇ ਨੌਵੇਂ ਪਾਤਿਸ਼ਾਹ ਨੇ ਹੁਕਮਨਾਮਿਆਂ ਵਿਚ 'ਗੁਰੂ ਕਾ ਖ਼ਾਲਸਾ' ਸ਼ਬਦ ਵਰਤਿਆ ਹੈ |  ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਦੇ ਕੇ ਆਪਣੇ ਪ੍ਰਾਣਾਂ ਤੋਂ ਪਿਆਰੇ ਸਿੱਖਾਂ ਨੂੰ  'ਖ਼ਾਲਸਾ' ਸ਼ਬਦ ਨਾਲ ਸੰਬੋਧਨ ਕੀਤਾ | ਸੋ 'ਖ਼ਾਲਸਾ' ਭਾਈਚਾਰਾ ਆਪਣੀ ਸਥਾਪਨਾ ਤੋਂ ਪਿਛੋਂ ਮੌਤ ਦੇ ਭੈਅ ਤੋਂ ਹਮੇਸ਼ਾ ਲਈ ਮੁਕਤ ਹੋ ਗਿਆ |

ਪਰ ਸਮੇਂ ਦੇ ਬੀਤਣ ਨਾਲ 'ਬਿਪਰਨ ਕੀ ਰੀਤ' ਦੀ ਸੋਚ ਰੱਖਣ ਵਾਲੇ ਉੱਚ ਜਾਤੀ ਦੇ ਲੋਕਾਂ ਨੇ ਪਛੜੀਆਂ ਸ਼੍ਰੇਣੀਆਂ ਨਾਲ ਵਿਤਕਰਾ ਹਮੇਸ਼ਾ ਦੀ ਤਰ੍ਹਾਂ ਕਾਇਮ ਰੱਖਿਆ | 20ਵੀਂ ਸਦੀ ਦੇ ਅਰੰਭ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਤੋਂ ਪਹਿਲਾਂ ਇਕ ਅਜਿਹੀ ਸੰਸਥਾ 'ਖ਼ਾਲਸਾ ਬਰਾਦਰੀ' ਦੀ ਸਥਾਪਨਾ ਕੀਤੀ ਗਈ ਤਾਂ ਜੋ ਅਖੌਤੀ ਪਛੜੀਆਂ ਜਾਤੀਆਂ ਦੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾ ਸਕੇ |
ਅਜਿਹੀ ਸੰਸਥਾ ਬਣਾਉਣ ਦਾ ਵਿਚਾਰ ਜਥੇਦਾਰ ਮਹਿਤਾਬ ਸਿੰਘ 'ਬੀਰ' ਦੇ ਮਨ ਵਿਚ ਪੈਦਾ ਹੋਇਆ | ਕਿਉਂਕਿ ਸ. ਮਹਿਤਾਬ ਸਿੰਘ ਖੁਦ ਮੁਸਲਮਾਨ ਹੁੰਦੇ ਹੋਏ, ਸਿੱਖ ਧਰਮ ਦੀ ਸਰਬ ਸਾਂਝੀਵਾਲਤਾ ਦੇ ਮਾਨਵਤਾਵਾਦੀ ਸੰਦੇਸ਼ ਤੋਂ ਪ੍ਰਭਾਵਿਤ ਹੋ ਕੇ ਸਿੰਘ ਸਜਿਆ ਸੀ | ਉਸ ਸਮੇਂ ਉੱਚ ਜੀਵਨ ਵਾਲੇ ਗੁਰਸਿੱਖਾਂ ਨੂੰ  ਵੀ ਉੱਚ ਜਾਤੀਆਂ ਵਲੋਂ ਕਈ ਤਰ੍ਹਾਂ ਦੇ ਤੰਗ-ਨਜ਼ਰੀਏ ਦਾ ਸ਼ਿਕਾਰ ਹੋਣਾ ਪਿਆ | 1914 ਈ. ਵਿਚ ਧੰਨ ਗੁਰੂ ਰਾਮਦਾਸ ਜੀ ਦੇ ਸਰਬ ਸਾਂਝੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਭਾਈ ਦਸੌਂਧਾ ਸਿੰਘ ਦੀ ਧਰਮਸ਼ਾਲਾ ਵਿਚ ਪਛੜੀਆਂ ਜਾਤੀਆਂ ਦੇ ਸਿੱਖਾਂ ਦਾ ਇਕੱਠ ਸਭਾ ਦੇ ਰੂਪ ਵਿਚ ਬੁਲਾਇਆ ਗਿਆ | ਇਸੇ ਸਭਾ ਵਿਚ 'ਖ਼ਾਲਸਾ ਬਰਾਦਰੀ' ਦੀ ਸਥਾਪਨਾ ਕੀਤੀ ਗਈ | ਸਰਹਾਲ ਕਾਜ਼ੀਆਂ (ਨੇੜੇ ਬੰਗਾ) ਦੇ ਸ. ਈਸ਼ਰ ਸਿੰਘ ਨੂੰ  ਇਸ ਸੰਸਥਾ ਦਾ ਪ੍ਰਧਾਨ ਅਤੇ ਭਾਈ ਮਹਿਤਾਬ ਸਿੰਘ ਨੂੰ  ਜਨਰਲ ਸਕੱਤਰ ਬਣਾਇਆ ਗਿਆ |
ਇਸ ਸੰਸਥਾ ਦਾ ਉਦੇਸ਼ ਪਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੂੰ  ਖੰਡੇ ਬਾਟੇ ਦੀ ਪਾਹੁਲ ਛਕਾ ਕੇ ਸਿੰਘ ਸਜਾਉਣਾ ਅਤੇ ਸਮਾਜਿਕ ਤੌਰ 'ਤੇ ਜਾਗਿ੍ਤ ਕਰਨਾ ਸੀ |
ਰੂੜੀਵਾਦੀ ਸੋਚ ਰੱਖਣ ਵਾਲੇ ਲੋਕਾਂ ਨੂੰ  ਗੁਰੂ ਸਾਹਿਬ ਦੇ ਸਰਬ ਸਾਂਝੀਵਾਲਤਾ ਦੇ ਸੁਨੇਹੇ ਪ੍ਰਤੀ ਜਾਗਰੂਕ ਕਰਨਾ ਸੀ | ਇਸ ਸੰਸਥਾ ਦਾ ਕੇਂਦਰੀ ਦਫ਼ਤਰ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸਥਾਪਤ ਕਰਕੇ ਜ਼ਿਲ੍ਹਾ ਯੂਨਿਟ ਚੜ੍ਹਦੇ ਤੇ ਲਹਿੰਦੇ ਪੰਜਾਬ (ਸਾਂਝੇ ਪੰਜਾਬ) ਵਿਚ ਬਣਾਏ ਗਏ | ਸੰਸਥਾ ਦੇ ਪ੍ਰਚਾਰ ਲਈ ਤੇ ਸਮਾਜ ਸੁਧਾਰ ਲਈ 'ਬੀਰ' ਨਾਂਅ ਦਾ ਹਫ਼ਤਾਵਾਰੀ ਮੈਗਜ਼ੀਨ ਵੀ ਸ਼ੁਰੂ ਕੀਤਾ ਗਿਆ | ਹੁਣ ਇਸ ਸੰਸਥਾ ਵਲੋਂ 11 ਅਤੇ 12 ਅਕਤੂਬਰ, 1920 ਨੂੰ  ਜਲਿ੍ਹਆਂਵਾਲੇ ਬਾਗ ਵਿਚ ਇਕ ਭਾਰੀ ਇਕੱਠ ਬੁਲਾ ਕੇ ਅਗਾਂਹਵਧੂ ਪੜ੍ਹੇ-ਲਿਖੇ ਵਿਦਵਾਨਾਂ ਨੇ ਸੰਗਤ ਨੂੰ  ਸੰਬੋਧਨ ਕੀਤਾ | ਦੀਵਾਨ ਤੋਂ ਬਾਅਦ ਵੱਡੀ ਗਿਣਤੀ ਵਿਚ ਪਛੜੀਆਂ ਜਾਤੀਆਂ ਦੇ ਅਤੇ 'ਰਾਮਦਾਸੀਏ' ਸਿੱਖਾਂ ਨੂੰ  ਅੰਮਿ੍ਤ ਛਕਾ ਕੇ ਉਨ੍ਹਾਂ ਵਲੋਂ ਤਿਆਰ ਕੀਤੇ ਕੜਾਹ ਪ੍ਰਸ਼ਾਦਿ ਨੂੰ  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਵਾਨ ਕਰਵਾਉਣ ਲਈ ਨਵੇਂ ਸਜੇ ਸਿੰਘਾਂ ਦਾ ਜਥਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹਾਜ਼ਰ ਹੋਇਆ | ਪਰ ਅੰਗਰੇਜ਼ ਹਕੂਮਤ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਮੁਤਾਬਿਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਵੀ ਅੰਗਰੇਜ਼ ਪ੍ਰਸਤ ਹੋਣ ਕਰਕੇ ਕੜਾਹ ਪ੍ਰਸ਼ਾਦਿ ਪ੍ਰਵਾਨ ਕਰਨ ਅਤੇ ਅਰਦਾਸ ਕਰਨ ਤੋਂ ਇਨਕਾਰ ਕਰ ਕੇ ਬਾਹਰ ਭੱਜ ਗਏ | ਹੁਣ ਇਸ ਸੰਸਥਾ ਦੇ ਸਿੰਘਾਂ ਵਲੋਂ ਪ੍ਰਸ਼ਾਦਿ ਪ੍ਰਵਾਨ ਕਰਵਾਉਣ ਲਈ ਖ਼ੁਦ ਅਰਦਾਸ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਲਿਆ ਗਿਆ |
ਜਾਗਤ ਜੋਤਿ ਸਤਿਗੁਰੂ ਦਾ ਪਾਵਨ ਹੁਕਮ ਅਜਿਹੀ ਉਦਾਰ ਭਾਵਨਾ ਵਾਲਾ ਸੀ, ਜਿਸ ਨੂੰ  ਸਰਵਣ ਕਰਦਿਆਂ ਹੀ ਨਵੇਂ ਸਜੇ ਸਿੰਘਾਂ ਦੇ ਚਿਹਰਿਆਂ 'ਤੇ ਨੂਰ ਤੇ ਲਾਲੀ ਦੇ ਭਾਵ ਪ੍ਰਗਟ ਹੋ ਗਏ | ਜਦੋਂ ਹੁਣ ਇਹ ਸਾਰੇ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਤਾਂ ਉਥੋਂ ਦੇ ਸੇਵਾਦਾਰ ਵੀ ਖਿਸਕ ਗਏ | ਸ੍ਰੀ ਅਕਾਲ ਤਖ਼ਤ 'ਤੇ ਹਾਜ਼ਰ ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰਮੁੱਖ ਆਗੂ ਜਥੇਦਾਰ ਕਰਤਾਰ ਸਿੰਘ ਭੁੱਚਰ ਅਤੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਅਰਦਾਸ ਕੀਤੀ |
ਇਸ ਅਨੋਖੀ ਘਟਨਾ ਤੋਂ ਪਿਛੋਂ ਇਕ 25 ਮੈਂਬਰੀ ਕਮੇਟੀ ਬਣਾ ਕੇ ਜਿਸ ਵਿਚ ਪਛੜੀਆਂ ਸ਼੍ਰੇਣੀਆਂ ਦੇ ਸਿੰਘਾਂ ਨੂੰ  ਵੀ ਸ਼ਾਮਿਲ ਕੀਤਾ ਗਿਆ | ਇਸ ਦਾ ਉਦੇਸ਼ ਗੁਰਧਾਮਾਂ ਨੂੰ  ਪਰੰਪਰਾਵਾਦੀ ਤੇ ਕੱਟੜਵਾਦੀ ਪੁਜਾਰੀਆਂ ਤੋਂ ਆਜ਼ਾਦ ਕਰਵਾਉਣਾ ਅਤੇ ਪਛੜੀਆਂ ਜਾਤੀਆਂ ਦੇ ਸਿੱਖਾਂ ਵਿਚ ਬਰਾਬਰੀ ਦੀ ਭਾਵਨਾ ਦਾ ਵਿਕਾਸ ਕਰਨਾ ਸੀ | ਅਸਲ ਵਿਚ ਇਹ ਘਟਨਾਕ੍ਰਮ ਗੁਰਦੁਆਰਾ ਸੁਧਾਰ ਲਹਿਰ ਦਾ ਆਰੰਭ ਸੀ |
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਤੋਂ ਬਾਅਦ 1939 ਅਤੇ 1941 ਤੱਕ ਇਸ ਸੰਸਥਾ ਨੇ ਧਰਮ ਪ੍ਰਚਾਰ ਅਤੇ ਸਮਾਜ ਸੁਧਾਰ ਲਈ ਵੱਡੇ ਯਤਨ ਕੀਤੇ | ਜਿਸ ਨਾਲ ਸਿੱਖ ਧਰਮ ਵਿਚ ਅਕੀਦਾ ਤੇ ਵਿਸ਼ਵਾਸ ਰੱਖਣ ਵਾਲਿਆਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ | ਨਵੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਇਨ੍ਹਾਂ ਸਿੱਖਾਂ ਨੂੰ  ਪ੍ਰਤੀਨਿਧਤਾ ਦਿੱਤੀ ਗਈ ਅਤੇ ਫ਼ੌਜ ਵਿਚ ਭਰਤੀ ਕਰਨ ਦੀ ਮੰਗ ਵੀ ਸਵੀਕਾਰੀ ਗਈ | ਇਸ ਯਤਨ ਨਾਲ ਸਿੱਖਾਂ ਵਿਚ ਉਦਾਰ ਚੇਤਨਾ ਦਾ ਪ੍ਰਸਾਰ ਹੋਇਆ, ਸਿੱਟੇ ਵਜੋਂ ਦੂਜੇ ਧਰਮਾਂ ਵਿਚ ਰਹਿਣ ਵਾਲੇ ਦਲਿਤ ਵੀ ਸਿੱਖ ਧਰਮ ਨੂੰ  ਅਪਣਾਉਣ ਲੱਗੇ | ਇਸ ਘਟਨਾ ਦੇ ਸੂਤਰਧਾਰ ਜਥੇਦਾਰ ਮਹਿਤਾਬ ਸਿੰਘ 1960 ਈ. ਵਿਚ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ | ਅੱਜ ਸਾਨੂੰ ਫਿਰ ਸੁਚੇਤ ਹੋਣਾ ਪਵੇਗਾ, ਕਿਤੇ ਮੁੜ ਅਜਿਹੀਆਂ ਪਰੰਪਰਾਵਾਦੀ ਤੇ ਕੱਟੜਪੰਥੀ ਜਥੇਬੰਦੀਆਂ ਸਰਬਸਾਂਝੇ ਤੇ ਵਿਲੱਖਣ ਸੋਚ ਦੇ ਧਾਰਨੀ ਖ਼ਾਲਸਾ ਪੰਥ ਵਿਚ ਤਰੇੜਾਂ ਪਾ ਕੇ ਸਾਨੂੰ ਖੇਰੰੂ-ਖੇਰੰੂ ਕਰਨ ਦੇ ਮਨਸੂਬੇ ਬਣਾਉਣ ਦੇ ਸਾਨੂੰ ਪਾੜਨ ਵਿਚ ਨਾ ਸਫ਼ਲ ਹੋ ਜਾਣ |
 

ਈ-ਮੇਲ : bhagwansinghjohal@gmail.com 

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੂੰ ਪੀੜਤ ਧਿਰ ਵਜੋਂ ਪੇਸ਼ ਕਰਨਾ ਸਹੀ ਨਹੀਂ ਅਗਲੀ ਖ਼ਬਰ ਜੰਗ ਤੇ ਅਮਨ ਵਿਚ ਫ਼ਰਕ ਸਮਝਣ ਭਾਰਤ-ਪਾਕਿਸਤਾਨ
Ad Position 24