17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਾਡਾ ਵਿੱਦਿਅਕ ਜਗਤ : ਦਿੱਖ ਤੋਂ ਦਿਸ਼ਾ ਵੱਲ

ਸਾਡਾ ਵਿੱਦਿਅਕ ਜਗਤ : ਦਿੱਖ ਤੋਂ ਦਿਸ਼ਾ ਵੱਲ

Ad Position 21
No active advertisement
ਅਜੀਤ ਡੈਸਕ 18-10-2026

ਕਿਸੇ ਵੀ ਖਿੱਤੇ ਦੀਆਂ ਕੁਝ ਜਾਣੀਆਂ-ਪਛਾਣੀਆਂ ਕੁਦਰਤੀ ਨਿਆਮਤਾਂ ਹੁੰਦੀਆਂ ਹਨ | ਪੰਜਾਬ ਦੀ ਨਿਆਮਤ ਵਿਚੋਂ ਇਕ ਤਾਂ ਕੁਦਰਤੀ ਸਾਧਨ ਪਾਣੀ ਤੇ ਸਾਵਾਂ-ਪੱਧਰਾ ਖੇਤੀ ਜਗਤ ਹੈ ਅਤੇ ਦੂਸਰੀ ਮਾਨਵੀ ਕਿਰਤ ਸ਼ਕਤੀ ਵਜੋਂ ਨੌਜਵਾਨ ਪੀੜ੍ਹੀ | ਅਸਾਂ ਕੁਦਰਤੀ ਸਾਧਨਾਂ ਦੀ ਕਿਵੇਂ ਸਾਵੇਂ-ਪੱਧਰੇ ਤਰੀਕੇ ਨਾਲ ਵਰਤੋਂ ਕਰਨੀ ਹੈ, ਇਹ ਸਾਡੀ ਭਵਿੱਖ ਦੀ ਨੌਜਵਾਨ ਪੀੜ੍ਹੀ ਉੱਤੇ ਨਿਰਭਰ ਹੈ | ਇਹ ਇਕ-ਦੂਜੇ ਉੱਤੇ ਨਿਰਭਰ ਵੀ ਹਨ ਤੇ ਇਕ-ਦੂਜੇ ਦੇ ਪੂਰਕ ਵੀ, ਪਰ ਨਵੀਂ ਪੀੜ੍ਹੀ ਦੀ ਦਿੱਖ ਕਿਵੇਂ ਨਿਰਧਾਰਿਤ ਹੋਣੀ ਹੈ, ਇਹ ਸਾਡੇ ਵਿੱਦਿਅਕ ਢਾਂਚੇ ਦੀ ਕਾਰਜ਼ਗਾਰੀ ਉੱਤੇ ਨਿਰਭਰ ਹੈ |

ਸਾਡੀਆਂ ਸੰਸਥਾਵਾਂ ਦੇ ਦੋ ਕਾਰਜ ਅਹਿਮ ਹਨ | ਪਹਿਲਾਂ ਅਸੀਂ ਵਿਦਿਆਰਥੀ ਨੂੰ  ਕਿਸੇ ਕਿੱਤੇ/ਹੁਨਰ/ ਰੋਜ਼ਗਾਰ ਦੇ ਯੋਗ ਬਣਾਈਏ | ਦੂਸਰਾ, ਉਸ ਦੇ ਮਨੋ-ਮਸਤਕ ਨੂੰ  ਤਰਾਸ਼ ਕੇ ਇਕ ਚਿੰਤਕ ਤੇ ਸੰਵੇਦਨਸ਼ੀਲ ਪ੍ਰਾਣੀ ਵਜੋਂ ਵਿਕਸਤ ਕਰੀਏ, ਤਾਂ ਜੋ ਉਹ ਆਪਣੀ ਤਰਾਸ਼ੀ ਹੋਈ ਸਮਝ ਨਾਲ ਇਕ ਚੰਗਾ ਨਾਗਰਿਕ ਬਣ ਸਕੇ | ਆਪਣੀ ਕੋਈ ਸਲਾਹੁਣਯੋਗ ਪਛਾਣ/ਹੋਂਦ ਬਣਾ ਸਕੇ | ਸਾਡੇ ਕੋਲ ਆ ਕੇ ਵਿਦਿਆਰਥੀ ਆਪਣਾ ਪੈਸਾ/ ਸਰਮਾਇਆ ਤੇ ਸਮਾਂ/ਉਮਰ ਖ਼ਰਚ ਕਰਦੇ ਹਨ | ਵਿਦਿਆਰਥੀਆਂ ਦੇ ਇਹ ਦੋਵੇਂ ਸਰੋਤ ਬਹੁਤ ਕੀਮਤੀ ਹਨ | 4-5 ਸਾਲ ਤੋਂ ਢਾਈ ਦਹਾਕਿਆਂ ਤਕ ਵਿਦਿਆਰਥੀ ਆਪਣੇ ਜੀਵਨ ਤੇ ਪੂੰਜੀ ਦਾ ਵੱਡਾ ਨਿਵੇਸ਼ ਵਿੱਦਿਅਕ ਸੰਸਥਾਵਾਂ ਵਿਚ ਕਰਦਾ ਹੈ | ਉਸ ਨਿਵੇਸ਼ ਜਾਂ ਖ਼ਰਚ ਦਾ ਕੋਈ ਤਾਂ ਸਿਲਾ ਹੋਵੇ | ਹੁਣ ਕੇਵਲ ਡਿਗਰੀਆਂ ਵਾਲੀਆਂ ਧਾੜਾਂ ਪੈਦਾ ਕਰਨ ਦਾ ਸਮਾਂ ਨਹੀਂ ਹੈ | ਵਿਦਿਆਰਥੀ ਜਦੋਂ ਸੰਸਥਾ ਵਿਚ ਆਉਂਦਾ ਹੈ, ਜੇ ਸੰਸਥਾ ਵਿਚੋਂ ਨਿਕਲਣ ਜਾਂ ਜਾਣ ਲੱਗਿਆ, ਉਸ ਵਿਚ ਕੋਈ ਵੱਡੀ ਤਬਦੀਲੀ ਨਹੀਂ ਆਉਂਦੀ, ਤਾਂ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਕੀ ਕਰ ਰਹੇ ਹਾਂ ਜਾਂ ਉਸ ਨੂੰ  ਕੀ ਦੇ ਰਹੇ ਹਾਂ ਜਾਂ ਫਿਰ ਅਸੀਂ ਕਿਹੋ ਜਿਹਾ ਸਮਾਜ ਬਣਾ ਰਹੇ ਹਾਂ? ਕੀ ਕਰਨਗੇ ਮੁਹਾਰਤ ਤੇ ਸਮਝ ਵਿਹੂਣੇ ਵਿਦਿਆਰਥੀ? ਫਿਰ ਅੱਗੇ ਕਿਹੋ-ਜਿਹਾ ਸਾਡਾ ਭਵਿੱਖ ਉਸਰੇਗਾ?
ਨੌਜਵਾਨਾਂ ਨੂੰ  ਕੇਵਲ ਸਿਧਾਂਤਕ ਹੀ ਨਹੀਂ, ਨਾਲ ਹੁਨਰਮੰਦ ਪੜ੍ਹਾਈ ਦੀ ਵੀ ਲੋੜ ਹੈ | ਇਹ ਸਿਖਲਾਈ ਸਮਾਜਕ ਤੇ ਮਾਨਵੀ ਸੂਝ ਤੋਂ ਸੱਖਣੀ ਜਾਂ ਟੁੱਟੀ ਨਾ ਹੋਵੇ | ਨੌਜਵਾਨਾਂ ਵਿਚ ਕਿੱਤਾ-ਮੁਖੀ ਹੁਨਰ ਤੇ ਖੁੱਲ੍ਹੇ ਮਨ ਵਾਲੀ ਸੋਚਣੀ ਦੇ ਪੱਧਰ ਨੂੰ  ਅੱਗੇ ਵਧਾਉਣ ਵਾਲੇ ਮੁੱਖ ਸ੍ਰੋਤ/ਸਾਧਨ ਸਾਡੇ ਵੱਡੇ ਵਿੱਦਿਅਕ ਅਦਾਰੇ ਹਨ | ਕਹਿਣ ਦਾ ਭਾਵ ਇਸ ਦਿਸ਼ਾ ਵਿਚ ਸਭ ਤੋਂ ਵੱਡਾ ਰੋਲ ਯੂਨੀਵਰਸਿਟੀਆਂ ਅਤੇ ਕਾਲਜਾਂ ਦਾ ਹੈ |  ਸਾਨੂੰ ਆਪਣੇ ਸਿਲੇਬਸਾਂ ਤੇ ਪੜ੍ਹਾਉਣ ਦੇ ਢੰਗ-ਤਰੀਕਿਆਂ ਬਾਰੇ ਮੁੜ ਤੋਂ ਸਿਰ-ਜੋੜ ਕੇ ਸੋਚਣ ਦੀ ਲੋੜ ਹੈ | ਵਿਦਿਆਰਥੀਆਂ ਨੂੰ  ਕਿੰਨੇ ਕੁ ਸਿਧਾਂਤਕ ਲੈਕਚਰ ਦਿੱਤੇ ਜਾਣ ਅਤੇ ਨਾਲ ਕਿਵੇਂ ਦੀ ਤੇ ਕਿੰਨੀ ਪ੍ਰੈਕਟੀਕਲ ਸਿਖਲਾਈ ਹੋਵੇ? ਅਜਿਹਾ ਕੇਵਲ ਸਾਇੰਸ ਜਾਂ ਤਕਨੀਕੀ ਸਿੱਖਿਆ ਵਿਚ ਹੀ ਨਹੀਂ, ਸਗੋਂ ਸਾਰੇ ਸਮਾਜ-ਵਿਗਿਆਨ ਤੇ ਭਾਸ਼ਾਵਾਂ ਦੇ ਵਿਸ਼ਿਆਂ ਵਿਚ ਵੀ ਹੋਵੇ | ਸਾਡੇ ਲਈ ਵਿਦਿਆਰਥੀ ਕੇਵਲ ਇਕ ਫੀਸ ਦੇਣ ਵਾਲਾ ਜ਼ਰੀਆ ਨਹੀਂ ਹਨ | ਫੀਸ ਲੈਣ ਦੇ ਨਾਲ-ਨਾਲ ਸਾਡੀਆਂ ਆਪਣੀਆਂ ਕੀ ਜ਼ਿੰਮੇਵਾਰੀਆਂ ਹਨ, ਉਸ ਪ੍ਰਤੀ ਵਧੇਰੇ ਸਾਵਧਾਨ ਤੇ ਜ਼ਿੰਮੇਵਾਰ ਹੋਣ ਦੀ ਲੋੜ ਹੈ | ਸਾਡੇ ਕੋਲ ਉੱਚਯੋਗਤਾ ਵਾਲੀ ਫੈਕਲਟੀ ਤੇ ਇੰਸਟਕਟਰ ਦੇ ਨਾਲ-ਨਾਲ ਵਿਹਾਰਕ ਸਿਖਲਾਈ ਲਈ ਲੈਬਜ਼, ਵਰਕਸ਼ਾਪ, ਫੀਲਡ-ਵਰਕ ਲਈ ਗਰੁੱਪ-ਸੁਵਿਧਾ ਜਾਂ ਸਹੂਲਤ (ਬੱਸਾਂ ਵਗੈਰਾ) ਸਭ ਲੋੜੀਂਦਾ ਸਾਜ਼ੋ-ਸਾਮਾਨ ਵੀ ਹੋਵੇ | ਵਿਦਿਆਰਥੀ ਨੂੰ  ਇਮਤਿਹਾਨ ਵਿਚ ਪਾਸ ਹੋਣ ਦੇ ਨਾਲ-ਨਾਲ ਉਸ ਕੋਰਸ ਸੰਬੰਧੀ ਕੋਈ ਹੁਨਰੀ/ਅਮਲੀ ਸੇਧ ਜਾਂ ਕੋਈ ਦਿ੍ਸ਼ਟੀ ਜਾਂ ਟ੍ਰੇਨਿੰਗ ਦੇਣਾ ਵੀ ਜ਼ਰੂਰੀ ਹੈ? ਬਹੁਤਾ ਮਸਲਾ ਇਥੇ ਹੀ ਹੈ | ਸਾਡੇ ਸਮਾਜ ਵਿਗਿਆਨ ਤੇ ਭਾਸ਼ਾਵਾਂ ਨਾਲ ਸੰਬੰਧਿਤ ਬਹੁਤੇ ਵਿਸ਼ੇ ਕਿਸੇ ਵਿਹਾਰਕ ਪ੍ਰੋਜੈਕਟ ਜਾਂ ਫੀਲਡ ਵਰਕ ਤੋਂ ਟੁੱਟਵੇਂ ਹਨ | ਮਿਸਾਲ ਵਜੋਂ ਰਾਜਨੀਤੀ ਸ਼ਾਸਤਰ ਹੈ | ਇਸ ਨੂੰ  ਪੜ੍ਹਨਾ ਇਕ ਗੱਲ ਹੈ, ਪਰ ਇਸ ਦੇ ਵਿਹਾਰਕ ਅਮਲ ਜਾਂ ਵਿਹਾਰ ਨੂੰ  ਜਾਨਣਾ ਦੂਜੀ ਗੱਲ ਹੈ | ਸਾਡੇ ਸਿਲੇਬਸ ਇਕਹਿਰੇ ਨਹੀਂ, ਦੋਹਰੇ ਹੋਣੇ ਚਾਹੀਦੇ ਹਨ | ਇਸ ਸੰਬੰਧੀ ਨਾਲ-ਨਾਲ ਸਰਵੇ ਰੂਪੀ ਪ੍ਰੋਜੈਕਟ ਆਧਾਰਿਤ ਫੀਲਡ-ਵਰਕ ਹੋਣਾ ਚਾਹੀਦਾ ਹੈ, ਜਿਸ ਤੋਂ ਸਾਡੇ ਸਮਾਜ ਵਿਚ ਚਲਦੇ ਵਿਹਾਰ ਦਾ ਅਸਲ ਚਿਹਰਾ-ਮੁਹਰਾ ਸਾਹਮਣੇ ਆ ਸਕੇ |
ਮਾਨਵੀ ਵਿਸ਼ੇ ਸਭ ਕੋਰਸਾਂ ਦੇ ਭਾਵੇਂ ਥੋੜ੍ਹੇ ਅਨੁਪਾਤ ਵਿਚ ਹੀ ਹੋਣ, ਪਰ ਹੋਣੇ ਜ਼ਰੂਰ ਚਾਹੀਦੇ ਹਨ | ਕੋਈ ਨਾਮਵਰ ਇੰਜੀਨੀਅਰ, ਡਾਕਟਰ ਜਾਂ ਕੁਝ ਵੀ ਬਣੇ, ਪਰ ਨਾਲ ਦੀ ਨਾਲ ਉਹ ਇਕ ਚੰਗਾ ਇਨਸਾਨ ਵੀ ਬਣੇ | ਉਸ ਦੀ ਜੀਵਨ ਤੇ ਸਮਾਜ ਪ੍ਰਤੀ ਕੋਈ ਸੋਚ-ਸਮਝ ਉਤਪੰਨ ਹੋਵੇ | ਉਸ ਦਾ ਨਜ਼ਰੀਆ ਇਕ ਚੰਗੇ ਮਾਨਵੀ ਇਨਸਾਨ ਵਜੋਂ ਵਿਕਸਤ ਹੋਵੇ | ਭਾਵ ਵਿਦਿਆਰਥੀ ਦੀ ਸਮੱਰਥਾ ਸਮਾਜਕ ਦਾਇਰਿਆਂ ਤੋਂ ਪਾਰ ਜਾਣ ਦੀ ਬਣੇ | ਅਸੀਂ ਆਪਣੀ ਵੰਨ-ਸਵੰਨਤਾ 'ਤੇ ਮਾਣ ਕਰੀਏ | ਸਾਡਾ ਨਜ਼ਰੀਆ 'ਜੀਓ ਤੇ ਜੀਣ ਦਿਓ' ਅਤੇ “ਸਭੈ ਸਾਂਝੀਵਾਲ ਸਦਾਇਨ ” ਵਾਲਾ ਹੋਣਾ ਚਾਹੀਦਾ ਹੈ | ਯਾਦ ਰਹੇ, ਇਕਹਿਰੇ ਵਿਸ਼ੇ/ਫੈਕਲਟੀਆਂ ਤੋਂ ਅੱਗੇ ਇਕਹਿਰੀ ਤੇ ਉਲਾਰ ਸੋਚ ਹੀ ਉਤਪੰਨ ਹੁੰਦੀ ਹੈ |
ਸਭ ਸਿਲੇਬਸ ਜਾਂ ਸਿਲੇਬਸੀ ਇਮਤਿਹਾਨ ਸਮਾਜ ਵਿਚੋਂ ਹਨ, ਸਮਾਜ ਲਈ ਹਨ | ਬੰਦਾ/ਵਿਦਿਆਰਥੀ ਸਮਾਜਕ ਪ੍ਰਾਣੀ ਹੈ | ਪਰ ਵਿੱਦਿਅਕ ਢਾਂਚੇ ਵਿਚ ਸਮਾਜ ਜਾਂ ਸਮਾਜ ਪ੍ਰਤੀ ਨਜ਼ਰੀਆ ਟੁੱਟਵਾਂ ਹੈ | ਆਮ ਕਰਕੇ ਕੁੱਝ ਅਧਿਆਪਕ ਆਪਣੀ ਨਿੱਜੀ ਨਜ਼ਰ ਮੁਤਾਬਕ ਹੀ ਆਪਣੀ ਸਿਲੇਬਸੀ ਦਾਇਰਾ-ਬਿਰਤੀ ਤੋਂ ਬਾਹਰ ਕੋਈ ਜਾਣਕਾਰੀ ਤੇ ਸਮਝ ਵਿਦਿਆਰਥੀਆਂ ਨੂੰ  ਦਿੰਦੇ ਹਨ | ਪਰ ਨੀਤੀਗਤ ਪ੍ਰੋਗਰਾਮ ਵਜੋਂ ਅਜਿਹਾ ਨਹੀਂ ਹੋ ਰਿਹਾ ਹੈ |
ਸਾਡੀ ਤੱਥਗਤ ਜਾਣਕਾਰੀ, ਕਿਵੇਂ ਸਮਝ ਬਣੇ? ਸਮਝ ਅੱਗੇ ਕਿਵੇਂ ਗਿਆਨ ਦੇ ਰੂਪ ਵਿਚ ਫੈਲੇ? ਸਾਡਾ ਵਿੱਦਿਅਕ ਸੰਚਾਰ ਜਾਣਕਾਰੀ/ ਵਿਆਖਿਆ ਤੋਂ ਵਿਚਾਰਧਾਰਾ/ਕਿਸੇ ਸਮਝ ਤੱਕ ਪਹੁੰਚੇ ਅਤੇ ਫਿਰ ਇਸ ਦੀ ਗਿਆਨ ਰੂਪੀ ਮੁਲਾਂਕਣ/ ਪੜਚੋਲ ਹੋਵੇ ਅਸਲ ਵਿਚ ਸਾਡੇ ਕੋਲ ਵੱਡੀਆਂ ਡਿਗਰੀਆਂ ਹਨ ਅਤੇ ਫੁੱਟ-ਨੋਟ ਦੇ ਸੰਘਣੀ ਵਾਲੀ ਖੋਜ ਹੈ, ਪਰ ਗਿਆਨ ਦੀ ਥੁੜ੍ਹ ਹੈ | ਸਾਡੇ ਥੀਸਿਸਾਂ ਅਰਥਾਤ ਖੋਜ ਦੇ ਨਜ਼ਰੀਏ ਵਿਚ ਸਪੱਸ਼ਟਤਾ ਅਤੇ ਵਿਹਾਰਕਤਾ ਵਾਲੀ ਤਾਜ਼ਗੀ ਘੱਟ ਹੈ | ਖੋਜ ਵਿਚ ਵੀ ਵੱਖ-ਵੱਖ ਵਿਸ਼ਿਆਂ ਦੀ ਨੇੜਤਾ ਜਾਂ ਆਦਾਨ-ਪ੍ਰਦਾਨ ਗਾਇਬ ਹੈ | ਹਾਲਾਂਕਿ 'ਨਵੀਂ ਐਜੂਕੇਸ਼ਨ ਪਾਲਸੀ' ਅਜਿਹੀ ਖੁੱਲ੍ਹ ਦਿੰਦੀ ਹੈ,ਪਰ ਫਿਰ ਵੀ ਸਾਡੇ ਵਿਦਿਆਰਥੀ ਤੇ ਫ਼ੈਕਲਟੀ ਮੈਂਬਰ ਬਣੇ-ਬਣਾਏ ਚੌਖਟੇ ਵਿਚ ਹਨ | ਫੈਕਲਟੀ/ਅਧਿਆਪਕਾਂ ਲਈ ਸਮੇਂ ਦੀਆਂ ਲੋੜਾਂ ਮੁਤਾਬਕ ਰੈਫ਼ਰੈਸ਼ਰ ਤੇ ਓਰੀਐਂਟੇਸ਼ਨ ਕੋਰਸਾਂ ਦੀ ਨਿਰੰਤਰਤਾ ਬਣੀ ਰਹੇ | ਅਜਿਹੇ ਕੋਰਸ ਰਵਾਇਤੀ ਨਹੀਂ, ਹੁਨਰੀ ਗਿਆਨ, ਨਵੀਆਂ ਤਕਨੀਕਾਂ ਨੂੰ  ਅਪਣਾਉਣ ਤੇ ਸਮਾਜਚਾਰੇ ਪ੍ਰਤੀ ਸਮਝ ਵਧਾਉਣ ਸੰਬੰਧੀ ਨਵੇਂ ਸਿਰੇ ਤੋਂ ਵਿਉਂਤੇ ਜਾਣ ਦੀ ਲੋੜ ਹੈ | ਸਾਨੂੰ ਵੱਡੀਆਂ ਸੰਸਥਾਵਾਂ ਵਿਚ 'ਯੂਨੀਵਰਸ' ਵਾਲੀ ਸਰਵਪਖੀ ਵਿਸਤਿ੍ਤ ਤੇ ਉੱਚੀ-ਸੁੱਚੀ ਸੋਚ ਅੱਗੇ ਵਧਾਉਣ ਦੀ ਲੋੜ ਹੈ | ਅਜਿਹੀ ਸੋਚ ਦੀ ਅਣਹੋਂਦ ਬਿਨਾਂ ਵਿਦਿਆਰਥੀ ਇਕ ਪਾਸੜ ਮਨੋਸਥਿਤੀ ਵਾਲੇ ਹੀ ਹੋਣਗੇ, ਤਾਂ ਹੀ ਅੰਦਰੋਂ-ਅੰਦਰ ਸੰਸਥਾਵਾਂ ਅੰਦਰ ਕਈ ਤਰ੍ਹਾਂ ਦੇ ਉਲਾਰ ਤੇ ਇਕਹਿਰੀ ਕਿਸਮ ਦੇ ਉਬਾਲੇ ਉੱਠ ਰਹੇ ਹਨ | ਵਿਦਿਆਰਥੀਆਂ ਵਿਚ ਬੇਚੈਨੀ, ਅਸੰਤੁਸ਼ਟਤਾ ਤੇ ਅਨਿਸ਼ਚਿਤਤਾ ਹੈ | ਇਸ ਸਭ ਕਾਸੇ ਨੂੰ  ਠੀਕ ਤਰ੍ਹਾਂ ਥਾਂ-ਸਿਰ ਸਮਝਣ-ਸਮਝਾਉਣ ਦੀ ਲੋੜ ਹੈ |
ਅਸੀਂ ਲੰਮੇਂ ਸਮੇਂ ਤੋਂ ਵਿੱਦਿਆ ਨੂੰ  ਕੇਵਲ ਨੌਕਰੀ ਦੇ ਉਦੇਸ਼ ਵਜੋਂ ਵੇਖ ਰਹੇ ਹਾਂ | ਵਿੱਦਿਆ ਦਾ ਮੁੱਖ ਮੰਤਵ ਰੁਜ਼ਗਾਰ ਦੇ ਨਾਲ-ਨਾਲ ਸ਼ਖ਼ਸੀਅਤ ਉਸਾਰੀ ਵੀ ਹੈ | ਅਜੋਕੇ ਦੌਰ ਵਿਚ ਰੁਜ਼ਗਾਰ ਤੋਂ ਭਾਵ ਨੌਕਰੀ ਵੀ ਹੋਵੇ ਤੇ ਆਪਣਾ ਰੁਜ਼ਗਾਰ ਸ਼ੁਰੂ ਕਰਨ ਦੀ ਟ੍ਰੇਨਿੰਗ ਦੀ ਵੀ ਸਮਰੱਥਾ ਹੋਵੇ | ਵਿੱਦਿਅਕ ਸੰਸਥਾਵਾਂ ਕੇਵਲ ਰੁਜ਼ਗਾਰ ਦੇਣ ਵਾਲੀਆਂ ਹੀ ਨਾ ਹੋਣ, ਸਗੋਂ ਰੁਜ਼ਗਾਰ ਦੇਣ ਵਾਲੇ ਵਿਦਿਆਰਥੀ ਪੈਦਾ ਕਰਨ | ਰੁਜ਼ਗਾਰ ਦੀ ਚੋਣ, ਸਥਾਨ ਤੇ ਵਾਤਾਵਰਨ ਦੀ ਮੁਹਾਰਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ | ਪੰਜ-ਦਸ ਚੈਪਟਰਾਂ ਦੇ ਸਿਲੇਬਸ ਵਿਚੋਂ ਫਸਟ ਡਵੀਜ਼ਨ ਪ੍ਰਾਪਤ ਕਰ ਲੈਣ 'ਤੇ ਹੀ ਸੰਤੁਸ਼ਟ ਹੋਣਾ ਠੀਕ ਨਹੀਂ ਹੈ | ਅਸਲ ਪ੍ਰਾਪਤੀ ਤਾਂ ਵਿਦਿਆਰਥੀ ਦੀ ਨਿੱਖਰੀ, ਅਗਾਂਹਵਧੂ, ਮਾਨਵੀ ਅਤੇ ਕੁਝ ਕਰ ਗੁਜ਼ਰਨ ਦੀ ਜੀਵਨ-ਦਿ੍ਸ਼ਟੀ ਤੇ ਹੁਨਰੀ ਅਭਿਲਾਸ਼ਾ ਹੈ, ਜਿਸ ਰਾਹੀਂ ਉਸ ਵਿਦਿਆਰਥੀ ਨੇ ਦੁਨਿਆਵੀਂ ਭਵ-ਸਾਗਰ ਤਰਨਾ ਹੈ | ਉਸ ਦੇ ਹੱਥਾਂ ਅਤੇ ਮਨੋ-ਮਸਤਕ ਵਿਚ ਕੁੱਝ ਕਰ ਲੈਣ ਦਾ ਨਿਖ਼ਾਰ ਆਉਣਾ ਚਾਹੀਦਾ ਹੈ |

ਸਾਡੇ ਕੋਲ ਨਵੀਂ-ਪੀੜ੍ਹੀ/ਵਿਦਿਆਰਥੀ ਰੂਪੀ ਸਭ ਤੋਂ ਕੀਮਤੀ ਧਨ ਹੈ | ਇਸ ਵੱਲ ਵੱਡੇ ਧਿਆਨ ਦੀ ਲੋੜ ਹੈ | ਵਿਦਿਆਰਥੀ ਜੀਵਨ ਦੀਆਂ ਆਪਣੀਆਂ ਵੀ ਕੋਈ ਸਮੱਸਿਆਵਾਂ ਜਾਂ ਸੀਮਾਵਾਂ ਹੁੰਦੀਆਂ ਹਨ | ਸਾਡਾ ਵਿਦਿਆਰਥੀ ਨਾਲ ਓਪਰੀ ਧਿਰ ਵਜੋਂ ਨਹੀਂ, ਆਪਣਿਆਂ ਵਾਲਾ ਵਿਹਾਰ ਹੋਣਾ ਚਾਹੀਦਾ ਹੈ | ਅਸੀਂ ਉਨ੍ਹਾਂ ਨਾਲ ਕਿਵੇਂ ਨਿਪਟਦੇ ਹਾਂ? ਸਾਡਾ ਵਿਦਿਆਰਥੀਆਂ ਨਾਲ ਸੰਵਾਦਕ ਵਤੀਰਾ ਹੋਵੇ  | ਅਸੀਂ (ਜ਼ਿਆਦਾਤਰ) ਆਪਣਾ ਸਿਲੇਬਸੀ ਕਾਰਜ ਮੁਕਾਉਣ ਤੇ ਭੁਗਤਾਉਣ ਤੱਕ ਸੀਮਤ ਰਹਿੰਦੇ ਹਾਂ | ਅਸੀਂ ਇਹ ਕੰਮ ਵੀ ਪੂਰੀ ਮਿਹਨਤ ਨਾਲ ਕਰੀਏ, ਪਰ ਨਾਲ ਦੀ ਨਾਲ ਇਸ ਤੋਂ ਅੱਗੇ ਵੀ ਜਾਈਏ | ਵਿਦਿਆਰਥੀ 'ਡਿਗਰੀ'  ਦੇ ਨਾਲ-ਨਾਲ ਇਕ ਸੁਪਨੇ ਰੂਪੀ ਸੇਧ (ਜੀਵਨ-ਦਿ੍ਸ਼ਟੀ) ਵੀ ਹਾਸਲ ਕਰੇ | ਉਸ ਨੂੰ  ਗੱਲ ਕਰਨ ਤੇ ਸੁਣਨ ਦੀ ਜਾਚ ਸਾਡੇ ਕੋਲੇ ਆਵੇ | ਸਾਡੇ ਵਿਚ ਵਿਚਾਰਾਂ ਦੇ ਵਖਰੇਵੇਂ ਹੋਣ, ਪਰ ਵਿਚਾਰਾਂ ਦਾ ਵਿਰੋਧ ਜਾਂ ਵੈਰ ਨਾ ਹੋਵੇ | ਸਮੱਸਿਆਵਾਂ ਸਭ ਪਾਸੇ ਹੁੰਦੀਆਂ ਹਨ | ਕੋਈ ਘਰ, ਵਿਅਕਤੀ, ਸੰਸਥਾ ਸਮੱਸਿਆ ਮੁਕਤ ਨਹੀਂ ਹੈ | ਪਰ ਅਸੀਂ ਵਿਦਿਆਰਥੀਆਂ ਨੂੰ  ਸਮੱਸਿਆਵਾਂ ਉੱਤੇ ਕਾਬੂ ਪਾਉਣ ਯੋਗ ਬਣਾਉਣ ਹਿੱਤ ਰਲਮਿਲ ਕੇ ਕਿਸ ਤਰ੍ਹਾਂ ਦੇ ਠਰੰਮੇ ਵਾਲੇ ਸਹਿਜਭਾਵੀ ਸੰਜੀਦਾ ਯਤਨ ਕਰਨੇ ਹਨ? ਇਸ ਦੀ ਜਾਗ ਤੇ ਜਾਂਚ ਵੱਲ ਸਾਨੂੰ ਵਧਣਾ ਚਾਹੀਦਾ ਹੈ |
ਅਸੀਂ ਭਾਵਾਂ ਵਿਚ ਭਾਵ-ਪ੍ਰੇਰਿਤ ਜੀਣ-ਥੀਣ ਦੇ ਆਦੀ ਹਾਂ | ਸਾਡੇ ਬਹੁਤ ਕੰਮ ਨਾਹਰੇ, ਲਾਰੇ ਤੇ ਲਲਕਾਰੇ ਵਾਲੇ ਹਨ | ਸਾਡੀਆਂ ਸੁਰਾਂ ਉੱਚੀਆਂ ਹਨ, ਪਰ ਸੋਚ ਵਿਚ ਸਹਿਜਤਾ, ਡੂੰਘਾਈ ਤੇ ਸੰਤੁਲਨ ਘੱਟ ਹੈ | ਅਸੀਂ ਤਰਕ, ਬਿਬੇਕ ਤੇ ਸੰਵਾਦ ਤੋਂ ਥਿੜਕੇ ਹੋਏ ਹਾਂ | ਸਾਡੇ ਵਿਚ ਬੇਚੈਨੀ ਤੇ ਭੜਕਾਹਟ ਵਧ ਰਹੀ ਹੈ | ਅਸੀਂ ਭੜਹਾਕਟ ਪੈਦਾ ਕਰਨ ਵਾਲਿਆਂ ਨੂੰ  ਸਮਝਣਾ ਕਿਵੇਂ ਹੈ? ਸਾਡੇ ਗੁਰੂ ਸਾਹਿਬਾਨ, ਸੰਤ ਪੀਰ-ਫ਼ਕੀਰ ਕਿਵੇਂ ਭੜਕਾਹਟ ਪੈਦਾ ਕਰਨ ਵਾਲਿਆਂ ਨਾਲ ਨਿਪਟਦੇ ਰਹੇ ਹਨ, ਇਸ ਸੰਬੰਧੀ ਸਾਡੇ ਪਾਸ ਬਹੁਤ ਅਮੀਰ ਵਿਰਾਸਤ 'ਤੇ ਬਹੁਮੁੱਲਾ ਖ਼ਜ਼ਾਨਾ ਹੈ | ਹਰ ਮੁਸ਼ਕਲ/ਬੇਚੈਨੀ ਵਿਚ ਇਹ ਸੋਚੀਏ ਕਿ ਅਜਿਹੀ ਸਥਿਤੀ ਵਿਚ ਵੱਡੇ ਮਹਾਂ-ਪੁਰਖ ਕਿਵੇਂ ਫ਼ੈਸਲਾ ਲੈਂਦੇ ਜਾਂ ਲੈਂਦੇ ਰਹੇ ਹਨ ? ਇਹ ਸਮਝ-ਸਿਆਣਪ ਹੀ ਪਰਿਵਾਰਕ, ਦੁਨਿਆਵੀ ਤੇ ਸਮਾਜਕ ਸਮੱਸਿਆਵਾਂ ਨਾਲ ਨਿਪਟਣ ਲਈ ਰਾਹਗੀਰ ਬਣਦੀ ਹੈ | ਵਿਦਿਆਰਥੀ ਨੂੰ  ਆਪਣੀ ਅਮੀਰ ਵਿਰਾਸਤ ਤੋਂ ਜਾਣੂ ਕਰਾਉਣਾ ਵੀ ਲਾਜ਼ਮੀ ਹੈ |
ਸਾਡੀ “ਇਹ ਨਾ ਕਰੋ, ਉਹ ਨਾ ਕਰੋ ਵਾਲੀ ਧੌਂਸ ” ਨਾ ਹੋਵੇ | ਇਸ ਸੰਬੰਧੀ ਵਿਦਿਆਰਥੀ ਨੂੰ  ਸਹਿਜਭਾਵ ਸੰਤੁਲਿਤ ਸੁਨੇਹਾ ਹੋਵੇ | ਸਾਡੇ ਅਨੁਸ਼ਾਸਨ ਦਾ ਸਹਿਜਭਾਵੀ ਕੁੰਡਾ ਜਾਂ ਬੰਧੇਜ ਹੋਏ, ਪਰ ਡੰਡੇ ਰੂਪੀ ਸਖ਼ਤੀ ਨਾ ਹੋਵੇ | ਨਵੀਂ ਪੀੜ੍ਹੀ ਦੀ ਆਪਣੇ ਤੇ ਸਮਾਜਕ ਭਲੇ ਹਿੱਤ ਆਜ਼ਾਦਾਨਾ ਸੂਝ ਬਣਨੀ ਲਾਜ਼ਮੀ ਹੈ | ਸਾਡੇ ਨੌਜਵਾਨਾਂ ਵਿਚ ਕਹਿਣ-ਸੁਣਨ ਦੀ ਸਮਰੱਥਾ ਆਵੇ | ਅੱਜ ਦੇ ਯੁੱਗ ਵਿਚ ਵਿਦਿਆਰਥੀ ਦੀ ਮਾਨਵੀ ਤੇ ਸੋਸ਼ਲ ਕੰਡੀਸ਼ਨਿੰਗ ਹੋਣੀ ਜ਼ਰੂਰੀ ਹੈ | ਵਿਦਿਆਰਥੀ ਨੇ ਜਿਸ ਸਮਾਜ ਵਿਚ ਰਹਿਣਾ, ਜੀਵਨ ਬਸਰ ਕਰਨ ਤੇ ਆਪਣੀ ਥਾਂ ਬਣਾਉਣੀ ਹੈ, ਉਸ ਪ੍ਰਤੀ ਲਗਾਓ ਸਹਿਤ ਉਸਦਾ ਜਾਗਰਿਤ/ਸਾਵਧਾਨ ਹੋਣਾ ਜ਼ਰੂਰੀ ਹੈ | ਅੱਧਾ-ਅਧੂਰਾ ਤੇ ਇਕ ਪਾਸੜ ਗਿਆਨ ਅਕਸਰ ਖ਼ਤਰਨਾਕ ਹੁੰਦਾ ਹੈ | ਇਸ ਕਰਕੇ ਵੱਡੀਆਂ ਸੰਸਥਾਵਾਂ ਵਿਚ ਘਨਟਾਵਾਂ ਤੇ ਵਰਤਾਰਿਆਂ ਨੂੰ  ਚਾਰ-ਚੁਫ਼ੇਰੇ ਤੋਂ ਵੇਖਣ ਦੀ ਜਾਂਚ ਵਧੇ-ਫੁੱਲੇ | ਵਿਦਿਆਰਥੀ ਤੇ ਅਧਿਆਪਕ ਦੀ ਨੇੜਤਾ ਬਣੇ-ਵਧੇ | ਵਿਦਿਆਰਥੀ ਲਈ ਕਿਸੇ ਕਿੱਤੇ ਦੀ ਮੁਹਾਰਤ ਜਾਂ ਹੁਨਰ ਪ੍ਰਾਪਤੀ ਲਾਜ਼ਮੀ ਹੋਵੇ | ਅਸੀਂ ਚਾਰ-ਚੁਫ਼ੇਰੇ ਦੇ ਬ੍ਰਹਮ ਤੇ ਵਿਸ਼ਵ ਸੰਬੰਧੀ ਸੰਵਾਦ ਰਚਾਈਏ | 'ਕਿਛੁ ਸੁਣੀਏ ਕਿਛੁ ਕਹੀਏ' ਦੇ ਸੰਵਾਦ ਭਾਵੀ ਵਰਤਾਰੇ ਉੱਤੇ ਵਿਦਿਆਰਥੀਆਂ ਦਾ ਧਿਆਨ ਕੇਂਦਰਤ ਕਰੀਏ | ਅਸੀਂ ਵਿੱਦਿਅਕ ਸੰਸਥਾਵਾਂ ਵਿਚ ਹੀ ਨਹੀਂ, ਸਮਾਜ ਵਿਚ ਵਿਚਰਨ ਸੰਬੰਧੀ ਵੀ ਕੋਈ ਸੇਧ, ਕੋਈ ਦਿਸ਼ਾ ਦੇਣ ਦਾ ਯਤਨ ਕਰੀਏ, ਤਾਂ ਜੋ ਸਾਡਾ ਸਮਾਜ ਆਪਣੇ ਵਿਦਿਆਰਥੀਆਂ ਦੇ ਵਤੀਰੇ ਉੱਤੇ ਵਧੇਰੇ ਮਾਣ ਕਰ ਸਕੇ | ਵਿਦਿਆਰਥੀ ਤੇ ਸਮਾਜ ਇਕ-ਦੂਜੇ ਦੇ ਪੂਰਕ ਤੇ ਸਹਾਇਕ ਰੂਪ ਵਜੋਂ ਇਕ-ਦੂਜੇ ਦਾ ਗੌਰਵ ਬਣਨ ਲਈ ਕਾਰਜਸ਼ੀਲ ਹੋਣ | ਵਿਦਿਆਰਥੀ ਆਪਣੇ ਹੁਨਰ ਦੀ ਡਿਗਰੀ ਲੈ ਕੇ ਕਿਵੇਂ ਦੇ ਅਮਲ ਜਾਂ ਵਿਹਾਰ ਰਾਹੀਂ ਸਮਾਜ ਵਿਚ ਦਾਖ਼ਲ ਹੋਵੇ, ਸਾਡਾ ਸਾਰਾ ਵਿੱਦਿਅਕ ਨਜ਼ਰੀਆ ਇਸ ਦਿਸ਼ਾ ਵੱਲ ਸੇਧਤ ਹੋਣਾ ਚਾਹੀਦਾ ਹੈ |

-ਵਾਈਸ ਚਾਂਸਲਰ, ਖ਼ਾਲਸਾ ਯੂਨੀਵਰਸਿਟੀ, ਅੰਮਿ੍ਤਸਰ
-ਮੋਬਾਈਲ : 98722-66667

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਰਾਜਨੀਤੀ 'ਚ ਅਹਿਮ ਸਥਾਨ ਰੱਖਦਾ ਹੈ ਮਾਲਵਾ ਅਗਲੀ ਖ਼ਬਰ ਅਸੀਂ ਖ਼ੁਦ ਨੂੰ ਇਸ ਆਧਾਰ 'ਤੇ ਤੋਲਦੇ ਹਾਂ ਕਿ ਅਸੀਂ ਕੀ ਕਰਨ ਦੇ ਯੋਗ ਹਾਂ, ਦੂਜੇ ਸਾਨੂੰ ਇਸ ਆਧਾਰ 'ਤੇ ਤੋਲਦੇ ਹਨ ਕਿ ਅ...
Ad Position 24