ਮਾਲਵੇ ਦੀ ਧਰਤੀ ਨੇ ਪੰਜਾਬ ਦੀ ਸਿਆਸਤ ਵਿਚ ਅਹਿਮ ਯੋਗਦਾਨ ਪਾਇਆ ਹੈ | ਮਾਲਵੇ ਦੇ ਜ਼ਿਲਿ੍ਹਆਂ ਦੇ ਪ੍ਰਸਿੱਧ ਰਾਜਨੀਤਕ ਨੇਤਾਵਾਂ, ਜਿਨ੍ਹਾਂ 'ਚ ਮੁੱਖ ਮੰਤਰੀ, ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਸ਼ਾਮਿਲ ਹਨ, ਸਮੇਂ-ਸਮੇਂ ਸੂਬੇ ਨੂੰ ਦੇ ਕੇ ਚਾਰ ਚੰਨ ਲਾਏ ਹਨ | ਉਨ੍ਹਾਂ ਨੇ ਮਾਲਵੇ 'ਚ ਜਨਮ ਲੈ ਕੇ ਪੰਜਾਬ ਤੇ ਪੈਪਸੂ ਦੀ ਸਿਆਸਤ ਵਿਚ ਅਹਿਮ ਯੋਗਦਾਨ ਪਾਇਆ | ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਵਿਚ ਮਾਲਵੇ ਵਿਚ 69, ਮਾਝੇ 'ਚ 25, ਦੁਆਬੇ ਵਿਚ 23 ਕੁੱਲ 117 ਸੀਟਾਂ ਹਨ, ਜਿਸ ਕਰ ਕੇ ਸਿਆਸੀ ਪਾਰਟੀਆਂ ਮਾਲਵੇ ਨੂੰ ਵਿਧਾਨ ਸਭਾ ਚੋਣਾਂ ਵੇਲੇ 'ਕਿੰਗ ਮੇਕਰ' ਖਿੱਤਾ ਕਹਿੰਦੀਆਂ ਹਨ | ਮਾਲਵੇ 'ਚ ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਸ੍ਰੀ ਫਤਹਿਗੜ੍ਹ ਸਾਹਿਬ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਤੇ ਮਾਲੇਰਕੋਟਲਾ ਸ਼ਾਮਿਲ ਹਨ |
ਜ਼ਿਲ੍ਹਾ ਲੁਧਿਆਣਾ ਦੇ ਸ. ਗੁਰਨਾਮ ਸਿੰਘ ਪੰਜਾਬ ਦੀ ਰਾਜਨੀਤੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮਲਵਈ ਮੁੱਖ ਮੰਤਰੀ 1967 ਤੇ 1969 ਵਿਚ ਦੋ ਵਾਰ ਰਹੇ | ਉਹ ਮਾਲਵੇ ਦੇ ਪਹਿਲੇ ਮੁੱਖ ਮੰਤਰੀ ਸਨ | ਉਹ ਪੈਪਸੂ ਦੌਰਾਨ ਪੰਜਾਬ ਹਾਈ ਕੋਰਟ ਦੇ ਜੱਜ ਵੀ ਰਹੇ | ਜ਼ਿਲ੍ਹਾ ਲੁਧਿਆਣਾ ਤੋਂ ਸ. ਲਛਮਣ ਸਿੰਘ ਗਿੱਲ ਨੂੰ ਸੂਬੇ ਦਾ 12ਵਾਂ ਤੇ ਮਾਲਵੇ ਦਾ ਦੂਜਾ ਮੁੱਖ ਮੰਤਰੀ ਬਣਨ ਦਾ ਮਾਣ ਪ੍ਰਾਪਤ ਹੋਇਆ, ਜਿਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਪੰਜਾਬੀ ਭਾਸ਼ਾ ਨੂੰ ਦਫ਼ਤਰੀ ਭਾਸ਼ਾ ਬਣਾਉਣਾ ਸੀ, ਜੋ 13 ਅਪ੍ਰੈਲ, 1968 ਨੂੰ ਕੀਤੇ ਫ਼ੈਸਲੇ ਅਨੁਸਾਰ ਇਹ ਨਿਯਮ ਲਾਗੂ ਹੋਇਆ |

ਜ਼ਿਲ੍ਹਾ ਬਠਿੰਡਾ 'ਚੋਂ ਬਣੇ ਸ੍ਰੀ ਮੁਕਤਸਰ ਸਾਹਿਬ ਦੇ ਸ. ਪ੍ਰਕਾਸ਼ ਸਿੰਘ ਬਾਦਲ ਜੋ ਪਿੰਡ ਦੇ ਸਰਪੰਚ ਦੇ ਅਹੁਦੇ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਤੇ 1970 'ਚ ਪਹਿਲੀ ਵਾਰ ਮੁੱਖ ਮੰਤਰੀ ਬਣੇ | ਉਨ੍ਹਾਂ ਨੂੰ 5 ਵਾਰ ਮੁੱਖ ਮੰਤਰੀ ਬਣਨ ਦਾ ਮਾਣ ਹਾਸਿਲ ਹੋਇਆ | ਉਹ ਪੂਰੇ ਦੇਸ਼ ਦੀ ਸਿਆਸਤ 'ਚ ਕੌਮੀ ਆਗੂ ਬਣ ਕੇ ਉੱਭਰੇ ਤੇ ਮਾਲਵੇ ਤੋਂ ਤੀਜੇ ਮੁੱਖ ਮੰਤਰੀ | ਇਨ੍ਹਾਂ ਨੇ ਆਪਣੀ ਸਰਕਾਰ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖ਼ਾਲਸਾ ਯਾਦਗਾਰ, ਬੰਦਾ ਸਿੰਘ ਬਹਾਦਰ ਯਾਦਗਾਰ ਚੱਪੜਚਿੜੀ, ਛੋਟਾ ਘੱਲੂਘਾਰਾ-ਵੱਡਾ ਘੱਲੂਘਾਰਾ ਯਾਦਗਾਰ, ਆਜ਼ਾਦੀ ਘੁਲਾਟੀਆਂ ਦੀ ਯਾਦਗਾਰ, ਭਾਈ ਜੈਤਾ ਜੀ ਯਾਦਗਾਰ ਤੇ ਭਗਵਾਨ ਵਾਲਮੀਕਿ ਦੀ ਯਾਦਗਾਰ ਬਣਾਈਆਂ |
ਜ਼ਿਲ੍ਹਾ ਫ਼ਰੀਦਕੋਟ ਤੋਂ ਗਿਆਨੀ ਜ਼ੈਲ ਸਿੰਘ 1972 'ਚ ਪੰਜਾਬ ਦੇ ਮੁੱਖ ਮੰਤਰੀ ਬਣੇ, ਜਿਨ੍ਹਾਂ ਦੇ ਅਹਿਮ ਯਤਨਾਂ ਸਦਕਾ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ | ਉਨ੍ਹਾਂ ਨੇ ਤਖ਼ਤ ਸ੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਬਣਵਾਇਆ | ਉਨ੍ਹਾਂ ਨੂੰ ਮਾਲਵੇ ਤੋਂ ਚੌਥੇ ਮੁੱਖ ਮੰਤਰੀ ਬਣਨ ਦਾ ਮਾਣ ਹਾਸਿਲ ਹੋਇਆ | ਇਸ ਮਹਾਨ ਸ਼ਖ਼ਸੀਅਤ ਦਾ ਕੱਦ ਹੋਰ ਵੀ ਉੱਚਾ ਹੋਇਆ, ਜਦੋਂ ਉਹ 1982 'ਚ ਦੇਸ਼ ਦੇ 7ਵੇਂ ਰਾਸ਼ਟਰਪਤੀ ਬਣੇ | ਇਸ ਤੋਂ ਪਹਿਲਾਂ ਉਹ ਦੇਸ਼ ਦੇ ਗ੍ਰਹਿ ਮੰਤਰੀ ਵਰਗੇ ਉੱਚ ਅਹੁਦਿਆਂ 'ਤੇ ਵੀ ਰਹੇ | ਬਰਨਾਲਾ ਜੋ ਮਾਲਵੇ ਦਾ ਪ੍ਰਸਿੱਧ ਜ਼ਿਲ੍ਹਾ ਹੈ, ਇੱਥੋਂ ਸ. ਸੁਰਜੀਤ ਸਿੰਘ ਬਰਨਾਲਾ 1985 'ਚ ਮਾਲਵੇ ਤੋਂ ਪੰਜਾਬ ਦੇ 8ਵੇਂ ਮੁੱਖ ਮੰਤਰੀ ਬਣੇ | ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਤਾਮਿਲਨਾਡੂ ਦੇ ਰਾਜਪਾਲ ਵੀ ਰਹੇ | ਬੀਬੀ ਰਜਿੰਦਰ ਕੌਰ ਭੱਠਲ ਨੂੰ ਦੇਸ਼ ਦੀ 8ਵੀਂ ਤੇ ਪੰਜਾਬ ਦੀ ਇੱਕੋ-ਇਕ ਅÏਰਤ ਮੁੱਖ ਮੰਤਰੀ ਬਣਨ ਦਾ ਮਾਣ ਹਾਸਿਲ ਹੈ | ਉਹ ਮਾਲਵੇ ਤੋਂ ਪੰਜਾਬ ਦੇ 11ਵੇਂ ਮੁੱਖ ਮੰਤਰੀ ਬਣੇ |
ਲੁਧਿਆਣਾ ਦੇ ਸ. ਬੇਅੰਤ ਸਿੰਘ ਅੱਤਵਾਦ ਦੇ ਦੌਰ ਤੋਂ ਬਾਅਦ ਪਹਿਲੀ ਵਾਰ ਹੋਈਆਂ ਵਿਧਾਨ ਸਭਾ ਚੋਣਾਂ 'ਚ 1992 'ਚ ਮਾਲਵੇ ਤੋਂ ਦੇ 9ਵੇਂ ਮੁੱਖ ਮੰਤਰੀ ਬਣੇ ਤੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਰਹੇ | ਸ. ਹਰਚਰਨ ਸਿੰਘ ਬਰਾੜ 10ਵੇਂ ਮਲਵਈ ਮੁੱਖ ਮੰਤਰੀ ਬਣੇ | ਕੈਪਟਨ ਅਮਰਿੰਦਰ ਸਿੰਘ 2002 'ਚ ਮੁੱਖ ਮੰਤਰੀ ਬਣੇ, ਜਿਨ੍ਹਾਂ ਨੂੰ 12ਵੇਂ ਮਲਵਈ ਮੁੱਖ ਮੰਤਰੀ ਬਣਨ ਦਾ ਮਾਣ ਹਾਸਿਲ ਹੈ | ਜ਼ਿਲ੍ਹਾ ਸੰਗਰੂਰ ਦੇ ਸ. ਭਗਵੰਤ ਸਿੰਘ ਮਾਨ 2022 'ਚ ਮੁੱਖ ਮੰਤਰੀ ਬਣੇ, ਜਿਨ੍ਹਾਂ ਨੂੰ 13ਵੇਂ ਮਲਵਈ ਮੁੱਖ ਮੰਤਰੀ ਬਣਨ ਦਾ ਮਾਣ ਹਾਸਿਲ ਹੈ ਤੇ ਉਨ੍ਹਾਂ ਦਾ ਕਾਰਜਕਾਲ ਚੱਲ ਰਿਹਾ ਹੈ | ਮਾਲਵੇ ਦੇ ਜ਼ਿਲ੍ਹਾ ਸੰਗਰੂਰ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, 'ਆਪ' ਪ੍ਰਧਾਨ ਅਮਨ ਅਰੋੜਾ, ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮਾਲਵੇ ਦੇ ਜ਼ਿਲਿ੍ਹਆਂ 'ਚੋਂ ਆਉਂਦੇ ਹਨ | ਮਾਲਵੇ ਦੇ ਜ਼ਿਲਿ੍ਹਆਂ 'ਚੋਂ ਮਰਹੂਮ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ, ਮਰਹੂਮ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਸੰਸਦ ਮੈਂਬਰ ਹਰਸਿਮਰਤ ਕੌਰ, ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਲੋਕ ਸਭਾ ਸਪੀਕਰ ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਬਲਰਾਮ ਜਾਖੜ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਸੂਬੇ ਤੋਂ ਦਿੱਲੀ ਤੱਕ ਗੂੰਜਦੇ ਰਹੇ |
ਵੱਖ-ਵੱਖ ਪਾਰਟੀਆਂ ਦੇ ਪ੍ਰਧਾਨ, ਜਿਨ੍ਹਾਂ 'ਚ ਸੰਤ ਫਤਹਿ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਅੰਮਿ੍ਤਸਰ ਸਾਹਿਬ, ਪ੍ਰਧਾਨ, ਸੰਤ ਹਰਚੰਦ ਸਿੰਘ ਲੌਂਗੋਵਾਲ, ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਅੰਮਿ੍ਤਸਰ ਸਾਹਿਬ, ਸ਼ਮਸ਼ੇਰ ਸਿੰਘ ਦੂਲੋਂ, ਨਵਜੋਤ ਸਿੰਘ ਸਿੱਧੂ, ਐੱਚ.ਐੱਸ. ਹੰਸਪਾਲ, ਸ਼੍ਰੋਮਣੀ ਅਕਾਲੀ ਦਲ (ਬ) ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਸ਼ਾਮਿਲ ਹਨ | ਪੰਜਾਬ ਵਿਧਾਨ ਸਭਾ ਵਿਚ ਵਿੱਤ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਤੇ ਹਰਚਰਨ ਸਿੰਘ ਬਰਾੜ ਦੋਵੇਂ ਮੁੱਖ ਮੰਤਰੀ ਦੇ ਅਹੁਦੇ ਦੇ ਨਾਲ ਵਿੱਤ ਮੰਤਰੀ ਵੀ ਰਹੇ, ਕੈਪਟਨ ਕੰਵਲਜੀਤ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਮਨਪ੍ਰੀਤ ਸਿੰਘ ਬਾਦਲ (ਦੋ ਵਾਰ) ਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸ਼ਾਮਿਲ ਹਨ | ਵਿਧਾਨ ਸਭਾ ਵਿਚ ਸਪੀਕਰ ਹਰਨਾਮ ਦਾਸ ਜੌਹਰ, ਚਰਨਜੀਤ ਸਿੰਘ ਅਟਵਾਲ (ਦੋ ਵਾਰ), ਮੌਜੂਦਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ਼ਾਮਿਲ ਹਨ | ਮਾਲਵੇ 'ਚ ਮੁੱਖ ਮੰਤਰੀ, ਕੇਂਦਰੀ ਮੰਤਰੀ, ਵਿੱਤ ਮੰਤਰੀ, ਸਪੀਕਰ ਅਤੇ ਪਾਰਟੀ ਪ੍ਰਧਾਨ ਆਦਿ ਅਹੁਦਿਆਂ 'ਤੇ ਨੇਤਾਵਾਂ ਦੀ ਕੁਰਸੀ 'ਤੇ ਪਕੜ ਮਜ਼ਬੂਤ ਰਹੀ |
ਪੈਪਸੂ ਦੌਰਾਨ ਮਲਵਈ ਆਗੂ
ਪੈਪਸੂ (ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ) ਭਾਰਤ ਦੀ ਆਜ਼ਾਦੀ ਤੋਂ ਬਾਅਦ 1948 ਪਿੱਛੋਂ ਪੂਰਬੀ ਪੰਜਾਬ ਦੇ 8 ਜ਼ਿਲਿ੍ਹਆਂ ਨੂੰ ਪੈਪਸੂ ਕਿਹਾ ਗਿਆ | ਪੈਪਸੂ ਸਟੇਟ ਦੀ ਹੱਦਬੰਦੀ ਵਿਚ ਪਟਿਆਲਾ, ਬਰਨਾਲਾ, ਬਠਿੰਡਾ, ਸ੍ਰੀ ਫਤਹਿਗੜ੍ਹ ਸਾਹਿਬ, ਸੰਗਰੂਰ, ਮਹਿੰਦਰਗੜ੍ਹ, ਕਪੂਰਥਲਾ ਤੇ ਕੰਢਾਘਾਟ ਦੇ ਇਲਾਕੇ ਆਉਂਦੇ ਸਨ | ਇਸ ਵਿਚ ਜ਼ਿਆਦਾਤਰ ਮਾਲਵਾ ਇਲਾਕੇ ਦਾ ਖੇਤਰ ਸੀ | 1956 'ਚ ਪੰਜਾਬ ਸਟੇਟ ਨੂੰ ਖ਼ਤਮ ਕਰਕੇ ਇਸ ਨੂੰ ਪੰਜਾਬ 'ਚ ਦੁਬਾਰਾ ਸ਼ਾਮਿਲ ਕਰ ਲਿਆ ਗਿਆ | ਇਸ ਤਰ੍ਹਾਂ 8 ਵਰਿ੍ਹਆਂ 'ਚ ਪੈਪਸੂ ਸਟੇਟ ਵਿਚ ਮਾਲਵੇ ਨਾਲ ਸੰਬੰਧਿਤ ਮੁੱਖ ਮੰਤਰੀਆਂ 'ਚ ਲੁਧਿਆਣੇ ਤੋਂ ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਬਣੇ ਤੇ ਉਹ ਪਟਿਆਲਾ ਸਟੇਟ 'ਚ ਹਾਈ ਕੋਰਟ ਦੇ ਜੱਜ ਵੀ ਰਹੇ | ਪਹਿਲਾਂ 1948 ਵਿਚ ਪੈਪਸੂ ਦੇ ਮੁੱਖ ਮੰਤਰੀ ਨਿਯੁਕਤ ਹੋਏ | 1952 ਵਿਚ ਗ਼ੈਰ ਕਾਂਗਰਸ ਗੱਠਜੋੜ ਵਜ਼ਾਰਤ ਵਿਚ ਪੈਪਸੂ ਦੇ ਪਹਿਲੇ ਮੁੱਖ ਮੰਤਰੀ ਚੁਣੇ ਗਏ | ਜ਼ਿਲ੍ਹਾ ਸੰਗਰੂਰ ਦੇ ਸ੍ਰੀ ਬਿ੍ਸ ਭਾਨ ਵਾਸੀ ਲਹਿਰਾਗਾਗਾ (ਸੰਗਰੂਰ) ਕਾਂਗਰਸ ਪਾਰਟੀ ਵਲੋਂ 1949 ਤੇ 1952 ਵਿਚ ਮੁੱਖ ਮੰਤਰੀ ਰਹੇ | ਇਨ੍ਹਾਂ ਨੇ ਮੁੱਖ ਮੰਤਰੀ ਬਣਨ ਉਪਰੰਤ ਸ: ਸੇਵਾ ਸਿੰਘ ਠੀਕਰੀਵਾਲਾ ਦਾ ਪਟਿਆਲਾ ਵਿਖੇ ਬੁੱਤ ਲਗਵਾਇਆ |
ਸੰਗਰੂਰ 'ਚੋਂ ਬਣੇ ਬਰਨਾਲਾ ਦੇ ਪਿੰਡ ਠੀਕਰੀਵਾਲਾ ਤੇ ਪੰਜਾਬ ਰਿਆਸਤੀ ਪਰਜਾ ਮੰਡਲ ਦੇ ਪਹਿਲੇ ਪ੍ਰਧਾਨ ਸੇਵਾ ਸਿੰਘ ਠੀਕਰੀਵਾਲਾ ਸਨ, ਜੋ 20 ਜਨਵਰੀ 1935 'ਚ ਲੰਬੀ ਭੁੱਖ ਹੜਤਾਲ ਕਾਰਨ ਸ਼ਹੀਦੀ ਪਾ ਗਏ | ਪੰਜਾਬ ਦੀ ਸਿਆਸਤ ਵਿਚ ਮਲਵਈਆਂ ਦੀ ਰਾਜਨੀਤਕ, ਧਾਰਮਿਕ ਤੇ ਸਮਾਜਿਕ ਕਾਰਜਾਂ ਕਰਕੇ ਸੂਬੇ ਵਿਚ ਚੜ੍ਹਤ ਬਰਕਰਾਰ ਹੈ | ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਪੰਜਾਬ ਵਿਚ ਮਲਵਈ ਆਗੂਆਂ ਦੀ ਸਰਦਾਰੀ ਰਹਿੰਦੀ ਹੈ ਜਾਂ ਫਿਰ ਮਾਝੇ, ਦੁਆਬੇ ਦੇ ਨੇਤਾਵਾਂ ਦੀ ਸਰਦਾਰੀ ਹੋਵੇਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ |
-ਪਿੰਡ ਖੁੱਡੀ ਖ਼ੁਰਦ (ਬਰਨਾਲਾ) |
ਮੋਬਾਈਲ : 98725-45131