17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮਨੁੱਖ ਦਾ ਚੰਗਾ ਬਣਨਾ ਅਜੇ ਬਾਕੀ ਹੈ

ਮਨੁੱਖ ਦਾ ਚੰਗਾ ਬਣਨਾ ਅਜੇ ਬਾਕੀ ਹੈ

Ad Position 21
No active advertisement
ਅਜੀਤ ਡੈਸਕ 18-10-2026

ਆਦਿ ਜੁਗਾਦਿ ਤੋਂ ਧਰਤੀ 'ਤੇ ਜੀਵਨ ਪ੍ਰਵਾਹ ਚੱਲ ਰਿਹਾ ਹੈ | ਅਸੀਂ ਜੀਵਨ ਦੀ ਯਾਤਰਾ ਦੇ ਹਿੱਸੇਦਾਰ ਉਦੋਂ ਬਣੇ ਸੀ, ਜਦੋਂ ਸਾਡਾ ਜਨਮ ਹੋਇਆ | ਇਹ ਸੱਚ ਹੈ ਕਿ ਇਕ ਦਿਨ ਅਜਿਹਾ ਆਵੇਗਾ ਕਿ ਅਸੀਂ ਇਸ ਯਾਤਰਾ ਤੋਂ ਸਦਾ ਲਈ ਵੱਖ ਹੋ ਜਾਵਾਂਗੇ, ਜਦਕਿ ਦੁਨੀਆ 'ਤੇ ਜੀਵਨ ਦਾ ਕਾਫ਼ਲਾ ਚਲਦਾ ਰਹੇਗਾ |

ਮੌਤ ਤੋਂ ਬਾਅਦ ਜੀਵਨ ਹੈ ਜਾਂ ਨਹੀਂ, ਇਸ ਸਬੰਧੀ ਧਰਮਾਂ ਦੀਆਂ ਵੱਖ-ਵੱਖ ਧਾਰਨਾਵਾਂ ਹਨ | ਵਿਗਿਆਨਕ ਵਿਚਾਰਧਾਰਾ ਇਨ੍ਹਾਂ ਧਾਰਨਾਵਾਂ ਤੋਂ ਬਿਲਕੁਲ ਹੀ ਉਲਟ ਹੈ | ਆਦਿ ਕਾਲ ਦਾ ਮਨੁੱਖ ਜੀਵਨ ਤੇ ਮੌਤ ਦੇ ਗੁੱਝੇ ਭੇਦਾਂ ਤੋਂ ਅਨਜਾਣ ਸੀ ਤੇ ਜਦੋਂ ਉਸਦੇ ਕਬੀਲੇ ਦਾ ਕੋਈ ਵਿਅਕਤੀ ਮਰ ਜਾਂਦਾ ਤਾਂ ਕਬੀਲੇ ਦੇ ਸਿਆਣੇ ਬੰਦੇ ਮਿ੍ਤਕ ਵਿਅਕਤੀ ਦੇ ਸਰੀਰ ਦੀ ਪੜਤਾਲ ਕਰਕੇ ਵੇਖਦੇ ਕਿ ਉਸ ਦੇ ਸਭ ਅੰਗ ਠੀਕ ਹਨ ਤੇ ਉਹ ਕਿਹੜੀ ਚੀਜ਼ ਸੀ, ਜਿਸ ਨਾਲ ਇਹ ਚਲਦਾ-ਫਿਰਦਾ ਸੀ, ਗੱਲਾਂ ਕਰਦਾ ਸੀ, ਸੌਂਦਾ-ਜਾਗਦਾ, ਖਾਂਦਾ-ਪੀਂਦਾ ਸੀ | ਸਦੀਆਂ ਦੇ ਮੰਥਨ ਮਗਰੋਂ ਇਸ ਪਿੱਛੇ ਆਤਮਾ ਜਾਂ ਰੂਹ ਦੇ ਰੂਪ 'ਚ ਕੰਮ ਕਰਨ ਵਾਲੇ ਕਾਰਜ ਦੀ ਕਲਪਨਾ ਹੋਈ | ਜਿਵੇਂ ਸੱਪ ਦੇ ਡੰਗਣ ਨਾਲ ਹੋਈ ਮੌਤ ਬਾਰੇ ਸਮਝਿਆ ਜਾਂਦਾ ਕਿ ਇੰਨੇ ਕੁ ਜ਼ਖ਼ਮ ਨਾਲ ਕੋਈ ਮਰ ਤਾਂ ਨਹੀਂ ਸਕਦਾ, ਇਸ ਲਈ ਸੱਪ ਕੋਈ ਬਹੁਤ ਵੱਡੀ ਸ਼ਕਤੀ ਹੈ | ਇਸ ਲਈ ਸੱਪ ਨੂੰ  ਦੇਵਤਾ ਮੰਨ ਲਿਆ ਗਿਆ ਤੇ ਇਸ ਦੀ ਪੂਜਾ ਹੋਣ ਲੱਗੀ | ਇਸੇ ਤਰ੍ਹਾਂ ਪੁਰਾਣੇ ਸਮਿਆਂ 'ਚ ਜਦੋਂ ਕੋਈ ਮਰਦਾ ਤਾਂ ਇਹ ਸਮਝਿਆ ਜਾਣ ਲੱਗਾ ਕਿ ਇਸ 'ਚੋਂ ਰੂਹ ਨਿਕਲ ਕੇ ਕਿਸੇ ਹੋਰ ਸਰੀਰ 'ਚ ਪ੍ਰਵੇਸ਼ ਕਰ ਗਈ ਹੈ | ਇਸ ਬਾਰੇ ਧਰਮਾਂ ਦੀਆਂ ਵੱਖ-ਵੱਖ ਧਾਰਨਾਵਾਂ ਹਨ | ਕਿਸੇ ਧਰਮ ਦੀ ਧਾਰਨਾ ਹੈ ਕਿ ਬੰਦੇ ਦੇ ਮਰਨ ਸਮੇਂ ਉਸ ਨੂੰ  ਯਮਰਾਜ ਲੈਣ ਆਉਂਦਾ ਹੈ | ਧਰਮਰਾਜ ਦੀ ਕਚਹਿਰੀ ਵਿਚ ਉਸ ਦੇ ਕਰਮਾਂ ਦਾ ਲੇਖਾ-ਜੋਖਾ ਹੁੰਦਾ ਹੈ | ਇਸ ਦੇ ਆਧਾਰ 'ਤੇ ਉਸ ਆਤਮਾ ਨੂੰ  ਫਿਰ ਨਰਕ, ਸਵਰਗ ਜਾਂ ਅਗਲਾ ਜਨਮ ਮਿਲਦਾ ਹੈ | ਇਸੇ ਤਰ੍ਹਾਂ ਧਰਤੀ ਦੇ ਕੁਝ ਧਰਮਾਂ ਦੀਆਂ ਧਾਰਨਾਵਾਂ ਅਨੁਸਾਰ ਮਰਨ ਉਪਰੰਤ ਬੰਦੇ ਦੀ ਦੇਹ ਨੂੰ  ਕਬਰ ਵਿਚ ਦਫ਼ਨਾਇਆ ਜਾਂਦਾ ਹੈ | ਸਮਝਿਆ ਜਾਂਦਾ ਹੈ ਕਿ ਇਕ 'ਕਿਆਮਤ ਦੇ ਦਿਨ' ਦੱਬੇ ਮੁਰਦੇ ਕਬਰਾਂ 'ਚੋਂ ਉਠਾਏ ਜਾਣਗੇ ਤੇ ਰੱਬ ਇਨ੍ਹਾਂ ਦੇ ਕਰਮਾਂ ਦਾ ਹਿਸਾਬ ਕਰੇਗਾ | ਨਰਕ ਸਬੰਧੀ ਵੀ ਵੱਖ-ਵੱਖ ਧਾਰਨਾਵਾਂ ਹਨ | ਵਿਗਿਆਨਕ ਵਿਚਾਰਧਾਰਾ ਅਨੁਸਾਰ ਇਹ ਸਭ ਆਦਿ ਕਾਲ ਦੇ ਮਨੁੱਖ ਦੀਆਂ ਕਲਪਨਾਵਾਂ ਹਨ | 
ਵਿਗਿਆਨਕ ਵਿਚਾਰਧਾਰਾ ਅਨੁਸਾਰ ਜੀਵਨ ਪਹਿਲਾਂ ਪਾਣੀ 'ਚ ਪੈਦਾ ਹੋਇਆ | ਪਹਿਲਾਂ ਇਕ ਸੈੱਲ ਵਾਲੇ ਤੇ ਫਿਰ ਸਦੀਆਂ ਮਗਰੋਂ ਬਹੁ ਸੈੱਲੇ ਜੀਵ ਪੈਦਾ ਹੋਏ | ਲੱਖਾਂ ਸਾਲਾਂ ਦੇ ਧੀਮੇ ਪਰਿਵਰਤਨਾਂ, ਮਿੱਟੀ, ਮਾਹੌਲ, ਹਵਾ-ਪਾਣੀ 'ਚ ਆਈਆਂ ਤਬਦੀਲੀਆਂ ਨਾਲ ਜੀਵਾਂ ਦੇ ਸਰੀਰਾਂ 'ਚ ਤਬਦੀਲੀਆਂ ਵਾਪਰੀਆਂ | ਡਾਰਵਿਨ ਦੀ ਖੋਜ ਨੇ ਦੱਸਿਆ ਕਿ ਉੱਡਣ ਵਾਲੇ ਪੰਛੀ ਤੇ ਧਰਤੀ 'ਤੇ ਰਹਿਣ ਵਾਲੇ ਜੀਵਾਂ ਦੀਆਂ ਹੱਡੀਆ ਦੀ ਬਣਤਰ 'ਚ ਕੁੱਝ ਬੁਨਿਆਦੀ ਸਾਂਝਾਂ ਹਨ | ਜਿਵੇਂ ਮੱਛੀਆਂ ਕੇਵਲ ਪਾਣੀ 'ਚ ਰਹਿ ਸਕਦੀਆਂ ਹਨ | ਇਸੇ ਤਰ੍ਹਾਂ ਕੁਝ ਜੀਵ ਜਿਵੇਂ ਡੱਡੂ ਜਾਂ ਕੁਝ ਹੋਰ ਜੀਵ ਜਾਤੀਆਂ, ਜੋ ਪਾਣੀ 'ਚ ਰਹਿਣ ਵਾਲੇ ਜੀਵ ਸਨ, ਧਰਤੀ ਤੇ ਪਾਣੀ ਦੋਹਾਂ 'ਚ ਰਹਿਣ ਲੱਗੇ |
ਕੁੱਝ ਜੀਵ ਜਾਤੀਆਂ ਪਾਣੀ ਤੋਂ ਵੱਧ ਧਰਤੀ 'ਤੇ ਰਹਿਣ ਲੱਗੀਆਂ, ਜਿਨ੍ਹਾਂ ਤੋਂ ਅਗਾਂਹ ਜੀਵਨ ਦੇ ਵਿਕਾਸ ਦਾ ਮੁੱਢ ਬੱਝਾ | ਭਾਵ ਇਸ ਧਰਤੀ 'ਤੇ ਜੀਵਨ ਪੈਦਾ ਹੋਇਆ ਤੇ ਲੱਖਾਂ ਸਾਲਾਂ ਦੀਆਂ ਵਾਤਾਵਰਨ, ਮਾਹੌਲ ਤੇ ਮੌਸਮੀ ਤਬਦੀਲੀਆਂ ਕਰਕੇ ਧੀਮੇ ਪਰਿਵਰਤਨਾਂ ਨਾਲ ਜੀਵਨ ਦਾ ਪ੍ਰਵਾਹ ਅੱਜ ਤੱਕ ਆਇਆ | ਆਦਿ ਕਾਲ ਤੋਂ ਚੱਲ ਰਿਹਾ ਇਹ ਧੀਮਾ ਪਰਿਵਰਤਨ ਅੱਜ ਵੀ ਜਾਰੀ ਹੈ | ਇਨਸਾਨਾਂ ਦੀਆਂ ਮੋਟੇ ਤੌਰ 'ਤੇ ਚਾਰ ਨਸਲਾਂ ਕਕੇਸ਼ੀਅਨ, ਮਾਗੋਲ, ਨੀਗਰੋ ਤੇ ਆਸਟ੍ਰਾਲੋਇਡ ਵੀ ਜੀਵਨ ਦੇ ਵਿਕਾਸ ਤੇ ਜਲਵਾਯੂ ਪਰਿਵਰਤਨਾਂ ਦਾ ਪ੍ਰਤੱਖ ਪ੍ਰਮਾਣ ਹਨ |
ਵਿਗਿਆਨ ਅਨੁਸਾਰ ਧਰਤੀ 'ਤੇ ਜੀਵਨ ਇਸ ਲਈ ਪੈਦਾ ਹੋਇਆ, ਕਿਉਂਕਿ ਇੱਥੇ ਜੀਵਨ ਲਈ ਲੋੜੀਂਦੀਆ ਗੈਸਾਂ ਤੇ ਪਾਣੀ ਮੌਜੂਦ ਸੀ | ਅਜਿਹਾ ਇਸ ਲਈ ਸੰਭਵ ਹੋ ਸਕਿਆ ਕਿ ਧਰਤੀ ਸੂਰਜ ਤੋਂ ਇਕ ਖ਼ਾਸ ਦੂਰੀ 'ਤੇ ਹੈ | ਹੁਣ ਤੱਕ ਬੰਦੇ ਨੇ ਕਈ ਟੱਕਰਾਂ ਮਾਰ ਕੇ ਵੇਖ ਲਈਆਂ ਹਨ ਪਰ ਕਿਸੇ ਹੋਰ ਗ੍ਰਹਿ 'ਤੇ ਜੀਵਨ ਦਾ ਕੋਈ ਸਬੂਤ ਨਹੀਂ ਮਿਲ ਸਕਿਆ | ਹੋ ਸਕਦਾ ਹੈ ਕਿ ਦੂਰ ਕਿਸੇ ਹੋਰ ਗ੍ਰਹਿ 'ਤੇ ਜੀਵਨ ਹੋਵੇ ਪਰ ਫ਼ਿਲਹਾਲ ਇਸ ਦਾ ਕੋਈ ਇਲਮ ਨਹੀਂ | ਧਰਤੀ ਦਾ ਜੀਵਨ ਮਾਦੇ ਭਾਵ ਪਦਾਰਥ ਤੋਂ ਪੈਦਾ ਹੋਇਆ ਤੇ ਇਸ ਨੇ ਇਸੇ ਪਦਾਰਥ ਵਿਚ ਵਿਲੀਨ ਹੋ ਜਾਣਾ ਹੁੰਦਾ ਹੈ | ਆਯੁਰਵੇਦ ਤੇ ਭਾਰਤੀ ਦਰਸ਼ਨ ਅਨੁਸਾਰ ਇਨਸਾਨ ਦਾ ਸਰੀਰ ਪੰਜ ਤੱਤਾਂ ਮਿੱਟੀ, ਪਾਣੀ, ਹਵਾ, ਅੱਗ ਤੇ ਆਕਾਸ਼ ਤੋਂ ਬਣਿਆ ਹੈ | ਮਰਨ ਮਗਰੋਂ ਉਹ ਇਨ੍ਹਾਂ ਪੰਜ ਤੱਤਾਂ 'ਚ ਹੀ ਮਿਲ ਜਾਂਦਾ ਹੈ | ਆਧੁਨਿਕ ਵਿਗਿਆਨ ਅਨੁਸਾਰ ਇਨਸਾਨ ਦਾ ਸਰੀਰ 20 ਤੋਂ 25 ਤੱਤਾਂ ਤੋਂ ਨਿਰਮਿਤ ਹੈ | ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਪੁਰਾਣੇ ਵੇਲਿਆਂ ਦੇ ਮਨੁੱਖਾਂ ਨੇ ਜੀਵਨ ਤੇ ਮਰਨ ਸਬੰਧੀ ਕਾਲਪਨਿਕ ਧਾਰਨਾਵਾਂ ਬਣਾਈਆਂ ਤੇ ਵਿਗਿਆਨਕ ਸਮਝ ਇਸ ਤੋਂ ਵੱਖਰੀ ਹੈ | 

ਕਈ ਵਾਰ ਸਾਨੂੰ ਖ਼ਬਰਾਂ ਮਿਲਦੀਆਂ ਹਨ ਕਿ ਫਲਾਣੇ ਪਿੰਡ 'ਚ ਕੋਈ ਬੱਚਾ ਪੈਦਾ ਹੋਇਆ, ਜੋ ਆਪਣੇ ਪਿਛਲੇ ਜਨਮ ਬਾਰੇ ਦੱਸਦਾ ਹੈ | ਇਸ ਸਬੰਧੀ ਜ਼ਿਆਦਾ ਵਿਸਥਾਰ 'ਚ ਨਾ ਜਾਂਦੇ ਹੋਏ ਇਹੋ ਹੀ ਕਿਹਾ ਜਾ ਸਕਦਾ ਹੈ ਕਿ ਆਪਣੇ ਪਰਿਵਾਰਕ ਮਾਹੌਲ 'ਚੋਂ ਕੁਝ ਸੀਮਤ ਜਿਹੀਆਂ ਗੱਲਾਂ ਕਈ ਵਾਰ ਕੁਝ ਬੱਚੇ ਸਿੱਖ ਲੈਂਦੇ ਹਨ ਤੇ ਉਹ ਗੱਲਾਂ ਕਰਨ ਲਗਦੇ ਹਨ, ਜੋ ਮਗਰੋਂ ਖ਼ਬਰਾਂ ਬਣ ਜਾਂਦੀਆਂ ਹਨ | ਅਜਿਹੀਆਂ ਸਾਰੀਆਂ ਘਟਨਾਵਾਂ ਕੁੱਝ ਸਾਲਾਂ ਬਾਅਦ ਬਿਲਕੁਲ ਦਰਕਿਨਾਰ ਹੋ ਜਾਂਦੀਆਂ ਹਨ | ਇਹ ਇਕ ਵਕਤੀ ਜਿਹਾ ਵਰਤਾਰਾ ਹੁੰਦਾ ਹੈ, ਜਿਸ ਪਿੱਛੇ ਕਈ ਕਾਰਨ ਹੁੰਦੇ ਹਨ | ਅੱਜ ਤੱਕ ਕਦੇ ਵੀ ਕਿਸੇ ਤੀਹ ਜਾਂ ਚਾਲੀ ਸਾਲ ਦੇ ਇਨਸਾਨ ਨੇ ਨਹੀਂ ਕਿਹਾ ਕਿ ਉਹ ਆਪਣੇ ਪਿਛਲੇ ਜਨਮ ਬਾਰੇ ਜਾਣਦਾ ਹੈ | ਇਸਾਈ ਤੇ ਇਸਲਾਮ ਨੂੰ  ਮੰਨਣ ਵਾਲੇ ਲੱਖਾਂ-ਕਰੋੜਾਂ ਲੋਕਾਂ 'ਚ ਅਜਿਹੀਆਂ ਧਾਰਨਾਵਾਂ ਬਿਲਕੁਲ ਪ੍ਰਚੱਲਤ ਨਹੀਂ ਹੁੰਦੀਆਂ |
ਪੂਰੀ ਧਰਤੀ ਦੇ ਮਨੁੱਖਾਂ ਦੀ ਅੱਜ ਔਸਤ ਉਮਰ ਲਗਪਗ 73 ਸਾਲ ਹੈ | ਅੱਜ ਤੋਂ 100 ਸਾਲ ਪਹਿਲਾਂ ਇਹ 40 ਸਾਲ ਦੇ ਆਸ-ਪਾਸ ਸੀ | ਹੋ ਸਕਦਾ ਹੈ ਕਿ ਭਵਿੱਖ 'ਚ ਇਨਸਾਨ ਦੀ ਉਮਰ ਨੂੰ  150 ਜਾਂ ਇਸ ਤੋਂ ਵੱਧ 200 ਸਾਲਾਂ ਤੱਕ ਵੀ ਲੰਬਾ ਕਰ ਲਿਆ ਜਾਵੇ | ਖੋਜਾਂ ਇਹ ਵੀ ਹੋ ਰਹੀਆਂ ਹਨ ਕਿ ਕਿਸੇ ਹਾਦਸੇ ਨਾਲ ਹੋਈ ਮੌਤ ਵਿਚ ਇਨਸਾਨਾਂ ਨੂੰ  ਦੁਬਾਰਾ ਜ਼ਿੰਦਾ ਕੀਤਾ ਜਾ ਸਕੇਗਾ, ਹਾਲਾਂਕਿ ਇਸ ਸਬੰਧੀ ਅਜੇ ਕੋਈ ਖ਼ਾਸ ਸਫਲਤਾ ਨਹੀਂ ਮਿਲ ਸਕੀ | ਇਨਸਾਨਾਂ ਦੀ ਉਮਰ ਬੇਸ਼ੱਕ ਹੋਰ ਲੰਮੀ ਹੋ ਜਾਵੇ ਪਰ ਮੌਤ ਦਾ ਵਰਤਾਰਾ ਜਾਰੀ ਰਹੇਗਾ, ਕਿਉਂਕਿ ਇਸ ਧਰਤੀ 'ਤੇ ਜੋ ਕੁਝ ਬਣਿਆ ਹੈ, ਉਸ ਨੇ ਇਕ ਨਾ ਇਕ ਦਿਨ ਬਿਨਸ ਜਾਣਾ ਹੈ | ਵਿਗਿਆਨ ਅਨੁਸਾਰ ਚਾਲੀ ਸਾਲ ਮਗਰੋਂ ਬੰਦੇ ਦਾ ਸਰੀਰ ਮੌਤ ਵੱਲ ਵਧਣ ਲੱਗ ਪੈਂਦਾ ਹੈ, ਚਮੜੀ ਦੇ ਸੈੱਲ ਮਰਨ ਲਗਦੇ ਹਨ, ਚਮੜੀ ਢਿੱਲੀ ਪੈਣ ਲਗਦੀ ਹੈ | ਉਮਰ ਹੋਰ ਵਧਦੀ ਹੈ ਤਾਂ ਬਾਹਾਂ-ਲੱਤਾਂ ਦੀ ਚਮੜੀ ਇਕ ਤਰ੍ਹਾਂ ਨਾਲ ਲਮਕਣ ਲੱਗ ਪੈਂਦੀ ਹੈ |
ਅੱਖਾਂ ਦੇ ਦੇਖਣ, ਕੰਨਾਂ ਦੇ ਸੁਣਨ, ਦੰਦਾਂ ਦੇ ਚਬਾਉਣ ਤੇ ਜੀਭ ਦੇ ਸਵਾਦ ਚੱਖਣ ਦੀ ਸਮਰੱਥਾ ਘਟਣ ਲਗਦੀ ਹੈ | ਇਹ ਸਭ ਕੁਝ ਦਸਦਾ ਹੈ ਕਿ ਇਨਸਾਨਾਂ ਦੀ ਮੌਤ ਵੱਲ ਵਧਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ |
ਇਨਸਾਨ ਧਰਤੀ 'ਤੇ ਆਉਂਦੇ ਹਨ ਤੇ ਇਕ ਦਿਨ ਹਮੇਸ਼ਾ ਲਈ ਚਲੇ ਜਾਂਦੇ ਹਨ, ਫਿਰ ਇਨ੍ਹਾਂ ਦੇ ਜੀਵਨ ਦਾ ਹਾਸਿਲ ਕੀ ਹੋਇਆ? ਜੀਵਨ ਦਾ ਹਾਸਲ ਸ਼ਾਇਦ ਇਹ ਹੈ ਕਿ ਧਰਤੀ 'ਤੇ ਇਨਸਾਨ ਕਿਵੇਂ ਜੀਵਿਆ, ਕਿਵੇਂ ਵਿਚਰਿਆ | ਧਰਤੀ ਦੇ ਸਾਰੇ ਪਸ਼ੂ, ਪੰਛੀਆਂ, ਪਰਿੰਦਿਆਂ ਕੋਲ ਪੜ੍ਹਨ ਲਈ ਗ੍ਰੰਥ ਸ਼ਾਸਤਰ ਨਹੀਂ ਹਨ | ਇਹ ਸਭ ਕੁਝ ਇਨਸਾਨ ਦੇ ਦਿਮਾਗ ਨੇ ਈਜਾਦ ਕੀਤਾ ਹੈ | ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਇੰਨੀਆਂ ਮਹਾਨ ਸਿੱਖਿਆਵਾਂ ਦੇ ਬਾਵਜੂਦ ਵੀ ਇਨਸਾਨ ਇਸ ਧਰਤੀ 'ਤੇ ਰਹਿੰਦਾ ਇਵੇਂ ਹੈ ਜਿਵੇਂ ਇਹ ਇੱਥੇ ਸਦੀਵੀ ਹੋਵੇ ਅਤੇ ਇੱਥੋਂ ਇਕ ਦਿਨ ਇਸ ਤਰ੍ਹਾਂ ਚਲਾ ਜਾਂਦਾ ਹੈ ਜਿਵੇਂ ਕਦੇ ਇਹ ਇੱਥੇ ਆਇਆ ਹੀ ਨਾ ਹੋਵੇ | ਇਨਸਾਨ ਦੀ ਸਿੱਖਿਆ ਲਈ ਧਰਮ ਅਸਥਾਨ ਹਨ, ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਹਨ | ਇਸ ਦੇ ਬਾਵਜੂਦ ਵੀ ਹਰ ਦਿਨ ਇਸ ਦੇ ਲਾਲਚ, ਇੱਛਾਵਾਂ ਤੇ ਲਾਲਸਾਵਾਂ ਦਾ ਕੋਈ ਪਾਰਾਵਾਰ ਨਹੀਂ |
ਇਸੇ ਲਈ ਇਹ ਧਰਤੀ ਨੂੰ  ਹਰ ਦਿਨ ਨਰਕ ਬਣਾਈ ਜਾ ਰਿਹਾ ਹੈ | ਇਹ ਧਰਤੀ ਦੇ ਦਰਿਆ, ਸਮੁੰਦਰ, ਪਹਾੜ ਤੇ ਜੰਗਲਾਂ ਨੂੰ  ਲਗਾਤਾਰ ਤਬਾਹ ਕਰ ਰਿਹਾ ਹੈ | ਇਨਸਾਨ ਦੇ ਹਾਬੜੇਪਣ ਕਰਕੇ ਇਸ ਦੀਆਂ ਵਧੀਆਂ ਇੱਛਾਵਾਂ, ਲਾਲਸਾਵਾਂ ਨਾਲ ਧਰਤੀ ਦਾ ਜੀਵਨ ਉਸ ਤਰ੍ਹਾਂ ਦਾ ਨਹੀਂ ਰਿਹਾ, ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ | ਇਸੇ ਕਰਕੇ ਸਾਡੇ ਮਨਾਂ ਦੀਆਂ ਬੇਚੈਨੀਆਂ, ਪ੍ਰੇਸ਼ਾਨੀਆਂ, ਤਲਖੀਆਂ ਹਰ ਦਿਨ ਵਧ ਰਹੀਆਂ ਹਨ | ਬੰਦੇ ਨੂੰ  ਇਹ ਸਮਝਣ ਦੀ ਲੋੜ ਹੈ ਕਿ ਇੱਥੇ ਇਸ ਧਰਤੀ 'ਤੇ ਸਦੀਵੀ ਕੁੱਝ ਵੀ ਨਹੀਂ |
ਇਨਸਾਨਾਂ ਕੋਲ ਸਿੱਖਣ ਦੇ ਇੰਨੇ ਸਰੋਤ ਹੋਣ ਦੇ ਬਾਵਜੂਦ ਵੀ ਇਹ ਅਜੇ ਤੱਕ ਇਨਸਾਨ ਨਹੀਂ ਬਣ ਸਕੇ | ਇਹ ਸਭ ਕੁਝ ਦੱਸਦਾ ਹੈ ਜਿਹੜੀਆਂ ਤਰਜੀਹਾਂ 'ਤੇ ਮਨੁੱਖੀ ਸੱਭਿਅਤਾ ਦੀ ਉਸਾਰੀ ਹੋਈ ਹੈ, ਉਸ 'ਤੇ ਮੁੜ ਚਿੰਤਨ ਮਨਨ ਕਰਨ ਦੀ ਲੋੜ ਹੈ | ਇਨਸਾਨ ਇਕ ਚੰਗਾ ਕਿਵੇ ਬਣੇ? ਇਹ ਸਿੱਖਿਆ ਜਾਣਾ ਸ਼ਾਇਦ ਅਜੇ ਬਾਕੀ ਹੈ |

-ਜ਼ੀਰਾ |
ਮੋਬਾਈਲ : 9855051099

Ad Position 22
No active advertisement
ਪਿਛਲੀ ਖ਼ਬਰ ਸਾਡੇ ਵਿਹੜਿਆਂ ਦੇ ਪੰਛੀ ਅਗਲੀ ਖ਼ਬਰ ਪੰਜਾਬ ਦੀ ਰਾਜਨੀਤੀ 'ਚ ਅਹਿਮ ਸਥਾਨ ਰੱਖਦਾ ਹੈ ਮਾਲਵਾ
Ad Position 24