23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਕੈਬਰੇ ਡਾਂਸ ਦੀ ਮਲਕਾ ਰਹੀ ਸੀ ਹੈਲਨ

Ad Position 21
No active advertisement
ਅਜੀਤ ਡੈਸਕ 07-01-2026

ਭਾਰਤੀ ਸਿਨੇਮਾ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਕੋਈ ਵੀ ਫ਼ਿਲਮੀ ਡਾਂਸਰ ਹੈਲਨ ਜਿੰਨੀ ਪ੍ਰਸਿੱਧੀ ਪ੍ਰਾਪਤ ਨਹੀਂ ਕਰ ਸਕੀ। ਹੈਲਨ ਦੇ ਸਮੇਂ ਕੁੱਕੂ, ਬਿੰਦੂ ਅਤੇ ਅਰੁਣਾ ਇਰਾਨੀ ਆਦਿ ਵਰਗੀਆਂ ਵਧੀਆ ਡਾਂਸਰਾਂ ਵੀ ਸਨ, ਪਰ ਹੈਲਨ ਦੇ ਲਟਕੇ ਝਟਕੇ ਸਭ 'ਤੇ ਭਾਰੀ ਪੈਂਦੇ ਸਨ। 'ਸ਼ੋਅਲੇ' ਫ਼ਿਲਮ ਦੇ ਗਾਣੇ 'ਮਹਿਬੂਬਾ ਮਹਿਬੂਬਾ' ਨੇ ਤਾਂ ਹੈਲਨ ਨੂੰ ਅਮਰ ਕਰ ਦਿੱਤਾ ਹੈ। ਹੈਲਨ ਦਾ ਪੂਰਾ ਨਾਂਅ ਹੈਲਨ ਐਨ ਰਿਚਰਡਸਨ ਹੈ ਤੇ ਉਸ ਦਾ ਜਨਮ 21 ਨਵੰਬਰ, 1938 ਨੂੰ ਐਂਗਲੋ ਇੰਡੀਅਨ ਪਿਤਾ ਜਾਰਜ ਡੈਸਮੀਅਰ ਅਤੇ ਬਰਮੀ ਮਾਤਾ ਮਾਰਲੀਨ ਦੇ ਘਰ ਬਰਮਾ (ਮਿਆਂਮਾਰ) ਦੀ ਰਾਜਧਾਨੀ ਮਾਂਡਲੇ ਵਿਖੇ ਹੋਇਆ ਸੀ। ਜਾਰਜ ਬ੍ਰਿਟਿਸ਼ ਫੌਜ ਵਿਚ ਸੀ ਤੇ ਜਦੋਂ ਸੰਨ 1943 ਈਸਵੀ ਵਿਚ ਜਪਾਨ ਨੇ ਬਰਮਾ 'ਤੇ ਹਮਲਾ ਕੀਤਾ ਤਾਂ ਉਹ ਜੰਗ ਵਿਚ ਮਾਰਿਆ ਗਿਆ। ਹੈਲਨ ਦੀ ਮਾਂ ਨੇ ਜਪਾਨੀਆਂ ਦੇ ਜ਼ੁਲਮਾਂ ਤੋਂ ਬਚਣ ਲਈ ਹਜ਼ਾਰਾਂ ਹੋਰ ਰਫਿਊਜ਼ੀਆਂ ਸਮੇਤ ਪੈਦਲ ਆਸਾਮ ਦੇ ਡਿਬਰੂਗੜ੍ਹ ਲਈ ਚਾਲੇ ਪਾ ਦਿੱਤੇ ਜਿੱਥੇ ਉਸ ਦੇ ਕੁਝ ਰਿਸ਼ਤੇਦਾਰ ਰਹਿੰਦੇ ਸਨ।
1964 ਵਿਚ ਫ਼ਿਲਮਫੇਅਰ ਮੈਗਜ਼ੀਨ ਨਾਲ ਇਕ ਇੰਟਰਵਿਊ ਦੌਰਾਨ ਹੈਲਨ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਕੋਈ ਮਹੀਨਾ ਡੇਢ ਮਹੀਨਾ ਪੈਦਲ ਚੱਲਣਾ ਪਿਆ ਸੀ। ਰਸਤੇ ਵਿਚ ਭੁੱਖ ਪਿਆਸ ਕਾਰਨ ਉਸ ਦੇ ਭਰਾ ਦੀ ਮੌਤ ਤੇ ਮਾਂ ਦਾ ਗਰਭਪਾਤ ਹੋ ਗਿਆ ਸੀ। ਜਦੋਂ ਉਹ ਦੋਵੇਂ ਡਿਬਰੂਗੜ੍ਹ ਪਹੁੰਚੀਆਂ ਤਾਂ ਸੁੱਕ ਕੇ ਕੰਕਾਲ ਬਣ ਚੁੱਕੀਆਂ ਸਨ। ਦੋ ਮਹੀਨੇ ਹਸਪਤਾਲ ਵਿਚ ਰਹਿਣ ਤੋਂ ਬਾਅਦ ਉਹ ਤੰਦਰੁਸਤ ਹੋਈਆਂ ਤੇ ਇਸ ਤੋਂ ਬਾਅਦ ਉਸ ਦੀ ਮਾਂ ਉਸ ਨੂੰ ਲੈ ਕੇ ਕਲਕੱਤਾ ਆ ਗਈ ਜਿੱਥੇ ਹੈਲਨ ਦੀ ਪੜ੍ਹਾਈ ਲਿਖਾਈ ਹੋਈ। ਪਰ ਘਰ ਦੀ ਗ਼ਰੀਬੀ ਕਾਰਨ ਉਸ ਨੂੰ ਪੜ੍ਹਾਈ ਵਿਚੇ ਛੱਡਣੀ ਪਈ ਤੇ ਉਹ ਬੰਗਾਲੀ ਫ਼ਿਲਮਾਂ ਵਿਚ ਐਕਸਟਰਾ ਦੇ ਤੌਰ 'ਤੇ ਕੰਮ ਕਰਨ ਲੱਗ ਪਈ। ਉਸ ਮਾੜੇ ਸਮੇਂ ਉਸ ਦੀ ਮਦਦ ਪ੍ਰਸਿੱਧ ਤਤਕਾਲੀ ਡਾਂਸਰ ਕੁੱਕੂ ਨੇ ਕੀਤੀ ਜਿਸ ਨੇ ਹੈਲਨ ਨੂੰ ਆਪਣੇ ਡਾਂਸ ਗਰੁੱਪ ਵਿਚ ਸ਼ਾਮਿਲ ਕਰ ਲਿਆ ਤੇ ਮੁੰਬਈ ਲਿਆ ਕੇ ਬਾਲੀਵੁੱਡ ਫ਼ਿਲਮਾਂ ਵਿਚ ਬਤੌਰ ਐਕਸਟਰਾ ਡਾਂਸਰ ਦਾ ਕੰਮ ਦਿਵਾਉਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਹੈਲਨ ਆਪਣੇ ਖੂਬਸੂਰਤ ਪੱਛਮੀ ਨੈਣ ਨਕਸ਼ਾਂ ਅਤੇ ਡਾਂਸ ਪ੍ਰਤਿਭਾ ਕਾਰਨ ਮਸ਼ਹੂਰ ਹੋ ਗਈ ਤੇ ਉਸ ਨੇ ਫ਼ਿਲਮ 'ਅਲਿਫ ਲੈਲਾ' (1954), 'ਹੂਰ ਏ ਅਰਬ' (1955) ਅਤੇ 'ਮਿਯੂਰਪੰਖ' (1954) ਵਿਚ ਗਾਣਿਆਂ 'ਤੇ ਬਤੌਰ ਸੋਲੋ ਡਾਂਸਰ ਕੰਮ ਕੀਤਾ।

(ਬਾਕੀ ਅਗਲੇ ਬੁੱਧਵਾਰ ਦੇ ਅੰਕ 'ਚ)

-ਏ.ਆਈ.ਜੀ. (ਰਿਟਾ), ਪੰਡੋਰੀ ਸਿੱਧਵਾਂ।

Ad Position 22
No active advertisement
ਪਿਛਲੀ ਖ਼ਬਰ ਜਿਨ੍ਹਾਂ ਨੇ ਟੀ.ਵੀ. ਸਨਅਤ ਵਿਚ ਧਮਾਕੇਦਾਰ ਵਾਪਸੀ ਕੀਤੀ ਅਗਲੀ ਖ਼ਬਰ ਬਾਲੀਵੁੱਡ ਫ਼ਿਲਮਾਂ ਵਿਚ ਜਦੋਂ ਸਟਾਰ ਨਾਲੋਂ ਜ਼ਿਆਦਾ ਚਰਚਾ ਵਿਚ ਰਿਹਾ ਸਟਾਈਲ
Ad Position 24