25 ਵਰ੍ਹਿਆਂ ਦੀ ਖ਼ੂਬਸੂਰਤ ਫ਼ੁੱਲਾਂ ਜਿਹੀ ਮੁਟਿਆਰ ਪ੍ਰਿਆ ਰਾਜਵੰਸ਼ ਦੀ ਲੰਡਨ ਦੇ ਕਿਸੇ ਫ਼ੋਟੋਗ੍ਰਾਫ਼ਰ ਵਲੋਂ ਖਿੱਚੀ ਗਈ ਇਕ ਦਿਲਕਸ਼ ਤਸਵੀਰ ਕਿਸੇ ਤਰ੍ਹਾਂ ਬਾਲੀਵੁੱਡ ਦੇ ਵਿਹੜੇ ਆਣ ਪੁੱਜੀ ਤੇ ਬਾਲੀਵੁੱਡ ਦੇ ਉੱਘੇ ਫ਼ਿਲਮਕਾਰ ਚੇਤਨ ਅਨੰਦ, ਜੋ ਕਿ ਆਪਣੀ ਫ਼ਿਲਮ 'ਹਕੀਕਤ' ਦੀ ਤਿਆਰੀ ਕਰ ਰਹੇ ਸਨ, ਨੇ ਪ੍ਰਿਆ ਨੂੰ ਤੁਰੰਤ ਹੀ ਆਪਣੀ ਫ਼ਿਲਮ ਵਾਸਤੇ ਸਾਈਨ ਕਰ ਲਿਆ ਤੇ ਇਸ ਫ਼ਿਲਮ ਵਿਚ ਉਸ ਨੂੰ ਬੜੇ ਹੀ ਵਧੀਆ ਢੰਗ ਨਾਲ ਦਰਸ਼ਕਾਂ ਦੇ ਰੂਬਰੂ ਕਰ ਦਿੱਤਾ। ਪ੍ਰਿਆ ਦੀ ਅਦਾਕਾਰੀ ਦੀ ਹਰ ਪਾਸੇ ਸ਼ਲਾਘਾ ਹੋਈ ਤੇ ਇਸ ਉਪਰੰਤ ਚੇਤਨ ਨੇ ਪ੍ਰਿਆ ਅਤੇ ਰਾਜ ਕੁਮਾਰ ਨੂੰ ਲੈ ਕੇ ਕਾਵਿਮਈ ਸੰਵਾਦਾਂ ਨਾਲ ਲਬਰੇਜ਼ ਪ੍ਰੇਮ ਕਹਾਣੀ 'ਤੇ ਆਧਾਰਿਤ ਫ਼ਿਲਮ 'ਹੀਰ ਰਾਂਝਾ' ਬਣਾ ਦਿੱਤੀ, ਜੋ ਕਿ ਹਿੱਟ ਰਹੀ ਤੇ ਅੱਜ ਵੀ ਜ਼ਬਰਦਸਤ ਅਦਾਕਾਰੀ ਅਤੇ ਮਨਮੋਹਕ ਸੰਵਾਦਾਂ ਲਈ ਜਾਣੀ ਜਾਂਦੀ ਹੈ। ਫ਼ਿਲਮ 'ਹੀਰ ਰਾਂਝਾ' ਤੋਂ ਬਾਅਦ ਪ੍ਰਿਆ ਨੇ 'ਹੰਸਤੇ ਜ਼ਖ਼ਮ', 'ਹਿੰਦੋਸਤਾਨ ਕੀ ਕਸਮ', 'ਸਾਹਬ ਬਹਾਦਰ' ਅਤੇ 'ਕੁਦਰਤ' ਆਦਿ ਫ਼ਿਲਮਾਂ ਵਿਚ ਆਪਣੀ ਬਾਕਮਾਲ ਅਦਾਕਾਰੀ ਦਾ ਮੁਜ਼ਾਹਰਾ ਕੀਤਾ ਤੇ ਸੰਨ 1985 ਵਿਚ ਆਈ ਫ਼ਿਲਮ 'ਹਾਥੋਂ ਕੀ ਲਕੀਰੇਂ' ਉਸ ਦੀ ਅੰਤਿਮ ਫ਼ਿਲਮ ਸੀ। ਪ੍ਰਿਆ ਨੇ ਇਕ ਟੀ.ਵੀ. ਲੜੀਵਾਰ 'ਪਰਮਵੀਰ ਚੱਕਰ' ਵਿਚ ਵੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ। ਪ੍ਰਿਆ ਅਤੇ ਚੇਤਨ ਅਨੰਦ ਦਰਮਿਆਨ ਰਿਸ਼ਤਾ ਸਦਾ ਹੀ ਰਹੱਸਮਈ ਰਿਹਾ ਸੀ। ਉਨ੍ਹਾਂ ਨੇ ਸ਼ਾਦੀ ਵੀ ਨਹੀਂ ਕਰਵਾਈ, ਪਰ ਕਈ ਸਾਲ ਤੱਕ ਇਕੱਠੇ ਹੀ ਰਹੇ ਸਨ। ਜਦੋਂ ਪ੍ਰਿਆ ਪਹਿਲੀ ਵਾਰ ਚੇਤਨ ਨੂੰ ਮਿਲੀ ਸੀ, ਉਦੋਂ ਉਹ ਆਪਣੀ ਪਤਨੀ ਤੋਂ ਵੱਖ ਹੋ ਚੁੱਕਾ ਸੀ। ਚੇਤਨ ਦਾ ਉਸ ਉੱਤੇ ਪ੍ਰਭਾਵ ਅਤੇ ਅਧਿਕਾਰ ਇੰਨਾ ਜ਼ਿਆਦਾ ਸੀ ਕਿ ਚੇਤਨ ਤੋਂ ਇਲਾਵਾ ਉਹ ਹੋਰ ਕਿਸੇ ਫ਼ਿਲਮਕਾਰ ਦੀਆਂ ਫ਼ਿਲਮਾਂ ਵਿਚ ਜ਼ਿਆਦਾਤਰ ਕੰਮ ਕਰ ਹੀ ਨਹੀਂ ਪਾਈ ਸੀ ਤੇ ਉਸ ਨੇ ਕਈ ਵੱਡੀਆਂ ਪੇਸ਼ਕਸ਼ਾਂ ਠੁਕਰਾ ਦਿੱਤੀਆਂ ਸਨ। ਸੰਨ 1997 ਵਿਚ ਚੇਤਨ ਦੇ ਦਿਹਾਂਤ ਤੋਂ ਬਾਅਦ ਉਹ ਇਕੱਲੀ ਪੈ ਗਈ ਤੇ ਉਸ ਦੀ ਵਿੱਤੀ ਹਾਲਤ ਹੌਲੀ-ਹੌਲੀ ਪਤਲੀ ਹੋਣ ਲੱਗ ਪਈ। ਚੇਤਨ ਅਨੰਦ ਦੀ ਜਾਇਦਾਦ ਦਾ ਇਕ ਹਿੱਸਾ ਉਸ ਨੂੰ ਮਿਲ ਗਿਆ ਤੇ ਬਾਕੀ ਜਾਇਦਾਦ ਚੇਤਨ ਦੀ ਪਹਿਲੀ ਪਤਨੀ ਤੋਂ ਬੇਟਿਆਂ ਕੇਤਨ ਅਨੰਦ ਅਤੇ ਵਿਵੇਕ ਅਨੰਦ ਨੂੰ ਹਾਸਿਲ ਹੋ ਗਈ। ਉਸ ਵਕਤ ਪ੍ਰਿਆ ਦੇ ਦੋ ਭਰਾ ਕਮਲਜੀਤ ਸਿੰਘ ਅਤੇ ਪਦਮਜੀਤ ਸਿੰਘ ਵਿਦੇਸ਼ ਵਿਚ ਰਹਿੰਦੇ ਸਨ। ਫਿਰ 27 ਮਾਰਚ, 2000 ਦੇ ਦਿਨ ਚੇਤਨ ਦੇ ਰੂਈਆ ਪਾਰਕ, ਜੁਹੂ ਵਿਖੇ ਸਥਿਤ ਬੰਗਲੇ ਵਿਚ ਪ੍ਰਿਆ ਦਾ ਕਤਲ ਕੀਤਾ ਸਰੀਰ ਪੁਲਿਸ ਨੂੰ ਮਿਲਿਆ ਤੇ ਜਾਂਚ ਤੋਂ ਬਾਅਦ ਪ੍ਰਿਆ ਦੇ ਕਤਲ ਦਾ ਦੋਸ਼ ਚਾਰ ਵਿਅਕਤੀਆਂ 'ਤੇ ਆਇਆ ਜੋ ਸਨ ਕੇਤਨ ਅਨੰਦ, ਵਿਵੇਕ ਅਨੰਦ ਤੇ ਉਨ੍ਹਾਂ ਦੇ ਨੌਕਰ ਮਾਲਾ ਚੌਧਰੀ ਅਤੇ ਅਸ਼ੋਕ ਚਿੰਨਾਸੁਆਮੀ। ਦੋ ਸਾਲ ਤੱਕ ਮੁਕੰਦਮਾ ਚਲਦਾ ਰਿਹਾ ਤੇ ਅਖ਼ੀਰ ਜੁਲਾਈ, 2002 ਵਿਚ ਅਦਾਲਤ ਨੇ ਉਕਤ ਚਾਰਾਂ ਵਿਅਕਤੀਆਂ ਨੂੰ ਪ੍ਰਿਆ ਦੇ ਕਤਲ ਦਾ ਦੋਸ਼ੀ ਗਰਦਾਨਦਿਆਂ ਹੋਇਆਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਇੰਜ ਇਕ ਅਤਿਅੰਤ ਹਸੀਨ ਤੇ ਜ਼ਹੀਨ ਸ਼ਖ਼ਸੀਅਤ ਦੀ ਮਾਲਕਣ ਪ੍ਰਿਆ ਰਾਜਵੰਸ਼ ਦਾ ਦੁਖ਼ਦਾਇਕ ਅੰਤ ਹੋ ਗਿਆ ਸੀ ਤੇ ਬਾਲੀਵੁੱਡ ਇਕ ਦਿਲਕਸ਼ ਅਦਾਕਾਰਾ ਤੋਂ ਸਦਾ ਲਈ ਵਿਰਵਾ ਹੋ ਗਿਆ ਸੀ।
ਖ਼ੂਬਸੂਰਤੀ ਦਾ ਮੁਜੱਸਮਾ ਸੀ ਅਦਾਕਾਰਾ 'ਪ੍ਰਿਆ ਰਾਜਵੰਸ਼'
ਅਜੀਤ ਡੈਸਕ
07-01-2026