ਫ਼ਿਲਮਾਂ ਤੋਂ ਇਕ ਨਿੱਕੀ ਜਿਹੀ ਬਰੇਕ ਲੈਣ ਤੋਂ ਬਾਅਦ ਅਭਿਨੇਤਰੀ ਕ੍ਰਿਤੀ ਸੈਨਨ ਉਦੈਪੁਰ 'ਚ ਨਜ਼ਰ ਆਈ। ਇਥੇ ਉਸ ਦੀ ਭੈਣ ਨੂਪੁਰ ਸੈਨਨ ਦਾ ਵਿਆਹ ਹੋਇਆ ਹੈ। ਕਹਿੰਦੇ ਨੇ ਕਿ ਕ੍ਰਿਤੀ ਦਾ ਦਿਲ ਕਰਦਾ ਸੀ ਕਿ ਉਹ ਇਸ ਵਿਆਹ 'ਚ ਰਾਜਸਥਾਨੀ ਤੇ ਪੰਜਾਬੀ ਨਾਚ ਕਰੇ ਤੇ ਇਹ ਉਸ ਨੇ ਇਥੇ ਰੱਜ ਕੇ ਕੀਤਾ ਵੀ। ਭੈਣ ਦੇ ਵਿਆਹ 'ਤੇ ਚਾਅ ਹੀ ਐਨਾ ਸੀ ਕਿ ਉਹ ਖੂਬ ਮਠਿਆਈ ਖਾ ਗਈ ਤੇ ਹੁਣ ਇੰਸਟਾਗ੍ਰਾਮ 'ਤੇ ਪੋਸਟਾਂ ਲਿਖ ਰਹੀ ਹੈ ਕਿ ਜ਼ਬਰਦਸਤ ਕਸਰਤ ਸ਼ੁਰੂ ਕੀਤੀ ਹੈ ਤਾਂ ਕਿ ਮਠਿਆਈਆਂ ਦੇ ਮੋਟੇ ਕਰਨ ਵਾਲੇ ਕਣ ਉਹ ਹਜ਼ਮ ਕਰ ਜਾਵੇ। 'ਤੇਰੇ ਇਸ਼ਕ ਮੇਂ' ਪਿਛਲੇ ਸਾਲ ਉਸ ਨੇ ਧਨੁਸ਼ ਨਾਲ ਇਹ ਫ਼ਿਲਮ ਕੀਤੀ ਸੀ ਤੇ ਹੁਣ ਉਹ ਸ਼ਾਹਿਦ ਕਪੂਰ ਤੇ ਰਸ਼ਮਿਕਾ ਮੰਦਾਨਾ ਨਾਲ 'ਕਾਕਟੇਲ-2' 'ਚ ਨਜ਼ਰ ਆਏਗੀ। ਕ੍ਰਿਤੀ ਨੇ ਨੂਪੁਰ ਦੇ ਵਿਆਹ 'ਚ ਸਾਰੇ ਚਾਅ ਪੂਰੇ ਕੀਤੇ ਤੇ ਖੁਦ ਉਸ ਨੇ ਪੂਜਾ ਪਾਠ 'ਚ ਹਿੱਸਾ ਲਿਆ। ਵਿਆਹ ਦੀਆਂ ਕਈ ਗੱਲਾਂ ਉਹ ਮੁੰਬਈ ਆ ਕੇ ਕਰ ਰਹੀ ਹੈ ਕਿ ਮੁੰਬਈ 'ਚ ਉਸ ਨੇ ਬਾਲੀਵੁੱਡ ਪਿਆਰ ਕਰਕੇ ਨੂਪੁਰ ਦੇ ਵਿਆਹ ਦੀ ਖਾਸ ਪਾਰਟੀ ਰੱਖੀ। ਕ੍ਰਿਤੀ ਨੇ ਕਿਹਾ ਕਿ ਉਹ ਵੱਡੀ ਭੈਣ ਹੈ, ਉਸ ਨੇ ਬਹੁਤ ਸਾਰੇ ਫਰਜ਼ ਨਿਭਾਏ ਹਨ ਤੇ ਉਹ ਜਦ ਪੰਜ ਸਾਲ ਦੀ ਸੀ ਤਦ ਵੀ ਨੂਰਪੁਰ ਨੂੰ ਆਪਣੀ ਗੋਦੀ 'ਚ ਪਾ ਕੇ ਪਿਆਰ ਕਰਦੀ ਹੁੰਦੀ ਸੀ। ਕ੍ਰਿਤੀ ਨੂੰ 'ਤੇਰੇ ਇਸ਼ਕ ਮੇਂ' ਫ਼ਿਲਮ ਦੇ ਗੀਤ ਲਈ ਅੱਜ ਵੀ ਲੋਕ ਯਾਦ ਕਰ ਰਹੇ ਹਨ ਤੇ ਇਸ ਦੇ ਵਿਊਜ਼ ਅਜੇ ਵੀ ਲਗਾਤਾਰ ਵਧ ਰਹੇ ਹਨ। ਆਪਣੀ ਸ਼ਾਦੀ ਬਾਬਤ ਜਦ ਇਕ ਭੱਦਰਪੁਰਸ਼ ਨੇ ਪੁੱਛ ਲਿਆ ਤਾਂ ਕ੍ਰਿਤੀ ਨੇ ਕਿਹਾ ਕਿ ਪਹਿਲਾਂ ਭੈਣ ਦੇ ਵਿਆਹ ਦੇ ਚਾਅ ਚੱਲਣ ਦਿਓ, ਛੇ ਮਹੀਨੇ ਰੁਕ ਜਾਓ। ਹੁਣ ਤੱਕ ਉਸ ਦਾ ਫ਼ਿਲਮੀ ਕੈਰੀਅਰ ਸ਼ਾਨਦਾਰ ਰਿਹਾ ਹੈ। ਇਕ ਤੋਂ ਬਾਅਦ ਇਕ ਮਜ਼ਬੂਤ ਕਿਰਦਾਰ ਉਸ ਨੇ ਕੀਤੇ ਹਨ। ਮਿਹਨਤ ਦੇ ਨਾਲ ਸਹੀ ਤੇ ਸਟੀਕ ਫੈਸਲੇ ਲੈਣ ਲਈ ਵੀ ਉਹ ਮੰਨੀ ਜਾਂਦੀ ਹੈ। 'ਕਰੂ', 'ਬਰੇਲੀ ਕੀ ਬਰਫੀ', 'ਦੋ ਪਤੀ', 'ਤੇਰੇ ਇਸ਼ਕ ਮੇਂ' ਹਰੇਕ ਫ਼ਿਲਮ 'ਚ ਕ੍ਰਿਤੀ ਨੇ ਕੁਝ ਨਾ ਕੁਝ ਵੱਖਰਾ ਦਿਖਾਇਆ ਹੈ। ਸਲਮਾਨ ਖ਼ਾਨ ਨਾਲ 'ਕਿੱਕ-2' 'ਚ ਵੀ ਉਸ ਨੂੰ ਲਏ ਜਾਣ ਦੀ ਖ਼ਬਰ ਪੱਕੀ ਹੋ ਗਈ ਹੈ। ਬਾਕੀ ਕ੍ਰਿਤੀ ਸੈਨਨ ਅੱਜਕਲ੍ਹ ਜਦ ਵੀ ਜਜ਼ਬਾਤੀ ਹੁੰਦੀ ਹੈ ਤਦ ਕਵਿਤਾ ਲਿਖਦੀ ਹੈ।
-ਸੁਖਜੀਤ ਕੌਰ