ਲਕਸ਼ੈ ਲਲਵਾਨੀ ਅਤੇ ਜਾਹਨਵੀ ਕਪੂਰ ਦੀ ਫ਼ਿਲਮ 'ਲਗ ਜਾ ਗਲੇ' ਦੀ ਘੋਸ਼ਣਾ ਬੜੀ ਧੂਮਧਾਮ ਨਾਲ ਕੀਤੀ ਗਈ ਸੀ। ਕਿਹਾ ਜਾ ਰਿਹਾ ਹੈ ਕਿ ਘੋਸ਼ਣਾ ਤੋਂ 3 ਸਾਲ ਬਾਅਦ ਹੁਣ ਕਰਨ ਜੌਹਰ ਦਾ ਧਰਮਾ ਪ੍ਰੋਡਕਸ਼ਨ ਬਦਲਾਲਊ ਇਸ ਮਾਰਧਾੜ ਵਾਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਿਹਾ ਹੈ। ਫ਼ਿਲਮ 'ਲਗ ਜਾ ਗਲੇ' ਵਿਚ ਕਰਨ ਜੌਹਰ ਦੇ ਬੇਹੱਦ ਲਾਡਲੇ ਬਣ ਕੇ ਉੱਭਰੇ ਐਕਟਰ ਲਕਸ਼ੈ ਲਾਲਵਾਨੀ, ਜਾਹਨਵੀ ਕਪੂਰ ਅਤੇ ਟਾਈਗਰ ਸ਼ਰਾਫ਼ ਇਕੱਠੇ ਨਜ਼ਰ ਆਉਣਗੇ। ਇਹ ਫ਼ਿਲਮ ਇਸੇ ਸਾਲ ਹੀ ਵੱਡੇ ਪਰਦੇ 'ਤੇ ਰਿਲੀਜ਼ ਹੋ ਸਕਦੀ ਹੈ। ਲਕਸ਼ੈ ਨੇ 500 ਕਰੋੜ ਦੇ ਮੈਗਾ ਬਜਟ ਵਿਚ ਬਣੇ ਸਭ ਤੋਂ ਮਹਿੰਗੇ ਭਾਰਤੀ ਟੀ.ਵੀ. ਸ਼ੋਅ ਵਿਚੋਂ ਇਕ ਟੀ.ਵੀ. ਸ਼ੋਅ 'ਪੋਰਸ' (2017-18) ਵਿਚ ਇਕ ਯੋਧਾ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਹ 'ਚੰਦਰਗੁਪਤ ਮੌਰਿਆ' ਵਰਗੇ ਟੀ.ਵੀ. ਸ਼ੋਅ ਵਿਚ ਵੀ ਨਜ਼ਰ ਆਏ।
ਲਕਸ਼ੈ ਲਲਵਾਨੀ ਨੂੰ ਆਖ਼ਰੀ ਵਾਰ ਸਾਲ 2025 ਵਿਚ ਆਨ ਸਟਰੀਮ ਹੋਈ ਆਰਿਅਨ ਖਾਨ ਵਲੋਂ ਨਿਰਦੇਸ਼ਿਤ ਬੇਹੱਦ ਕਾਮਯਾਬ ਵੈਬ ਸੀਰੀਜ਼ 'ਦ ਬੈੱਡਸ ਆਫ਼ ਬਾਲੀਵੁਡ' ਵਿਚ ਦੇਖਿਆ ਗਿਆ ਸੀ। ਹੁਣ ਲਕਸ਼ੈ ਕੋਲ 'ਲਗ ਜਾ ਗਲੇ' ਤੋਂ ਇਲਾਵਾ 'ਚਾਂਦ ਮੇਰਾ ਦਿਲ' ਅਤੇ 'ਦੋਸਤਾਨਾ-2' ਵਰਗੀਆਂ ਫ਼ਿਲਮਾਂ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਫ਼ਿਲਮਾਂ ਦਾ ਕਰਨ ਜੌਹਰ ਨਿਰਮਾਣ ਕਰ ਰਹੇ ਹਨ।
ਬਾਲੀਵੁਡ ਹੀਰੋਈਨ ਜਾਹਨਵੀ ਕਪੂਰ ਲਈ 2025 ਸ਼ਾਨਦਾਰ ਰਿਹਾ। ਇਸ ਬੀਤੇ ਸਾਲ ਵਿਚ ਉਸ ਨੇ ਆਪਣੀਆਂ ਤਿੰਨ ਫ਼ਿਲਮਾਂ ਨਾਲ 'ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ' (2025), 'ਪਰਮ ਸੁੰਦਰੀ' (2025) ਅਤੇ 'ਹੋਮਬਾਊਂਡ' (2025) ਰਾਹੀਂ ਵੱਡੇ ਪਰਦੇ 'ਤੇ ਆਪਣੀ ਪਕੜ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਸਫ਼ਲਤਾ ਹਾਸਿਲ ਕੀਤੀ।
ਇਨ੍ਹਾਂ ਤਿੰਨਾਂ ਫ਼ਿਲਮਾਂ ਵਿਚ ਉਸ ਦਾ ਅਲੱਗ-ਅਲੱਗ ਅੰਦਾਜ਼ ਦੇਖਣ ਨੂੰ ਮਿਲਿਆ। ਇਸ ਸਾਲ 27 ਮਾਰਚ ਨੂੰ ਰਿਲੀਜ਼ ਹੋ ਰਹੀ ਫਿਲਮ 'ਪੈਡੀ' ਵਿਚ ਜਾਹਨਵੀ ਕਪੂਰ ਰਾਮਚਰਣ ਨਾਲ ਦਿਖਾਈ ਦੇਵੇਗੀ।
'ਲਗ ਜਾ ਗਲੇ' ਦੇ ਤੀਜੇ ਐਕਟਰ ਟਾਈਗਰ ਸ਼ਰਾਫ਼ ਨੇ 2014 ਵਿਚ ਹੀਰੋਪੰਤੀ ਨਾਲ ਡੈਬਿਊ ਕੀਤਾ ਸੀ। ਆਪਣੇ ਕਰੀਅਰ ਵਿਚ ਉਂਝ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਵਿਚ ਕੰਮ ਕੀਤਾ ਹੈ ਪਰ ਬੀਤੇ ਕੁਝ ਸਾਲਾਂ ਤੋਂ ਦੇਖਿਆ ਗਿਆ ਹੈ ਕਿ ਉਨ੍ਹਾਂ ਦੀਆਂ ਫ਼ਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਹਨ। ਇਸ ਸਮੇਂ ਟਾਈਗਰ ਕੋਲ 'ਲਗ ਜਾ ਗਲੇ' ਤੋਂ ਇਲਾਵਾ 'ਰੈਂਬੋ' ਅਤੇ 'ਸਕਰੂ ਢੀਲਾ' ਵਰਗੀਆਂ ਫ਼ਿਲਮਾਂ ਹਨ।
ਲਕਸ਼ੈ ਲਲਵਾਨੀ ਅਤੇ ਜਾਹਨਵੀ ਕਪੂਰ ਦੀ ਫ਼ਿਲਮ 'ਲਗ ਜਾ ਗਲੇ'
ਅਜੀਤ ਡੈਸਕ
28-01-2026