ਏਕਤਾ ਕਪੂਰ ਦਾ ਉਡੀਕਿਆ ਜਾ ਰਿਹਾ ਸ਼ੋਅ 'ਨਾਗਿਨ' ਨਵੇਂ ਸੀਜ਼ਨ 'ਨਾਗਿਨ-7' ਦੇ ਨਾਲ 27 ਦਸੰਬਰ ਨੂੰ ਹੋਏ ਪ੍ਰੀਮੀਅਰ ਨਾਲ ਟੀ.ਵੀ. 'ਤੇ ਵਾਪਸੀ ਕਰ ਚੁੱਕਾ ਹੈ।
ਇਸ ਸ਼ੋਅ ਦੇ ਆਗਾਮੀ ਐਪੀਸੋਡਜ਼ ਵਿਚ ਨਮਿਕ ਪਾਲ, ਪ੍ਰਿਅੰਕਾ ਚਾਹਰ ਚੌਧਰੀ ਦੇ ਨਾਲ ਰੋਮਾਂਸ ਕਰਦੇ ਹੋਏ ਮੁੱਖ ਐਕਟਰ ਦੇ ਤੌਰ 'ਤੇ ਨਜ਼ਰ ਆਉਣਗੇ। ਈਸ਼ਾ ਸਿੰਘ ਅਤੇ ਕਰਨ ਕੁੰਦਰਾ ਵੀ ਇਸ ਸ਼ੋਅ ਵਿਚ ਕੈਮਿਓ ਵਿਚ ਨਜ਼ਰ ਆਉਣਗੇ।
ਪ੍ਰਿਅੰਕਾ ਚਾਹਰ ਚੌਧਰੀ ਜਿਥੇ ਟੀ.ਵੀ. ਦੀ ਵੱਡੀ ਸਟਾਰ ਹੈ, ਉਥੇ ਨਮਿਕ ਨੂੰ ਹਾਲੇ ਓਨੀ ਪਛਾਣ ਨਹੀਂ ਮਿਲ ਸਕੀ। ਟੀ.ਵੀ. ਦੇ ਸੁਪਰ ਸਟਾਰ ਵਾਲੇ ਸਟਾਰਡਮ ਤੋਂ ਫਿਲਹਾਲ ਉਹ ਦੂਰ ਹੈ।
ਮਰਦ ਪ੍ਰਸੰਸਕਾਂ ਦੇ ਮੁਕਾਬਲੇ ਨਮਿਕ ਔਰਤ ਪ੍ਰਸੰਸਕਾਂ ਵਿਚਾਲੇ ਜ਼ਿਆਦਾ ਹਰਮਨਪਿਆਰਾ ਹੈ। 'ਨਾਗਿਨ-7' ਵਿਚ ਨਮਿਕ ਦਾ ਦਾਖਲਾ ਹੋਣ ਤੋਂ ਬਾਅਦ ਉਸ ਦੇ ਪ੍ਰਸੰਸਕ ਕਾਫ਼ੀ ਖ਼ੁਸ਼ ਹਨ।
ਨਮਿਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਪੱਤਰਕਾਰ ਦੇ ਤੌਰ 'ਤੇ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਮਾਡਲਿੰਗ ਵਿਚ ਹੱਥ ਅਜ਼ਮਾਇਆ। ਮਾਡਲਿੰਗ ਕਰਦੇ ਹੋਏ ਕਿਤੇ ਨਾ ਕਿਤੇ ਉਸ ਦੇ ਮਨ ਵਿਚ ਐਕਟਰ ਬਣਨ ਦਾ ਸੁਪਨਾ ਜਾਗਿਆ।
ਸਾਲ 2015 ਵਿਚ ਟੀ.ਵੀ. ਸ਼ੋਅ 'ਕਬੂਲ ਹੈ' ਤੋਂ ਨਮਿਕ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੂੰ 'ਏਕ ਦੂਜੇ ਕੇ ਵਾਸਤੇ' ਵਿਚ ਦੇਖਿਆ ਗਿਆ। ਇਸ ਸ਼ੋਅ ਵਿਚ ਨਮਿਕ ਦੇ ਕੰਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਇਹ ਸ਼ੋਅ ਉਸ ਦੇ ਕਰੀਅਰ ਲਈ ਟਰਨਿੰਗ ਪੁਆਇੰਟ ਸਾਬਤ ਹੋਇਆ।
'ਏਕ ਦੂਜੇ ਕੇ ਵਾਸਤੇ' ਤੋਂ ਬਾਅਦ ਨਮਿਕ ਨੂੰ 'ਏਕ ਦੀਵਾਨਾ ਥਾ', 'ਕਵਚ... ਮਹਾਸ਼ਿਵਰਾਤਰੀ', 'ਕਸੌਟੀ ਜ਼ਿੰਦਗੀ ਕੀ', 'ਲਗ ਜਾ ਗਲੇ' ਅਤੇ 'ਕੁਮਕੁਮ ਭਾਗਿਆ' ਵਰਗੇ ਸ਼ੋਅ ਮਿਲਦੇ -ਚਲਦੇ ਗਏ।
ਉਸ ਨੂੰ ਓ.ਟੀ.ਟੀ. 'ਤੇ ਆਨ ਸਟ੍ਰੀਮ ਉਹ ਸੀਰੀਜ਼ 'ਦ ਟ੍ਰਿਪ' ਦੇ ਪਹਿਲੇ ਸੀਜ਼ਨ ਵਿਚ ਦੇਖਿਆ ਗਿਆ। ਨਮਿਕ ਪਾਲ ਇਕ ਫਿਟਨੈੱਸ ਫਰੀਕ ਦੇ ਤੌਰ 'ਤੇ ਬੇਹੱਦ ਹਰਮਨਪਿਆਰਾ ਹੈ। ਆਪਣੀ ਦਿੱਖ ਅਤੇ ਦਮਦਾਰ ਸ਼ਖ਼ਸੀਅਤ ਦੀ ਵਜ੍ਹਾ ਕਰਕੇ ਉਹ ਹਮੇਸ਼ਾ ਸੁਰਖੀਆਂ ਵਿਚ ਰਹਿੰਦਾ ਹੈ।
27 ਦਸੰਬਰ ਨੂੰ 'ਨਾਗਿਨ-7' ਦਾ ਟੀ.ਵੀ. 'ਤੇ ਪ੍ਰੀਮੀਅਰ ਹੋ ਚੁੱਕਾ ਹੈ। ਪ੍ਰਿਅੰਕਾ ਦੇ ਨਾਲ ਨਮਿਕ ਨੂੰ ਰੋਮਾਂਸ ਕਰਦੇ ਦੇਖਣ ਲਈ ਪ੍ਰਸੰਸਕ ਕਾਫ਼ੀ ਉਤਸ਼ਾਹੀ ਹਨ। ਨਮਿਕ ਵੀ ਇਸ ਸ਼ੋਅ ਨੂੰ ਲੈ ਕੇ ਬੇਹੱਦ ਖੁਸ਼ ਹੈ। ਉਸ ਨੂੰ ਲਗਦਾ ਹੈ ਕਿ ਪ੍ਰਿਅੰਕਾ ਨਾਲ ਉਸ ਦੀ ਇਕਦਮ ਤਾਜ਼ਾ ਜੋੜੀ ਉਸ ਦੇ ਕਰੀਅਰ ਵਿਚ ਨਵਾਂ ਮੁਕਾਮ ਲੈ ਕੇ ਆਵੇਗੀ।
'ਸੁਪਰਸਟਾਰ' ਵਾਲੇ 'ਸਟਾਰਡਮ' ਦੇ ਇੰਤਜ਼ਾਰ ਵਿਚ ਹੈ ਨਮਿਕ ਪਾਲ
ਅਜੀਤ ਡੈਸਕ
28-01-2026