ਇਸ ਸਾਲ 2 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਲੰਮੀ ਉਡੀਕ ਵਾਲੀ ਫ਼ਿਲਮ 'ਦ੍ਰਿਸ਼ਯਮ-3' ਇਕ ਵਾਰ ਫਿਰ ਦਰਸ਼ਕਾਂ ਵਿਚਾਲੇ ਧਮਾਲ ਮਚਾਉਣ ਨੂੰ ਤਿਆਰ ਹੈ। ਇਸ ਫ਼ਿਲਮ ਨੂੰ ਲੈ ਕੇ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਅਨੁਸਾਰ ਅਜੈ ਦੇਵਗਨ ਅਤੇ ਤੱਬੂ ਦੀ ਇਸ ਫ਼ਿਲਮ ਵਿਚ ਜੈਦੀਪ ਅਹਿਲਾਵਤ ਦਾ ਧਾਂਸੂ ਦਾਖਲਾ ਹੋਣ ਵਾਲਾ ਹੈ।
ਫ਼ਿਲਮ 'ਦ੍ਰਿਸ਼ਯਮ' ਅਤੇ 'ਦ੍ਰਿਸ਼ਯਮ-2' ਦੀ ਅਪਾਰ ਸਫ਼ਲਤਾ ਤੋਂ ਬਾਅਦ ਨਿਰਮਾਤਾ ਹੁਣ ਇਸ ਦੇ ਤੀਜੇ ਭਾਗ ਵਿਚ ਹੋਰ ਵੀ ਜ਼ਿਆਦਾ ਡਰਾਮਾ ਅਤੇ ਟਵਿਸਟ ਲਿਆਉਣ ਦੀ ਯੋਜਨਾ ਬਣਾ ਚੁੱਕੇ ਹਨ। ਇਸ ਵਾਰ ਅਜੈ ਦੇਵਗਨ, ਤੱਬੂ, ਸ਼੍ਰੇਯਾ ਸਰਨ ਅਤੇ ਰਜਤ ਕਪੂਰ ਨਾਲ ਫ਼ਿਲਮ ਵਿਚ ਜੈਦੀਪ ਅਹਿਲਾਵਤ ਦਾ ਦਾਖਲਾ ਹੋਣ ਵਾਲਾ ਹੈ। ਉਸ ਦਾ ਇਹ ਦਾਖਲਾ ਯਕੀਨੀ ਤੌਰ 'ਤੇ ਫ਼ਿਲਮ ਨੂੰ ਹੋਰ ਜ਼ਿਆਦਾ ਹਰਮਨਪਿਆਰਾ ਬਣਾਉਂਦੇ ਹੋਏ ਸਸਪੈਂਸ ਅਤੇ ਰੋਮਾਂਸ ਨਾਲ ਭਰ ਦੇਵੇਗੀ।
ਜੇਕਰ ਰਿਪੋਰਟਾਂ ਦੇਖੀਏ ਤਾਂ ਜੈਦੀਪ ਅਹਿਲਾਵਤ ਨੇ 'ਦ੍ਰਿਸ਼ਯਮ-3' ਦੇ ਸ਼ਾਨਦਾਰ ਕਲਾਕਾਰਾਂ ਵਿਚਾਲੇ ਆਪਣੀ ਥਾਂ ਬਣਾ ਲਈ ਹੈ। ਉਸ ਨੂੰ ਇਕ ਅਹਿਮ ਭੂਮਿਕਾ ਲਈ ਕਾਸਟ ਕੀਤਾ ਜਾ ਚੁੱਕਾ ਹੈ। ਉਸ ਦਾ ਕਿਰਦਾਰ ਫ਼ਿਲਮ ਦੀ ਕਹਾਣੀ ਵਿਚ ਇਕ ਨਵਾਂ ਟਵਿਸਟ ਲੈ ਕੇ ਆਏਗਾ। ਜੈਦੀਪ ਅਹਿਲਾਵਤ ਦੇ ਕਰੀਅਰ ਦਾ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਉਹ ਅਜੈ ਦੇਵਗਨ ਅਤੇ ਤੱਬੂ ਵਰਗੇ ਦਿੱਗਜ਼ ਸਿਤਾਰਿਆਂ ਦੇ ਨਾਲ ਸਕਰੀਨ ਸਾਂਝੀ ਕਰਨਗੇ। ਫ਼ਿਲਮ ਵਿਚ ਜੈਦੀਪ ਦੀ ਭੂਮਿਕਾ ਬਿਲਕੁਲ ਵੱਖਰੀ ਦੱਸੀ ਜਾ ਰਹੀ ਹੈ।
ਫ਼ਿਲਮ ਵਿਚ ਜੈਦੀਪ ਦਾ ਦਾਖਲਾ ਪ੍ਰਸੰਸਕਾਂ ਲਈ ਇਕ ਵੱਡਾ ਸਰਪ੍ਰਾਈਜ਼ ਹੈ ਕਿਉਂਕਿ ਅਜੈ ਦੇਵਗਨ, ਤੱਬੂ ਅਤੇ ਜੈਦੀਪ ਦੀ ਇਸ ਤਿੱਕੜੀ ਦਾ ਸੰਗਮ ਫ਼ਿਲਮ ਵਿਚ ਇਕ ਨਵਾਂ ਰੋਮਾਂਚ ਅਤੇ ਸਸਪੈਂਸ ਲੈ ਕੇ ਆਵੇਗਾ।
ਬਹੁਤ ਛੇਤੀ ਜੈਦੀਪ ਦੇ ਨਾਂਅ ਦਾ ਅਧਿਕਾਰਕ ਤੌਰ 'ਤੇ ਐਲਾਨ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਖ਼ਬਰਾਂ ਆ ਰਹੀਆਂ ਹਨ ਕਿ ਉਸ ਦੇ ਨਾਂਅ ਦਾ ਐਲਾਨ ਹੁੰਦਿਆਂ ਹੀ ਜੈਦੀਪ ਇਸ ਮਹੀਨੇ ਦੇ ਅਖੀਰ ਤੱਕ 'ਦ੍ਰਿਸ਼ਯਮ-3' ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ।
ਰਿਪੋਰਟਾਂ ਅਨੁਸਾਰ ਆਰਥਿਕ ਮੁਸ਼ਕਿਲਾਂ ਤੋਂ ਇਲਾਵਾ ਕਥਿਤ ਤੌਰ 'ਤੇ 'ਦ੍ਰਿਸ਼ਯਮ-3' ਵਿਚ ਆਪਣੀ ਆਨ-ਸਕਰੀਨ ਦਿੱਖ ਵਿਚ ਵੱਡੇ ਬਦਲਾਅ ਦੀ ਮੰਗ ਨੂੰ ਨਿਰਮਾਤਾ ਵਲੋਂ ਨਾ ਮੰਨੇ ਜਾਣ ਦੀ ਵਜ੍ਹਾ ਕਰਕੇ ਪਹਿਲਾਂ ਤੋਂ ਫ਼ਿਲਮ ਦੀ ਸਟਾਰ ਕਾਸਟ ਵਿਚ ਸ਼ਾਮਿਲ ਅਕਸ਼ੈ ਖੰਨਾ ਨੇ ਫ਼ਿਲਮ ਨੂੰ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਇਸ ਤਰ੍ਹਾਂ ਫ਼ਿਲਮ ਵਿਚ ਅਕਸ਼ੈ ਖੰਨਾ ਦੇ ਹੋਣ ਨਾ ਹੋਣ ਨੂੰ ਲੈ ਕੇ ਹਾਲੇ ਸਸਪੈਂਸ ਬਣਿਆ ਹੋਇਆ ਹੈ।
'ਦ੍ਰਿਸ਼ਯਮ-3' ਦੀ ਅਹਿਮ ਭੂਮਿਕਾ ਵਿਚ ਨਜ਼ਰ ਆਏਗਾ ਜੈਦੀਪ ਅਹਿਲਾਵਤ
ਅਜੀਤ ਡੈਸਕ
28-01-2026