ਗੱਲ ਵਾਣੀ ਕਪੂਰ ਦੀ ਕਰੀਏ ਤਾਂ ਇਸ ਸਾਲ, ਇਸ ਮਹੀਨੇ 'ਚ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਉਸ ਨੇ ਲੋਕਾਂ ਦੇ ਸਨਮੁਖ ਕੀਤੀਆਂ ਕਿ ਖੁਦ ਇੰਟਰਨੈੱਟ ਨੂੰ ਸ਼ਰਮ ਆਉਣ ਵਾਲੀ ਗੱਲ ਬਣ ਗਈ। ਇਸ ਤੋਂ ਪਹਿਲਾਂ ਫਵਾਦ ਖ਼ਾਨ ਨਾਲ ਫ਼ਿਲਮ 'ਅਬੀਰ ਗੁਲਾਲ' ਨੂੰ ਲੈ ਕੇ ਉਹ ਵਿਵਾਦਾਂ ਦਾ ਕੇਂਦਰ ਬਣ ਗਈ ਤੇ ਉਸ ਦੀ ਚੰਗੇ ਚੰਗੇ ਫ਼ਿਲਮ ਪੱਤਰਕਾਰਾਂ ਨੇ ਖੂਬ ਆਲੋਚਨਾ ਕੀਤੀ। ਵਾਣੀ ਦੀ ਇਕ ਫ਼ਿਲਮ ਪਾਕਿਸਤਾਨੀ ਨਾਇਕ ਫਵਾਦ ਖ਼ਾਨ ਨਾਲ ਹੋਣ ਕਾਰਨ ਆ ਨਹੀਂ ਸਕੀ ਤੇ ਉਸ ਨੇ ਇਸ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ, ਇਸ ਲਈ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਦੱਸਿਆ ਹੈ। ਯਸ਼ਰਾਜ ਫ਼ਿਲਮਜ਼ ਦੀ ਨੈੱਟਫਲਿਕਸ ਲਈ ਵੈੱਬ ਸੀਰੀਜ਼ ਕਰ ਰਹੀ ਵਾਣੀ ਕਪੂਰ ਨੇ ਕਿਹਾ ਕਿ ਅਸੀਂ ਨਫ਼ਰਤ ਵੰਡ ਰਹੇ ਹਾਂ ਤੇ ਇਹ ਗ਼ਲਤ ਦਿਸ਼ਾ ਵੱਲ ਕਦਮ ਹਨ। ਉਸ ਨੇ ਇਹ ਵੀ ਕਿਹਾ ਕਿ ਜੇਕਰ ਦਿਲਜੀਤ ਦੋਸਾਂਝ ਨੇ ਪਾਕਿਸਤਾਨੀ ਹੀਰੋਇਨ ਹਾਨੀਆ ਆਮਿਰ ਨਾਲ ਅਭਿਨੈ ਕੀਤਾ ਹੈ ਤਾਂ ਇਸ ਦੀ ਐਨੀ ਆਲੋਚਨਾ ਕਿਉਂ? ਦਿਲਜੀਤ ਨੇ ਭਲਾ ਕੋਈ ਕਾਨੂੰਨ ਤੋੜਿਆ ਹੈ? ਵਾਣੀ ਕਪੂਰ ਨਿੱਜੀ ਤੌਰ 'ਤੇ ਚਾਹੁੰਦੀ ਹੈ ਕਿ ਕਲਾਕਾਰੀ ਤੇ ਮਨੋਰੰਜਨ ਦੇ ਖੇਤਰ ਸਿਆਸਤ ਤੋਂ ਪਰ੍ਹਾਂ ਰਹਿਣੇ ਚਾਹੀਦੇ ਹਨ। ਵਾਣੀ 13 ਸਾਲਾਂ ਤੋਂ ਇਸ ਫ਼ਿਲਮੀ ਦੁਨੀਆ 'ਚ ਹੈ ਤੇ ਦਿੱਲੀ ਦੇ ਵਪਾਰੀ ਸ਼ਿਵ ਕਪੂਰ ਦੀ ਬੇਟੀ ਵਾਣੀ ਆਖਦੀ ਹੈ ਕਿ ਉਹ ਖੂਬ ਪੜ੍ਹੀ-ਲਿਖੀ ਹੈ ਤੇ 'ਨਫ਼ਰਤ' ਦੀ ਥਾਂ 'ਤੇ ਉਹ ਪਿਆਰ ਵੰਡਣ ਨੂੰ ਪਹਿਲ ਦਿੰਦੀ ਹੈ। ਅਜੇ ਦੇਵਗਨ ਨਾਲ ਹੀਰੋਇਨ ਆ ਚੁੱਕੀ ਵਾਣੀ ਕਪੂਰ ਨੇ ਕਿਹਾ ਕਿ ਭਾਰਤ 'ਚ ਵੀ ਉਹ ਰੰਗ-ਭੇਦ ਦਾ ਸ਼ਿਕਾਰ ਹੋ ਚੁੱਕੀ ਹੈ ਜਦਕਿ ਅਸੀਂ ਦੱਖਣੀ ਅਫਰੀਕਾ ਤੇ ਹੋਰ ਕਈ ਮੁਲਕਾਂ ਨੂੰ ਰੰਗਭੇਦ ਲਈ ਭੰਡਦੇ ਹਾਂ ਪਰ ਆਪ ਇਥੇ ਕੀ ਕਰ ਰਹੇ ਹਾਂ। ਉਸ ਨੂੰ ਇਕ ਡਾਇਰੈਕਟਰ ਨੇ ਕਿਹਾ ਸੀ ਕਿ ਉਹ ਦੁੱਧ ਜਿਹੀ ਚਿੱਟੀ ਨਹੀਂ ਹੈ, ਇਸ ਲਈ ਉਸ ਨੂੰ ਹੀਰੋਇਨ ਨਹੀਂ ਲਿਆ ਜਾ ਸਕਦਾ। ਵਾਣੀ ਨੇ ਆਪਣੇ ਕੁਦਰਤੀ ਹੋਠਾਂ (ਬੁੱਲ੍ਹਾਂ) ਲਈ 'ਲਿਪ ਫਿਲਰਜ਼ ਸਰਜਰੀ' ਕਰਵਾਈ ਹੋਈ ਹੈ। ਵੀਹ ਕਰੋੜ ਦੇ ਕਰੀਬ ਫ਼ਿਲਮੀ ਕਮਾਈ ਤੇ 'ਮੈਂਗੋ' ਦੀ ਮੁੱਖ ਮਾਡਲ ਵਾਣੀ ਨੇ ਕਿਹਾ ਕਿ ਗੋਰੇ ਰੰਗ 'ਤੇ ਮਾਣ ਨਹੀਂ ਕਰਨਾ ਚਾਹੀਦਾ ਤੇ ਕਾਲੇ ਕਰਮਾਂ ਵਾਲੇ ਹੁੰਦੇ ਨੇ ਹਾਲਾਂਕਿ ਉਹ ਬਹੁਤੀ ਕਾਲੀ ਵੀ ਨਹੀਂ ਹੈ। ਵਾਣੀ ਕਪੂਰ 'ਮੰਡਲਾ ਮਰਡਰਜ਼' ਵੈੱਬ ਸੀਰੀਜ਼ 'ਚ ਆ ਰਹੀ ਹੈ ਤੇ ਇਸ਼ਕ ਦੇ ਮਾਮਲੇ 'ਚ ਉਸ ਨੇ ਪ੍ਰਹੇਜ਼ ਕੀਤਾ ਹੈ। ਵਾਣੀ ਦਾ ਨਾਂਅ ਫੈਸ਼ਨ ਡਿਜ਼ਾਈਨਰ ਨਿਖਿਲ ਨਾਲ ਜੋੜਿਆ ਗਿਆ ਪਰ ਉਹ ਆਖਦੀ ਹੈ, ਉਹ ਪਿਆਰ ਤੇ ਪ੍ਰੇਮੀ ਦੀ ਭਾਲ 'ਚ ਨਹੀਂ ਹੈ ਤੇ ਇਹ ਖੁਦ ਉਸ ਕੋਲ ਚੱਲ ਕੇ ਆਉਣਗੇ। ਵਾਣੀ ਕਪੂਰ ਨੇ ਇਹ ਵੀ ਕਿਹਾ ਕਿ 'ਵਿਆਹ' ਕੋਈ ਦੌੜ ਨਹੀਂ ਹੈ ਕਿ ਇਸ ਨੂੰ ਐਨੀ ਉਮਰ ਤੱਕ ਪੂਰਾ ਕਰਨਾ ਜ਼ਰੂਰੀ ਹੈ। ਬਿਨਾਂ ਸਮਝੌਤੇ ਦੇ ਕੋਈ ਜ਼ਿੰਦਗੀ ਨਾਲ ਬਿਤਾਉਣ ਵਾਲਾ ਮਿਲਿਆ ਤਾਂ ਉਹ ਸਭ ਨੂੰ ਦੱਸ ਕੇ ਵਿਆਹ ਕਰਵਾਏਗੀ।
-ਸੁਖਜੀਤ ਕੌਰ