ਨਿੰਗਬੋ (ਚੀਨ), 6 ਅਪ੍ਰੈਲ (ਪੀ.ਟੀ.ਆਈ.)-ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ | ਨਤੀਜੇ ਵਜੋਂ, ਇਸ ਟੂਰਨਾਮੈਂਟ 'ਚ ਭਾਰਤ ਦੀਆਂ ਉਮੀਦਾਂ ਹੁਣ ਫਾਰਮ 'ਚ ਚੱਲ ਰਹੇ ਲਕਸ਼ਯ ਸੇਨ ਤੇ ਤਜਰਬੇਕਾਰ ਪੀਵੀ ਸਿੰਧੂ ਦੇ ਮੋਢਿਆਂ 'ਤੇ ਟਿਕੀਆਂ ਹੋਣਗੀਆਂ | ਸਾਤਵਿਕ ਇਸ ਸਮੇਂ ਮੋਢੇ ਦੀ ਸੱਟ ਤੋਂ ਠੀਕ ਹੋ ਰਿਹਾ ਹੈ | ਜਿਸਦੇ ਕਾਰਨ ਇਸ ਸਟਾਰ ਭਾਰਤੀ ਜੋੜੀ ਨੂੰ ਟੂਰਨਾਮੈਂਟ ਤੋਂ ਬਾਹਰ ਹੋਣ ਲਈ ਮਜਬੂਰ ਹੋਣਾ ਪਿਆ | ਸਾਤਵਿਕ ਤੇ ਚਿਰਾਗ ਨੇ 2023 'ਚ ਇਸੇ ਮੁਕਾਬਲੇ ਵਿਚ ਖਿਤਾਬ ਜਿੱਤਿਆ ਸੀ | ਭਾਰਤੀ ਕੋਚ ਟੈਨ ਕਿਮ ਹਰ ਨੇ ਦੱਸਿਆ ਕਿ ਸਾਤਵਿਕ ਅਜੇ ਵੀ ਕੁਝ ਦਰਦ ਮਹਿਸੂਸ ਕਰ ਰਿਹਾ ਹੈ, ਇਸ ਲਈ ਉਹ ਇਸ ਹਫ਼ਤੇ ਨਹੀਂ ਖੇਡ ਸਕਣਗੇ | ਸਾਤਵਿਕ ਦੇ ਸੱਜੇ ਮੋਢੇ ਵਿਚ ਦਰਦ ਕਾਰਨ ਭਾਰਤੀ ਜੋੜੀ ਸਵਿਸ ਓਪਨ 'ਚ ਆਪਣੇ ਕੁਆਰਟਰ ਫਾਈਨਲ ਮੈਚ ਤੋਂ ਵੀ ਪਿੱਛੇ ਹਟ ਗਈ ਸੀ | ਇਸ ਮਹਾਂਦੀਪੀ ਚੈਂਪੀਅਨਸ਼ਿਪ 'ਚ, ਭਾਰਤ ਦਾ ਧਿਆਨ ਹੁਣ ਲਕਸ਼ਯ ਤੇ ਸਿੰਧੂ ਦੀ ਅਗਵਾਈ 'ਚ ਆਪਣੇ ਸਿੰਗਲ ਖਿਡਾਰੀਆਂ ਦੇ ਪ੍ਰਦਰਸ਼ਨ ਵੱਲ ਜਾਵੇਗਾ | ਦੋਵੇਂ ਐਥਲੀਟ ਇਸ ਵੱਕਾਰੀ ਟੂਰਨਾਮੈਂਟ ਵਿਚ ਸਿੰਗਲਜ਼ ਖਿਤਾਬ ਲਈ ਦੇਸ਼ ਦੀ 61 ਸਾਲਾਂ ਦੀ ਲੰਬੀ ਉਡੀਕ ਨੂੰ ਖਤਮ ਕਰਨ ਦਾ ਟੀਚਾ ਰੱਖਣਗੇ |
ਖੇਡ ਸੰਸਾਰ
Free
-ਬੈਡਮਿੰਟਨ ਏਸ਼ੀਅਨ ਚੈਂਪੀਅਨਸ਼ਿਪ- ਸਾਤਵਿਕ ਤੇ ਚਿਰਾਗ ਨੇ ਚੈਂਪੀਅਨਸ਼ਿਪ ਚੋਂ ਨਾਂਅ ਲਿਆ ਵਾਪਸ <br/>
ਅਜੀਤ ਡੈਸਕ
07-04-2026