ਨਿਊਯਾਰਕ, 19 ਜੁਲਾਈ (ਰਾਜੂ ਸਾਹਿਬਾਜ਼ਪੁਰਾ)-ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਚੋਣ ਨੂੰ ਲੈ ਕੇ ਉੱਠੇ ਸਵਾਲਾਂ ਤੇ ਤਿੱਖੀਆਂ ਆਲੋਚਨਾਵਾਂ ਦਾ ਖਿਡਾਰੀਆਂ ਨੇ ਮੈਦਾਨ ’ਚ ਕਰਾਰਾ ਜਵਾਬ ਦਿੱਤਾ। ਬੁਕਾਯੋ ਸਾਕਾ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਇੰਗਲੈਂਡ ਨੇ ਫਰਾਂਸ ਨੂੰ 10 ਗੋਲਾਂ ਦੇ ਮਹਾਰੋਮਾਂਚ ਮੁਕਾਬਲੇ ’ਚ 6-4 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ 2026 ਦਾ ਕਾਂਸੀ ਤਗ਼ਮਾ ਆਪਣੇ ਨਾਂਅ ਕਰ ਲਿਆ। ਇਸ ਜਿੱਤ ਨਾਲ ਇੰਗਲੈਂਡ ਨੇ 1966 ਵਿੱਚ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਆਪਣਾ ਸਭ ਤੋਂ ਵਧੀਆ ਵਿਸ਼ਵ ਕੱਪ ਨਤੀਜਾ ਦਰਜ ਕੀਤਾ। ਟੀਮ 1990 ਤੇ 2018 ’ਚ ਚੌਥੇ ਸਥਾਨ ’ਤੇ ਰਹੀ ਸੀ, ਪਰ ਇਸ ਵਾਰ ਤੀਜਾ ਸਥਾਨ ਹਾਸਲ ਕਰਕੇ ਉਸ ਨੇ 60 ਸਾਲਾਂ ਦੀ ਸਭ ਤੋਂ ਵੱਡੀ ਵਿਸ਼ਵ ਕੱਪ ਪ੍ਰਾਪਤੀ ਦਰਜ ਕੀਤੀ। ਇਹ ਵਿਦੇਸ਼ੀ ਧਰਤੀ ’ਤੇ ਇੰਗਲੈਂਡ ਦਾ ਪਹਿਲਾ ਵਿਸ਼ਵ ਕੱਪ ਤਗ਼ਮਾ ਵੀ ਹੈ।
ਟੀਮ ਐਲਾਨ ਹੁੰਦਿਆਂ ਹੀ ਭੜਕੇ ਸਨ ਪ੍ਰਸੰਸਕ
ਇੰਗਲੈਂਡ ਦੇ ਕੋਚ ਥਾਮਸ ਟੂਖੇਲ ਨੇ ਅਰਜਨਟੀਨਾ ਵਿਰੁੱਧ ਸੈਮੀਫਾਈਨਲ ਖੇਡਣ ਵਾਲੀ ਟੀਮ ’ਚ 6 ਤਬਦੀਲੀਆਂ ਕੀਤੀਆਂ। ਟੂਰਨਾਮੈਂਟ ’ਚ 6 ਗੋਲ ਕਰ ਚੁੱਕੇ ਕਪਤਾਨ ਹੈਰੀ ਕੇਨ ਤੇ ਜੂਡ ਬੈਲਿੰਘਮ ਨੂੰ ਸ਼ੁਰੂਆਤੀ ਗਿਆਰਾਂ ’ਚ ਸ਼ਾਮਲ ਨਾ ਕੀਤੇ ਜਾਣ ਕਾਰਨ ਪ੍ਰਸ਼ੰਸਕਾਂ ’ਚ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲੀ। ਸੋਸ਼ਲ ਮੀਡੀਆ ’ਤੇ ਕਈ ਲੋਕਾਂ ਨੇ ਦੋਸ਼ ਲਾਇਆ ਕਿ ਇੰਗਲੈਂਡ ਤੀਜੇ ਸਥਾਨ ਦੇ ਮੁਕਾਬਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਬੁਕਾਯੋ ਸਾਕਾ ਨੂੰ ਮੈਦਾਨ ’ਚ ਉਤਾਰਨ ਉੱਤੇ ਵੀ ਸਵਾਲ ਉੱਠੇ, ਕਿਉਂਕਿ ਅਰਜਨਟੀਨਾ ਵਿਰੁੱਧ ਸੈਮੀਫਾਈਨਲ ਵਿਚ ਉਸ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਸਾਕਾ ਨੇ ਮੈਚ ਮਗਰੋਂ ਦੱਸਿਆ ਕਿ ਉਹ ਪੂਰੀ ਤਰ੍ਹਾਂ ਫਿੱਟ ਸੀ ਤੇ ਵਿਸ਼ਵ ਕੱਪ ਦੌਰਾਨ ਹੋਰ ਸਮਾਂ ਖੇਡਣਾ ਚਾਹੁੰਦਾ ਸੀ। ਟੂਖੇਲ ਨੇ ਵੀ ਸਪੱਸ਼ਟ ਕੀਤਾ ਕਿ ਸੈਮੀਫਾਈਨਲ ਵਿੱਚ ਸਾਕਾ ਨੂੰ ਬਾਹਰ ਰੱਖਣਾ ਸੱਟ ਕਾਰਨ ਨਹੀਂ, ਸਗੋਂ ਰਣਨੀਤਕ ਫ਼ੈਸਲਾ ਸੀ।
ਪਹਿਲੇ ਹਾਫ਼ ਵਿੱਚ ਫਰਾਂਸ ਦੀ ਰੱਖਿਆ ਦੇ ਉਡਾਏ ਪਰਖੱਚੇ
ਇੰਗਲੈਂਡ ਨੇ ਮੈਚ ਦੀ ਪਹਿਲੀ ਸੀਟੀ ਤੋਂ ਹੀ ਫਰਾਂਸ ਉੱਤੇ ਹਮਲਾਵਰ ਦਬਾਅ ਬਣਾਇਆ। ਤੀਜੇ ਮਿੰਟ ’ਚ ਕਪਤਾਨੀ ਦੀ ਜ਼ਿੰਮੇਵਾਰੀ ਨਿਭਾ ਰਹੇ ਡੈਕਲਨ ਰਾਈਸ ਨੇ ਸ਼ਾਨਦਾਰ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। 18ਵੇਂ ਮਿੰਟ ’ਚ ਐਜ਼ਰੀ ਕੌਂਸਾ ਨੇ ਹੈੱਡਰ ਰਾਹੀਂ ਬੜ੍ਹਤ ਦੁੱਗਣੀ ਕਰ ਦਿੱਤੀ। ਇਸ ਤੋਂ ਬਾਅਦ ਸਾਕਾ ਨੇ 37ਵੇਂ ਮਿੰਟ ਤੇ ਪਹਿਲੇ ਹਾਫ਼ ਦੇ ਵਾਧੂ ਸਮੇਂ ’ਚ 2 ਗੋਲ ਕਰਕੇ ਫਰਾਂਸ ਨੂੰ 4-0 ਦੀ ਬੇਹਦ ਪਿੱਛੇ ਕਰ ਦਿੱਤਾ।
ਐਮਬਾਪੇ ਨੇ ਕਰਵਾਈ ਫਰਾਂਸ ਦੀ ਵਾਪਸੀ
ਪਹਿਲੇ ਅੱਧ ਤੋਂ ਬਾਅਦ ਫਰਾਂਸ ਨੇ ਹਮਲਾਵਰ ਰੁਖ ਅਪਣਾਇਆ। 48ਵੇਂ ਮਿੰਟ ’ਚ ਕਿਲੀਅਨ ਐਮਬਾਪੇ ਨੇ ਆਪਣੀ ਟੀਮ ਦਾ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਬ੍ਰੈਡਲੀ ਬਾਰਕੋਲਾ ਨੇ ਗੋਲ ਕਰਕੇ ਸਕੋਰ 4-2 ਕਰ ਦਿੱਤਾ। 66ਵੇਂ ਮਿੰਟ ’ਚ ਐਮਬਾਪੇ ਨੇ ਮੁੜ ਨਿਸ਼ਾਨਾ ਸਾਧਿਆ ਤੇ ਸਕੋਰ 4-3 ਹੋ ਗਿਆ। ਚਾਰ ਗੋਲਾਂ ਦੀ ਬੜ੍ਹਤ ਸਿਰਫ਼ ਇਕ ਗੋਲ ਤੱਕ ਸਿਮਟਣ ਨਾਲ ਇੰਗਲੈਂਡ ਉੱਤੇ ਭਾਰੀ ਦਬਾਅ ਬਣ ਗਿਆ। 87ਵੇਂ ਮਿੰਟ ਵਿਚ ਡੀਜੇਡ ਸਪੈਂਸ ਨੂੰ ਫਾਊਲ ਕੀਤੇ ਜਾਣ ਮਗਰੋਂ ਇੰਗਲੈਂਡ ਨੂੰ ਪੈਨਲਟੀ ਮਿਲੀ। ਸਾਕਾ ਨੇ ਗੇਂਦ ਨੂੰ ਹੇਠਲੇ ਕੋਨੇ ’ਚ ਪਹੁੰਚਾ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ ਤੇ ਟੀਮ ਨੂੰ 5-3 ਨਾਲ ਅੱਗੇ ਕਰ ਦਿੱਤਾ। ਆਖ਼ਰੀ ਪਲਾਂ ’ਚ ਉਸਮਾਨ ਡੈਮਬੇਲੇ ਨੇ ਫਰਾਂਸ ਲਈ ਚੌਥਾ ਗੋਲ ਕੀਤਾ, ਪਰ ਵਾਧੂ ਸਮੇਂ ਦੇ ਅੱਠਵੇਂ ਮਿੰਟ ’ਚ ਬੈਲਿੰਘਮ ਨੇ ਸ਼ਾਨਦਾਰ ਜਵਾਬੀ ਹਮਲੇ ਨੂੰ ਗੋਲ ’ਚ ਬਦਲਦਿਆਂ ਇੰਗਲੈਂਡ ਦੀ 6-4 ਦੀ ਜਿੱਤ ਪੱਕੀ ਕਰ ਦਿੱਤੀ।
ਖੇਡ ਸੰਸਾਰ
Free
ਇੰਗਲੈਂਡ ਵਲੋਂ ਫਰਾਂਸ ਨੂੰ 6-4 ਨਾਲ ਹਰਾ ਕੇ 60 ਸਾਲਾਂ ਦਾ ਸਭ ਤੋਂ ਵਧੀਆ ਵਿਸ਼ਵ ਕੱਪ ਨਤੀਜਾ ਦਰਜ
ਅਜੀਤ ਡੈਸਕ
20-07-2026