ਵਾਸ਼ਿੰਗਟਨ ਡੀ.ਸੀ. 23 ਜਨਵਰੀ (ਰਾਈਟਰਜ਼)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕੈਨੇਡਾ ਨੂੰ ਆਪਣੇ 'ਬੋਰਡ ਆਫ਼ ਪੀਸ' 'ਚ ਸ਼ਾਮਲ ਹੋਣ ਦਾ ਸੱਦਾ ਵਾਪਸ ਲੈ ਲਿਆ ਹੈ | ਟਰੰਪ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਸਾਂਝੀ ਕੀਤੀ | ਟਰੰਪ ਨੇ 'ਟਰੂਥ ਸੋਸ਼ਲ' 'ਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਕਿ ਇਹ ਪੱਤਰ ਦਰਸਾਉਂਦਾ ਹੈ ਕਿ ਬੋਰਡ ਆਫ਼ ਪੀਸ ਕੈਨੇਡਾ ਨੂੰ ਆਪਣਾ ਸੱਦਾ ਵਾਪਸ ਲੈ ਰਿਹਾ ਹੈ | ਟਰੰਪ ਨੇ ਇਸਨੂੰ ਹੁਣ ਤੱਕ ਦਾ ਸਭ ਤੋਂ ਵੱਕਾਰੀ ਗਲੋਬਲ ਲੀਡਰਸ਼ਿਪ ਪਲੇਟਫਾਰਮ ਦੱਸਿਆ ਹੈ | ਟਰੰਪ ਦਾ ਇਹ ਫੈਸਲਾ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਚੱਲ ਰਹੀ ਸ਼ਬਦੀ ਜੰਗ ਦੌਰਾਨ ਆਇਆ ਹੈ | ਦਾਵੋਸ 'ਚ ਵਿਸ਼ਵ ਆਰਥਿਕ ਫੋਰਮ 'ਚ ਕਾਰਨੀ ਦੇ ਵਾਇਰਲ ਭਾਸ਼ਣ ਤੋਂ ਨਾਰਾਜ਼ ਹੋ ਕੇ, ਟਰੰਪ ਨੇ ਭੜਕਾਊ ਦਾਅਵਾ ਕੀਤਾ ਕਿ 'ਕੈਨੇਡਾ ਅਮਰੀਕਾ ਕਾਰਨ ਜ਼ਿੰਦਾ ਹੈ | ਜਵਾਬ 'ਚ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਅਮਰੀਕਾ ਕਾਰਨ ਜ਼ਿੰਦਾ ਨਹੀਂ ਹੈ | ਕੈਨੇਡਾ ਇਸ ਲਈ ਖੁਸ਼ਹਾਲ ਹੈ ਕਿਉਂਕਿ ਅਸੀਂ ਕੈਨੇਡੀਅਨ ਹਾਂ | ਜ਼ਿਕਰਯੋਗ ਹੈ ਕਿ ਟਰੰਪ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਨਵਾਂ 'ਬੋਰਡ ਆਫ਼ ਪੀਸ' ਲਾਂਚ ਕੀਤਾ ਹੈ | ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਕਈ ਦੇਸ਼ਾਂ ਨੇ ਬੋਰਡ 'ਚ ਸ਼ਾਮਲ ਹੋਣ ਦੇ ਸੱਦੇ ਦਾ ਜਵਾਬ ਦਿੱਤਾ ਹੈ | ਬੋਰਡ ਦਾ ਸ਼ੁਰੂਆਤੀ ਉਦੇਸ਼ ਗਾਜ਼ਾ ਦੇ ਪੁਨਰ ਨਿਰਮਾਣ 'ਤੇ ਕੰਮ ਕਰਨਾ ਦੱਸਿਆ ਗਿਆ ਹੈ | ਵੀਰਵਾਰ ਸਵੇਰ ਤੱਕ, ਲਗਭਗ 35 ਦੇਸ਼ ਬੋਰਡ 'ਚ ਸ਼ਾਮਲ ਹੋਣ ਲਈ ਸਹਿਮਤ ਹੋ ਗਏ ਹਨ | ਹਾਲਾਂਕਿ, ਕਈ ਯੂਰਪੀਅਨ ਦੇਸ਼, ਜੋ ਕਿ ਸੰਯੁਕਤ ਰਾਜ ਅਮਰੀਕਾ ਦੇ ਰਵਾਇਤੀ ਸਹਿਯੋਗੀ ਮੰਨੇ ਜਾਂਦੇ ਹਨ, ਇਸ ਵੇਲੇ ਇਸ ਪਹਿਲਕਦਮੀ ਤੋਂ ਆਪਣੇ ਆਪ ਨੂੰ ਦੂਰ ਕਰ ਰਹੇ ਹਨ, ਨਾ ਤਾਂ ਪੂਰੀ ਤਰ੍ਹਾਂ ਮੈਂਬਰਸ਼ਿਪ ਲਈ ਸਹਿਮਤ ਹੋਏ ਹਨ ਤੇ ਨਾ ਹੀ ਇਸਦੀ ਫੀਸ ਪ੍ਰਣਾਲੀ ਲਈ ਸਹਿਮਤ ਹੋਏ ਹਨ |