ਸਾਨ ਫਰਾਂਸਿਸਕੋ, 23 ਜਨਵਰੀ (ਐਸ. ਅਸ਼ੋਕ ਭੌਰਾ)-ਅਮਰੀਕਾ ਦੇ ਉੱਘੇ ਸਿੱਖ ਵਕੀਲ ਤੇ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਨਿਊਜਰਸੀ ਦੀ ਨਵੀਂ ਚੁਣੀ ਗਈ ਗਵਰਨਰ ਮਾਈਕੇ ਸ਼ੈਰਿਲ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਏ | ਜਦੋਂ ਇਸ ਮੌਕੇ 'ਤੇ ਉਹਨਾਂ ਦੇ ਨਾਲ ਲੈਫਟੀਨੈਂਟ ਗਵਰਨਰ ਡਾ. ਡੇਲ ਕਾਲਡਵੈਲਜ ਤੇ ਗਵਰਨਰ ਦੇ ਕੈਬਨਿਟ ਸਹਿਯੋਗੀ, ਸਲਾਹਕਾਰਾਂ ਵੀ ਸ਼ਾਮਲ ਸਨ ਤੇ ਉਹ ਆਪ ਵੀ ਗਵਰਨਰ ਦੇ ਇੱਕੋ ਇੱਕ ਸਿੱਖ ਸਲਾਹਕਾਰ ਹਨ | ਇਸ ਅਹਿਮ ਮੌਕੇ 'ਤੇ ਵਰਜੀਨੀਆ ਦੇ ਨਵੇਂ ਚੁਣੇ ਗਵਰਨਰ ਐਬੀਗੇਲ ਸਪੈਨਬਰਗਰ ਸਮੇਤ ਸਾਰਿਆਂ ਨਾਲ ਵਰਤਮਾਨ ਹਾਲਾਤਾਂ ਦੇ ਅਹਿਮ ਮੁੱਦਿਆਂ 'ਤੇ ਵਿਸਥਾਰ 'ਚ ਗੱਲਬਾਤ ਹੋਈ | ਜਸਪ੍ਰੀਤ ਨੇ ਇਹ ਵੀ ਦੱਸਿਆ ਕਿ ਇਸ ਚਰਚਾ 'ਚ ਇਮੀਗ੍ਰਸ਼ਨ ਮੁੱਦੇ ਤੇ ਹੋਰ ਆ ਰਹੀਆਂ ਸਮੱਸਿਆਵਾਂ ਨੂੰ ਸਾਂਝਾ ਕੀਤਾ ਗਿਆ | ਗਵਰਨਰ ਮਾਇਕੇ ਸ਼ੈਰਿਲ ਦੇ ਨਾਲ ਦੇ ਵਰਜੀਨੀਆ ਦੇ ਗਵਰਨਰ ਨਾਲ ਵੀ ਕਾਰੋਬਾਰ ਤੇ ਪੰਜਾਬੀ ਭਾਈਚਾਰੇ ਦੀਆਂ ਬਾਕੀ ਮੁਸ਼ਕਿਲਾਂ ਵੱਲ ਧਿਆਨ ਦਵਾਇਆ | ਮਹੱਤਵ ਪੂਰਨ ਇਹ ਵੀ ਸੀ ਕਿ ਜੋ ਕੁਝ ਇਸ ਵੇਲੇ ਇਮੀਗ੍ਰੇਸ਼ਨ ਬਾਰੇ ਹੋ ਰਿਹਾ ਹੈ ਉਸ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਇਨ੍ਹਾਂ ਹਸਤੀਆਂ ਨੂੰ ਉਚੇਚਾ ਧਿਆਨ ਦੇਣ ਲਈ ਬੇਨਤੀ ਵੀ ਕੀਤੀ ਤੇ ਸਾਰਿਆਂ ਨੇ ਇਨ੍ਹਾਂ ਦੇ ਹੱਲ ਦਾ ਭਰੋਸਾ ਵੀ ਦਿੱਤਾ | ਅਟਾਰਨੀ ਨੇ ਆਸ ਪ੍ਰਗਟਾਈ ਕਿ ਨਵੇ ਗਵਰਨਰ ਸ਼ੈਰਿਲ ਹੁਣ ਸਟੇਟ ਲਈ ਵਧੀਆ ਕਾਰਜ ਕਰਨਗੇ ਤੇ ਉਨ੍ਹਾਂ ਦੇ ਸਿੱਖ ਸਲਾਹਕਾਰ ਹੁੰਦਿਆਂ ਉਹ ਪੰਜਾਬੀ ਭਾਈਚਾਰੇ ਦੀ ਹਰ ਸਮੱਸਿਆਂ ਉਨ੍ਹਾਂ ਤੱਕ ਪਹੁੰਚਾਉਣਾ ਆਪਣਾ ਪਹਿਲਾ ਫਰਜ਼ ਸਮਝਣਗੇ |