ਸੈਕਰਾਮੈਂਟੋ, 24 ਜਨਵਰੀ (ਹੁਸਨ ਲੜੋਆ ਬੰਗਾ)-ਇਥੋਂ ਦੀ ਇਕ ਹੋਰ ਅਦਾਲਤ ਨੇ ਟਰੰਪ ਪ੍ਰਸਾਸ਼ਨ ਨੂੰ ਆਦੇਸ਼ ਦਿੱਤਾ ਹੈ ਕਿ ਉਹ ਉਨ੍ਹਾਂ ਹਵਾਲਾਤੀਆਂ ਨੂੰ ਦੇਸ਼ ਨਿਕਾਲਾ ਨਹੀਂ ਦੇ ਸਕਦਾ ਜੋ ਹਿਰਾਸਤ ਦੌਰਾਨ ਇਕ ਹਵਾਲਾਤੀ ਦੀ ਹੋਈ ਮੌਤ ਦੇ ਗਵਾਹ ਹਨ | ਐਸ ਪਾਸੋ ਕਾਊਾਟੀ ਮੈਡੀਕਲ ਜਾਂਚਕਾਰ ਨੇ ਆਪਣੀ ਪੋਸਟ ਮਾਰਟਮ ਰਿਪੋਰਟ 'ਚ ਕਿਹਾ ਹੈ ਕਿ 3 ਜਨਵਰੀ ਨੂੰ ਗੇਰਾਲਡੋ ਲੁਨਾਸ ਕੈਮਪੋਸ ਦੀ ਜੇਲ੍ਹ 'ਚ ਹੋਈ ਮੌਤ ਕੁੱਦਰਤੀ ਮੌਤ ਨਹੀਂ ਸੀ | ਉਸ ਦੀ ਮੌਤ ਗਰਦਨ ਤੇ ਧੜ ਉਪਰ ਪਏ ਦਬਾਅ ਕਾਰਨ ਸਾਹ ਘੁਟਣ ਦੇ ਸਿੱਟੇ ਵਜੋਂ ਹੋਈ ਹੈ | ਇਹ ਹੱਤਿਆ ਹੈ | ਇਸ ਰਿਪੋਰਟ ਦੇ ਆਧਾਰ 'ਤੇ ਜੱਜ ਸਟੀਵਨ ਬਰੀਓਨਸ ਨੇ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਉਪਰ ਉਨ੍ਹਾਂ 2 ਹਵਾਲਾਤੀਆਂ ਨੂੰ ਦੇਸ਼ ਨਿਕਾਲਾ ਦੇਣ 'ਤੇ ਆਰਜੀ ਰੋਕ ਲਾ ਦਿੱਤੀ ਹੈ ਜਿਨ੍ਹਾਂ ਨੇ ਜੇਲ੍ਹ ਗਾਰਡਾਂ ਨੂੰ ਲੁਨਾਸ ਕੈਮਪੋਸ ਉਪਰ ਤਸ਼ੱਦਦ ਕਰਦਿਆਂ ਵੇਖਿਆ ਸੀ | ਪੀੜਤ ਪਰਿਵਾਰ ਦੇ ਵਕੀਲ ਮੈਕਸ ਸ਼ੋਇੰਗ ਨੇ ਇਕ ਬਿਆਨ 'ਚ ਕਿਹਾ ਹੈ ਕਿ ਬਹੁਤ ਪੁਖਤਾ ਸਬੂਤ ਹਨ ਕਿ ਜੇਲ੍ਹ ਗਾਰਡਾਂ ਨੇ ਲੁਨਾਸ ਕੈਮਪੋਸ ਦੀ ਹੱਤਿਆ ਕੀਤੀ ਹੈ |