ਲੰਡਨ/ਲੈਸਟਰ, 30 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਉੱਤਰ-ਪੱਛਮੀ ਇੰਗਲੈਂਡ ਦੀ ਇਕ ਅਦਾਲਤ ਨੇ ਇਕ ਭਾਰਤੀ ਮੂਲ ਦੇ ਨਸ਼ੀਲੇ ਪਦਾਰਥਾਂ ਦੇ ਤਸਕਰ ਸਮੇਤ ਤਿੰਨ ਲੋਕਾਂ ਨੂੰ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਕਈ ਅਪਰਾਧਾਂ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ 75 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਅਧਿਕਾਰੀਆਂ ਨੇ ਦੱਸਿਆ ਕਿ 47 ਸਾਲਾ ਨਗਿੰਦਰ ਗਿੱਲ ਨੇ ਕਾਰਲ ਇਆਨ ਜੋਨਸ (59) ਤੇ ਹਾਰਲੇ ਵਾਈਜ਼ (29) ਦੇ ਨਾਲ ਮਿਲ ਕੇ ਸਾਜ਼ਿਸ਼ 'ਚ ਇਹਨਾਂ ਨੇ ਏਨਕਿ੍ਪਟਡ ਸੰਚਾਰ ਪਲੇਟਫਾਰਮ ਐਨਕਰੋਚੈਟ 'ਤੇ 'ਇੰਡੀਅਨਓਸ਼ਨ' ਨਾਮ (ਕੋਡਵਰਡ) ਦੀ ਵੀ ਵਰਤੋਂ ਕੀਤੀ | ਬੋਲਟਨ ਕਰਾਊਨ ਕੋਰਟ 'ਚ ਜੋਨਸ ਨੂੰ 30 ਸਾਲ ਤੇ ਵਾਈਜ਼ ਨੂੰ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਤੇ ਨਗਿੰਦਰ ਗਿੱਲ ਨੂੰ 20 ਸਾਲ ਲਈ ਜੇਲ੍ਹ ਭੇਜਿਆ ਗਿਆ ਹੈ | ਯੂ.ਕੇ. ਦੀ ਰਾਸ਼ਟਰੀ ਅਪਰਾਧ ਏਜੰਸੀ (ਐਨ.ਸੀ.ਏ.) ਨੇ ਪਾਇਆ ਕਿ ਜੋਨਸ, ਵਾਈਜ਼ ਤੇ ਗਿੱਲ ਫੌਜੀ ਹਥਿਆਰਾਂ ਦੇ ਵਪਾਰ ਲਈ ਗੱਲਬਾਤ ਕਰਨ ਲਈ ਐਨਕਰੋਚੈਟ ਦੀ ਵਰਤੋਂ ਕਰ ਰਹੇ ਸਨ | ਏਜੰਸੀ ਦੇ ਸ਼ਾਖਾ ਮੁਖੀ ਜੌਨ ਹਿਊਜ਼ ਨੇ ਕਿਹਾ ਕਿ ਇਹ ਲੋਕ ਬਹੁਤ ਖਤਰਨਾਕ ਅਪਰਾਧੀ ਹਨ ਤੇ ਉਨ੍ਹਾਂ ਦੀ ਕੈਦ ਨੇ ਵਾਤਾਵਰਣ ਨੂੰ ਸੁਰੱਖਿਅਤ ਬਣਾਇਆ ਹੈ | ਅਸੀਂ ਹਾਲ ਹੀ ਦੇ ਸਾਲਾਂ 'ਚ ਦੇਖਿਆ ਹੈ ਕਿ ਨਿਰਦੋਸ਼ ਲੋਕ ਸੰਗਠਿਤ ਅਪਰਾਧ ਸਮੂਹਾਂ ਵਿਚਕਾਰ ਲੜਾਈ 'ਚ ਫਸ ਜਾਂਦੇ ਹਨ | ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੇ ਅਪਰਾਧ ਅਕਸਰ ਆਪਸ 'ਚ ਜੁੜੇ ਹੁੰਦੇ ਹਨ | ਏਜੰਸੀ ਇਨ੍ਹਾਂ ਖਤਰਿਆਂ ਤੋਂ ਜਨਤਾ ਦੀ ਰੱਖਿਆ ਲਈ ਦੇਸ਼ ਅਤੇ ਵਿਦੇਸ਼ 'ਚ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗੀ | ਐਨਕਰੋਚੈਟ ਨੂੰ 2020 'ਚ 'ਓਪਰੇਸ਼ਨ ਵੇਨੇਟਿਕ' ਨਾਮਕ ਏਜੰਸੀ ਦੀ ਅਗਵਾਈ ਵਾਲੇ ਇਕ ਆਪ੍ਰੇਸ਼ਨ ਦੇ ਹਿੱਸੇ ਵਜੋਂ ਬੰਦ ਕਰ ਦਿੱਤਾ ਗਿਆ ਸੀ, ਜਿਸ ਨੇ ਸਬੂਤਾਂ ਦਾ ਖੁਲਾਸਾ ਕੀਤਾ ਸੀ ਕਿ ਖਤਰਨਾਕ ਅਪਰਾਧੀ ਇਸਦੀ ਵਰਤੋਂ ਕਰਦੇ ਹਨ | ਅਦਾਲਤ ਨੇ ਸੁਣਿਆ ਕਿ ਜੋਨਸ ਨੇ 50 ਦੇ ਕਰੀਬ 7.62 ਐਮ ਐਮ ਗੋਲੀਆਂ ਨਾਲ ਲੈਸ ਇਕ ਏ ਆਰ 15 ਅਸਾਲਟ ਰਾਈਫਲ ਲਈ ਦੂਜੇ ਅਪਰਾਧੀਆਂ ਨਾਲ ਸੌਦੇਬਾਜ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ | ਇਹ ਸੌਦੇਬਾਜ਼ੀ ਲੰਡਨ ਦੇ ਇਲਥਮ 'ਚ ਹੋਈ ਸੀ |