ਲੈਸਟਰ (ਇੰਗਲੈਂਡ), 30 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਬਿ੍ਟੇਨ ਦੇ ਇਕ ਇਲਾਕੇ 'ਚ ਸ਼ੁੱਕਰਵਾਰ ਸਵੇਰੇ ਰੇਲ ਲਾਈਨ ਦੇ ਨੇੜੇ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਪੱਛਮੀ ਤਟ ਨਾਲ ਜੁੜੀਆਂ ਮੁੱਖ ਰੇਲ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ | ਅੱਗ ਲੱਗਣ ਦੀ ਘਟਨਾ ਸਵੇਰੇ ਕਰੀਬ ਸਾਢੇ 9 ਵਜੇ ਵਾਪਰੀ, ਜਿਸ ਕਾਰਨ ਲੰਡਨ ਦੇ ਇਕ ਮੁੱਖ ਰੇਲ ਸਟੇਸ਼ਨ ਤੋਂ ਚੱਲਣ ਵਾਲੀਆਂ ਸਾਰੀਆਂ ਰੇਲਗੱਡੀਆਂ ਰੋਕਣੀਆਂ ਪਈਆਂ | ਅੱਗ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਉ ਦਲ ਮÏਕੇ 'ਤੇ ਪਹੁੰਚ ਗਿਆ ਤੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਦੁਪਹਿਰ ਇਕ ਵਜੇ ਦੇ ਕਰੀਬ ਅੱਗ 'ਤੇ ਕਾਬੂ ਪਾਇਆ ਗਿਆ | ਅਧਿਕਾਰੀਆਂ ਮੁਤਾਬਕ ਅੱਗ ਰੇਲ ਪਟੜੀ ਦੇ ਨੇੜੇ ਲੱਗਣ ਕਾਰਨ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਤੁਰੰਤ ਰੇਲ ਆਵਾਜਾਈ ਬੰਦ ਕਰ ਦਿੱਤੀ ਗਈ ਸੀ | ਇਸ ਅਚਾਨਕ ਘਟਨਾ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਕਈ ਮੁਸਾਫ਼ਰ ਘੰਟਿਆਂ ਤੱਕ ਸਟੇਸ਼ਨਾਂ 'ਤੇ ਫਸੇ ਰਹੇ, ਜਦਕਿ ਦੂਰ ਦਰਾਜ਼ ਜਾਣ ਵਾਲੀਆਂ ਯਾਤਰਾਂ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ | ਰੇਲ ਪ੍ਰਬੰਧਨ ਵੱਲੋਂ ਯਾਤਰੀਆਂ ਨੂੰ ਬਦਲਵੇਂ ਸਫ਼ਰ ਦੇ ਪ੍ਰਬੰਧ ਕਰਨ ਤੇ ਅਗਲੀ ਸੂਚਨਾ ਤੱਕ ਸਟੇਸ਼ਨਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ | ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ | ਹਾਲਾਂਕਿ ਇਸ ਘਟਨਾ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ, ਪਰ ਰੇਲ ਪ੍ਰਣਾਲੀ ਨੂੰ ਭਾਰੀ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਜ਼ਰੂਰ ਜਤਾਇਆ ਜਾ ਰਿਹਾ ਹੈ |