ਓਟਾਵਾ, 3 ਫਰਵਰੀ (ਪੀ.ਟੀ.ਆਈ.)-ਕੈਨੇਡੀਅਨ ਪੁਲਿਸ ਨੇ ਤਿੰਨ ਪੰਜਾਬੀਆਂ ਨੂੰ ਇਕ ਘਰ 'ਤੇ ਗੋਲੀਆਂ ਚਲਾਉਣ ਤੇ ਜਬਰੀ ਵਸੂਲੀ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਹੈ | ਸਰੀ ਪੁਲਿਸ ਸੇਵਾ (ਐਸ.ਪੀ.ਐਸ.) ਨੇ ਇਕ ਬਿਆਨ 'ਚ ਕਿਹਾ ਕਿ ਹਰਜੋਤ ਸਿੰਘ (21), ਤਰਨਵੀਰ ਸਿੰਘ (19) ਤੇ ਦਯਾਜੀਤ ਸਿੰਘ ਬਿਲਿੰਗ (21) 'ਤੇ ਹਥਿਆਰ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ ਤੇ ਸਾਰਿਆਂ ਨੂੰ ਵੀਰਵਾਰ ਤੱਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 1 ਫਰਵਰੀ ਨੂੰ ਐਸ.ਪੀ.ਐਸ. ਮੈਂਬਰ ਸਰੀ ਦੇ ਕ੍ਰੇਸੈਂਟ ਬੀਚ ਇਲਾਕੇ 'ਚ ਗਸ਼ਤ ਕਰ ਰਹੇ ਸਨ ਜਦੋਂ ਕ੍ਰੇਸੈਂਟ ਰੋਡ ਤੇ 132 ਸਟਰੀਟ ਦੇ ਨੇੜੇ ਇਕ ਰਿਹਾਇਸ਼ ਦੇ ਬਾਹਰ ਗੋਲੀਆਂ ਚੱਲਣ ਤੇ ਛੋਟੀ ਜਿਹੀ ਅੱਗ ਲੱਗਣ ਦੀਆਂ ਰਿਪੋਰਟਾਂ ਆਈਆਂ | ਬਿਆਨ 'ਚ ਕਿਹਾ ਗਿਆ ਹੈ ਕਿ ਤਿੰਨਾਂ ਮੁਲਜ਼ਮਾਂ ਨੂੰ ਥੋੜ੍ਹੀ ਦੇਰ ਬਾਅਦ ਐਸ.ਪੀ.ਐਸ. ਅਧਿਕਾਰੀਆਂ ਦੁਆਰਾ ਗਿ੍ਫ਼ਤਾਰ ਕਰ ਲਿਆ ਗਿਆ | ਐਸ.ਪੀ.ਐਸ. ਦੇ ਮੇਜਰ ਕ੍ਰਾਈਮ ਸੈਕਸ਼ਨ ਨੇ ਜਾਂਚ ਸੰਭਾਲ ਲਈ ਹੈ ਤੇ ਤਿੰਨਾਂ ਵਿਅਕਤੀਆਂ 'ਤੇ ਹੁਣ ਕ੍ਰਿਮੀਨਲ ਕੋਡ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ | ਤਿੰਨਾਂ ਨੂੰ 5 ਫਰਵਰੀ ਤੱਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ | ਇਸ ਦੌਰਾਨ ਸਰੀ ਪੁਲਿਸ ਸਟਾਫ ਸਾਰਜੈਂਟ ਲਿੰਡਸੇ ਹਾਉਟਨ ਨੇ ਕਿਹਾ ਕਿ ਇਕ ਸ਼ੱਕੀ ਨੇ ਰਾਈਡ-ਸ਼ੇਅਰ ਵਾਹਨ ਤੋਂ ਬਾਹਰ ਨਿਕਲਣ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ 'ਸਰਗਰਮੀ ਨਾਲ ਵਿਰੋਧ ਕਰਨਾ' ਸ਼ੁਰੂ ਕਰ ਦਿੱਤਾ ਸੀ | ਹਾਉਟਨ ਨੇ ਕਿਹਾ ਜਿਵੇਂ ਹੀ ਸਾਨੂੰ ਸਿਖਲਾਈ ਦਿੱਤੀ ਗਈ ਹੈ ਉਸਦੇ ਅਨੁਸਾਰ ਉਸਨੂੰ ਕਾਬੂ ਕਰਕੇ ਸੁਰੱਖਿਅਤ ਢੰਗ ਨਾਲ ਹੱਥਕੜੀ ਲਗਾ ਦਿੱਤੀ ਗਈ | ਹਾਉਟਨ ਨੇ ਕਿਹਾ ਕਿ ਕਾਲੀ ਅੱਖ ਵਾਲਾ ਦੂਜਾ ਸ਼ੱਕੀ ਵੀ ਗਿ੍ਫ਼ਤਾਰੀ 'ਚ ਜ਼ਖਮੀ ਹੋਇਆ ਕਿਉਂਕਿ ਉਸ ਨੇ ਪੁਲਿਸ ਆਗਿਆ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ | ਉਨ੍ਹਾਂ ਇਹ ਵੀ ਪੁਸ਼ਟੀ ਕੀਤੀ ਕਿ ਸਾਰੇ ਦੋਸ਼ੀ ਵਿਦੇਸ਼ੀ ਨਾਗਰਿਕ ਹਨ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਸੰਪਰਕ ਕੀਤਾ ਗਿਆ ਹੈ | ਜਾਂਚ ਜਾਰੀ ਹੈ ਤੇ ਉਨ੍ਹਾਂ 'ਤੇ ਹੋਰ ਵੀ ਦੋਸ਼ ਲਗਾਏ ਜਾ ਸਕਦੇ ਹਨ |