ਲੈਸਟਰ (ਇੰਗਲੈਂਡ), 3 ਫਰਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਸ਼ਹਿਰ ਮੈਨਚੈਸਟਰ ਦੇ ਨੇੜਲੇ ਇਲਾਕੇ 'ਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਜਾਣ ਨਾਲ ਇਲਾਕੇ 'ਚ ਹਲਚਲ ਮਚ ਗਈ ਹੈ | ਜਾਣਕਾਰੀ ਮੁਤਾਬਕ ਇਹ ਘਟਨਾ ਲਿਟਲਫਰੋ ਇਲਾਕੇ 'ਚ ਵਾਪਰੀ, ਜੋ ਮੈਨਚੈਸਟਰ ਸ਼ਹਿਰ ਤੋਂ ਲਗਭਗ ਉੱਤਰ-ਪੂਰਬ ਵੱਲ ਸਥਿਤ ਹੈ | ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ, ਅੱਗ ਬੁਝਾਉ ਦਲ ਤੇ ਐਂਬੂਲੈਂਸ ਸੇਵਾਵਾਂ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ | ਸੁਰੱਖਿਆ ਦੇ ਮੱਦੇਨਜ਼ਰ ਹਾਦਸੇ ਵਾਲੇ ਇਲਾਕੇ ਨੂੰ ਘੇਰਾਬੰਦੀ ਕਰਕੇ ਸੀਲ ਕਰ ਦਿੱਤਾ ਗਿਆ ਤੇ ਆਮ ਲੋਕਾਂ ਨੂੰ ਉਸ ਪਾਸੇ ਜਾਣ ਤੋਂ ਰੋਕ ਦਿੱਤਾ ਗਿਆ | ਚਸ਼ਮਦੀਦਾਂ ਅਨੁਸਾਰ ਜਹਾਜ਼ ਉਡਾਣ ਦੌਰਾਨ ਅਚਾਨਕ ਨੀਵਾਂ ਆਉਂਦਾ ਦਿਖਾਈ ਦਿੱਤਾ ਤੇ ਕੁਝ ਹੀ ਪਲਾਂ 'ਚ ਖੁੱਲ੍ਹੀ ਜਗ੍ਹਾ 'ਚ ਡਿੱਗ ਪਿਆ | ਹਾਦਸੇ ਤੋਂ ਬਾਅਦ ਇਲਾਕੇ 'ਚ ਧੂੰਆ ਤੇ ਤੇਜ਼ ਆਵਾਜ਼ ਸੁਣੀ ਗਈ, ਜਿਸ ਕਾਰਨ ਨੇੜਲੇ ਵਸਨੀਕਾਂ 'ਚ ਦਹਿਸ਼ਤ ਫੈਲ ਗਈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ ਤੇ ਕਿਸੇ ਦੀ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ | ਬਚਾਅ ਟੀਮਾਂ ਵੱਲੋਂ ਮੌਕੇ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਤੇ ਜਹਾਜ਼ ਦੇ ਮਲਬੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਅਧਿਕਾਰੀਆਂ ਮੁਤਾਬਕ ਹਾਦਸੇ ਦੇ ਕਾਰਨਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਤਕਨੀਕੀ ਖ਼ਰਾਬੀ, ਮੌਸਮੀ ਹਾਲਾਤ ਜਾਂ ਮਨੁੱਖੀ ਗਲਤੀ ਤੇ ਹਰੇਕ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ | ਹਵਾਬਾਜ਼ੀ ਨਾਲ ਜੁੜੀਆਂ ਏਜੰਸੀਆਂ ਵੀ ਮਾਮਲੇ ਦੀ ਪੜਤਾਲ ਕਰ ਰਹੀਆਂ ਹਨ |