ਸੈਕਰਾਮੈਂਟੋ, 3 ਫਰਵਰੀ (ਹੁਸਨ ਲੜੋਆ ਬੰਗਾ)-ਸੁਰੱਖਿਆ ਸਕੱਤਰ ਕ੍ਰਿਸਟੀ ਨੋਏਮ ਨੇ ਐਲਾਨ ਕੀਤਾ ਹੈ ਕਿ ਮਿਨੇਆਪੋਲਿਸ 'ਚ ਤਾਇਨਾਤ ਇਮੀਗ੍ਰੇਸ਼ਨ ਅਫ਼ਸਰਾਂ ਲਈ ਬਾਡੀ ਕੈਮਰਾ ਪਹਿਨਣਾ ਜ਼ਰੂਰੀ ਹੈ | ਟਰੰਪ ਪ੍ਰਸ਼ਾਸਨ ਨੇ ਇਹ ਕਦਮ ਹਾਲ ਹੀ 'ਚ ਇਮੀਗ੍ਰੇਸ਼ਨ ਕਾਰਵਾਈ ਦੌਰਾਨ ਹੋਈਆਂ ਗੋਲੀਬਾਰੀ ਦੀਆਂ 2 ਘਟਨਾਵਾਂ ਜਿਨ੍ਹਾਂ 'ਚ 2 ਲੋਕ ਮਾਰੇ ਗਏ ਸਨ, ਤੋਂ ਬਾਅਦ ਡੈਮਕਰੈਟਸ ਵਲੋਂ ਕੀਤੀ ਮੰਗ 'ਤੇ ਹੋਏ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਚੁੱਕਿਆ ਹੈ | ਨੋਇਮ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਅਫ਼ਸਰ ਤੁਰੰਤ ਬਾਡੀ ਕੈਮਰਾ ਪਹਿਨਣਾ ਸ਼ੁਰੂ ਕਰ ਦੇਣਗੇ | 'ਐਕਸ' ਉਪਰ ਪਾਏ ਆਪਣੇ ਬਿਆਨ 'ਚ ਨੋਏਮ ਨੇ ਕਿਹਾ ਹੈ ਕਿ ਮਿਨੇਆਪੋਲਿਸ 'ਚ ਤਾਇਨਾਤ ਹਰ ਇਮੀਗ੍ਰੇਸ਼ਨ ਅਫ਼ਸਰ ਨੂੰ ਫੌਰੀ ਬਾਡੀ ਕੈਮਰਾ ਪਹਿਨਣਾ ਹੋਵੇਗਾ ਤੇ ਇਸ ਕੈਮਰਾ ਪ੍ਰੋਗਰਾਮ ਨੂੰ ਪੂਰੇ ਦੇਸ਼ ਭਰ 'ਚ ਲਾਗੂ ਕੀਤਾ ਜਾਵੇਗਾ | ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੇ ਬਾਡੀ ਕੈਮਰੇ ਬਾਰੇ ਨਿਰਨਾ ਨੋਏਮ ਉਪਰ ਛੱਡ ਦਿੱਤਾ ਹੈ |