ਲੰਡਨ, 22 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ 'ਚ ਭਾਰਤੀ ਹਾਈ ਕਮਿਸ਼ਨ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ | ਜਿਸ 'ਚ ਭੋਜਪੁਰੀ 'ਚ ਕਵਿਤਾਵਾਂ, ਸੰਸਕਿ੍ਤ 'ਚ ਸ਼ਲੋਕ, ਹਿਮਾਚਲ ਪ੍ਰਦੇਸ਼ ਦੇ ਸੰਗੀਤਕ ਪੇਸ਼ਕਾਰੀ ਤੇ ਅਸਾਮ ਦੇ ਬਿਹੂ ਲੋਕ ਨਾਚ ਪੇਸ਼ ਕੀਤੇ ਗਏ | ਸੰਯੁਕਤ ਰਾਸ਼ਟਰ (ਯੂ.ਐਨ.) ਵਲੋਂ ਮਾਨਤਾ ਪ੍ਰਾਪਤ ਭਾਸ਼ਾਈ ਦਿਵਸ ਮੋਕੇ ਭਾਰਤ ਦੇ ਹਾਈ ਕਮਿਸ਼ਨ ਦਾ ਇਕੱਠ ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਹਿਮਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ, ਮਿਜ਼ੋਰਮ, ਰਾਜਸਥਾਨ, ਤਿ੍ਪੁਰਾ ਤੇ ਉੱਤਰ ਪ੍ਰਦੇਸ਼ ਦੇ ਸਥਾਪਨਾ ਦਿਵਸਾਂ ਦੇ ਜਸ਼ਨਾਂ ਵਾਂਗ ਸੀ, ਜੋ ਕਿ ਯੂ.ਕੇ. 'ਚ ਭਾਰਤ ਦੇ ਸਾਰੇ ਹਿੱਸਿਆਂ ਦੀ ਨੁਮਾਇੰਦਗੀ ਕਰਨ ਵਾਲੇ ਪ੍ਰਵਾਸੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਕਰਵਾਇਆ ਗਿਆ ਸੀ | ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਰਾਏਸਵਾਮੀ ਨੇ ਕਿਹਾ ਕਿ ਭਾਰਤ ਨੂੰ ਅਦਭੁਤ ਬਣਾਉਣ ਵਾਲੀ ਸਭ ਤੋਂ ਵੱਡੀ ਚੀਜ਼ ਇਸਦੇ ਰਾਜਾਂ 'ਚ ਵਿਭਿੰਨਤਾ ਦਾ ਸੰਸਥਾਗਤਕਰਨ ਹੈ | ਉਨ੍ਹਾਂ ਕਿਹਾ ਕਿ ਭਾਰਤ ਦਾ ਕੋਈ ਵੀ ਹਿੱਸਾ ਅਜਿਹਾ ਨਹੀਂ ਹੈ ਜਿੱਥੇ ਸਾਡੀਆਂ ਪਰੰਪਰਾਵਾਂ, ਸਾਡੀਆਂ ਸੱਭਿਆਚਾਰਾਂ, ਸਾਡੇ ਧਰਮ ਇਸਦਾ ਹਿੱਸਾ ਨਾ ਹੋਣ, ਇਥੋਂ ਤੱਕ ਕਿ ਪਿੰਡਾਂ ਤੱਕ ਅਸੀਂ ਮਨਾਉਂਦੇ ਹਾਂ | ਭਾਰਤੀ ਵਿਦਿਆ ਭਵਨ ਯੂ.ਕੇ. ਦੇ ਡਾਇਰੈਕਟਰ ਡਾ. ਐਮ.ਐਨ. ਨੰਦਕੁਮਾਰਾ ਨੇ ਆਪਣੀ ਮਾਤ ਭਾਸ਼ਾ, ਕੰਨੜ 'ਚ ਆਪਣੇ ਵਿਚਾਰ ਸਾਂਝੇ ਕੀਤੇ ਤੇ ਨੌਜਵਾਨ ਪੀੜ੍ਹੀਆਂ ਦੇ ਆਪਣੀਆਂ ਜੜ੍ਹਾਂ ਤੇ ਭਾਸ਼ਾ ਨਾਲ ਜੁੜੇ ਰਹਿਣ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਸੰਸਕਿ੍ਤ ਸ਼ਲੋਕ ਵੀ ਪੜ੍ਹੇ | ਯੂ.ਕੇ.-ਅਧਾਰਤ ਗਮਭਾਨਾ ਸਮਾਜਿਕ ਪਹਿਲਕਦਮੀ ਦੀ ਸਹਿ-ਸੰਸਥਾਪਕ ਸੁਪ੍ਰੀਆ ਦੇਸ਼ਪਾਂਡੇ ਨੇ ਮਹਾਰਾਸ਼ਟਰੀ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਲਈ ਮੁਫ਼ਤ ਮਰਾਠੀ ਭਾਸ਼ਾ ਦੀਆਂ ਕਲਾਸਾਂ ਤੇ ਮੁਫ਼ਤ ਮਰਾਠੀ ਲਾਇਬ੍ਰੇਰੀ ਦੀ ਪੇਸ਼ਕਸ਼ ਕਰਨ ਵਾਲੇ ਆਪਣੇ ਕੰਮ ਬਾਰੇ ਜਾਣਕਾਰੀ ਸਾਂਝੀ ਕੀਤੀ | ਸਮਾਗਮ ਵਿਚ ਭਾਈਚਾਰਕ ਆਗੂ, ਪੇਸ਼ੇਵਰ ਤੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਨੇ ਰਵਾਇਤੀ ਪਹਿਰਾਵੇ 'ਚ ਸ਼ਾਮਲ ਹੋਏ |