ਸ਼ਿਓਪੁਰ (ਮੱਧ ਪ੍ਰਦੇਸ਼), 23 ਫਰਵਰੀ (ਪੀ.ਟੀ.ਆਈ.)-ਅਫਰੀਕਾ ਤੋਂ ਅੱਠ ਹੋਰ ਚੀਤਿਆਂ ਨੂੰ 28 ਫਰਵਰੀ ਨੂੰ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ (ਕੇ.ਐਨ.ਪੀ.) ਵਿਚ ਹਵਾਈ ਜਹਾਜ਼ ਰਾਹੀਂ ਲਿਆਂਦਾ ਜਾਵੇਗਾ, ਜਿਸ ਨਾਲ ਭਾਰਤ 'ਚ ਇਨ੍ਹਾਂ ਵੱਡੀਆਂ ਬਿੱਲੀਆਂ ਦੀ ਗਿਣਤੀ 46 ਹੋ ਜਾਵੇਗੀ | ਅਧਿਕਾਰੀਆਂ ਨੇ ਦੱਸਿਆ ਕਿ ਬੋਤਸਵਾਨਾ ਤੋਂ ਇਹ ਚੀਤੇ, ਜਿਸ 'ਚ ਛੇ ਮਾਦਾ ਤੇ 2 ਨਰ ਸ਼ਾਮਲ ਹਨ, ਭਾਰਤੀ ਹਵਾਈ ਸੈਨਾ (ਆਈ.ਏ.ਐਫ.) ਦੇ ਜਹਾਜ਼ ਰਾਹੀਂ ਗਵਾਲੀਅਰ ਪਹੁੰਚ ਰਹੇ ਹਨ ਅਤੇ ਫਿਰ 28 ਫਰਵਰੀ ਨੂੰ ਸਵੇਰੇ 9:30 ਵਜੇ ਹੈਲੀਕਾਪਟਰਾਂ ਰਾਹੀਂ ਕੇ.ਐਨ.ਪੀ. ਲਿਜਾਇਆ ਜਾਵੇਗਾ | ਨਾਮੀਬੀਆ ਤੇ ਦੱਖਣੀ ਅਫਰੀਕਾ ਤੋਂ ਪਹਿਲਾਂ ਲਿਆਂਦੇ ਗਏ ਚੀਤਿਆਂ ਤੋਂ ਬਾਅਦ, ਇਹ ਅਫਰੀਕਾ ਤੋਂ ਲਿਆਂਦਾ ਜਾ ਰਿਹਾ ਚੀਤਿਆਂ ਦਾ ਤੀਜਾ ਜੱਥਾ ਹੈ | ਚੀਤਾ ਪ੍ਰੋਜੈਕਟ ਫੀਲਡ ਡਾਇਰੈਕਟਰ ਉੱਤਮ ਸ਼ਰਮਾ ਨੇ ਦੱਸਿਆ ਕਿ ਕੇ.ਐਨ.ਪੀ. ਵਿਚ ਐਨਕਲੋਜ਼ਰ ਤਿਆਰ ਕੀਤੇ ਗਏ ਹਨ, ਜਿੱਥੇ ਜਾਨਵਰ ਲਗਭਗ ਇਕ ਮਹੀਨੇ ਲਈ ਕੁਆਰੰਟੀਨ 'ਚ ਰਹਿਣਗੇ | ਉੁਨ੍ਹਾਂ ਦੀ ਸੁਰੱਖਿਅਤ ਲੈਂਡਿੰਗ ਲਈ ਪੰਜ ਹੈਲੀਪੈਡ ਬਣਾਏ ਗਏ ਹਨ, ਤੇ ਹੈਲੀਕਾਪਟਰਾਂ ਨੇ ਪਹਿਲਾਂ ਹੀ ਟ੍ਰਾਇਲ ਰਨ ਪੂਰਾ ਕਰ ਲਏ ਹਨ | ਹੋਰ ਚੀਤਿਆਂ ਦੇ ਆਉਣ ਨਾਲ ਭਾਰਤ ਦੇ ਚੀਤਿਆਂ ਦੇ ਪੁਨਰ ਸੁਰਜੀਤੀ ਪ੍ਰੋਗਰਾਮ ਨੂੰ ਮਜ਼ਬੂਤੀ ਮਿਲੇਗੀ | ਕੇਂਦਰ ਸਰਕਾਰ ਦੇ ਸਮਰਥਨ ਨਾਲ ਇਨ੍ਹਾਂ ਦੀ ਆਬਾਦੀ ਨੂੰ 50 ਤੱਕ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ | ਜ਼ਿਕਰਯੋਗ ਹੈ ਕਿ ਦੁਨੀਆ ਦਾ ਸਭ ਤੋਂ ਤੇਜ਼ ਜ਼ਮੀਨੀ ਜਾਨਵਰ, ਚੀਤਾ, ਲਗਭਗ 7 ਦਹਾਕੇ ਪਹਿਲਾਂ ਭਾਰਤ 'ਚ ਅਲੋਪ ਹੋ ਗਿਆ ਸੀ |