ਬਰੇਸ਼ੀਆ (ਇਟਲੀ), 26 ਫਰਵਰੀ (ਬਲਦੇਵ ਸਿੰਘ ਬੂਰੇ ਜੱਟਾਂ)-ਪਿਛਲੇ ਦਿਨੀਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਾਂਝੇ ਤੌਰ 'ਤੇ ਮਾਂ ਬੋਲੀ ਦਿਵਸ ਨੂੰ ਸਮਰਪਿਤ ਅੰਤਰ ਰਾਸ਼ਟਰੀ ਆਨਲਾਈਨ ਸਾਹਿਤਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਯੂਰਪ ਸਮੇਤ ਹੋਰ ਮੁਲਕਾਂ 'ਚੋਂ ਵੀ ਪ੍ਰਵਾਸੀ ਪੰਜਾਬੀ ਲੇਖਕਾਂ ਨੇ ਸ਼ਾਮਿਲ ਹੋ ਕੇ ਮਾਂ ਬੋਲੀ 'ਤੇ ਵਿਚਾਰ ਚਰਚਾ ਤੇ ਕਵਿਤਾ ਪਾਠ ਕੀਤਾ | ਇਸ ਸਮਾਗਮ ਵਿਚ ਉਪਰੋਕਤ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਅਮਨਬੀਰ ਸਿੰਘ ਧਾਮੀ ਦੱਖਣੀ ਕੋਰੀਆ ਪ੍ਰਧਾਨ ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ, ਪ੍ਰਸਿੱਧ ਸ਼ਾਇਰ ਜ਼ਫਰ ਆਵਾਨ ਡੈਨਮਾਰਕ ਤੇ ਰਾਜਿੰਦਰ ਸਿੰਘ ਸਹੂ ਰਾਜਸਥਾਨ (ਮੁੱਖ ਸੰਪਾਦਕ ਮੈਗਜ਼ੀਨ 'ਪੈੜਾਂ') ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ | ਸਭ ਤੋਂ ਪਹਿਲਾਂ ਇਪਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਪ੍ਰਧਾਨਗੀ ਭਾਸ਼ਨ ਦੌਰਾਨ ਮਾਂ ਬੋਲੀ ਦਿਵਸ ਦੇ ਪਿਛੋਕੜ ਤੇ ਇਸਦੀ ਮਹੱਤਤਾ ਵਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਬੋਲੀ ਦੀ ਵਿਲੱਖਣਤਾ 'ਤੇ ਝਾਤ ਪਾਈ | ਮੇਜਰ ਸਿੰਘ ਖੱਖ ਪ੍ਰਧਾਨ ਸਾਹਿਤ ਸੁਰ ਸੰਗਮ ਸਭਾ ਇਟਲੀ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਮਾਂ ਬੋਲੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ | ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਯੂਰਪੀ ਮੁਲਕਾਂ ਵਿਚ ਪੰਜਾਬੀ ਸਾਹਿਤ ਦੇ ਵਧੀਆ ਕਾਰਜ਼ ਲਈ ਦੋਵਾਂ ਸਭਾਵਾਂ ਨੂੰ ਹੱਲਾ ਸ਼ੇਰੀ ਦਿੱਤੀ ਤੇ ਪੰਜਾਬੀਆਂ ਦੇ ਸੁਭਾਅ ਅਨੁਸਾਰ ਆਪਣੀ ਕਵਿਤਾ 'ਅਸੀਂ ਆਪਣੇ ਬੁਜ਼ੁਰਗਾਂ ਦਾ ਜਲਵਾ' ਸੁਣਾਈ | ਅਮਨਬੀਰ ਸਿੰਘ ਧਾਮੀ ਦੱਖਣੀ ਕੋਰੀਆ, ਜਫ਼ਰ ਅਵਾਨ ਡੈਨਮਾਰਕ ਅਤੇ ਅਮਨਦੀਪ ਸਿੰਘ ਕਾਲਕਟ ਜਰਮਨੀ ਨੇ ਮਾਂ ਬੋਲੀ ਪੰਜਾਬੀ ਨੂੰ ਸਜਦਾ ਕਰਦਿਆਂ ਕਵਿਤਾ ਪਾਠ ਕੀਤਾ ਤੇ ਕਿਹਾ ਕਿ ਪੰਜਾਬੀ ਮਾਂ ਦੇ ਸਪੂਤ ਵਿਸ਼ਵ ਭਰ ਵਿਚ ਇਸ ਦੇ ਪ੍ਰਚਾਰ ਪ੍ਰਸਾਰ ਲਈ ਹਰ ਵੇਲੇ ਤਿਆਰ ਬਰ ਤਿਆਰ ਹਨ | ਰਾਜਿੰਦਰ ਸਿੰਘ ਸਹੂ ਰਾਜਸਥਾਨ ਨੇ ਮਾਂ ਬੋਲੀ ਦਿਵਸ ਦੀ ਵਧਾਈ ਦਿੰਦੇ ਹੋਏ ਆਪਣੇ ਮੈਗਜ਼ੀਨ ਪੈੜਾਂ ਦਾ ਵਿਸ਼ੇਸ਼ ਪ੍ਰਵਾਸੀ ਪੰਜਾਬੀ ਅੰਕ ਕੱਢਣ ਦੀ ਵਚਨਬੱਧਤਾ ਦੁਹਰਾਈ ਤੇ ਯੂਰਪੀ ਪੰਜਾਬੀ ਲੇਖਕਾਂ ਨੂੰ ਇਸ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ | ਮੰਚ ਦਾ ਸੰਚਾਲਨ ਦਲਜਿੰਦਰ ਸਿੰਘ ਰਹਿਲ ਜਨਰਲ ਸਕੱਤਰ ਇਪਲਾ ਵਲੋਂ ਵਧੀਆ ਤਰੀਕੇ ਨਾਲ ਕੀਤਾ ਗਿਆ | ਇਸ ਵਿਸ਼ਵ ਪੱਧਰੀ ਸਾਹਿਤਕ ਸਮਾਗਮ ਵਿਚ ਬਹੁਤ ਵਧੀਆ ਕਵੀ ਦਰਬਾਰ ਕਰਵਾਇਆ ਗਿਆ | ਜਿਸ ਵਿਚ ਅਮਰਜੀਤ ਸਿੰਘ ਸਿੱਧੂ ਜਰਮਨੀ, ਅਮਨਦੀਪ ਸਿੰਘ ਕਾਲਕਟ ਜਰਮਨੀ ,ਅਮਨਬੀਰ ਸਿੰਘ ਧਾਮੀ ਦੱਖਣੀ ਕੋਰੀਆ, ਪ੍ਰੇਮਪਾਲ ਸਿੰਘ, ਨਰਿੰਦਰ ਸਿੰਘ ਪੰਨੂ, ਜਸਵਿੰਦਰ ਕੌਰ ਮਿੰਟੂ, ਭਿੰਦਰਜੀਤ ਕੌਰ, ਸਿੱਕੀ ਝੱਜੀ ਪਿੰਡ ਵਾਲਾ ਇਟਲੀ, ਮਨਦੀਪ ਕੌਰ ਪ੍ਰੀਤ ਹੁਸ਼ਿਆਰਪੁਰ, ਜ਼ਫਰ ਆਵਾਨ ਡੈਨਮਾਰਕ, ਬਲਕਾਰ ਸਿੰਘ ਰੌੜ, ਗੁਰਪ੍ਰੀਤ ਕੌਰ ਗੈਦੂ ਗ੍ਰੀਸ, ਕੇਸਰ ਸਿੰਘ ਰੌੜ, ਦੁੱਖ ਭੰਜਨ ਰੰਧਾਵਾ ਪੁਰਤਗਾਲ, ਗੀਤਕਾਰ ਪੰਜਾਬ ਸਿੰਘ ਕਾਹਲੋਂ ਕੈਨੇਡਾ, ਪ੍ਰੋ. ਜਸਪਾਲ ਸਿੰਘ ਇਟਲੀ, ਦਲਜਿੰਦਰ ਸਿੰਘ ਰਹਿਲ ਇਟਲੀ , ਬਲਵਿੰਦਰ ਸਿੰਘ ਚਾਹਲ ਯੂ.ਕੇ. ਤੇ ਮੇਜਰ ਸਿੰਘ ਖੱਖ ਨੇ ਹਿੱਸਾ ਲਿਆ | ਅੰਤ ਵਿਚ ਸ਼ਾਮਿਲ ਲੇਖਕਾਂ ਤੇ ਵਿਸ਼ੇਸ਼ ਮਹਿਮਾਨਾਂ ਦਾ ਪ੍ਰੋਫੈਸਰ ਜਸਪਾਲ ਸਿੰਘ ਨੇ ਧੰਨਵਾਦ ਕੀਤਾ | ਇਸ ਤਰ੍ਹਾਂ ਇਹ ਪ੍ਰੋਗਰਾਮ ਬਹੁਤ ਹੀ ਚੜ੍ਹਦੀ ਕਲਾ ਵਿਚ ਨਵੀਆਂ ਪੈੜਾਂ ਪਾਉਂਦਾ ਹੋਇਆ ਸਮਾਪਤ ਹੋਇਆ |
ਯੂਰਪੀ ਪੰਜਾਬੀ ਸਾਹਿਤ ਅਕਾਦਮੀ ਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਅੰਤਰ-ਰਾਸ਼ਟਰੀ ਸਾਹਿਤਕ ਸਮਾਗਮ ਕਰਵਾਇਆ <br/>
ਅਜੀਤ ਡੈਸਕ
27-02-2026