ਲੰਡਨ, 26 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟ ਨੂੰ ਬੰਦ ਹੋਣ ਤੋਂ ਬਚਾਉਣ ਲਈ ਮਹਾਰਾਜਾ ਚਾਰਲਸ ਨੂੰ ਦਖ਼ਲ ਦੇਣ ਦੀ ਅਪੀਲ ਕਰਦਿਆਂ ਬਕਿੰਘਮ ਪੈਲਿਸ ਦੇ ਬਾਹਰ ਪ੍ਰਦਰਸ਼ਨ ਕੀਤਾ | 'ਵੀਰਸਵਾਮੀ' ਨਾਂਅ ਦਾ ਇਹ ਰੈਸਟੋਰੈਂਟ 1926 'ਚ ਰੀਜੈਂਟ ਸਟਰੀਟ ਲੰਡਨ ਵਿਖੇ ਖੁੱਲਿ੍ਹਆ ਸੀ, ਜੋ ਹੁਣ ਤੱਕ ਚੱਲ ਰਿਹਾ ਹੈ | ਪਰ ਕ੍ਰਾਊਨ ਅਸਟੇਟ ਨੇ ਇਸ ਦੀ ਲੀਜ਼ ਨੂੰ ਨਵਿਆਉਣ ਤੋਂ ਇਨਕਾਰ ਕਰ ਦਿੱਤਾ | ਮੁਹਿੰਮਕਾਰਾਂ ਵੱਲੋਂ ਇਕ ਪਟੀਸ਼ਨ ਵੀ ਪਾਈ ਹੈ ਜਿਸ ਤੇ 18000 ਤੋਂ ਵੱਧ ਲੋਕਾਂ ਨੇ ਦਸਤਖ਼ਤ ਕੀਤੇ ਹਨ | ਮੁਹਿੰਮਕਾਰਾਂ ਨੇ ਕਿਹਾ ਕਿ ਇਸ ਰੈਸਟੋਰੈਂਟ ਨੂੰ ਭਾਰਤ ਤੇ ਬਰਤਾਨੀਆ ਦੇ ਸਾਂਝੇ ਸੱਭਿਆਚਾਰਕ ਇਤਿਹਾਸਕ ਨਿਸ਼ਾਨੀ ਵਜੋਂ ਸੁਰੱਖਿਅਤ ਰੱਖਿਆ ਜਾਵੇ | ਕ੍ਰਾਊਨ ਅਸਟੇਟ ਦਾ ਕਹਿਣਾ ਹੈ ਕਿ ਇਮਾਰਤ ਨੂੰ ਨਵੀਨੀਕਰਨ ਦੀ ਲੋੜ ਹੈ ਜਿਸ ਕਰਕੇ ਰੈਸਟੋਰੈਂਟ ਨੂੰ ਹਟਾਉਣਾ ਜਰੂਰੀ ਹੈ | ਰੈਸਟੋਰੈਂਟ ਦੇ ਮਾਲਕ ਰਣਜੀਤ ਮਥਰਾਨੀ ਨੇ ਕਿਹਾ ਕਿ ਸ਼ੁਰੂ 'ਚ ਪ੍ਰਵਾਸੀ ਭਾਰਤੀਆਂ ਦੇ ਨਾਲ-ਨਾਲ ਭਾਰਤ ਨਾਲ ਸਬੰਧਿਤ ਜਨਰਲ, ਸਿਵਲ ਸੇਵਕ ਤੇ ਕਾਰੋਬਾਰੀ ਇਸ ਦੇ ਸਰਪ੍ਰਸਤ ਸਨ | ਮਹਾਤਮਾ ਗਾਂਧੀ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਅਦਾਕਾਰ ਚਾਰਲੀ ਚੈਪਲਿਨ, ਸਰ ਵਿੰਸਟਨ ਚਰਚਿਲ ਵਰਗੀਆਂ ਇਥੇ ਸ਼ਿਰਕਤ ਕਰਦੇ ਰਹੇ ਹਨ |