ਲੰਡਨ, 6 ਮਾਰਚ (ਏਜੰਸੀ)-ਲੰਡਨ ਪੁਲਿਸ ਨੇ ਯਹੂਦੀ ਭਾਈਚਾਰੇ ਦੀ ਜਾਸੂਸੀ ਕਰਨ ਤੇ ਈਰਾਨ ਦੀ ਮਦਦ ਕਰਨ ਦੇ ਸ਼ੱਕ 'ਚ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਮੈਟਰੋਪੋਲੀਟਨ ਪੁਲਿਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਸ਼ੱਕੀਆਂ ਨੂੰ ਇਕ ਵਿਦੇਸ਼ੀ ਖੁਫੀਆ ਸੇਵਾ ਦੀ ਮਦਦ ਕਰਨ ਦੇ ਸ਼ੱਕ ਵਿਚ ਹਿਰਾਸਤ 'ਚ ਲਿਆ ਗਿਆ | ਸ਼ੱਕੀਆਂ ਵਿਚ ਇਕ ਈਰਾਨੀ ਤੇ 3 ਬਿ੍ਟਿਸ਼-ਈਰਾਨੀ ਦੋਹਰੀ ਨਾਗਰਿਕਤਾ ਵਾਲੇ ਸ਼ਾਮਲ ਹਨ | ਪੁਲਿਸ ਨੇ ਕਿਹਾ ਕਿ 22, 40, 52 ਤੇ 55 ਸਾਲ ਦੀ ਉਮਰ ਦੇ ਇਨ੍ਹਾਂ ਵਿਅਕਤੀਆਂ ਨੂੰ ਕੱਲ੍ਹ ਦੇਰ ਰਾਤ ਉੱਤਰੀ ਲੰਡਨ ਤੇ ਆਲੇ-ਦੁਆਲੇ ਗਿ੍ਫ਼ਤਾਰ ਕੀਤਾ ਗਿਆ ਸੀ | ਉਨ੍ਹਾਂ 'ਤੇ ਥਾਵਾਂ ਤੇ ਵਿਅਕਤੀਆਂ ਦੀ ਜਾਸੂਸੀ ਕਰਨ ਦਾ ਸ਼ੱਕ ਹੈ |