ਪੰਚਕੂਲਾ, 7 ਮਾਰਚ (ਕਪਿਲ)-ਸੋਸ਼ਲ ਮੀਡੀਆ 'ਤੇ ਗੀਤਾਂ 'ਚ ਇਤਰਾਜ਼ਯੋਗ ਸਮੱਗਰੀ ਦੇ ਪ੍ਰਸਾਰ ਤੇ ਪ੍ਰਚਾਰ ਖ਼ਿਲਾਫ਼ ਹਰਿਆਣਾ ਪੁਲਿਸ ਨੇ ਸਖ਼ਤ ਰੁਖ ਅਪਣਾਉਂਦਿਆਂ ਗਾਇਕ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਉਰਫ਼ ਬਾਦਸ਼ਾਹ ਖ਼ਿਲਾਫ਼ ਵੱਡੀ ਕਾਰਵਾਈ ਅਮਲ 'ਚ ਲਿਆਂਦੀ ਹੈ | ਪੰਚਕੂਲਾ ਪੁਲਿਸ ਨੇ ਬਾਦਸ਼ਾਹ ਦੇ ਹਾਲ ਹੀ 'ਚ ਜਾਰੀ ਗੀਤ/ਵੀਡੀਓ 'ਟਟੀਰੀ' ਦੇ ਮਾਮਲੇ 'ਚ ਐਫ.ਆਈ.ਆਰ. ਦਰਜ ਕਰਕੇ ਬਾਦਸ਼ਾਹ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਗਾਇਕ ਵਿਦੇਸ਼ ਨਾ ਭੱਜ ਸਕੇ | ਗਾਇਕ ਬਾਦਸ਼ਾਹ ਨੂੰ ਤੁਰੰਤ ਪੁਲਿਸ ਅੱਗੇ ਪੇਸ਼ ਹੋਣ ਲਈ ਵੀ ਨੋਟਿਸ ਜਾਰੀ ਕੀਤਾ ਹੈ ਤੇ ਗਾਇਕ ਦੀ ਗਿ੍ਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਪੁਲਿਸ ਦੀਆਂ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਕਿ ਵੱਖ-ਵੱਖ ਸੰਭਾਵਿਤ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ | ਇਸ ਦੇ ਨਾਲ ਹੀ ਪੰਚਕੂਲਾ ਪੁਲਿਸ ਨੇ ਸੰਬੰਧਿਤ ਗੀਤ ਦੀ ਵੀਡੀਓ ਨੂੰ ਯੂ-ਟਿਊਬ ਤੋਂ ਹਟਵਾ ਦਿੱਤਾ ਹੈ, ਜਦਕਿ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਗੀਤ ਦੀ ਵੀਡੀਓ ਨੂੰ ਹਟਵਾਉਣ ਲਈ ਨੋਟਿਸ ਜਾਰੀ ਕੀਤੇ ਹਨ | ਇਸ ਦੇ ਨਾਲ ਹੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਸ ਵਿਵਾਦਤ ਗੀਤ ਨਾਲ ਸੰਬੰਧਿਤ ਰੀਲ ਜਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਂਝੀ ਕਰੇਗਾ ਉਸ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੀਤ ਸੰਬੰਧੀ ਸਾਈਬਰ ਥਾਣਾ ਸੈਕਟਰ-20 ਪੰਚਕੂਲਾ ਵਿਖੇ 6 ਮਾਰਚ ਨੂੰ ਮਾਮਲਾ ਦਰਜ ਕੀਤਾ ਗਿਆ ਸੀ | ਪੁਲਿਸ ਦੇ ਅਨੁਸਾਰ 'ਟਟੀਰੀ' ਗੀਤ ਦੀ ਵੀਡੀਓ 'ਚ ਸਕੂਲ ਵਰਦੀ ਪਹਿਨੇ ਨਾਬਾਲਗ ਲੜਕੀਆਂ ਨੂੰ ਸਕੂਲ ਬੈਗ ਸੁੱਟਦੇ ਹੋਏ ਅਤੇ ਪੜ੍ਹਾਈ ਤੋਂ ਦੂਰ ਭੱਜਦੇ ਹੋਏ ਦਿਖਾਇਆ ਗਿਆ ਹੈ | ਇਸ ਤੋਂ ਇਲਾਵਾ ਗੀਤ 'ਚ ਔਰਤਾਂ ਅਤੇ ਲੜਕੀਆਂ ਪ੍ਰਤੀ ਇਤਰਾਜ਼ਯੋਗ ਤੇ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ |
ਗੀਤ ਦੀ ਵੀਡੀਓ 'ਚ ਹਰਿਆਣਾ ਰੋਡਵੇਜ਼ ਦੀ ਬੱਸ ਤੇ ਸਰਕਾਰੀ ਸਕੂਲ ਦੀ ਵਰਤੋਂ ਸੰਬੰਧੀ ਜਾਂਚ ਜਾਰੀ
ਜਾਂਚ ਦੌਰਾਨ ਸਾਹਮਣੇ ਆਇਆ ਕਿ ਵੀਡੀਓ 'ਚ ਜੀਂਦ ਡਿੱਪੂ ਦੀ ਹਰਿਆਣਾ ਰੋਡਵੇਜ਼ ਦੀ ਬੱਸ ਵੀ ਦਿਖਾਈ ਗਈ ਹੈ | ਪੁਲਿਸ ਇਸਦੀ ਮਨਜ਼ੂਰੀ ਸੰਬੰਧੀ ਪੜਤਾਲ ਕਰ ਰਹੀ ਹੈ | ਜੇਕਰ ਬਿਨਾਂ ਮਨਜ਼ੂਰੀ ਤੋਂ ਬੱਸ ਦੀ ਵਰਤੋਂ ਕੀਤੀ ਗਈ ਪਾਈ ਗਈ ਤਾਂ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਧਾਰਾ 120-ਬੀ ਤਹਿਤ ਕਾਰਵਾਈ ਕੀਤੀ ਜਾਵੇਗੀ | ਇਸੇ ਤਰ੍ਹਾਂ ਵੀਡੀਓ 'ਚ ਇਕ ਸਰਕਾਰੀ ਸਕੂਲ ਵੀ ਦਿਖਾਇਆ ਗਿਆ ਹੈ | ਇਸ ਸੰਬੰਧੀ ਵੀ ਜਾਂਚ ਹੋਵੇਗੀ ਕਿ ਸਮਰੱਥ ਅਧਿਕਾਰੀ ਤੋਂ ਮਨਜ਼ੂਰੀ ਲਈ ਗਈ ਸੀ ਜਾਂ ਨਹੀਂ | ਜੇਕਰ ਅਜਿਹਾ ਨਹੀਂ ਤਾਂ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ |
ਗਾਇਕ ਬਾਦਸ਼ਾਹ ਖ਼ਿਲਾਫ਼ ਕੀਤਾ ਜਾਵੇਗਾ ਲੁੱਕ ਆਊਟ ਸਰਕੂਲਰ ਜਾਰੀ <br/>
ਅਜੀਤ ਡੈਸਕ
08-03-2026